ਆਈ ਐਸ ਆਈ ਐਸ ਤੋਂ ਪ੍ਰਭਾਵਿਤ ਹੋ ਕੇ ਪੁਲਿਸ ਅਫਸਰਾਂ ਉਪਰ ਹਮਲਾ ਕਰਨ ਵਾਲੇ ਅੱਤਵਾਦੀ ਨੂੰ 30 ਸਾਲ ਦੀ ਜੇਲ

ਆਈ ਐਸ ਆਈ ਐਸ ਤੋਂ ਪ੍ਰਭਾਵਿਤ ਹੋ ਕੇ ਪੁਲਿਸ ਅਫਸਰਾਂ ਉਪਰ ਹਮਲਾ ਕਰਨ ਵਾਲੇ ਅੱਤਵਾਦੀ ਨੂੰ 30 ਸਾਲ ਦੀ ਜੇਲ

 ਸਜ਼ਾ ਪੂਰੀ ਹੋਣ 'ਤੇ ਹੋਵੇਗਾ ਦੇਸ਼ ਨਿਕਾਲਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 23 ਸਤੰਬਰ (ਹੁਸਨ ਲੜੋਆ ਬੰਗਾ)- ਕੱਟੜ ਇਸਲਾਮਿਕ ਅੱਤਵਾਦੀ ਸੰਗਠਨ ਆਈ ਐਸ ਆਈ ਐਸ ਤੋਂ ਪ੍ਰਭਾਵਤ ਹੋ ਕੇ ਨਿਊਯਾਰਕ ਪੁਲਿਸ ਵਿਭਾਗ ਦੇ ਅਫਸਰਾਂ ਉਪਰ ਹਮਲਾ ਕਰਨ ਵਾਲੇ ਅੱਤਵਾਦੀ ਨੂੰ ਇਕ ਅਦਾਲਤ ਨੇ 30 ਸਾਲ ਦੀ ਸਜ਼ਾ ਸੁਣਾਈ ਹੈ। ਨਿਊਯਾਰਕ ਦੇ ਪੂਰਬੀ ਜਿਲੇ ਦੇ ਯੂ ਐਸ ਅਟਾਰਨੀ ਦੇ ਦਫਤਰ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਬੋਸਨੀਆ ਦਾ ਨਾਗਰਿਕ ਡਜੇੇਨਨ ਕਾਮੋਵਿਕ ਜੋ ਬਰੁੱਕਲਿਨ ਵਿਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ, ਨੂੰ ਇਸ ਸਾਲ ਮਾਰਚ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਉਸ ਨੇ ਆਪਣਾ ਗੁਨਾਹ ਕਬੂਲ ਵੀ ਕਰ ਲਿਆ ਸੀ। ਕਾਮੋਵਿਕ ਨੂੰ ਸਜ਼ਾ ਪੂਰੀ ਹੋਣ 'ਤੇ ਅਮਰੀਕਾ ਵਿਚੋਂ ਕੱਢ ਦਿੱਤਾ ਜਾਵੇਗਾ। ਬਿਆਨ ਅਨੁਸਾਰ ਕਾਮੋਵਿਕ ਆਈ ਐਸ ਆਈ ਐਸ ਦੀ ਨਫਰਤ ਵਾਲੀ ਵਿਚਾਰਧਾਰਾ ਤੇ ਉਸ ਦੀਆਂ ਕਾਰਵਾਈਆਂ ਤੋਂ ਪ੍ਰਭਾਵਿਤ ਸੀ। ਇਸਤਗਾਸਾ ਪੱਖ ਵੱਲੋਂ ਆਇਦ ਦੋਸ਼ਾਂ ਅਨੁਸਾਰ ਕਾਮੋਵਿਕ ਨੇ 3 ਜੂਨ 2020 ਦੀ ਰਾਤ ਨੂੰ ਪੁਲਿਸ  ਅਫਸਰਾਂ ਨੂੰ ਨਿਸ਼ਾਨਾ ਬਣਾਇਆ। ਸਭ ਤੋਂ ਪਹਿਲਾਂ ਉਸ ਨੇ ਇਕ ਪੁਲਿਸ ਅਫਸਰ ਦੀ ਗਰਦਨ ਉਪਰ ਚਾਕੂ ਨਾਲ ਹਮਲਾ ਕੀਤਾ। ਉਸ ਕੋਲੋਂ ਗੰਨ ਖੋਹ ਕੇ ਦੂਸਰੇ ਅਫਸਰਾਂ ਉਪਰ ਗੋਲੀਆਂ ਚਲਾ ਕੇ ਦੋ ਨੂੰ ਜ਼ਖਮੀ ਕਰ ਦਿੱਤਾ ਸੀ। ਹਮਲੇ ਦੌਰਾਨ ਉਸ ਨੇ  ਵਾਰ ਵਾਰ 'ਅਲਾ ਹੂ ਅਕਬਰ' ਪੁਕਾਰਿਆ। ਜਵਾਬੀ ਕਾਰਵਾਈ ਵਿਚ ਕਾਮੋਵਿਕ ਦੇ ਕਈ ਗੋਲੀਆਂ ਵੱਜੀਆਂ ਸਨ ਪਰ ਉਹ ਬੱਚ ਗਿਆ ਸੀ। ਇਸ ਤੋਂ ਪਹਿਲਾਂ ਅਮਰੀਕੀ ਸਰਕਾਰ ਨੇ ਕਿਹਾ ਸੀ ਕਿ ਜਾਂਚ  ਪੜਤਾਲ ਤੋਂ ਬਾਅਦ ਪਤਾ ਲੱਗਾ ਹੈ ਕਿ ਜੂਨ 2020 ਦੇ ਹਮਲੇ ਤੋਂ ਪਹਿਲਾਂ ਕਾਮੋਵਿਕ ਨੇ ਬਹੁਤ ਸਾਰੀ  ਅਜਿਹੀ ਸਮਗਰੀ ਇਕੱਠੀ ਕੀਤੀ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਹਿੰਸਕ ਇਸਲਾਮਿਕ ਅੱਤਵਾਦ ਵਿਚ ਦਿਲਚਸਪੀ ਰਖਦਾ ਸੀ ਤੇ ਉਹ ਹਿੰਸਕ ਗਤੀਵਿਧੀਆਂ ਦਾ ਸਮਰਥਨ ਕਰਦਾ ਸੀ। ਉਹ ਕੱਟੜ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਅਲ-ਸ਼ਾਮ (ਆਈ ਐਸ ਆਈ ਐਸ) ਤੇ ਜਿਹਾਦ ਵਿਚ ਲੱਗੇ ਹੋਰ ਸੰਗਠਨਾਂ ਦਾ ਸਮਰਥਕ ਸੀ। ਐਫ ਬੀ ਆਈ ਨਿਊਯਾਰਕ ਦੇ ਖੇਤਰੀ ਦਫਤਰ ਦੇ ਇੰਚਾਰਜ ਅਸਿਸਟੈਂਟ ਡਾਇਰੈਕਟਰ ਮਾਈਕਲ ਜੇ ਡਰਿਸਕੋਲ ਨੇ ਸਜ਼ਾ ਉਪਰ ਟਿੱਪਣੀ ਕਰਦਿਆਂ ਕਿਹਾ ਹੈ ਕਿ ਅਦਾਲਤ ਦੇ ਅੱਜ ਦੇ ਫੈਸਲੇ ਤੋਂ ਪਤਾ ਲੱਗਦਾ ਹੈ ਕਿ ਨਫਰਤੀ ਹਿੰਸਾ ਦੇ ਦੋਸ਼ੀ ਚਾਹੇ ਉਹ ਕੋਈ ਵੀ ਹੋਵੇ, ਨੂੰ ਸਿੱਟੇ ਭੁੱਗਤਣੇ ਪੈਣਗੇ। ਉਸ ਨੂੰ ਸਾਡੇ ਨਿਆਂ ਪ੍ਰਣਾਲੀ ਤਹਿਤ ਸਖਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।