ਮੁਸਲਮਾਨਾਂ ,ਸਿਖਾਂ ਬਾਅਦ ਹੁਣ ਈਸਾਈ ਭਗਵੀਂ ਸਿਆਸਤ ਦੀ ਫਿਰਕੂ ਨੀਤੀ ਦਾ ਨਿਸ਼ਾਨਾ ਬਣੇ
ਯੂਨਾਈਟਿਡ ਕਿ੍ਚੀਅਨ ਫੋਰਮ ਅਨੁਸਾਰ ਅੱਠ ਮਹੀਨਿਆਂ ਦੌਰਾਨ ਈਸਾਈਆਂ ਉੱਤੇ 525 ਹਮਲੇ ਹੋਏ
*ਮਨੀਪੁਰ ਵਿੱਚ ਪਿਛਲੇ ਚਾਰ ਮਹੀਨਿਆਂ ਵਿੱਚ 642 ਚਰਚਾਂ ਨੂੰ ਨਿਸ਼ਾਨਾ ਬਣਾਇਆ ਗਿਆ
ਭਾਜਪਾ ਦੀ ਹਿੰਦੂਤਵੀ ਮੁਹਿੰਮ ਦਾ 2014 ਤੋਂ ਮੁੱਖ ਸ਼ਿਕਾਰ ਮੁਸਲਮਾਨ ਤੋਂ ਖਾਲਿਸਤਾਨ ਦੇ ਨਾਮ ਉਪਰ ਸਿਖ ਰਹੇ ਹਨ। ਪਿਛਲੇ ਸਾਢੇ 9 ਸਾਲਾਂ ਦੌਰਾਨ ਭਾਰਤ ਭਰ ਵਿੱਚ ਅਜਿਹਾ ਮਾਹੌਲ ਬਣਾਇਆ ਗਿਆ ਕਿ ਆਖਰ ਮੁਸਲਮਾਨ ਅਬਾਦੀ ਨੇ ‘ਦੜ ਵੱਟ, ਜ਼ਮਾਨਾ ਕੱਟ, ਭਲੇ ਦਿਨ ਆਵਣਗੇ’ ਦੀ ਤਰਜ਼ ਉੱਤੇ ਘਰਾਂ ਅੰਦਰ ਵੜ ਕੇ ਦਿਨ ਕੱਟਣ ਨੂੰ ਹੀ ਤਰਜੀਹ ਦਿੱਤੀ।ਹਾਲਾਂਕਿ ਸਿਖਾਂ ਵਲੋਂ ਵਿਰੋਧ ਜਾਰੀ ਰਿਹਾ ਹੈ ਹੁਣ ਹਿੰਦੂ ਰਾਸ਼ਟਰਵਾਦੀਆਂ ਨੇ ਆਪਣੇ ਹਿੰਸਕ ਹਮਲਿਆਂ ਦਾ ਰੁਖ ਈਸਾਈਆਂ ਵੱਲ ਕਰ ਲਿਆ ਹੈ।
ਦਿੱਲੀ ਦੀ ਯੂਨਾਈਟਿਡ ਕਿ੍ਚੀਅਨ ਫੋਰਮ ਨਾਮੀ ਸੁਸਾਇਟੀ ਨੇ ਬੀਤੀ 7 ਸਤੰਬਰ ਨੂੰ ਆਪਣੀ ਇੱਕ ਰਿਪੋਰਟ ਪੇਸ਼ ਕਰਕੇ ਦੱਸਿਆ ਹੈ ਕਿ ਚਾਲੂ ਵਰ੍ਹੇ ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਭਾਰਤ ਵਿੱਚ ਈਸਾਈਆਂ ਉੱਤੇ 525 ਹਮਲੇ ਹੋਏ ਹਨ। ਜੇਕਰ ਇਹੋ ਵਰਤਾਰਾ ਰਿਹਾ ਤਾਂ ਇਹ ਵਰ੍ਹਾ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗਾ। ਮਨੀਪੁਰ ਵਿੱਚ ਚਾਰ ਮਹੀਨਿਆਂ ਤੋਂ ਈਸਾਈਆਂ ਵਿਰੁੱਧ ਹੋ ਰਹੀ ਹਿੰਸਾ ਕਾਰਨ ਇਸ ਗਿਣਤੀ ਵਿੱਚ ਵੱਡਾ ਵਾਧਾ ਹੋ ਸਕਦਾ ਹੈ।
ਸੁਪਰੀਮ ਕੋਰਟ ਵਿੱਚ ਦਾਖ਼ਲ ਕੀਤੀ ਇੱਕ ਰਿੱਟ ਅਨੁਸਾਰ ਮਨੀਪੁਰ ਵਿੱਚ ਪਿਛਲੇ ਚਾਰ ਮਹੀਨਿਆਂ ਵਿੱਚ 642 ਚਰਚਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜੂਨ ਵਿੱਚ ਇੰਫਾਲ ਦੇ ਆਰਕਬਿਸ਼ਪ ਨੇ ਕਿਹਾ ਸੀ ਕਿ ਸਿਰਫ਼ 36 ਘੰਟਿਆਂ ਵਿੱਚ 249 ਚਰਚ ਸਾੜ ਦਿੱਤੇ ਗਏ ਸਨ। 2011 ਦੀ ਜਨਗਣਨਾ ਮੁਤਾਬਕ ਭਾਰਤ ਵਿੱਚ ਈਸਾਈਆਂ ਦੀ ਅਬਾਦੀ 2.3 ਫੀਸਦੀ ਹੈ।
2012 ਤੋਂ 2022 ਤੱਕ 11 ਸਾਲਾਂ ਦੌਰਾਨ ਈਸਾਈਆਂ ਉੱਤੇ ਹਮਲਿਆਂ ਦੀਆਂ ਘਟਨਾਵਾਂ ਚਾਰ ਗੁਣਾ ਵਧ ਚੁੱਕੀਆਂ ਹਨ। ਪਹਿਲਾ ਵੱਡਾ ਵਾਧਾ 2016 ਵਿੱਚ ਹੋਇਆ, ਜਦੋਂ ਇਨ੍ਹਾਂ ਹਮਲਿਆਂ ਦੀਆਂ 247 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਅਗਲੇ ਹਰ ਸਾਲ ਇਨ੍ਹਾਂ ਵਿੱਚ ਵਾਧਾ ਹੁੰਦਾ ਰਿਹਾ ਤੇ 2021 ਵਿੱਚ ਹਿੰਸਕ ਘਟਨਾਵਾਂ ਦੀ ਗਿਣਤੀ 505 ਉੱਤੇ ਪਹੁੰਚ ਗਈ ਤੇ 2022 ਵਿੱਚ 599 ਹੋ ਗਈ ਸੀ।
ਸੂਬਿਆਂ ਦੀ ਗੱਲ ਕਰੀਏ ਤਾਂ ਈਸਾਈਆਂ ਉੱਤੇ ਸਭ ਤੋਂ ਵੱਧ ਹਮਲੇ ਉੱਤਰ ਪ੍ਰਦੇਸ਼ ਵਿੱਚ ਯੋਗੀ ਆਦਿੱਤਿਆਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੋਏ ਹਨ। 2014 ਵਿੱਚ 18 ਹਮਲਿਆਂ ਤੋਂ ਵਧ ਕੇ 2017 ਵਿੱਚ ਇਹ 50 ਤੇ 2018 ਵਿੱਚ 132 ਤੱਕ ਪੁੱਜ ਗਏ ਸਨ। ‘ਹਿਊਮਨ ਰਾਈਟਸ ਵਾਚ’ ਦੀ ਏਸ਼ੀਆ ਡਵੀਜ਼ਨ ਦੀ ਉਪ ਨਿਰਦੇਸ਼ਕ ਮੀਨਾਕਸ਼ੀ ਗਾਂਗੁਲੀ ਦਾ ਕਹਿਣਾ ਹੈ ਕਿ ਰਾਜਸੀ ਆਗੂਆਂ ਦੇ ਨਫ਼ਰਤ ਭਰੇ ਭਾਸ਼ਣਾਂ ਤੋਂ ਪ੍ਰੇਰਨਾ ਲੈ ਕੇ ਹਿੰਸਕ ਭੀੜਾਂ ਹਮਲੇ ਕਰਦੀਆਂ ਹਨ।
ਈਸਾਈਆਂ ਉੱਪਰ ਹਮਲਿਆਂ ਦੇ ਅੰਕੜੇ ਇਕੱਠੇ ਕਰਨ ਵਾਲੀ ਇੱਕ ਹੋਰ ਸੰਸਥਾ ਈ ਐਫ ਆਈ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਕਈ ਘਟਨਾਵਾਂ ਵਿੱਚ ਪੁਲਸ ਰਿਪੋਰਟ ਹੀ ਦਰਜ ਨਹੀਂ ਕਰਦੀ।ਕ੍ਰਿਸਚੀਅਨ ਫੋਰਮ ਦੇ ਕੌਮੀ ਕਨਵੀਨਰ ਏ ਸੀ ਮਾਈਕਲ ਨੇ ਕਿਹਾ ਕਿ ਬਹੁਤ ਵਾਰੀ ਪੁਲਸ ਪੀੜਤਾਂ ਉੱਤੇ ਹੀ ਕੇਸ ਦਰਜ ਕਰ ਲੈਂਦੀ ਹੈ ਤੇ ਦੋਸ਼ੀਆਂ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ। ਭਾਜਪਾ ਸ਼ਾਸਤ ਰਾਜਾਂ ਵਿੱਚ ਧਰਮ ਤਬਦੀਲੀ ਵਿਰੁੱਧ ਪਾਸ ਕੀਤੇ ਕਾਨੂੰਨਾਂ ਕਾਰਨ ਇੰਜ ਹੁੰਦਾ ਹੈ। ਮਾਈਕਲ ਨੇ ਕਿਹਾ ਕਿ ਇਸ ਸਾਲ 520 ਈਸਾਈ ਪਾਦਰੀਆਂ ਤੇ ਹੋਰਨਾਂ ਨੂੰ ਝੂਠੇ ਕੇਸਾਂ ਵਿੱਚ ਗਿ੍ਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਕੋਈ ਵੀ ਸ਼ਿਕਾਇਤਕਰਤਾ ਇਹ ਨਹੀਂ ਕਹਿ ਰਿਹਾ ਕਿ ਮੇਰਾ ਜਬਰਨ ਧਰਮ ਤਬਦੀਲ ਕੀਤਾ ਗਿਆ ਹੈ। ਅਸਲ ਵਿੱਚ ਹਿੰਦੂਤਵੀ ਤਾਕਤਾਂ ਈਸਾਈਆਂ ਨੂੰ ਵੀ ਮੁਸਲਮਾਨਾਂ ਵਾਂਗ ਹੀ ਦਹਿਸ਼ਤਜ਼ਦਾ ਕਰਕੇ ਮੁੱਖ ਧਾਰਾ ਤੋਂ ਵੱਖ ਕਰ ਦੇਣਾ ਚਾਹੁੰਦੀਆਂ ਹਨ।
Comments (0)