ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਪ੍ਰਤੀਯੋਗਤਾ ਵਿਚ ਅਮਰੀਕਾ ਦੇ ਈਸਟ ਕੋਸਟ ਦੀਆਂ 5 ਸਟੇਟਾਂ ਤੋਂ ਵੱਡੀ ਗਿਣਤੀ ਵਿਚ ਬੱਚਿਆਂ ਨੇ ਭਾਗ ਲਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਵਿਦੇਸ਼ਾਂ ਵਿਚ ਸਿੱਖ ਕੌਮ ਦੀ ਅਗਲੀ ਪੀੜ੍ਹੀ ਨੂੰ ਆਪਣੇ ਮਾਣਮੱਤੇ ਇਤਿਹਾਸ ਤੇ ਵਿਰਸੇ ਨਾਲ ਜੋੜਣ ਲਈ ਵਰਲਡ ਸਿੱਖ ਪਾਰਲੀਮੈਂਟ ਦੀਆਂ ਵਿਦਿਅਕ, ਧਾਰਮਿਕ ਕੌਂਸਲਾਂ ਵਲੋਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਵੱਖ ਵੱਖ ਪ੍ਰੋਗਰਾਮ ਉਲੀਕੇ ਜਾਂਦੇ ਹਨ। ਪਿਛਲੇ ਸਾਲ 2021 ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਪ੍ਰਤੀਯੋਗਤਾ ਵਿਚ ਸੰਗਤਾਂ ਦੇ ਹੁੰਗਾਰੇ ਤੇ ਉਤਸ਼ਾਹ ਨੂੰ ਵੇਖਦਿਆਂ, ਇਸ ਸਾਲ ਦਾ ਇਹ ਸਮਾਗਮ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ ਜੀਵਨ ਇਤਿਹਾਸ ਦੇ ਸੰਬੰਧ ਵਿਚ ਕਰਵਾਇਆ ਗਿਆ। ਜਿਸ ਨਾਲ ਪੱਛਮੀ ਸੱਭਿਆਚਾਰ ਦੇ ਅਸਰ ਹੇਠ ਆਪਣੇ ਮਾਣਮੱਤੇ ਇਤਿਹਾਸ ਤੋਂ ਦੂਰ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਮੁੜ ਦੁਨੀਆ ਦੇ ਇਤ੍ਹਿਹਾਸ ਵਿਚ ਇਸ ਲਾਸਾਨੀ ਸ਼ਹੀਦੀਆਂ ਭਰੇ ਸਿੱਖ ਵਿਰਸੇ ਬਾਰੇ ਜਾਣੂ ਕਰਵਾਕੇ ਜੋੜਿਆ ਜਾਵੇ। ਇਸ ਪ੍ਰੋਗਰਾਮ ਲਈ ਬੱਚਿਆਂ ਨੂੰ ਤਿੰਨ ਉਮਰ ਵਰਗਾਂ ਵਿਚ ਰੱਖਿਆ ਗਿਆ ਅਤੇ ਹਰ ਵਰਗ ਦੇ ਬੱਚਿਆਂ ਨੇ ਸਵਾਲ-ਜਵਾਬ (ਕੁਇਜ਼), ਗੁਰਬਾਣੀ ਕੰਠ, ਅਤੇ ਸਪੀਚ ਦੇ ਮੁਕਾਬਲਿਆਂ ਵਿਚ ਹਿਸਾ ਲਿਆ। 26 ਨਵੰਬਰ ਤੋਂ ਸ਼ੁਰੂ ਹੋਏ ਇਸ ਪ੍ਰੋਗਰਾਮ ਵਿਚ ਹਰ ਸ਼ਨੀਵਾਰ, ਐਤਵਾਰ (ਵੀਕਐਂਡ) ਤੇ ਮੁਕਾਬਲਿਆਂ ਲਈ ਵੱਖ ਵੱਖ ਸਟੇਟਾਂ ਵਿਚ ਸੈਂਟਰ ਬਣਾਏ ਗਏ, ਜਿਨ੍ਹਾਂ ਵਿਚ: ਨਿਊਯਾਰਕ (ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ, ਦਰਬਾਰ ਸ੍ਰੀ ਗੁਰੂ ਗਰੰਥ ਸਾਹਿਬ ਜੀ, ਗੁਰ ਗੋਬਿੰਦ ਸਿੰਘ ਸਿੱਖ ਸੈਂਟਰ ਪਲੇਨਵਿਊ)- ਨਿਊਜਰਸੀ: (ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ, ਸਿੱਖ ਗੁਰਦੁਆਰਾ ਆਫ ਪਾਇਨਹਿੱਲ), ਕਨੈਕਟੀਕਟ: (ਗੁਰਦੁਆਰਾ ਨਾਨਕ ਦਰਬਾਰ ਸਾਊਥਿੰਗਟਨ), ਪੈਂਨਸਿਲਵੇਨੀਆ: (ਸਿੱਖ ਸੋਸਾਇਟੀ ਆਫ ਹੇਰਿਸਬਰਗ), ਵਰਜੀਨੀਆ: (ਗੁਰਦੁਆਰਾ ਸਿੰਘ ਸਭਾ ਫੇਅਰਫੈਕਸ) ਦੇ ਵਿਚ ਬੱਚਿਆਂ ਨੇ ਹਿਸਾ ਲਿਆ।
ਇਸ ਧਾਰਮਿਕ ਪ੍ਰਤੀਯੋਗਤਾ ਮੁਕਾਬਲੇ ਦਾ ਇਨਾਮ-ਵੰਡ ਅਤੇ ਫਾਈਨਲ ਪ੍ਰੋਗਰਾਮ 17 ਦਸੰਬਰ ਨੂੰ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ, ਕੁਈਨਜਵਿਲੇਜ ਵਿਚ ਹੋਇਆ, ਜਿਥੇ ਹਰ ਇਕ ਸੈਂਟਰ ਤੋਂ ਤਿੰਨੇ ਉਮਰ ਵਰਗਾਂ ਵਿਚੋਂ ਮੋਹਰੀ ਰਹੇ ਬੱਚਿਆਂ ਨੇ ਫਾਈਨਲ ਸਪੀਚ ਮੁਕਾਬਲੇ ਵਿਚ ਸਾਹਿਬਜਾਦਿਆਂ ਦੇ ਇਤਿਹਾਸ ਬਾਰੇ ਚਾਨਣਾ ਪਾਇਆ , ਅਤੇ ਅਖੀਰ ਵਿਚ ਸਵਾਲ-ਜਵਾਬ (ਕੁਇਜ਼), ਗੁਰਬਾਣੀ ਕੰਠ, ਅਤੇ ਸਪੀਚ ਦੇ ਮੁਕਾਬਲਿਆਂ ਵਿਚ ਤਿੰਨੇ ਉਮਰ ਵਰਗਾਂ ਵਿਚ ਪਹਿਲੇ, ਦੂਜੇ, ਤੀਜੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਬਹੁਤ ਹੀ ਆਕਰਸ਼ਕ ਇਨਾਮ ਦਿਤੇ ਗਏ । ਅਮਰੀਕਾ ਰੀਜਨ ਵਿਚ ਈਸਟ-ਕੋਸਟ ਲੈਵਲ ਦੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਬੱਚਿਆਂ ਦੇ ਮਾਪਿਆਂ ਦੇ ਨਾਲ, ਗੁਰਮਤਿ ਸਕੂਲਾਂ ਦੇ ਅਧਿਆਪਕਾਂ, ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ (ਯੂ ਐਸ ਏ) ਅਤੇ ਸਿੱਖ ਸੰਗਤਾਂ ਨੇ ਭਰਪੂਰ ਸਹਿਜੋਗ ਦਿਤਾ ਅਤੇ ਵਿਦਿਅਕ, ਧਾਰਮਿਕ ਕੌਂਸਲਾਂ ਦੇ ਇਸ ਉਦਮ ਦੀ ਸ਼ਲਾਘਾ ਕੀਤੀ ।
Comments (0)