ਕੀ 'ਆਪ' ਕਾਂਗਰਸ ਨੂੰ ਪਿੱਛੇ ਛੱਡ ਜਾਏਗੀ ?

ਕੀ 'ਆਪ'  ਕਾਂਗਰਸ ਨੂੰ ਪਿੱਛੇ ਛੱਡ ਜਾਏਗੀ ?

 ਕਿ "ਆਪ" ਇੱਕ ਵਿਅਕਤੀ ਦੀ ਰਹਿਨੁਮਈ ਹੇਠ ਚੱਲ ਰਹੀ ਹੈ।

ਕੁੱਝ ਗੱਲਾਂ ਆਮ ਆਦਮੀ ਪਾਰਟੀ ਸੰਬੰਧੀ ਸਪੱਸ਼ਟ ਹਨ, ਪਹਿਲੀ ਇਹ ਹੈ ਕਿ "ਆਪ" ਇੱਕ ਵਿਅਕਤੀ ਦੀ ਰਹਿਨੁਮਈ ਹੇਠ ਚੱਲ ਰਹੀ ਹੈ। ਦੂਸਰਾ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਹੈ ਜਾਂ ਉਸਨੇ ਕੋਈ ਸਿਧਾਂਤਕ ਵਿਚਾਰ ਪੇਸ਼ ਹੀ ਨਹੀਂ ਕੀਤਾ। ਸਿਆਸੀ ਵਿਸ਼ਲੇਸ਼ਕ ਸ਼ਰੂਤੀ ਕਪਿਲਾ ਨੇ ਇੱਕ ਥਾਂ ਲਿਖਿਆ ਹੈ ਕਿ ਉਹ 'ਆਪ' ਨੂੰ ਭਾਜਪਾ ਦਾ ਸੁਸਤ, ਦੋਸ਼-ਭਾਵਨਾ ਵਿਰੋਧੀ ਐਡੀਸ਼ਨ ਮੰਨਦੀ ਹੈ।

ਇੱਥੇ ਸਵਾਲ ਉੱਠਦਾ ਹੈ ਕਿ ਕੀ ਸਿਆਸਤ ਵਿਚਾਰਧਾਰਾ ਤੋਂ ਬਿਨਾਂ ਚੱਲ ਸਕਦੀ ਹੈ? ਕੀ ਵਿਚਾਰਧਾਰਾ ਮੁਕਤ ਸਿਆਸਤ ਨੂੰ ਮਜ਼ਬੂਤੀ ਮੰਨਿਆ ਜਾਵੇ ਜਾਂ ਕਮਜ਼ੋਰੀ?

ਆਮ ਆਦਮੀ ਪਾਰਟੀ ਨੇਤਾ-ਵਿਰੋਧ ਦੇ ਨਾਹਰੇ ਨਾਲ ਭਾਰਤੀ ਮੰਚ ਉੱਤੇ ਆਈ। ਉਹ ਸਿਆਸਤ ਨੂੰ ਬੁਰੀ ਚੀਜ਼ ਮੰਨਦੀ ਸੀ। ਅੱਗੇ ਜਾ ਕੇ ਉਹ ਸਿਆਸੀ ਪਾਰਟੀ ਬਣੀ। ਅੱਜ ਉਹ ਕਲਿਆਣਕਾਰੀ ਰੂਪ ਵਿੱਚ ਸਾਡੇ ਸਾਹਮਣੇ ਹੈ। ਪਰ ਕੀ ਉਹ ਭਾਰਤੀ ਸਿਆਸਤ ਉੱਤੇ ਕਾਬਜ਼ ਮੋਦੀ ਦੀ ਭਾਜਪਾ ਦੇ ਰਾਸ਼ਟਰਵਾਦ ਦਾ ਮੁਕਬਾਲਾ ਕਰ ਸਕਦੀ ਹੈ? ਸ਼ਾਇਦ ਨਹੀਂ। ਭਾਵੇਂ ਕਿ 'ਆਪ' ਨੂੰ ਭਾਜਪਾ ਆਰ.ਐਸ.ਐਸ. 'ਬੀ' ਦੀ ਟੀਮ ਕੁੱਝ ਲੋਕ ਕਹਿੰਦੇ ਹਨ। ਪਰ ਉਹ ਹਿੰਦੂਆਂ ਦੀ ਨਰਾਜ਼ਗੀ ਦਾ ਡਰ ਮਨ ‘ਚ ਰੱਖਦਿਆਂ ਮੁਸਲਮਾਨਾਂ ਦੇ ਹੱਕ 'ਚ ਨਾ ਬੋਲਣ ਦੀ ਸਾਵਧਾਨੀ ਵਰਤਦੀ ਹੈ। ਲੇਕਿਨ ਉਸ ਨੂੰ ਪਤਾ ਹੈ ਕਿ ਦੇਰ-ਸਵੇਰ ਮੁਸਲਮਾਨਾਂ ਦੀ ਵੋਟ ਉਸਨੂੰ ਹੀ ਮਿਲਣਗੇ।

    ਰਾਸ਼ਟਰੀ ਸਿਆਸਤ ਉੱਤੇ ਜੇਕਰ ਨਜ਼ਰ ਮਾਰੀ ਜਾਵੇਂ ਤਾਂ ਦੂਰਦਰਾਜ ਤੱਕ ਦੋ ਐਕਸ਼ਨ ਦਿਖਾਈ ਦੇ ਰਹੇ ਹਨ।ਪਹਿਲਾ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਜੋ ਦੱਖਣ ‘ਚ ਗੁਜ਼ਰ ਰਹੀ ਹੈ ਅਤੇ ਦੂਜਾ ਆਮ ਆਦਮੀ ਪਾਰਟੀ ਦਾ ਗੁਜਰਾਤ ਜਿੱਤਣ ਲਈ ਭਾਜਪਾ ਅਤੇ ਕਾਂਗਰਸ ਉੱਤੇ ਵੱਡਾ ਹਮਲਾ ਅਤੇ ਪ੍ਰਚਾਰ।

ਦੋ ਸਾਲ ਪਹਿਲਾਂ 'ਆਪ' ਦਾ “ਸਟਾਰਟ ਅੱਪ” ਪ੍ਰੋਗਰਾਮ ਚਾਲੂ ਹੋਇਆ ਸੀ, ਉਹ ਲਗਾਤਾਰ ਜਾਰੀ ਹੈ।ਦਿੱਲੀ ਤੋਂ ਬਾਅਦ ਪੰਜਾਬ ਵਿੱਚ ਉਸਨੇ ਜਿੱਤ ਪ੍ਰਾਪਤ ਕਰ ਲਈ ਹੈ। ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ 'ਚ  ਆਪਣੀ ਹੋਂਦ ਹੀ ਨਹੀਂ ਵਿਖਾ ਰਹੀ ਸਗੋਂ ਭਾਜਪਾ ਅਤੇ ਕਾਂਗਰਸ ਉਤੇ ਹਮਲਾਵਰ ਸਥਿਤੀ ਵਿੱਚ ਹੈ। ਇਹ ਬਿਲਕੁਲ ਸੱਚਾਈ ਹੈ ਕਿ ਸਿਆਸਤ ਵਿੱਚ ਸਿਫ਼ਰ ਸਥਿਤੀ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਅਤੇ ਨਾ ਹੀ ਇਹ ਸਥਿਤੀ ਸਵੀਕਾਰੀ ਜਾਂਦੀ ਹੈ। ਨਰੇਂਦਰ ਮੋਦੀ ਦੀ ਸਖ਼ਸ਼ੀਅਤ ਇਸ ਸਿਫ਼ਰ ਵਾਲੀ ਸਥਿਤੀ ਨੂੰ ਕੇਵਲ ਭਰ ਹੀ ਨਹੀਂ ਰਹੀ ਬਲਕਿ ਉਸਦੇ ਬਾਹਰ ਵੀ ਫੈਲ ਰਹੀ ਹੈ।  ਇਹ ਸਿਫ਼ਰ ਦੀ ਸਥਿਤੀ ਵਿਰੋਧੀ ਧਿਰ ਦੀ ਹੈ, ਜੋ ਇਸ ਵਿੱਚ ਨਿਕਲਣ ਲਈ ਯਤਨਸ਼ੀਲ ਹੈ। ਆਮ ਆਦਮੀ ਪਾਰਟੀ ਵੀ ਇਸ ਸਥਿਤੀ 'ਚੋਂ ਨਿਕਲਣ ਲਈ ਯਤਨਸ਼ੀਲ ਹੈ।

ਇਹ ਸਹੀ ਹੈ ਕਿ ਭਾਜਪਾ ਪੂਰਾ ਜ਼ੋਰ ਲਾਕੇ ਵੀ ਦਿੱਲੀ 'ਚ ਕੇਜਰੀਵਾਲ ਨੂੰ ਅਤੇ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨੂੰ ਨਹੀਂ ਹਰਾ ਸਕੀ, ਪਰ ਪਿਛਲੇ ਅੱਠ ਸਾਲਾਂ 'ਚ ਭਾਜਪਾ ਨੂੰ ਕੋਈ ਵੱਡੀ ਰਾਸ਼ਟਰੀ ਚਣੌਤੀ ਨਹੀਂ ਮਿਲੀ।  ਪਰ ਹਾਂ ਇਹਨਾ ਸਿਆਸੀ ਪਾਰਟੀਆਂ ਨੇ ਭਾਜਪਾ ਦੇ ਜੇਤੂ ਰੱਥ ਨੂੰ ਲਗਾਮ ਲਗਾ ਦਿੱਤੀ ਹੈ। ਕਈ ਖੇਤਰਾਂ 'ਚ ਮਜ਼ਬੂਤ ਦਾਅਵੇਦਾਰਾਂ ਨੇ ਵਿਰੋਧੀ ਧਿਰ ਵਜੋਂ  ਕਬਜ਼ਾ ਕੀਤਾ ਹੋਇਆ ਹੈ ਜਾਂ ਕਰ ਰਹੇ ਹਨ। ਮੋਦੀ, ਅਮਿਤ ਸ਼ਾਹ ਅਤੇ  ਜੇ.ਪੀ. ਨੱਢਾ ਦੀ ਰਹਿਨੁਮਾਈ 'ਚ ਭਾਜਪਾ ਚਾਹੇ ਜਿੰਨੀ ਵੀ ਮਰਜ਼ੀ ਸਮਰੱਥਵਾਨ, ਜੇਤੂ ਕਿਉਂ ਨਾ ਹੋਵੇ, ਪਰ ਉਹ ਚੀਨ ਦੀ ਕਮਿਊਨਿਸਟ ਪਾਰਟੀ ਵਾਂਗਰ ਨਹੀਂ ਹੈ ਅਤੇ ਇਹ ਵੀ ਸੱਚ ਹੈ ਕਿ ਭਾਰਤ ਚੀਨ ਦੀ ਤਰ੍ਹਾਂ ਇਕੋ ਪਾਰਟੀ ਵਾਲਾ ਦੇਸ਼ ਨਹੀਂ ਬਣ ਸਕਦਾ। ਭਾਰਤ ਰੂਸ ਦੇ ਰਾਸ਼ਟਰਪਤੀ ਪੁਤਿਨ ਵਰਗਾ ਵੀ ਨਹੀਂ ਹੋ ਸਕਦਾ।

ਭਾਰਤ ਦੇ ਸਿਆਸੀ ਦ੍ਰਿਸ਼ ਉਤੇ ਨਜ਼ਰ ਮਾਰੋ, ਜਿਸਦੀਆਂ ਇੱਕ ਤੋਂ ਵੱਧ ਰਾਜਾਂ 'ਚ ਆਪਣੀ ਮੌਜੂਦਗੀ ਹੈ। ਪਰ ਕਾਂਗਰਸ ਜਿਸ ਦਿਸ਼ਾ ਵੱਲ ਚਲ ਰਹੀ ਹੈ, ਉਸਦੀ ਸਥਿਤੀ ਲਗਾਤਾਰ ਕਮਜ਼ੋਰ ਹੋ ਰਹੀ ਹੈ। ਪਿਛਲੇ ਚਾਰ ਸਾਲਾਂ 'ਚ ਇਸਦਾ ਅਧਾਰ ਸੁੰਗੜ ਰਿਹਾ ਹੈ। ਆਖ਼ਰੀ ਵੇਰ ਇਹ ਪਾਰਟੀ ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ 'ਚ ਜੇਤੂ ਰਹੀ, ਇਹ 2018 ਦਾ ਸਾਲ ਸੀ। ਲੇਕਿਨ  ਜਲਦੀ ਹੀ ਇਹ ਤਿਲਕਣ ਲੱਗ ਪਈ। ਆਪਣੀ ਪਦ ਯਾਤਰਾ ਅਤੇ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਕੀ ਹੁੰਦਾ ਹੈ, ਇਹ ਤਾਂ ਬਾਅਦ 'ਚ ਵੇਖਣ ਵਾਲੀ ਗੱਲ ਹੋਏਗੀ, ਪਰ ਰਾਜਸਥਾਨ 'ਚ ਕਾਂਗਰਸ ਦੇ ਵੱਡੇ ਨੇਤਾ ਅਸ਼ੋਕ ਗਹਿਲੋਤ ਵਲੋਂ ਹਾਈ ਕਮਾਂਡ ਨੂੰ ਅੱਖਾਂ ਦਿਖਾਉਣ ਨਾਲ ਇਸ ਵੇਲੇ ਸਥਿਤੀ ਹੋਰ ਵੀ ਨਿੱਘਰ ਗਈ ਹੈ। ਹਾਲਾਂਕਿ ਅਸ਼ੋਕ ਗਹਿਲੋਤ ਨੂੰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਬਣਾਕੇ ਜਾਣ ਦੀ ਸੰਭਾਵਨਾ ਸੀ।

ਇਸ ਵੇਲੇ ਤਾਂ ਕਾਂਗਰਸ ਵਿਰੋਧੀ ਧਿਰ ਵਜੋਂ ਆਪਣੀ ਭੂਮਿਕਾ ਗਵਾ ਰਹੀ ਹੈ ਅਤੇ ਸਿਫ਼ਰ ਸਥਿਤੀ 'ਚ ਜਾ ਰਹੀ ਹੈ। ਇਸੇ ਖਾਲੀ ਜਗਾਹ ਨੂੰ ਭਰਨ ਲਈ ਆਪ ਅੱਗੇ ਵਧ ਰਹੀ ਹੈ। ਇਸ ਪਾਰਟੀ ਨੇ ਮਹੱਤਵਪੂਰਨ ਸੂਬਿਆਂ 'ਚ ਆਪਣੀ ਹਕੂਮਤ ਬਣਾ ਲਈ ਹੈ ਅਤੇ ਨਿੱਤ ਦਿਨ ਹੋਰ ਰਾਜਾਂ 'ਚ ਅੱਗੇ ਵੱਧ ਰਹੀ ਹੈ। ਕਾਂਗਰਸ ਦਾ ਨਿੱਤ ਗਿਰਦਾ ਗ੍ਰਾਫ਼, ਆਮ ਆਦਮੀ ਪਾਰਟੀ ਨੂੰ ਜਗਾਹ ਦੇ ਰਿਹਾ ਹੈ। ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਫਿਰ ਕਰਨਾਟਕ 'ਚ ਆਮ ਆਦਮੀ ਪਾਰਟੀ ਲਈ ਅੱਗੇ ਵੱਧਣ ਦਾ ਮੌਕਾ ਹੈ।  ਕਾਂਗਰਸ ਦੀ ਸਮੱਸਿਆ ਇਹ ਹੈ ਕਿ ਇਹ ਇਕੋ ਵੇਲੇ ਕਈ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਆਉਂਦੀਆਂ ਚੋਣਾਂ ਲਈ ਇਹ ਕੋਈ ਖ਼ਾਸ ਤਿਆਰੀ ਨਹੀਂ ਕਰ ਰਹੀ। ਇਸੇ ਕਰਕੇ 'ਆਪ' ਨੇ ਕਾਂਗਰਸ ਨੂੰ ਨੁਕਰੇ  ਲਾਉਣ ਲਈ ਗੁਜਰਾਤ ਵਿੱਚ ਹੀ ਨਹੀਂ, ਦੇਸ਼ ਭਰ 'ਚ ਕਾਂਗਰਸ ਦੇ ਵੋਟ ਬੈਂਕ ਨੂੰ ਨਿਸ਼ਾਨਾ ਬਣਾਇਆ ਅਤੇ ਇਸ ਨਿਸ਼ਾਨੇ ਦੀ ਪੂਰਤੀ ਲਈ ਅੱਗੇ ਵਧ ਰਹੀ ਹੈ।

ਕਾਂਗਰਸ ਦੇ ਵੋਟਰ ਪਿਛਲੇ ਇੱਕ ਦਹਾਕੇ ਤੋਂ ਬਦਲ ਲੱਭ ਰਹੇ ਹਨ। ਆਂਧਰਾ ਪ੍ਰਦੇਸ਼ 'ਚ ਤਿਲੰਗਾਨਾ ਅਤੇ ਮਹਾਰਾਸ਼ਟਰ ਵਿੱਚ ਵੀ ਇਹ ਕਹਾਣੀ  ਦੁਹਰਾਈ ਜਾ ਰਹੀ ਹੈ। ਬੰਗਾਲ 'ਚ ਮਮਤਾ ਬੈਨਰਜੀ ਨੇ  ਕਾਂਗਰਸ ਦੀ ਥਾਂ ਲੈ ਲਈ ਅਤੇ ਕਾਂਗਰਸ ਨੂੰ ਲਗਭਗ ਖ਼ਤਮ ਹੀ ਕਰ ਦਿੱਤਾ ਹੈ। ਦਿੱਲੀ ਅਤੇ ਪੰਜਾਬ 'ਚ ਕਾਂਗਰਸ ਦਾ ਸਫਾਇਆ 'ਆਪ' ਨੇ ਕਰ ਦਿੱਤਾ ਹੈ। ਸੋ ਦੇਸ਼ ਭਰ 'ਚ ਕਾਂਗਰਸ ਦੇ ਠੋਸ ਵੋਟਰਾਂ ਲਈ ਮੈਦਾਨ ਖੁਲ੍ਹਾ ਪਿਆ ਹੈ। 'ਆਪ' ਹੀ ਇੱਕ ਇਹੋ ਜਿਹੀ ਪਾਰਟੀ ਹੈ, ਜੋ ਇਹਨਾ ਵੋਟਰਾਂ ਦੇ ਪਿੱਛੇ ਪਈ ਹੋਈ ਹੈ।

ਉਹ ਭਾਜਪਾ ਨਾਲ ਸਿੱਧੀ ਟੱਕਰ ਨਹੀਂ ਲੈਣਾ ਚਾਹੁੰਦੀ। ਉਹ ਭਾਜਪਾ 'ਤੇ ਸਵਾਲ ਉਠਾਵੇਗੀ, ਉਸਦੀ ਅਲੋਚਨਾ ਕਰੇਗੀ, ਪਰ ਭਾਜਪਾ ਦੀਆਂ ਵੋਟਾਂ ਨੂੰ ਨਿਸ਼ਾਨਾ ਬਨਾਉਣ ਲਈ ਉਹ ਸਮਾਂ ਬਰਬਾਦ ਨਹੀਂ ਕਰੇਗੀ। ਜੇਕਰ 'ਆਪ' ਇਹਨਾ ਰਾਜਾਂ 'ਚ ਕਾਂਗਰਸ ਦੀਆਂ ਵੋਟਾਂ 'ਤੇ ਕਬਜ਼ਾ ਕਰ ਲਵੇ ਤਾਂ ਉਹ 2024 ਅਤੇ ਉਸ ਤੋਂ ਅੱਗੇ  ਚੋਣਾਂ 'ਚ ਆਪਣੀ ਨੀਂਹ ਤਿਆਰ ਕਰ ਲਵੇਗੀ।

ਇਸ ਪਾਸੇ ਵੱਲ ਵਧਦੇ 'ਆਪ' ਦੇ ਕਦਮ ਉਸਨੂੰ ਉੱਚੇ ਮੰਚ ਅਤੇ ਵੱਡੀ ਜਮਾਤ 'ਚ ਸ਼ਾਮਲ ਕਰ ਦੇਣਗੇ। ਗੁਜਰਾਤ ਨੂੰ ਜਿੱਤਣ ਦੀ ਉਸਨੂੰ ਜ਼ਰੂਰਤ ਨਹੀਂ ਹੈ, ਉਥੇ ਜੇਕਰ ਉਹ 10-15 ਸੀਟਾਂ ਜਿੱਤ ਲੈਂਦੀ ਹੈ ਤਾਂ ਉਹ ਇੱਕ ਉਭਰਦੀ ਹੋਈ ਸਿਆਸੀ ਦਲ ਦਾ ਦਾਅਵਾ ਮਜ਼ਬੂਤ ਕਰ ਲਵੇਗੀ।

 ਭਾਜਪਾ, 1980 'ਚ ਜਨਸੰਘ ਦੀ ਛਾਇਆ ਤੋਂ ਬਾਹਰ ਨਿਕਲੀ ਸੀ, ਇਸ ਲਈ ਉਸਨੂੰ ਸਟਾਰਟ ਅੱਪ ਨਹੀਂ ਕਿਹਾ ਜਾ ਸਕਦਾ, ਇਸੇ ਤਰ੍ਹਾਂ ਕਾਂਗਰਸ (ਆਈ )   ਮੂਲ ਕਾਂਗਰਸ ਵਿਚੋਂ ਨਿਕਲੀ ਸੀ, ਜਨਤਾ ਦਲ ਸੰਯੁਕਤ, ਵਿਧਾਇਕ ਦਲ ਅਤੇ ਲੋਹੀਆਬਾਦੀ ਸਮਾਜਵਾਦੀਆਂ ਦੇ ਟੁੱਕੜੇ 1977-80 ਦੇ ਦੌਰ ਵਿੱਚ ਜਨਤਾ ਪਾਰਟੀ ਵਿਚੋਂ ਨਿਕਲੇ। ਬਾਕੀ ਦੂਜੇ ਦਲ ਆਪਣੇ -ਆਪਣੇ ਸੂਬਿਆਂ 'ਚ ਜੰਮੇ ਰਹੇ। ਗੁਜਰਾਤ ਵਿੱਚ ਦਰਜਨ ਭਰ ਸੀਟਾਂ ਅਤੇ ਹਿਮਾਚਲ 'ਚ ਗਿਣਤੀ ਲਾਇਕ ਸੀਟਾਂ ਆਪ ਲਈ  ਸੋਨੇ ਤੇ ਸੁਹਾਗੇ ਜਿਹੀਆਂ ਹੋਣਗੀਆਂ ਅਤੇ ਨਵੀਂ ਅਖਿਲ ਭਾਰਤੀ ਪਾਰਟੀ  ਬਨਣ ਦਾ ਉਸਦਾ ਸੁਪਨਾ ਪੂਰਾ ਕਰਨਗੀਆਂ।

ਮੋਦੀ ਭਾਜਪਾ ਦੇ ਆਲੋਚਕ, 'ਆਪ' ਦੀ ਖੁਲ੍ਹਕੇ ਤਾਰੀਫ਼ ਨਹੀਂ ਕਰ ਰਹੇ, ਉਸਦਾ ਕਾਰਨ ਹੈ ਕਿ ਉਹ ਇਹ ਸਮਝਦੇ ਹਨ ਕਿ 'ਆਪ' ਦੀ ਵਿਚਾਰਧਾਰਾ ਵਿੱਚ ਸਪਸ਼ਟਤਾ ਨਹੀਂ ਹੈ, ਖ਼ਾਸ ਤੌਰ 'ਤੇ ਧਰਮ ਨਿਰਪੱਖਤਾ ਦੇ ਸਵਾਲ 'ਤੇ।

ਆਮ ਆਦਮੀ ਪਾਰਟੀ ਦਾ ਭਾਵੇਂ ਦੇਸ਼ ਦੀ ਲੋਕ ਸਭਾ 'ਚ ਕੋਈ ਮੈਂਬਰ ਨਹੀਂ ਹੈ, ਪਰ ਰਾਜ ਸਭਾ 'ਚ ਉਸਦੇ 10 ਮੈਂਬਰ ਹਨ ਅਤੇ ਤਿੰਨ ਵਿਧਾਨ ਸਭਾਵਾਂ ਦਿੱਲੀ, ਪੰਜਾਬ, ਗੋਆ ਵਿੱਚ ਉਸਦੇ 156 ਵਿਧਾਇਕ ਹਨ। ਭਾਵ 31 ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿੱਚੋਂ ਦੋ ਉਤੇ ਇਹ ਪਾਰਟੀ ਕਾਬਜ ਹੈ।

-ਗੁਰਮੀਤ ਸਿੰਘ ਪਲਾਹੀ

-9815802070