ਆਓ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਹੱਕਾਂ ਲਈ ਲੜੀਏ

ਆਓ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਹੱਕਾਂ ਲਈ ਲੜੀਏ

ਬੇਮਿਸਾਲ ਇਕੱਠ ਵਿਚ ਭਾਈ ਅੰਮ੍ਰਿਤ ਪਾਲ ਵਲੋਂ ਹਿੰਦੂ ਭਾਈਚਾਰੇ ਨੂੰ ਅਪੀਲ,     

ਸੰਗਤਾਂ ਵਲੋਂ ਬੇਮਿਸਾਲ ਹੁੰਗਾਰਾ ਅਤੇ ਅੰਮ੍ਰਿਤਪਾਲ ਸਿੰਘ ਦੀ ਬੇਮਿਸਾਲ ਤਕਰੀਰ 

                   

                      ਵਿਸ਼ੇਸ਼ ਰਿਪੋਰਟ                                                  

 29 ਸਤੰਬਰ ਨੂੰ ਸੰਤ ਜਰਨੈਲ ਸਿੰਘ ਦੇ ਜੱਦੀ ਪਿੰਡ ਰੋਡੇ ਵਿੱਚ ਹੋਇਆ ਇਹ ਇਕੱਠ ਉਹੋ ਜਿਹਾ ਇਕੱਠ ਸੀ ਜਿਸ ਵਿੱਚ ਹਰ ਬੰਦਾ ਹੁੰਗਾਰਾ ਭਰ ਰਿਹਾ ਸੀ,ਹਰ ਬੰਦਾ ਉਹੋ ਕੁਝ ਸੁਣਨਾ ਚਾਹੁੰਦਾ ਸੀ ਜਿਸ ਦੀ ਉਸ ਨੂੰ ਚਿਰਾਂ ਤੋਂ ਉਡੀਕ ਸੀ।ਇਹ ਇਕੱਠ ਇੱਕ ਉਮੀਦ ਸੀ,ਇਕ ਭਰੋਸਾ ਸੀ,ਇਕ ਇਕਰਾਰ ਸੀ। ਇਹ ਇਕੱਠ ਬੰਦੇ ਲੱਦ ਕੇ ਨਹੀਂ ਸੀ ਲਿਆਂਦਾ ਗਿਆ ਜਿਵੇਂ ਕਿ ਅੱਜ ਕਲ ਹਰ ਪਾਰਟੀ ਕਰਦੀ ਹੈ।

 ਇਹ ਆਪ ਮੁਹਾਰੇ ਆਏ ਲੋਕਾਂ ਦਾ ਇਕੱਠ ਸੀ,ਜਿੱਥੇ ਦਿਲ ਤੇ ਦਿਮਾਗ ਇੱਕ ਥਾਂ ਤੇ ਇਕਾਗਰ ਹੋ ਗਏ  ਸਨ। ਜੇ ਸੱਚ ਪੁੱਛੋ ਤਾਂ ਇਹ ਮੀਰੀ -ਪੀਰੀ ਦੇ ਮਿਲਾਪ ਦਾ ਇਕੱਠ ਸੀ ਜਾਂ ਇਉਂ ਕਹਿ ਲਵੋ ਕਿ ਇਸ ਇਕੱਠ ਉੱਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਖਾਸਮ ਖਾਸ ਬਖ਼ਸਸ਼ ਸੀ।ਕਦੇ ਕਦੇ ਹੀ ਇਹੋ ਜਿਹੇ ਇਕੱਠ ਵੇਖਣ ਵਿੱਚ ਆਉਂਦੇ ਹਨ ।ਵੈਸੇ ਆਨੰਦਪੁਰ ਸਾਹਿਬ ਵਿੱਚ ਬੀਤੇ ਦਿਨੀਂ ਅੰਮ੍ਰਿਤ ਛਕਣ ਦੇ ਅਲੌਕਿਕ ਨਜ਼ਾਰੇ ਜਿਵੇਂ ਵੇਖਣ ਵਿੱਚ ਆਏ ਉਸ ਤੋਂ ਸਿਆਣੇ ਬੰਦਿਆਂ ਨੂੰ ਪਤਾ ਲੱਗਿਆ ਸੀ ਕਿ ਰੋਡੇ ਪਿੰਡ ਵਿੱਚ ਹੋਣ ਵਾਲਾ ਇਕੱਠ ਬੇਮਿਸਾਲ ਹੋਵੇਗਾ।

ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿਚ ਹੋਏ ਇਸ ਇਕੱਠ ਨੂੰ ਜੇ ਲੋਕ ਸੁਣਨ ਲਈ ਉਤਾਵਲੇ,ਬੇਸਬਰੇ ਤੇ ਕਾਹਲੇ ਸਨ ਤਾਂ ਉਹ ਭਾਈ ਅੰਮ੍ਰਿਤਪਾਲ ਸਿੰਘ ਹੀ ਸਨ।ਇਕ ਅਜਿਹਾ ਨੌਜਵਾਨ ਜੋ ਕੁਝ ਦਿਨਾਂ ਵਿੱਚ ਹੀ ਸੰਗਤਾਂ ਦੇ ਦਿਲਾਂ ਦਾ ਮਹਿਰਮ ਬਣ ਗਿਆ ਸੀ ਅਤੇ ਜਿਸ ਵਿੱਚੋਂ ਉਹ  ਨਾਇਕ ਦੇ ਗੁਣ ਵੇਖ ਰਹੇ ਸਨ,ਉਹ ਅੱਜ ਦੇ ਸਮਾਗਮ ਦਾ ਕੇਂਦਰ ਬਿੰਦੂ ਸੀ। ਸ਼ਾਇਦ ਉਸ ਦਾ ਉੱਚਾ ਲੰਮਾ ਕੱਦ ਅਤੇ ਦਿਲਕਸ਼ ਸ਼ਖ਼ਸੀਅਤ ਤੇ ਪਹਿਰਾਵਾ ਵੀ ਕਿਤੇ ਨਾ ਕਿਤੇ ਨੌਜਵਾਨਾਂ ਲਈ ਖਿੱਚ ਦਾ ਕੇਂਦਰ  ਬਣ ਗਿਆ ਸੀ।

ਸੋਸ਼ਲ ਮੀਡੀਏ ਤੇ ਵੀ ਨਵੇਂ ਉੱਭਰੇ ਨੌਜਵਾਨ ਵਿਦਵਾਨਾਂ ਨੇ ਪਿਛਲੇ ਦਿਨਾਂ ਵਿੱਚ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਜੋ ਪੋਸਟਾਂ ਪਾਈਆਂ,ਉਸ ਨਾਲ ਵੀ ਨੌਜਵਾਨਾਂ ਵਿੱਚ ਉਤਸ਼ਾਹ ਦਾ ਹੜ੍ਹ ਆ ਗਿਆ ਸੀ ਕਿ ਚਲੋ ,ਵੇਖਦੇ ਹਾਂ ਕਿ ਇਹ ਤੂਤ ਦੀ ਛਿਟੀ ਵਰਗਾ ਮੁੰਡਾ ਕੀ ਸੰਦੇਸ਼ ਦਿੰਦਾ ਹੈ।

ਤਿੰਨ ਵੱਡੀਆਂ ਗੱਲਾਂ ਅੱਜ ਦੇ ਇਕੱਠ ਬਾਰੇ ਯਾਦ ਰੱਖਣ ਵਾਲੀਆਂ ਹਨ। ਇਕ ,ਵੱਡੀ ਗਿਣਤੀ ਵਿੱਚ ਆਏ ਲੋਕ ਤੇ ਵਿਸ਼ੇਸ਼ ਕਰਕੇ ਨੌਜਵਾਨ, ਦੂਜਾ, ਇਕੱਠ ਵਿਚ ਹਰ ਬੰਦਾ ਰਾਜਨੀਤੀ ਤੋਂ ਪ੍ਰੇਰਿਤ ਸੀ ਅਤੇ ਤੀਜਾ ਭਾਈ ਅੰਮ੍ਰਿਤਪਾਲ ਸਿੰਘ ਦੀ ਇਤਿਹਾਸਕ ਤਕਰੀਰ।

ਤੁਸੀਂ ਪੁੱਛੋਗੇ ਭਲਾ ਕਿਸ ਤਰ੍ਹਾਂ ਦੀ ਇਹ ਤਕਰੀਰ ਸੀ? ਉਸ ਦੇ ਬੋਲਾਂ ਵਿੱਚ ਜੋਸ਼ ਤੇ ਹੋਸ਼ ਦਾ ਸੁਮੇਲ ਸੀ। ਉਸ ਦੇ ਬੋਲਾਂ ਵਿਚ ਤਰਕ ਤੇ ਜਜ਼ਬੇ ਦਾ ਖੂਬਸੂਰਤ ਮਿਲਾਪ ਸੀ।ਉਸ ਦੇ ਰਾਜਨੀਤਕ ਸੁਨੇਹਿਆਂ ਵਿੱਚ ਧਰਮ ਦੇ ਨਿਰਾਲੇ ਤੇ ਵੱਖਰੇ ਰੰਗ ਸਨ।ਇਸ ਤਕਰੀਰ ਵਿੱਚ ਵੱਖਰੀ ਤਰ੍ਹਾਂ ਦੀ ਸਾਦਗੀ ਵੀ ਸੀ ,ਚਿਤਾਵਨੀ ਵੀ ਸੀ ਪਰ ਅਪੀਲ ਵੀ ਸੀ।

ਇਹ ਸਵਾਲ ਕੀਤਾ ਜਾ ਸਕਦਾ ਹੈ ਕਿ ਕੀ ਉਸ ਦੀ ਤਕਰੀਰ ਵਿਚ ਸੰਤ ਜਰਨੈਲ ਸਿੰਘ ਵਰਗਾ ਅੰਦਾਜ਼ ਤੇ ਪੇਸ਼ਕਾਰੀ ਸੀ?ਇਸ ਸਵਾਲ ਦਾ ਜਵਾਬ ਵੀ ਇੱਕ "ਜ਼ਿੰਮੇਵਾਰ ਹਾਂ" ਵਿੱਚ ਦਿੱਤਾ ਜਾ ਸਕਦਾ ਹੈ ।ਉਹ ਸੱਚਮੁੱਚ ਸੰਤ ਜਰਨੈਲ ਸਿੰਘ ਦੀਆਂ ਗੱਲਾਂ ਨੂੰ ਜਿਵੇਂ ਦੁਬਾਰਾ ਸੁਣਾ ਰਿਹਾ ਸੀ। ਸੱਠਵਿਆਂ ਦੇ ਉਮਰ ਨੂੰ ਢੁਕੇ ਲੋਕ ਜਿਨ੍ਹਾਂ ਨੇ ਸੰਤ ਜੀ ਦੀਆਂ ਤਕਰੀਰਾਂ ਨੂੰ ਸੁਣਿਆ ਤੇ ਮਾਣਿਆ,ਉਹ ਇਸ ਹਕੀਕਤ ਦੀ ਗਵਾਹੀ ਭਰਨਗੇ।ਪਰ ਉਹ ਸੰਤ ਜਰਨੈਲ ਸਿੰਘ ਦੀ ਨਕਲ ਨਹੀਂ ਸੀ ਕਰ ਰਿਹਾ ਬਲਕਿ ਉਨ੍ਹਾਂ ਦੇ ਦਰਸਾਏ ਮਾਰਗ ਉੱਤੇ ਚੱਲਦਾ ਪ੍ਰਤੀਤ ਹੁੰਦਾ ਸੀ ਜਿਵੇਂ ਕਿ ਉਸ ਨੇ ਕਈ ਵਾਰ ਤਕਰੀਰ ਦੌਰਾਨ ਸਪਸ਼ਟ ਵੀ ਕੀਤਾ। ਇਉਂ ਲੱਗਦਾ ਸੀ ਕਿ ਉਹ ਸਵਾਲ ਅੱਜ ਵੀ ਜਿਉਂ ਦੇ ਤਿਉਂ ਖੜ੍ਹੇ ਹਨ।ਉਹ ਚੁਣੌਤੀਆਂ ਅੱਜ ਵੀ ਉਸੇ ਤਰ੍ਹਾਂ ਹਨ। 

 ਹਿੰਦੂ ਭਰਾਵਾਂ ਨੂੰ ਉਸ ਦਾ ਸੰਦੇਸ਼ ਵੀ ਯਾਦ ਰੱਖਣ ਵਾਲਾ ਹੈ ।ਉਨ੍ਹਾਂ ਕਿਹਾ ਕਿ ਕੌਣ ਰੋਕਦਾ ਹੈ ਤੁਹਾਨੂੰ ਪੰਜਾਬ ਦੇ ਹੱਕਾਂ ਲਈ ਲੜਨ ਤੋਂ? ਇਸ ਧਰਤੀ ਲਈ ਸਿੱਖਾਂ ਨੇ ਮਣਾਂ ਮੂੰਹੀਂ ਖ਼ੂਨ ਡੋਲ੍ਹਿਆ ਹੈ ।ਆਓ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਹੱਕਾਂ ਲਈ ਲੜੀਏ। ਨੌਜਵਾਨਾਂ ਵੱਲੋਂ ਬਾਹਰ ਭੱਜਣ ਦੀ ਦੌੜ ਉੱਤੇ ਉਨ੍ਹਾਂ ਵੰਗਾਰ ਪਾਈ ਤੇ ਕਈ ਸਵਾਲ ਕੀਤੇ ਕਿ ਕੀ ਤੁਸੀਂ ਪੰਜਾਬ ਭਈਆਂ ਨੂੰ ਸੌਂਪ ਦੇਣਾ ਚਾਹੁੰਦੇ ਹੋ?ਇਹ ਗੁਰੂਆਂ ਦੀ ਧਰਤੀ ਹੈ,ਇਸ ਨੂੰ ਛੱਡ ਜਾਣਾ ਚਾਹੁੰਦੇ ਹੋ ?ਉੱਥੇ ਜਾ ਕੇ ਵੀ ਕੀ ਕਰੋਗੇ ?ਕੀ ਤੁਸੀਂ ਆਪਣੀ ਪਛਾਣ ਕਾਇਮ ਰੱਖ ਸਕੋਗੇ? ਵੈਸੇ ਮੁੰਡਿਆਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਅਤੇ ਹੋਰ ਕਈ ਲੇਖਕ  ਜਜ਼ਬਿਆਂ ਨਾਲ ਲੱਦੀ ਦੁਹਾਈ ਦਿੰਦੇ ਰਹੇ ਹਨ। ਪਰ ਉਹ ਲਿਖਤਾਂ ਨੌਜਵਾਨਾਂ ਨੂੰ ਟੁੰਬਦੀਆਂ ਨਹੀਂ ਸਨ। ਪਰ ਅੰਮ੍ਰਿਤਪਾਲ ਦੀ ਅੱਜ ਦੀ ਤਕਰੀਰ ਵਿਚ ਜਿਵੇਂ ਰੂਹਾਨੀ ਵੰਗਾਰਾਂ ਹਨ।ਉਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਸਹਿਜੇ ਸਹਿਜੇ ਬਾਹਰ ਜਾਣ ਦੀ ਜਿਦ ਤੇ ਦੌੜ ਮੱਠੀ ਹੋ ਜਾਵੇਗੀ। ਅੱਜ ਦੇ ਇਕੱਠ ਤੋਂ ਕਈ ਚੈਨਲ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਸਨ ਜਿਨ੍ਹਾਂ ਤੋਂ ਉਹ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀਆਂ ਸਰਗਰਮੀਆਂ ਵਿਰੁੱਧ ਭੜਕਾ ਕੇ  ਪੰਜਾਬ ਦੇ ਹਾਲਾਤ ਨੂੰ ਖਰਾਬ ਕਰਨ ਦਾ ਰੋਲ ਨਿਭਾ ਰਹੇ ਜਾਪਦੇ ਹਨ ।ਜਾਪਦਾ ਹੈ ਮੀਡੀਆ ਅਤੇ ਅਖਬਾਰਾਂ ਨੇ ਬੀਤੇ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ ਉਹ ਇਸ ਤਰ੍ਹਾਂ ਦੇ ਬਿਰਤਾਂਤ ਸਿਰਜ ਰਹੇ ਹਨ ਜਿਹੜੇ ਘਸੇ ਪਿਟੇ ਹਨ।

ਖਾਲਸਾ ਰਾਜ ਕਾਇਮ ਕਰਨ ਦੀ ਰੀਝ ਅਤੇ ਤਮੰਨਾ ਦੇ ਵਲਵਲੇ ਵੀ  ਨਾਅਰਿਆਂ ਦੀ ਸ਼ਕਲ ਵਿੱਚ ਅਜ ਦੇ ਸਮਾਗਮ ਵਿੱਚ ਬਾਰ ਬਾਰ ਗੂੰਜਾਂ ਪਾਉਂਦੇ ਰਹੇ। ਪਰ ਅੰਮ੍ਰਿਤਪਾਲ ਸਿੰਘ ਦੀ ਤਕਰੀਰ ਦੇ ਭਿੰਨ ਭਿੰਨ ਵਿਸ਼ਲੇਸ਼ਣ ਵੀ ਬੌਧਿਕ ਹਲਕਿਆਂ ਵਿੱਚ ਵਡੀਆਂ ਬਹਿਸਾਂ ਦਾ ਕੇਂਦਰ ਬਣਨਗੇ।