ਅਮਰੀਕਾ ਤੇ ਉਸ ਦੀ ਜਮਹੂਰੀਅਤ ਦੇ ਹੱਕ ਵਿਚ ਨਹੀਂ  ਡੋਨਾਲਡ ਟਰੰਪ

ਅਮਰੀਕਾ ਤੇ ਉਸ ਦੀ ਜਮਹੂਰੀਅਤ ਦੇ ਹੱਕ ਵਿਚ ਨਹੀਂ  ਡੋਨਾਲਡ ਟਰੰਪ

ਵਿਸ਼ਵ ਵਾਰਤਾ

ਦੂਸਰੇ ਵਿਸ਼ਵ ਯੁੱਧ ਸਮੇਂ ਬਰਤਾਨੀਆ ਦੇ ਤਾਕਤਵਰ ਪ੍ਰਧਾਨ ਮੰਤਰੀ ਰਹੇ ਵਿੰਸਟਨ ਚਰਚਿਲ ਦਾ ਮੰਨਣਾ ਸੀ ਕਿ ਹੁਣ ਤਕ ਇਸ ਵਿਸ਼ਵ ਵਿਚ ਜਿੰਨੀਆਂ ਵੀ ਕਿਸਮਾਂ ਦੀਆਂ ਸਰਕਾਰਾਂ ਅਜਮਾਈਆਂ ਗਈਆਂ, ਉਨ੍ਹਾਂ ’ਚੋਂ ਸਭ ਤੋਂ ਭੈੜੀ ਕਿਸਮ ਦੀ ਲੋਕਤੰਤਰੀ ਸਰਕਾਰ ਹੈ। ਇਨ੍ਹਾਂ ਬੋਲਾਂ ਵਿਚ ਕਿਧਰੇ ਵੀ ਅਤਿਕਥਨੀ ਵਿਖਾਈ ਨਹੀਂ ਦਿੰਦੀ। ਇਨ੍ਹਾਂ ਵਿਚ ਭਾਵੇਂ ਪੁਰਾਤਨਕਾਲੀ ਯੂਨਾਨੀ ‘ਸਿਟੀ ਸਟੇਟਸ’ ਹੋਣ, ਸਭ ਤੋਂ ਪੁਰਾਣੀ ਚਲੀ ਆ ਰਹੀ ਬਰਤਾਨਵੀ ਪਾਰਲੀਮੈਂਟਰੀ ਸਰਕਾਰ ਹੋਵੇ, ਸਭ ਤੋਂ ਤਾਕਤਵਰ ਅਮਰੀਕੀ ਰਾਸ਼ਟਰਪਤੀ ਕਿਸਮ ਵਾਲੀ ਸਰਕਾਰ ਹੋਵੇ ਜਾਂ ਫਿਰ ਸਭ ਤੋਂ ਵਿਸ਼ਾਲ ਪਾਰਲੀਮੈਂਟਰੀ ਜਨਤਕ ਭਲਾਈ ਵਾਲੀ ਭਾਰਤੀ ਲੋਕਤੰਤਰੀ ਸਰਕਾਰ ਹੋਵੇ, ਲਿਖਤੀ ਜਾਂ ਅਲਿਖਤੀ ਸੰਵਿਧਾਨ ਅਨੁਸਾਰ ਚੱਲਣ ਵਾਲੀਆਂ ਇਨ੍ਹਾਂ ਸਭ ਸਰਕਾਰਾਂ ਵਿਚ ਇਕ ਕਾਨੂੰਨ ਮਿੱਤਰਾਂ ਲਈ, ਦੂਸਰਾ ਦੁਸ਼ਮਣਾਂ ਲਈ ਹੁੰਦਾ ਹੈ।

ਇਕ ਕਾਨੂੰਨ ਤਾਕਤਵਰਾਂ ਲਈ ਅਤੇ ਦੂਸਰਾ ਸ਼ਕਤੀਹੀਣਾਂ ਲਈ ਹੁੰਦਾ ਹੈ। ਇਕ ਅਮੀਰਾਂ ਅਤੇ ਦੂਸਰਾ ਗ਼ਰੀਬਾਂ ਲਈ ਮੌਜੂਦ ਹੈ। ਲੋਕਸ਼ਾਹੀਆਂ ਵਿਚ ਕਿਧਰੇ ਵੀ ਲੋਕਾਂ ਨੂੰ ਨਹੀਂ ਦਰਸਾਇਆ ਜਾਂਦਾ ਕਿ ਕਾਨੂੰਨ ਸਰਬ ਸਾਂਝਾ ਅਤੇ ਭੇਦਭਾਵ ਰਹਿਤ ਹੁੰਦਾ ਹੈ। ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਿਸ ਨੇ ਸੰਨ 2016 ਵਿਚ ਰਿਪਬਲਿਕਨ ਉਮੀਦਵਾਰ ਵਜੋਂ ਚੋਣਾਂ ਜਿੱਤੀਆਂ ਅਤੇ 4 ਸਾਲਾ ਸੱਤਾ ਕਾਰਜਕਾਲ ਤੋਂ ਬਾਅਦ ਸੰਨ 2020 ਵਿਚ ਚੋਣਾਂ ਹਾਰਨ ਦੇ ਬਾਵਜੂਦ ਸੱਤਾ ਵਿਚ ਬਣੇ ਰਹਿਣ ਲਈ ਉਸ ਨੇ ਵੱਡੇ ਹੱਥਕੰਡੇ ਅਪਣਾਏ ਅਤੇ ਆਖ਼ਰ 6 ਜਨਵਰੀ 2021 ਨੂੰ ਆਪਣੇ ਨਿਊ ਨਾਜ਼ੀਵਾਦੀ, ਗੋਰਾ ਨਸਲਵਾਦੀ ਅਤੇ ਹਿੰਸਕ ਸਮਰਥਕਾਂ ਨੂੰ ਅਮਰੀਕੀ ਕਾਂਗਰਸ ’ਤੇ ਹਮਲਾ ਕਰਨ ਲਈ ਉਕਸਾਇਆ। ਸੰਨ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਮੂੰਹ ਦੀ ਖਾਣ ਵਾਲੇ ਟਰੰਪ ਜਿਸ ’ਤੇ ਪਦ ’ਤੇ ਹੁੰਦੇ ਹੋਏ ਦੋ ਵਾਰ ਮਹਾਦੋਸ਼ ਅਮਰੀਕੀ ਕਾਂਗਰਸ ਵੱਲੋਂ ਚਲਾਇਆ ਗਿਆ ਹੋਵੇ, ਉਸ ਨੇ ਸੰਨ 2024 ਵਿਚ ਦੁਬਾਰਾ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਦਾਅਵੇਦਾਰੀ ਦਾ ਐਲਾਨ ਕਰ ਦਿੱਤਾ ਹੈ।

ਰਾਸ਼ਟਰਘਾਤੀ ਹੈ ਛਲ-ਬਲ ਨਾਲ ਧਰਮ-ਪਰਿਵਰਤਨ ਕਰਵਾਉਣਾ, ਬਣਾਉਣੇ ਹੋਣਗੇ ਸਪਸ਼ਟ ਕਾਇਦੇ-ਕਾਨੂੰਨ

ਡੋਨਾਲਡ ਟਰੰਪ ਦੇ ਹਮਾਇਤੀ ਅਮਰੀਕੀ ਮੱਧਕਾਲੀ ਚੋਣਾਂ ਵਿਚ ਸ਼ਿਕਸਤ ਖਾ ਚੁੱਕੇ ਹਨ ਜਿਸ ਤੋਂ ਉਸ ਨੇ ਕੋਈ ਸਬਕ ਨਹੀਂ ਸਿੱਖਿਆ। ਉਸ ਦੇ ਖ਼ਿਲਾਫ਼ 6 ਜਨਵਰੀ 2021 ਨੂੰ ਕੀਤੇ ਗ਼ੁਨਾਹ ਕਰ ਕੇ ਕਾਨੂੰਨੀ ਪ੍ਰਕਿਰਿਆ ਤੇ ਜਾਂਚ ਚੱਲ ਰਹੀ ਹੈ। ਇਹੀ ਨਹੀਂ, ਟਰੰਪ ’ਤੇ ਜਾਰਜੀਆ ਰਾਜ ਦੇ ਚੋਣ ਨਤੀਜੇ ਪ੍ਰਭਾਵਿਤ ਕਰਨ ਦੇ ਦੋਸ਼ ਵੀ ਉਸ ’ਤੇ ਹਨ ਤੇ ਗ਼ੈਰ-ਕਾਨੂੰਨੀ ਤੌਰ ’ਤੇ ਆਪਣੇ ਕਾਰਜਕਾਲ ਤੋਂ ਬਾਅਦ ਕਲਾਸੀਫਾਈਡ ਦਸਤਾਵੇਜ਼ ਚੋਰੀ ਕੀਤੇ ਜਾਣ ਦੇ ਇਲਜ਼ਾਮ ਵੀ ਹਨ।ਇਸ ਸਬੰਧੀ ਨਾ ਸਿਰਫ਼ ਉਸ ਨੇ ਆਪ ਕੁਫਰ ਤੋਲਿਆ ਬਲਕਿ ਹਮਾਇਤੀਆਂ ਨੂੰ ਵੀ ਅਜਿਹਾ ਕਰਨ ਲਈ ਮਜਬੂਰ ਕੀਤਾ ਸੀ। ਕੁਫਰ ਤੋਲਣ ਵਿਚ ਟਰੰਪ ਨੇ ਨਾਜ਼ੀਵਾਦੀ ਹਿਟਲਰ ਦੇ ਪਬਲਿਕ ਰਿਲੇਸ਼ਨ ਮੰਤਰੀ ਗੋਬਲਜ਼ ਨੂੰ ਵੀ ਮਾਤ ਪਾ ਦਿੱਤੀ ਹੈ। ਡੋਨਾਲਡ ਟਰੰਪ ਨੇ ਰਾਸ਼ਟਰਪਤੀ ਹੁੰਦੇ ਹੋਏ ਲੋਕਤੰਤਰ, ਇਸ ਦੇ ਮਜ਼ਬੂਤ ਸੰਸਥਾਤਮਿਕ ਸਤੰਭਾਂ, ਨਿਰਪੱਖ ਨਿਆਂਪਾਲਿਕਾ ਤੇ ਮੀਡੀਆ ਦਾ ਮਜ਼ਾਕ ਉਡਾਇਆ ਸੀ ਅਤੇ ਇਨ੍ਹਾਂ ਸੰਸਥਾਵਾਂ ਨੂੰ ਕਮੋਜ਼ਰ ਕੀਤਾ ਸੀ।

ਵੱਡਾ ਸਵਾਲ ਇਹ ਹੈ ਕਿ ਅਮਰੀਕੀ ਅਵਾਮ ਅਤੇ ਲੋਕਤੰਤਰ ਅਜਿਹੇ ਵਿਅਕਤੀ ਨੂੰ ਮੁੜ ਸਵੀਕਾਰ ਕਿਵੇਂ ਕਰ ਸਕਦਾ ਹੈ? ਜਦੋਂ ਦਾ ਸੰਨ 2015 ਵਿਚ ਇਹ ਕਾਰੋਬਾਰੀ ਕਾਰਪੋਰੇਟਵਾਦੀ ਅਮਰੀਕੀ ਰਾਜਨੀਤੀ ਵਿਚ ਦਾਖ਼ਲ ਹੋਇਆ ਹੈ, ਉਸ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਅਮਰੀਕੀ ਲੋਕਤੰਤਰ, ਇਸ ਦੀਆਂ ਸੰਸਥਾਵਾਂ, ਰਵਾਇਤਾਂ, ਸੰਵਿਧਾਨਕ ਪ੍ਰੰਪਰਾਵਾਂ ਨੂੰ ਉਲਟ-ਪੁਲਟ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਲੋਕਤੰਤਰ ਨੂੰ ਆਪਣੇ ਰਾਜਨੀਤਕ, ਕਾਰੋਬਾਰੀ, ਘੱਟ ਗਿਣਤੀ ਸਿਆਹਫਾਮਾਂ, ਹਿਸਪੈਨਿਕਾਂ, ਮਿਹਨਤਕਸ਼ਾਂ, ਛੋਟੇ ਕਾਰੋਬਾਰੀਆਂ ਵਿਰੁੱਧ ਹਥਿਆਰ ਬਣਾ ਕੇ ਰੱਖ ਦਿੱਤਾ। ਰਾਸ਼ਟਰਪਤੀ ਦੇ ਅਹੁਦੇ ਦੀ ਤਾਕਤਵਰ ਸੰਸਥਾ ਦਾ ਸ਼ਰਮਨਾਕ ਢੰਗ ਨਾਲ ਦੁਰਉਪਯੋਗ ਕੀਤਾ। ਸੰਨ 2016 ਵਿਚ ਚੋਣ ਪ੍ਰਚਾਰ ਵੇਲੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਲੋਕਾਂ ਲਈ ਨਵੀਂ ਆਸ ਦੀ ਕਿਰਨ ਬਣੇਗਾ ਜੋ ਮੌਜੂਦਾ ਸਿਸਟਮ, ਰਾਜਨੀਤੀ, ਪ੍ਰਬੰਧ ਤੋਂ ਅੱਕ ਅਤੇ ਥੱਕ ਚੁੱਕੇ ਹਨ। ਉਹ ਅਮਰੀਕਾ ਦਾ ਖੁੱਸਿਆ ਗੌਰਵ ਬਹਾਲ ਕਰੇਗਾ।

ਉਸ ਦੇ ਸ਼ਾਸਨ, ਵਿਕਾਸ ਕਾਰਜਾਂ, ਨਵੀਨਤਮ ਤਕਨੀਕੀ, ਸਾਇੰਸੀ, ਪੁਲਾੜ ਪ੍ਰਾਜੈਕਟਾਂ ਦਾ ਕੇਂਦਰ ਅਮਰੀਕੀ ਅਵਾਮ ਅਤੇ ਅਮਰੀਕਾ ਹੋਵੇਗਾ ਪਰ ਸੱਤਾ ਸੰਭਾਲਣ ਤੋਂ ਬਾਅਦ ਟਰੰਪ ਅਤੇ ਰਿਪਬਲਿਕਨ ਪਾਰਟੀ ਨੇ ਰਾਸ਼ਟਰ ਨੂੰ ਇਕ ਤੋਂ ਬਾਅਦ ਦੂਸਰੀ ਅਸਫਲਤਾ ਅਤੇ ਨਿਘਾਰ ਵੱਲ ਧੱਕਿਆ। ਜਿਸ ਕੋਵਿਡ-19 ਮਹਾਮਾਰੀ ਨੂੰ ਉਸ ਨੇ ਮਜ਼ਾਕ ਵਿਚ ਲਿਆ ਉਸ ਅੱਗੇ ਉਹ ਅਤੇ ਉਸ ਦਾ ਪ੍ਰਸ਼ਾਸਨ ਮੂਧੇ ਮੂੰਹ ਡਿੱਗਾ ਬੇਵੱਸ ਨਜ਼ਰ ਆਇਆ। ਮਹਾਸ਼ਕਤੀ ਦੇ ਸਿਹਤ ਪ੍ਰਬੰਧਾਂ ਦੀ ਪੋਲ ਪੂਰੇ ਵਿਸ਼ਵ ਮੂਹਰੇ ਖੁੱਲ੍ਹ ਗਈ। ਸੰਨ 2018 ਦੀਆਂ ਅਮਰੀਕੀ ਮੱਧਕਾਲੀ ਚੋਣਾਂ ਵਿਚ ਰਿਪਬਲਿਕਨ ਕਾਂਗਰਸ ਵਿਚ ਹਾਰ ਗਏ। ਸੰਨ 2020 ਵਿਚ ਸੈਨੇਟ ਅਤੇ ਫਿਰ ਰਾਸ਼ਟਰਪਤੀ ਚੋਣਾਂ ਵਿਚ ਹਾਰ ਗਏ। ਹੁਣ ਨਵੰਬਰ 2022 ਦੀਆਂ ਮੱਧਕਾਲੀ ਚੋਣਾਂ ਵਿਚ ਹਾਰ ਕਾਰਨ ਅਮਰੀਕੀ ਕੌਮ ਨੂੰ ਗੁਮਰਾਹ ਕਰਨ ਅਤੇ ਉਸ ਨਾਲ ਝੂਠ ਬੋਲਣ ਦਾ ਮੁਗਾਲਤਾ ਸਪਸ਼ਟ ਹੋ ਗਿਆ ਹੈ। ਨਿਊ ਹੈਂਪਸ਼ਾਇਰ ਦੇ ਹਰਮਨ ਪਿਆਰੇ ਰਿਪਬਲਿਕਨ ਗਵਰਨਰ ਕਰਿਸ ਸਨੂੰਨੂ ਨੇ ਬਹੁਤ ਸੌਖੇ ਜਿੱਤ ਹਾਸਲ ਕਰਨ ਉਪਰੰਤ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਹਾਰੇ ਹੋਏ ਵਿਅਕਤੀ ਹਨ ਅਤੇ ਹੈਂਪਸ਼ਾਇਰ, ਨਿਊਯਾਰਕ, ਅਰੀਜ਼ੋਨਾ, ਮਿਸ਼ੀਗਨ, ਪੈਨਸਲਵੇਨੀਆ ਆਦਿ ਰਾਜਾਂ ਵਿਚ ਉਸ ਦੀ ਹਮਾਇਤ ਨੂੰ ਵੱਡਾ ਖੋਰਾ ਲੱਗਾ ਵੇਖਿਆ ਗਿਆ ਹੈ। ਟਰੰਪ ਇਕ ਅਜਿਹਾ ਆਗੂ ਵੀ ਸਿੱਧ ਹੋਇਆ ਹੈ ਜੋ ਆਪ-ਹੁਦਰੀ ਏਕਾਧਿਕਾਰ ਵਾਲੀ ਸੋਚ ਅਧੀਨ ਮੁਹੰਮਦ ਤੁਗਲਕੀ ਫ਼ੈਸਲੇ ਲੈਣ ਲਈ ਵੀ ਬਦਨਾਮ ਹੈ। ਉਸ ਨੇ ਆਪਣੇ ਭਰੋਸੇਯੋਗ ਗੁਆਂਢੀ ਦੇਸ਼ਾਂ ਕੈਨੇਡਾ ਅਤੇ ਮੈਕਸੀਕੋ ਨਾਲ ਤ੍ਰੈ-ਪੱਖੀ ਵਪਾਰਕ ਸੰਧੀ ਤੋੜ ਕੇ ਉਨ੍ਹਾਂ ਨਾਲ ਮੁੜ ਤੋਂ ਦੁਵੱਲੀ ਵਪਾਰਕ ਸੰਧੀ ਕੀਤੀ ਜਿਸ ਦੀ ਵੱਡੀ ਮਾਰ ਇਨ੍ਹਾਂ ਗੁਆਢੀ ਦੇਸ਼ਾਂ ਨੂੰ ਝੱਲਣੀ ਪਈ।

ਮੈਕਸੀਕੋ ਸਰਹੱਦ ਤੋਂ ਵੱਡੇ ਪੱਧਰ ’ਤੇ ਘੁਸਪੈਠ ਰੋਕਣ ਲਈ ਕੰਧ ਕੱਢਣ ਦਾ ਫ਼ੈਸਲਾ ਲਿਆ ਅਤੇ ਉਸ ਦਾ ਖ਼ਰਚਾ ਜਬਰੀ ਮੈਕਸੀਕੋ ਸਰਕਾਰ ’ਤੇ ਪਾਇਆ। ਪਰ ਉਹ ਪੂਰੀ ਨਹੀਂ ਹੋ ਸਕੀ ਅਤੇ ਜੋਅ ਬਾਇਡਨ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਉਹ ਪ੍ਰਾਜੈਕਟ ਠੱਪ ਕਰ ਦਿੱਤਾ ਗਿਆ। ਉਸ ਨੇ ਪੈਰਿਸ ਵਾਤਾਵਰਨ ਸੰਧੀ ’ਚੋਂ ਪੈਰ ਪਿਛਾਂਹ ਖਿੱਚ ਲਏ ਅਤੇ ਈਰਾਨ ਨਾਲ ਕੀਤਾ ਪਰਮਾਣੂ ਸਮਝੌਤਾ ਤੋੜ ਲਿਆ। ਟਰੰਪ ਅਕਸਰ ਜੀ-7 ਅਤੇ ਜੀ-20 ਕਾਨਫਰੰਸਾਂ ਵਿਚ ਵਿਸ਼ਵ ਆਗੂਆਂ ਨਾਲ ਝੇਡਾਂ ਕਰਦਾ ਵੇਖਿਆ ਜਾਂਦਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਥਾਣੇਦਾਰੀ ਵਰਤਾਅ ਕਰਦਾ। ਕਾਨਫਰੰਸਾਂ ਵਿੱਚੇ ਛੱਡ ਕੇ ਦੌੜ ਜਾਂਦਾ। ਉਸ ਦਾ ਪਤਾ ਨਹੀਂ ਕਿ ਕਦੋਂ ਕੀ ਬੋਲ ਦੇਵੇ। ਰਾਸ਼ਟਰਪਤੀ ਬਣਨ ਤੋਂ ਬਾਅਦ ਉਸ ਨੇ ਆਪਣੀ ਟੈਕਸ ਰਿਟਰਨ ਭਰਨੀ ਬੰਦ ਕਰ ਦਿੱਤੀ ਸੀ। ਹੁਣ ਇਹ ਮਾਮਲਾ ਵੀ ਅਦਾਲਤ ਵਿਚ ਹੈ। ਦਰਅਸਲ, ਉਹ ਆਪਣੇ-ਆਪ ਨੂੰ ਕਾਨੂੰਨ ਤੋਂ ਉੱਪਰ ਸਮਝਦਾ ਸੀ। ਉਸ ਨੇ ਆਪਣੇ ਕਾਰਜਕਾਲ ਵੇਲੇ ਗ਼ਰੀਬ ਅਤੇ ਆਮ ਲੋਕਾਂ ਦਾ ਭਵਿੱਖ ਸੁਧਾਰਨ ਲਈ ਕੁਝ ਨਹੀਂ ਕੀਤਾ। ਅਮੀਰ ਲੋਕਾਂ ’ਤੇ ਟੈਕਸ ਲਾਉਣ ਦੀ ਥਾਂ ਦੇਸ਼ ਸਿਰ ਕਰਜ਼ੇ ਦੀ ਪੰਡ ਭਾਰੀ ਕੀਤੀ।

ਦਰਅਸਲ, ਡੋਨਾਲਡ ਟਰੰਪ ਕਿਸੇ ਵੀ ਜਨਤਕ ਅਹੁਦੇ ਲਈ ਅਯੋਗ ਹੈ। ਉਸ ਨੂੰ ਸੰਨ 2019 ਵਿਚ ਸੱਤਾ ਦੇ ਦੁਰਉਪਯੋਗ ਲਈ ਸੈਨੇਟ ਵੱਲੋਂ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਸੀ। ਇਵੇਂ ਹੀ 6 ਜਨਵਰੀ 2021 ਨੂੰ ਦੇਸ਼ ਅੰਦਰ ਬਗ਼ਾਵਤ ਭੜਕਾਉਣ ਲਈ ਜੇਲ੍ਹ ਸੁੱਟਿਆ ਜਾਣਾ ਚਾਹੀਦਾ ਸੀ। ਦੇਸ਼ ਦੇ 15-20 ਜਗੀਰਦਾਰੂ, ਨਸਲਪ੍ਰਸਤ, ਗ਼ੈਰ-ਗੋਰਾ ਨਫ਼ਰਤ ਨਾਲ ਲਬਰੇਜ਼ ਰਾਜਾਂ ਨੂੰ ਉਸ ਦੀ ਅੰਨੇ੍ਹਵਾਹ ਹਮਾਇਤ ਬੰਦ ਕਰਨੀ ਚਾਹੀਦੀ ਹੈ। ਅਜੇ ਪਹਿਲੀਆਂ ਪ੍ਰਾਇਮਰੀ ਚੋਣਾਂ ਵਿਚ ਸਾਲ ਪਿਆ ਹੈ, ਰਿਪਲਿਕਨ ਪਾਰਟੀ ਨੂੰ ਅੱਗੇ ਹੋ ਕੇ ਉਸ ਦੀ ਪੇਸ਼ਬੰਦੀ ਰੋਕਣੀ ਚਾਹੀਦੀ ਹੈ।

ਅਮਰੀਕੀ ਨਾਗਰਿਕਾਂ ਨੂੰ ਲੋਕਸ਼ਾਹੀ ਦੀ ਰਾਖੀ ਖ਼ਾਤਰ ‘ਕਾਨੂੰਨ ਦੇ ਰਾਜ’ ਵਿਚ ਵਿਸ਼ਵਾਸ ਕਰਨ ਵਾਲੀ ਸਿਆਸੀ ਲੀਡਰਸ਼ਿਪ ਨੂੰ ਪੂਰੀ ਸ਼ਿੱਦਤ ਨਾਲ ਅੱਗੇ ਲਿਆਉਣਾ ਪਵੇਗਾ। ਸੰਵਿਧਾਨਕ ਮਾਹਿਰ, ਬੁੱਧੀਜੀਵੀ ਤੇ ਅਮਰੀਕੀ ਲੋਕਤੰਤਰ ਦੇ ਪਹਿਰੇਦਾਰਾਂ ਦਾ ਸੁਝਾਅ ਹੈ ਕਿ ਅਮਰੀਕੀ ਕਾਂਗਰਸ ਨੂੰ ‘ਚੋਣ ਗਿਣਤੀ ਕਾਨੂੰਨ’ ਵਿਚ ਅਜਿਹੀ ਸੋਧ ਦੀ ਲੋੜ ਹੈ ਕਿ ਭਵਿੱਖ ਵਿਚ ਕੋਈ ਰਾਸ਼ਟਰਪਤੀ ਚੋਣਾਂ ਦਾ ਉਮੀਦਵਾਰ ਰਾਜਾਂ ਵੱਲੋਂ ਐਲਾਨੇ ਚੋਣ ਨਤੀਜਿਆਂ ਨੂੰ ਚੁਣੌਤੀ ਦੇਣ ਦਾ ਅਧਿਕਾਰ ਨਾ ਰੱਖੇ। ਰਿਪਬਲਿਕਨ ਪਾਰਟੀ ਨੂੰ ਟਰੰਪ ਵਰਗੇ ਅਯੋਗ, ਨਫ਼ਰਤੀ, ਹਿੰਸਕ, ਨਸਲਵਾਦੀ ਵਿਅਕਤੀ ਨੂੰ ਮੁੜ ਤੋਂ ਅੱਗੇ ਨਾ ਲਿਆ ਕੇ ਪਿਛਲੀ ਗ਼ਲਤੀ ਸੁਧਾਰਨੀ ਹੋਵੇਗੀ। ਡੈਮੋਕ੍ਰੇਟਾਂ ਨੂੰ ਵੀ ਕਿਸੇ ਨੌਜਵਾਨ, ਸੂਝਵਾਨ, ਲੋਕ ਸ਼ਾਹੀ ਪ੍ਰਤੀ ਵਚਨਬੱਧ ਉਮੀਦਵਾਰ ਨੂੰ ਬੁੱਢੀ ਲੀਡਰਸ਼ਿਪ ਨਾਲੋਂ ਤਰਜੀਹ ਦੇਣੀ ਪਵੇਗੀ। ਅਮਰੀਕਾ, ਅਮਰੀਕੀ ਲੋਕਾਂ, ਲੋਕਤੰਤਰ ਅਤੇ ਲੋਕਤੰਤਰੀ ਸੰਸਥਾਵਾਂ ਦੀ ਬਿਹਤਰੀ ਤੇ ਸੁਰੱਖਿਆ ਇਵੇਂ ਹੀ ਸੰਭਵ ਹੋ ਸਕੇਗੀ।

 

ਦਰਬਾਰਾ ਸਿੰਘ ਕਾਹਲੋਂ