ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ 'ਵਿਚ ਸੁਖਬੀਰ ਦੀ ਅੰਤਰਿਮ ਅਗਾਊਂ ਜ਼ਮਾਨਤ ਹੋਈ

ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ 'ਵਿਚ ਸੁਖਬੀਰ ਦੀ ਅੰਤਰਿਮ ਅਗਾਊਂ ਜ਼ਮਾਨਤ ਹੋਈ

*ਸਾਬਕਾ ਡੀਜੀਪੀ ਸਣੇ ਤਿੰਨ ਪੁਲਿਸ ਅਧਿਕਾਰੀਆਂ ਦੀ ਅਦਾਲਤ ਵਲੋਂ ਅਗਾਊਂ ਜ਼ਮਾਨਤ ਅਰਜੀ  ਖਾਰਜ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ 30 ਮਈ ਤੱਕ ਅੰਤਰਿਮ ਅਗਾਊਂ ਜ਼ਮਾਨਤ ਦੇ ਦਿੱਤੀ ਹੈ । ਇਸ ਨਾਲ ਸੁਖਬੀਰ ਸਿੰਘ ਬਾਦਲ ਅਤੇ ਸਹਿ-ਮੁਲਜ਼ਮ ਸੁਖਮਿੰਦਰ ਸਿੰਘ ਮਾਨ ਦੀ ਗਿ੍ਫ਼ਤਾਰੀ ਦੀ ਲਟਕ ਰਹੀ ਤਲਵਾਰ ਫ਼ਿਲਹਾਲ ਕੁਝ ਸਮੇਂ ਲਈ ਟਲ ਗਈ ਹੈ । ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਕੋਟਕਪੂਰਾ ਗੋਲੀ ਕਾਂਡ ਸੰਬੰਧੀ 9 ਮਾਰਚ ਨੂੰ ਜ਼ਿਲ੍ਹਾ ਅਦਾਲਤ ਵਿਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ ।ਇਨ੍ਹਾਂ ਪਟੀਸ਼ਨਾਂ 'ਤੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਹੇਠਲੀ ਅਦਾਲਤ ਨੇ 95 ਸਾਲਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੁਢਾਪੇ ਕਾਰਨ ਜ਼ਮਾਨਤ ਦੇ ਦਿੱਤੀ ਸੀ ਪਰ ਸੁਖਬੀਰ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਸੀ । ਇਸ ਦੇ ਨਾਲ ਹੀ  ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਮਾਮਲੇ ਦੀ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ । ਦੱਸ ਦੇਈਏ ਕਿ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਐਸ. ਆਈ. ਟੀ. ਨੇ 24 ਫਰਵਰੀ 2022 ਨੂੰ ਫ਼ਰੀਦਕੋਟ ਅਦਾਲਤ ਵਿਚ 7 ਹਜ਼ਾਰ ਸਫ਼ਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ ।

 ਸੈਣੀ,ਉਮਰਾਨੰਗਲ,  ਸ਼ਰਮਾ ਅਤੇ ਪੰਧੇਰ ਦੀ ਅਗਾਊਂ ਜ਼ਮਾਨਤ ਅਰਜੀ ਖਾਰਜ

ਕੋਟਕਪੂਰਾ ਗੋਲ਼ੀਕਾਂਡ ਵਿੱਚ ਨਾਮਜ਼ਦ ਕੀਤੇ ਸਾਬਕਾ ਡੀਜੀਪੀ ਸੁਮੇਧ ਸੈਣੀ,ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਅਤੇ ਸਾਬਕਾ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਵੱਲੋਂ ਆਪਣੀ ਗਿ੍ਫਤਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਗਈ ਸੀ, ਜਿਸ ’ਤੇ ਮਾਨਯੋਗ ਵਧੀਕ ਸ਼ੈਸ਼ਨ ਜੱਜ ਰਾਜੀਵ ਕਾਲੜਾ ਨੇ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ, ਚਰਨਜੀਤ ਸ਼ਰਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ,ਜਦੋਂਕਿ ਸਾਬਕਾ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਨੂੰ ਚਲਦੇ ਮੁਕੱਦਮੇ ਤੱਕ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ, ਕੋਟਕਪੂਰਾ ਗੋਲ਼ੀਕਾਂਡ ਦੀ ਪੜਤਾਲ ਕਰ ਰਹੇ ਐਲ.ਕੇ. ਯਾਦਵ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ 24 ਫਰਵਰੀ 2023 ਨੂੰ ਫਰੀਦਕੋਟ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਅਜੇਪਾਲ ਸਿੰਘ ਦੀ ਅਦਾਲਤ ਵਿੱਚ 7000 ਪੰਨਿਆ ਦੀ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਅਦਾਲਤ ਨੇ 6 ਮਾਰਚ 2023 ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ, ਆਈਜੀ ਅਮਰ ਸਿੰਘ ਚਾਹਲ, ਸਾਬਕਾ ਐਸਐਸਪੀ ਸੁਖਮਿੰਦਰ ਸਿੰਘ ਮਾਨ, ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਥਾਨਾ ਸਿਟੀ ਕੋਟਕਪੂਰਾ ਦੇ ਸਾਬਕਾ ਐਸ ਐਚ ਓ ਗੁਰਦੀਪ ਸਿੰਘ ਪੰਧੇਰ ਨੂੰ ਮਿਤੀ 23 ਮਾਰਚ ਲਈ ਅਦਾਲਤ ਵੱਲੋਂ ਤਲਬ ਕੀਤਾ ਕੀਤਾ ਗਿਆ ਸੀ ਜਿਸ ’ਤੇ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ, ਚਰਨਜੀਤ ਸ਼ਰਮਾ ਅਤੇ ਗੁਰਦੀਪ ਸਿੰਘ ਪੰਧੇਰ ਵੱਲੋਂ ਆਪਣੀ ਗਿ੍ਫਤਾਰੀ ਤੋਂ ਬਚਣ ਲਈ ਮਾਨਯੋਗ ਵਧੀਕ ਸ਼ੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਾਈ ਗਈ ਸੀ।

ਮੁਲਜ਼ਮਾਂ ਬਾਰੇ ਵਿਸ਼ੇਸ਼ ਜਾਂਚ ਟੀਮ ਦੇ ਚਾਰਜਸ਼ੀਟ ਵਿੱਚ ਦਾਅਵੇ

ਸੁਖਬੀਰ ਸਿੰਘ ਬਾਦਲ 12 ਅਕਤੂਬਰ 2015 ਨੂੰ ਜਾਣਬੁੱਝ ਕੇ ਸੂਬੇ ਦੀ ਵਿਗੜੀ ਹੋਈ ਕਾਨੂੰਨ ਵਿਵਸਥਾ ਨੂੰ ਛੱਡਕੇ ਗੁੜਗਾਓਂ ਰਵਾਨਾ ਹੋ ਗਏ ਸਨ। ਉਨ੍ਹਾਂ ਨੂੰ ਸੂਬੇ ਵਿੱਚ ਬੇਅਦਬੀ ਦੀ ਤੀਜੀ ਘਟਨਾ ਤੋਂ ਬਾਅਦ ਬਰਗਾੜੀ ਅਤੇ ਕੋਟਕਪੂਰਾ ਵਿਖੇ ਸਿੱਖ ਸੰਗਤਾਂ ਵਿੱਚ ਵੱਧ ਰਹੇ ਰੋਸ ਬਾਰੇ ਜਾਣਕਾਰੀ ਵੀ ਸੀ । ਸੁਖਬੀਰ ਬਾਦਲ ਆਪਣੀ ਗ਼ੈਰ ਮਜੂਦਗੀ ਨੂੰ ਬਹਾਨੇ ਵਜੋਂ ਵਰਤਣਾ ਚਾਉਂਦੇ ਸਨ ਤਾਂ ਜੋ ਸੁਮੇਧ ਸਿੰਘ ਸੈਣੀ ਦੀ ਅਗਵਾਈ ਹੇਠ ਪੁਲਿਸ ਦੀਆਂ ਗ਼ੈਰ ਕਾਨੂੰਨੀ ਕਾਰਵਾਈਆਂ ਦੀ ਜ਼ਿੰਮੇਵਾਰੀ ਤੋਂ ਬਚ ਸਕਣ ।

ਪ੍ਰਕਾਸ਼ ਸਿੰਘ ਬਾਦਲ ਨੇ 13-14 ਅਕਤੂਬਰ 2015 ਦੀ ਦਰਮਿਆਨੀ ਰਾਤ ਨੂੰ ਸੁਮੇਧ ਸਿੰਘ ਸੈਣੀ ਦੀ ਕੋਟਕਪੂਰਾ ਚੌਂਕ ਵਿਖੇ ਬੈਠੇ ਪ੍ਰਦਰਸ਼ਨਕਾਰੀਆਂ ਦੇ ਸ਼ਾਂਤਮਈ ਧਰਨੇ ਦੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਵਿਰੁੱਧ ਨਾਜ਼ਾਇਜ ਬਲ ਦੀ ਵਰਤੋਂ ਕਰਨ ਲਈ ਸਹਾਇਤਾ ਕੀਤੀ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ।

ਪਰਮਰਾਜ ਸਿੰਘ ਉਮਰਾਨੰਗਲ ਨੇ ਸੁਮੇਧ ਸਿੰਘ ਸੈਣੀ ਨਾਲ ਸਾਜ਼ਿਸ਼ ਰਚਣ ਤੋਂ ਤੁਰੰਤ ਬਾਅਦ ਚਰਨਜੀਤ ਸਿੰਘ ਸ਼ਰਮਾ ਤਤਕਾਲੀ ਐੱਸਐੱਸਪੀ ਮੋਗਾ, ਅਮਰ ਸਿੰਘ ਚਾਹਲ ਤਤਕਾਲੀ ਡੀਆਈਜੀ ਫਿਰੋਜ਼ਪੁਰ ਅਤੇ ਸੁਖਮੰਦਰ ਸਿੰਘ ਮਾਨ ਤਤਕਾਲੀ ਐੱਸਐੱਸਪੀ ਫ਼ਰੀਦਕੋਟ ਨੂੰ ਨਿਤਨੇਮ ਦਾ ਸਿਮਰਨ ਕਰਦੇ ਪ੍ਰਦਰਸ਼ਨਕਾਰੀਆਂ ਵਿਰੁੱਧ ਗ਼ੈਰ-ਕਾਨੂੰਨੀ ਧੱਕੇਸ਼ਾਹੀ ਕਰਨ ਦੇ ਗ਼ੈਰ-ਕਾਨੂੰਨੀ ਹੁਕਮ ਜਾਰੀ ਕੀਤੇ ਸਨ।

ਮੁਲਜ਼ਮ ਅਫ਼ਸਰਾਂ ਨੂੰ ਇਹ ਜਾਣਕਾਰੀ ਸੀ ਕਿ ਕੋਟਕਪੂਰਾ ਚੌਂਕ ਵਿਖੇ ਨਿਤਨੇਮ ਦਾ ਸਿਮਰਨ ਕਰ ਰਹੇ ਪ੍ਰਦਰਸ਼ਨਕਾਰੀਆਂ ਵੱਲ ਵਧਣ ਤੋਂ ਪਹਿਲਾਂ ਉਨ੍ਹਾਂ ਕੋਲ ਤਤਕਾਲੀ ਡਿਊਟੀ ਮੈਜਿਸਟ੍ਰੇਟ ਤੋਂ ਕੋਈ ਜਾਇਜ਼ ਹੁਕਮ ਪ੍ਰਾਪਤ ਨਹੀਂ ਹੋਏ ਸਨ, ਫਿਰ ਵੀ ਕਾਰਵਾਈ ਹੋਈ

ਬੇਅਦਬੀ ਦੀਆਂ ਚਰਚਾ ਵਿਚ ਰਹਿਣ ਵਾਲੀਆਂ ਘਟਨਾਵਾਂ

​​​​​​​

ਸਾਲ 2015 ਵਿੱਚ ਫ਼ਰੀਦਕੋਟ ਨੇ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ ਅਤੇ ਕਈ ਮਹੀਨਿਆਂ ਬਾਅਦ ਅੰਗ ਨਜ਼ਦੀਕੀ ਪਿੰਡ ਬਰਗਾੜੀ ਤੋਂ ਮਿਲੇ ਸਨ।ਇਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਉੱਪਰ ਪੁਲਿਸ ਵੱਲੋਂ ਪਿੰਡ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਗੋਲੀ ਚਲਾਈ ਗਈ ਸੀ।ਬਹਿਬਲ ਕਲਾਂ ਗੋਲ਼ੀਕਾਂਡ ਵਿੱਚ ਦੋ ਪ੍ਰਦਰਸ਼ਨਕਾਰੀਆਂ- ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ।

1986 ਵਿੱਚ ਨਕੋਦਰ ਵਿਖੇ 2015 ਦੀਆਂ ਘਟਨਾਵਾਂ ਨਾਲ ਹੀ ਮਿਲਦੀ ਜੁਲਦੀ ਘਟਨਾ ਵਾਪਰੀ ਸੀ।ਗੁਰਦੁਆਰਾ ਗੁਰੂ ਅਰਜਨ ਦੇਵ ,ਨਕੋਦਰ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਉੱਪਰ ਪੰਜਾਬ ਪੁਲਿਸ ਵੱਲੋਂ ਗੋਲੀ ਚਲਾਈ ਗਈ ਸੀ, ਜਿਸ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈ ਸੀ।

ਸਾਲ 2015 ਵਿੱਚ ਫ਼ਰੀਦਕੋਟ ਨੇ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ

1986 ਅਤੇ 2015 ਦੀਆਂ ਘਟਨਾਵਾਂ ਸਮੇਂ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ।ਪੰਜਾਬ ਸਰਕਾਰ ਵੱਲੋਂ 2015 ਦੀ ਜਾਂਚ ਲਈ ਕਈ ਜਾਂਚ ਟੀਮਾਂ ਦੀ ਸਮੇਂ ਸਮੇਂ 'ਤੇ ਗਠਿਤ ਕੀਤੀਆਂ ਗਈਆਂ ਹਨ।

ਨਵੰਬਰ 2015 ਲੁਧਿਆਣਾ ਵਿੱਚ ਰਾਮਾਇਣ ਅਤੇ ਗੀਤਾ ਦੀ ਬੇਅਦਬੀ ਦੀ ਘਟਨਾ ਹੋਈ ਸੀ।

ਜੂਨ 2016 ਵਿੱਚ ਪੰਜਾਬ ਦੇ ਮਲੇਰਕੋਟਲਾ 'ਚ ਕੁਰਾਨ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ।

ਦਸੰਬਰ 2021 ਵਿੱਚ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਵਿਖੇ ਵੀ ਕਥਿਤ ਬੇਅਦਬੀ ਦੀ ਕੋਸ਼ਿਸ਼ ਹੋਈ ਸੀ ਜਿਸ ਤੋਂ ਬਾਅਦ ਆਰੋਪੀ ਦੀ ਹੱਤਿਆ ਕਰ ਦਿੱਤੀ ਸੀ।

2015 ਦੀਆਂ ਇਨ੍ਹਾਂ ਘਟਨਾਵਾਂ ਨੇ ਪੰਜਾਬ ਦੀ ਸਿਆਸਤ ਨੂੰ ਵੀ ਪ੍ਰਭਾਵਿਤ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੈਬਨਿਟ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਲਈ ਉਮਰ ਕੈਦ ਦੀ ਸਜ਼ਾ ਤੇ ਆਈਪੀਸੀ ਵਿੱਚ ਬਦਲਾਅ ਲਈ ਸਹਿਮਤੀ ਵੀ ਦਿੱਤੀ ਗਈ ਸੀ।