ਨਿਊਜ਼ੀਲੈਂਡ ਵਿਚ ਕੰਪਨੀ ਮੈਨੇਜਰ ਵਲੋਂ, ਸਿੱਖਾਂ ਬਾਰੇ ਕੀਤੀ ਨਸਲੀ ਟਿੱਪਣੀ

ਨਿਊਜ਼ੀਲੈਂਡ ਵਿਚ ਕੰਪਨੀ ਮੈਨੇਜਰ ਵਲੋਂ, ਸਿੱਖਾਂ ਬਾਰੇ ਕੀਤੀ ਨਸਲੀ ਟਿੱਪਣੀ

*ਗੁੱਸੇ ਵਿਚ ਦੋ ਨੌਜਵਾਨਾਂ ਨੇ  ਛੱਡੀ ਨੌਕਰੀ,ਪੈਰਵੀ   ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਕਰੇਗੀ

ਨਿਊਜ਼ੀਲੈਂਡ ਦੀ ਇੱਕਟਰੱਕਿੰਗ ਕੰਪਨੀ ਦੇ ਮੈਨੇਜਰ ਨੇ ਸਿੱਖ ਭਾਈਚਾਰੇ ਬਾਰੇ ਨਸਲੀ ਟਿੱਪਣੀ ਕੀਤੀ ਹੈ। ਜਿਸ ਪਿੱਛੋਂ ਦੋ ਪੰਜਾਬੀ ਸਿੱਖ ਨੌਜਵਾਨਾਂ ਨੇ ਵਤੀਰੇ ਤੋਂ ਤੰਗ ਆ ਕੇ ਨੌਕਰੀ ਛੱਡ ਦਿੱਤੀ । ਦੋਵੇਂ ਆਪਣੀਆਂ ਭਾਵਨਾਵਾਂ `ਤੇ ਡੂੰਘੀ ਸੱਟ ਵੱਜਣ ਕਰਕੇ ਉਦਾਸ ਹਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਕਰ ਦਿੱਤੀ ਹੈ, ਜਿਸਦੀ ਪੈਰਵੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਵੱਲੋਂ ਕੀਤੀ ਜਾ ਰਹੀ ਹੈ। ਪਰ ਕੰਪਨੀ ਦੀ ਮਾਲਕ ਅਜੇ ਕੁੱਝ ਵੀ ਕਹਿਣ ਤੋਂ ਟਾਲਾ ਵੱਟ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਊਥ ਆਕਲੈਂਡ ਦੇ ਸਬਅਰਬ ਟਾਕਾਨਿਨੀ `ਚ ਪਿਛਲੇ 40 ਸਾਲ ਤੋਂ ਬਿਜ਼ਨਸ ਕਰ ਰਹੀ ਸਾਊਥਰਨ ਡਿਸਟ੍ਰਿਕਸ ਟੋਇੰਗ ਕੰਪਨੀ ਨਾਲ ਸਬੰਧਤ ਹੈ ਅਤੇ ਘਟਨਾ ਪਿਛਲੇ ਸਮੇਂ ਦੌਰਾਨ ਹੋਈ ਸੀ। ਜਿੱਥੇ ਦੋ ਪੰਜਾਬੀ ਨੌਜਵਾਨ ਰਾਮਿੰਦਰ ਸਿੰਘ ਅਤੇ ਸੁਮੀਤ ਨੰਦਪੁਰੀ ਕਈ-ਕਈ ਸਾਲਾਂ ਤੋਂ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਆ ਰਹੇ ਸਨ। ਜਿੱਥੇ ਕੰਪਨੀ ਦੇ ਨਵੇਂ ਮੈਨੇਜਰ ਨੇ ਰਾਮਿੰਦਰ ਸਿੰਘ ਨੂੰ ਆਖ ਦਿੱਤਾ ਕਿ ‘ਸਾਰੇ ਸਿੱਖ ਅੱਤਵਾਦੀ’ ਹਨ। ਇਸ ਤਰ੍ਹਾਂ ਹੀ ਪੰਜਾਬੀਆਂ ਬਾਰੇ ਮੰਦੀ ਟਿੱਪਣੀ ਨੰਦਪੁਰੀ `ਤੇ ਕੀਤੀ ਸੀ।

ਜਿਸ ਪਿੱਛੋਂ ਦੋਵਾਂ ਨੇ ਕੰਪਨੀ ਦੀ ਮਾਲਕ ਕੋਲ ਲਿਖਤੀ ਸ਼ਿਕਾਇਤ ਵੀ ਕੀਤੀ ਸੀ ਪਰ ਮਾਲਕ ਵੱਲੋਂ ਮੈਨੇਜਰ ਖਿਲਾਫ਼ ਕੋਈ ਢੁੱਕਵੀਂ ਕਾਰਵਾਈ ਨਾ ਹੋਣ ਕਰਕੇ ਦੋਵਾਂ ਨੇ ਨੌਕਰੀ ਨੂੰ ਠੋਕਰ ਮਾਰ ਦਿੱਤੀ ਅਤੇ ਨਸਲੀ ਟਿੱਪਣੀ ਨੂੰ ਆਧਾਰ ਬਣਾ ਕੇ ਉਨ੍ਹਾਂ ਨੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾ ਦਿੱਤਾ ਹੈ। ਜਿਸ ਬਾਰੇ ਸੁਣਵਾਈ ਇਸੇ ਮਾਰਚ ਮਹੀਨੇ ਵਿਚ ਹੋਣ ਦੀ ਸੰਭਾਵਨਾ ਹੈ। ਪੀੜਤਾਂ ਦਾ ਕਹਿਣਾ ਜੇਕਰ ਕਮਿਸ਼ਨ ਨੇ ਕੋਈ ਸਿੱਟਾ ਨਾ ਕੱਢਿਆ ਤਾਂ ਉਹ ਇਨਸਾਫ਼ ਲੈਣ ਲਈ ਹਿਊਮਨ ਰਾਈਟਸ ਰੀਵਿਊ ਟ੍ਰਿਬਿਊਨਲ ਕੋਲ ਵੀ ਜਾਣਗੇ।

ਇਨ੍ਹਾਂ ਪੀੜਤ ਨੌਜਵਾਨਾਂ ਦੇ ਪੱਖ ਵਿਚ ਇਹ ਗੱਲ ਵੀ ਜਾਂਦੀ ਹੈ ਕਿ ਮੈਨੇਜਰ ਵੱਲੋਂ ਇਤਰਾਜ਼ਯੋਗ ਟਿੱਪਣੀ ਕਰਨ ਦੀ ਗੱਲ ਇੱਕ ਹੋਰ ਨਾਲ ਕੰਮ ਕਰਨ ਵਾਲੇ ਵਰਕਰ ਲੂਈ ਰਿਚੀ ਨੇ ਵੀ ਸੁਣੀ ਸੀ। ਉਹ ਰਿਟਾਇਰਡ ਪੁਲੀਸ ਅਫ਼ਸਰ ਹੈ ਅਤੇ ਹੁਣ ਇਸ ਕੇਸ ਵਿਚ ਚਸ਼ਮਦੀਦ ਗਵਾਹ ਬਣ ਚੁੱਕਾ ਹੈ।

ਇਸ ਬਾਬਤ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਨੇ ਦੱਸਿਆ ਨੇ ਕੁੱਝ ਸਮਾਂ ਪਹਿਲਾਂ ਦੋ ਨੌਜਵਾਨਾਂ ਨੇ ਇਸ ਘਟਨਾ ਬਾਰੇ ਜਾਣੂ ਕਰਾਇਆ ਸੀ। ਜਿਸ ਪਿੱਛੋਂ ਫ਼ੈਸਲਾ ਕਰਕੇ ਕੇਸ ਦੀ ਪੈਰਵੀ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਇਸ ਕਰਕੇ ਕੀਤੀ ਜਾ ਰਹੀ ਹੈ, ਕਿਉਂਕਿ ਦੋਵੇਂ ਪੰਜਾਬੀ ਨੌਜਵਾਨ ਨਿੱਜੀ ਕਾਰਨਾਂ ਕਰਕੇ ਸਿੱਧੇ ਤੌਰ `ਤੇ ਲੋਕਾਂ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ। ਜਿਸ ਕਰਕੇ ਕਾਰਵਾਈ ਸੁਸਾਇਟੀ ਰਾਹੀਂ ਨੇਪਰੇ ਚੜ੍ਹਾਈ ਜਾ ਰਹੀ ਹੈ।

ਦੂਜੇ ਪਾਸੇ, ਕੰਪਨੀ ਦੀ ਮਾਲਕ ਅਤੇ ਮੈਨੇਜਿੰਗ ਡਾਇਰੈਕਟਰ ਪਾਮ ਵਾਟਸਨ ਦਾ ਕਹਿਣਾ ਹੈ ਕਿ ਉਹ ਵਿਦੇਸ਼ ਹੋਣ ਕਰਕੇ ਮਾਰਚ ਦੇ ਅੰਤ ਤੱਕ ਛੁੱਟੀ `ਤੇ ਹੈ। ਹਾਲਾਂਕਿ ਉਸਨੇ ਦਾਅਵਾ ਕੀਤਾ ਸੀ ਕਿ ਮੈਨੇਜਰ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ‘ਕਾਰਵਾਈ’ ਕਿਸ ਦੀ ਤਰ੍ਹਾਂ ਦੀ ਕੀਤੀ ਗਈ ਹੈ। ਹਾਲਾਂਕਿ ਇਸਦੇ ਬਾਵਜੂਦ ਮੈਨੇਜਰ ਵੱਲੋਂ ਪਹਿਲਾਂ ਦੀ ਤਰ੍ਹਾਂ ਡਿਊਟੀ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਹ ਦੋਵੇਂ ਨਿਊਜ਼ੀਲੈਂਡ ਦੇ ਨਾਗਰਿਕ ਹਨ। ਪੀੜਤ ਸੁਮੀਤ ਨੰਦਪੁਰੀ ਇਸ ਟਰੱਕ ਟੋਇੰਗ ਕੰਪਨੀ ਨਾਲ ਪਿਛਲੇ 5 ਸਾਲ ਅਤੇ ਰਾਮਿੰਦਰ ਢਾਈ ਸਾਲ ਤੋਂ ਕੰਮ ਕਰ ਰਿਹਾ ਸੀ।