ਹਰਿਆਣੇ ਵਿਚ ਮਹਾਪੰਚਾਇਤਾਂ ਭਗਵੇਂ ਦੋਸ਼ੀਆਂ ਦੇ ਹੱਕ ਵਿਚ ਕਨੂੰਨ ਲਈ ਅੜਿਕਾ ਬਣੀਆਂ

ਹਰਿਆਣੇ ਵਿਚ ਮਹਾਪੰਚਾਇਤਾਂ ਭਗਵੇਂ ਦੋਸ਼ੀਆਂ ਦੇ ਹੱਕ ਵਿਚ ਕਨੂੰਨ ਲਈ ਅੜਿਕਾ ਬਣੀਆਂ

ਮਾਮਲਾ ਜੁਨੈਦ ਤੇ ਨਾਸਿਰ ਦੇ  ਕਤਲ ਦਾ 

*ਰਾਜਸਥਾਨ ਪੁਲੀਸ ਨੂੰ ਦਿਤੀ ਚੁਣੌਤੀ ਕਿ ਜੇ ਉਨ੍ਹਾਂ ਨੇ  ‘ਦੋਸ਼ੀਆਂ ਨੂੰ ਫੜਨ’ ਦੀ ਕੋਸ਼ਿਸ਼ ਕੀਤੀ ਤਾਂ ‘ਗੰਭੀਰ ਨਤੀਜੇ’ ਭੁਗਤਣੇ ਪੈਣਗੇ 

*ਮਹਾਪੰਚਾਇਤਾਂ ਵਲੋਂ ਮੁਸਲਿਮ  ਵਿਰੁੱਧ ਹਿੰਸਾ ਕਰਨ ਦਾ ਸੱਦਾ 

ਕੁਝ ਦਿਨ ਪਹਿਲਾਂ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਗੋਪਾਲਗੜ੍ਹ ਪਿੰਡ ਦੇ ਦੋ ਵਿਅਕਤੀਆਂ ਜੁਨੈਦ ਅਤੇ ਨਾਸਿਰ ਨੂੰ ਅਗਵਾ ਕਰ ਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਗਈ ਅਤੇ ਬਾਅਦ ਵਿਚ ਹਰਿਆਣੇ ਦੇ ਭਿਵਾਨੀ ਜ਼ਿਲ੍ਹੇ ਵਿਚ ਅੱਗ ਨਾਲ ਸੜੀ ਜੀਪ ਵਿਚ ਉਨ੍ਹਾਂ ਦੇ ਝੁਲਸੇ ਸਰੀਰ ਮਿਲੇ ਸਨ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਸੀ ਕਿ ਆਪਣੇ ਆਪ ਨੂੰ ਗਊ ਰੱਖਿਅਕਾਂ ਵਜੋਂ ਪੇਸ਼ ਕਰ ਰਹੇ ਅਪਰਾਧੀਆਂ ਨੇ ਜੁਨੈਦ ਤੇ ਨਾਸਿਰ ਦੀ ਹੱਤਿਆ ਕੀਤੀ। ਇਸ ਸਬੰਧ ਵਿਚ ਬਜਰੰਗ ਦਲ ਦੇ ਆਗੂ ਮੋਨੂੰ ਮਨੇਸਰ ਦਾ ਨਾਂ ਉੱਭਰਿਆ। ਇਸ ਤੋਂ ਪਹਿਲਾਂ ਉਸ ਦਾ ਨਾਂ ਹਰਿਆਣੇ ਦੇ ਨੂਹ ਜ਼ਿਲ੍ਹੇ ਵਿਚ ਜਨਵਰੀ ਦੇ ਆਖ਼ਰੀ ਹਫ਼ਤੇ ਹੋਈ ਮਾਰਕੁੱਟ ਦੇ ਮਾਮਲੇ ਵਿਚ ਵੀ ਉੱਭਰਿਆ ਸੀ ਜਿਸ ਵਿਚ ਵਾਰਿਸ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਸੀ। ਭਿਵਾਨੀ ਵਾਲੇ ਕੇਸ ਵਿਚ ਗ੍ਰਿਫ਼ਤਾਰ ਕੀਤੇ ਇਕ ਵਿਅਕਤੀ ਨੇ ਦੋਸ਼ ਲਗਾਇਆ ਸੀ ਕਿ ਬਜਰੰਗ ਦਲ ਦੇ ਕਾਰਕੁਨਾਂ ਨੇ ਜੁਨੈਦ ਅਤੇ ਨਾਸਿਰ ਨੂੰ ਪੁਲੀਸ ਨੂੰ ਸੌਂਪ ਦਿੱਤਾ ਸੀ ਭਾਵੇਂ ਪੁਲੀਸ ਨੇ ਇਸ ਦੋਸ਼ ਨੂੰ ਗ਼ਲਤ ਤੇ ਬੇਬੁਨਿਆਦ ਦੱਸਿਆ ਹੈ।

ਹੁਣ ਹਰਿਆਣੇ ਵਿਚ ਹੋਈਆਂ ਮਹਾਪੰਚਾਇਤਾਂ ਵਿਚ ਰਾਜਸਥਾਨ ਪੁਲੀਸ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਜੇ ਉਨ੍ਹਾਂ ਨੇ ਜੁਨੈਦ ਤੇ ਨਾਸਿਰ ਦੇ ‘ਹਤਿਆਰਿਆਂ ਨੂੰ ਫੜਨ’ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ‘ਗੰਭੀਰ ਨਤੀਜੇ’ ਭੁਗਤਣੇ ਪੈਣਗੇ। ਇਨ੍ਹਾਂ ਮਹਾਪੰਚਾਇਤਾਂ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਵਿਰੁੱਧ ਹਿੰਸਾ ਕਰਨ ਦਾ ਸੱਦਾ ਵੀ ਦਿੱਤਾ ਗਿਆ। ਇਸ ਕਾਰਣ ਮੁਸਲਿਮ ਭਾਈਚਾਰੇ ਵਿਚ ਸਖਤ ਗੁਸਾ ਪਾਇਆ ਜਾ ਰਿਹਾ ਹੈ।ਨਤੀਜੇ ਵਜੋਂ ਫਿਰਕੂ ਹਿੰਸਾ ਵਾਪਰਨ ਦੀ ਸੰਭਾਵਨਾ ਬਣੀ ਹੋਈ ਹੈ।

ਯਾਦ ਰਹੇ ਕਿ ਕੇਂਦਰ ਅਤੇ ਹਰਿਆਣੇ ਵਿਚ ਸੱਤਾਧਾਰੀ ਪਾਰਟੀ ਕਈ ਸਾਲਾਂ ਤੋਂ ਭਾਈਚਾਰਕ ਦੁਫੇੜ ਨੂੰ ਵਧਾਉਣ ਦੀ ਸਿਆਸਤ ਕਰ ਕੇ ਵੋਟਾਂ ਲੈਂਦੀ ਰਹੀ ਹੈ। ਲੋਕਾਂ ਵਿਚ ਇਹ ਪ੍ਰਭਾਵ ਹੈ ਕਿ ਸੱਤਾਧਾਰੀ ਧਿਰ ਆਪਣੇ ਆਪ ਨੂੰ ਗਊ ਰੱਖਿਅਕਾਂ ਵਜੋਂ ਪੇਸ਼ ਕਰਨ ਵਾਲੇ ਕੱਟੜਪੰਥੀ ਤੱਤਾਂ ਨੂੰ ਸਿੱਧੇ-ਅਸਿੱਧੇ ਰੂਪ ਵਿਚ ਉਤਸ਼ਾਹਿਤ ਕਰਦੀ ਹੈ। ਧਰਮ ਆਧਾਰਿਤ ਇਹ ਸਿਆਸਤ ਦੇਸ਼ ਦੇ ਜਮਹੂਰੀ ਢਾਂਚੇ ਨੂੰ ਖੇਰੂੰ ਖੇਰੂੰ ਕਰ ਸਕਦੀ ਹੈ। ਮੁਸਲਿਮ ਵਿਰੋਧੀ ਮਹਾਪੰਚਾਇਤਾਂ ਵਿਚ ਮੋਨੂੰ ਮਨੇਸਰ ਜਿਹੇ ਤੱਤਾਂ ਦਾ ਗੁਣਗਾਣ ਕੀਤਾ ਜਾ ਰਿਹਾ ਹੈ। ਪਲਵਲ ਜ਼ਿਲ੍ਹੇ ਵਿਚ ਹੋਈ ਮਹਾਪੰਚਾਇਤ ਵਿਚ ਕਿਹਾ ਗਿਆ ਕਿ ਉਸ ਨੇ ਗਊਆਂ ਦੀ ਰੱਖਿਆ ਕਰਨ ਲਈ ਜਹਾਦੀਆਂ ਦੀਆਂ ਗੋਲੀਆਂ ਦਾ ਸਾਹਮਣਾ ਕੀਤਾ। ਇਸ ਤਰ੍ਹਾਂ ਫ਼ਿਰਕੂ ਤੱਤਾਂ ਨੂੰ ਨਾ ਸਿਰਫ਼ ਫਰਜ਼ੀ ਘਟਨਾਵਾਂ ਘੜ ਕੇ ਨਾਇਕ ਬਣਾਇਆ ਜਾ ਰਿਹਾ ਹੈ ਸਗੋਂ ਪੁਲੀਸ ਤੰਤਰ ਨੂੰ ਵੀ ਚੁਣੌਤੀ ਦਿੱਤੀ ਜਾ ਰਹੀ ਹੈ। 

ਜਮਹੂਰੀ ਹੱਕਾਂ ਦੇ ਖੇਤਰ ਵਿਚ ਕੰਮ ਕਰਨ ਵਾਲੇ ਕਾਰਕੁਨ ਦੋਸ਼ ਲਗਾ ਰਹੇ ਹਨ ਕਿ ਹਰਿਆਣੇ ਵਿਚ ਕੱਟੜਪੰਥੀ ਜਥੇਬੰਦੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਨੇ ਮੇਵਾਤ (ਹਰਿਆਣੇ ਤੇ ਰਾਜਸਥਾਨ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਫੈਲਿਆ ਉਹ ਇਲਾਕਾ ਜਿੱਥੇ ਮੀਓ ਮੁਸਲਮਾਨ ਭਾਈਚਾਰਾ ਰਹਿੰਦਾ ਹੈ) ਦੇ ਇਲਾਕੇ ਵਿਚ ਦਹਿਸ਼ਤ ਫੈਲਾ ਰੱਖੀ ਹੈ। 2022 ਵਿਚ ਨੂਹ ਜ਼ਿਲ੍ਹੇ ਵਿਚ ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ, ਗਊ ਰਕਸ਼ਕ ਦਲ ਅਤੇ ਹੋਰ ਜਥੇਬੰਦੀਆਂ ਨੇ ਕਈ ਇਕੱਠ ਕੀਤੇ ਜਿਨ੍ਹਾਂ ਵਿਚ ਇਹ ਮੰਗ ਕੀਤੀ ਗਈ ਕਿ ਗਊ ਰੱਖਿਆ ਨਾਲ ਸਬੰਧਿਤ ਕੇਸਾਂ ਵਿਚ ਹਿੰਸਾ ਕਰਨ ਵਾਲੇ ਹਿੰਦੂ ਭਾਈਚਾਰੇ ਦੇ ਵਿਅਕਤੀਆਂ ਵਿਰੁੱਧ ਸਾਰੇ ਕੇਸ ਰੱਦ ਕਰ ਦਿੱਤੇ ਜਾਣ।  ਕਈ ਜਥੇਬੰਦੀਆਂ ਭਿਵਾਨੀ ਕੇਸ ਵਿਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀਆਂ ਹਨ ਅਤੇ ਫ਼ਿਰਕੂ ਤਣਾਉ ਵਧਦਾ ਦੇਖ ਕੇ ਐਤਵਾਰ ਸਰਕਾਰ ਨੇ ਇੰਟਰਨੈੱਟ ਸੇਵਾਵਾਂ ’ਤੇ ਰੋਕ ਲਗਾ ਦਿੱਤੀ ਸੀ। ਚਾਹੀਦਾ ਇਹ ਹੈ ਕਿ ਹਰਿਆਣਾ ਸਰਕਾਰ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਦੀ ਅਤੇ ਰਾਜਸਥਾਨ ਪੁਲੀਸ ਨੂੰ  ਸਹਿਯੋਗ ਦਿੰਦੀ। ਪਰ ਹਰਿਆਣਾ ਸਰਕਾਰ ਨੇ ਭਗਵੇਂ ਗੁੰਡਿਆਂ ਅਗੇ ਗੋਡੇ ਟੇਕ ਦਿਤੇ ਹਨ।ਯਾਦ ਰਹੇ ਕਿ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਹੈ।

ਰਾਜਿਸਥਾਨ ਪੁਲੀਸ ਦੀ ਰਿਪੋਰਟ

ਹਰਿਆਣਾ ਵਿੱਚ ਸੜ ਕੇ ਕਤਲ ਕੀਤੇ ਜੁਨੈਦ ਅਤੇ ਨਾਸਿਰ ਦੇ ਮਾਮਲੇ ਵਿੱਚ ਰਾਜਸਥਾਨ ਪੁਲੀਸ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਹਰਿਆਣਾ ਵਿੱਚ ਸੜੀ ਹੋਈ ਬੋਲੈਰੋ ਵਿੱਚੋਂ ਮਿਲੀਆਂ ਹੱਡੀਆਂ ਮ੍ਰਿਤਕਾਂ ਦੀਆਂ ਸਨ। ਪ੍ਰਾਪਤ ਹੋਈ ਰਿਪੋਰਟ ਨੇ ਸਾਬਤ ਕਰ ਦਿੱਤਾ ਕਿ ਸਕਾਰਪੀਓ ਵਿਚ ਮਿਲੇ ਖੂਨ ਦੇ ਧੱਬੇ ਨਾਸਿਰ ਅਤੇ ਜੁਨੈਦ ਦੇ ਸਨ। ਭਰਤਪੁਰ ਰੇਂਜ ਦੇ ਆਈਜੀ ਗੌਰਵ ਸ੍ਰੀਵਾਸਤਵ ਨੇ ਕਿਹਾ ਕਿ ਜੁਨੈਦ ਅਤੇ ਨਾਸਿਰ ਨੂੰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿੱਚ ਉਨ੍ਹਾਂ ਦੀ ਆਪਣੀ ਬੋਲੈਰੋ ਜੀਪ ਵਿੱਚ ਸਾੜ ਦਿੱਤਾ ਗਿਆ ਸੀ। ਇਨ੍ਹਾਂ ਦੋਵਾਂ ਦੀਆਂ ਹੱਡੀਆਂ ਦਾ ਡੀਐਨਏ ਟੈਸਟ ਕੀਤਾ ਗਿਆ ਅਤੇ ਨਾਸਿਰ ਜੁਨੈਦ ਦੇ ਪਰਿਵਾਰਕ ਮੈਂਬਰਾਂ ਦੇ ਖੂਨ ਦੇ ਨਮੂਨੇ ਲਏ ਗਏ। ਜੁਨੈਦ ਅਤੇ ਨਾਸਿਰ ਦੇ ਰਿਸ਼ਤੇਦਾਰਾਂ ਦੇ ਖੂਨ ਦੇ ਨਮੂਨੇ 20 ਫਰਵਰੀ ਨੂੰ ਲਏ ਗਏ ਸਨ ਅਤੇ ਜਦੋਂ ਭਿਵਾਨੀ ਵਿੱਚ ਸੜੇ ਹੋਏ ਪਿੰਜਰਾਂ ਨਾਲ ਮੇਲ ਕੀਤਾ ਗਿਆ ਤਾਂ ਜੀਂਦ ਜ਼ਿਲ੍ਹੇ ਦੀ ਸੋਮਨਾਥ ਗਊਸ਼ਾਲਾ ਤੋਂ ਬਰਾਮਦ ਸਕਾਰਪੀਓ ਦੀ ਸੀਟ 'ਤੇ ਮਿਲਿਆ ਖੂਨ ਵੀ ਦੋਵਾਂ ਨਾਲ ਮੇਲ ਖਾਂਦਾ ਹੈ।

ਰਾਜਸਥਾਨ ਪੁਲਿਸ ਵਲੋਂ  ਹਰਿਆਣਾ ਵਿਚ ਛਾਪੇਮਾਰੀ

ਨੂਹ- ਜੁਨੈਦ-ਨਸੀਰ ਕਤਲ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਰਾਜਸਥਾਨ ਪੁਲਿਸ   ਲਗਾਤਾਰ ਹਰਿਆਣਾ 'ਚ ਛਾਪੇਮਾਰੀ ਕਰ ਰਹੀ ਹੈ। ਪੁਲਿਸ ਹੁਣ ਤੱਕ ਇਸ ਕਤਲ ਕਾਂਡ ਦੇ ਇੱਕ ਦੋਸ਼ੀ ਰਿੰਕੂ ਸੈਣੀ ਨੂੰ ਫੜਨ ਵਿੱਚ ਕਾਮਯਾਬ ਰਹੀ ਹੈ। ਬੀਤੇ ਦਿਨੀਂ ਰਾਜਸਥਾਨ ਪੁਲਿਸ ਨੇ ਕਤਲ ਦੇ ਦੋਸ਼ੀ ਕਾਲੂ ਨੂੰ ਫੜਨ ਲਈ ਹਰਿਆਣਾ ਦੇ ਕੈਥਲ ਜ਼ਿਲੇ ਵਿਚ ਸਥਿਤ ਬਾਬਾ ਲਡਾਣਾ ਦੇ ਉਸ ਦੇ ਪਿੰਡ ਵਿਚ ਛਾਪੇਮਾਰੀ ਕੀਤੀ ਤਾਂ ਪੁਲਿਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਪਰ ਉਸ ਨੂੰ ਖਾਲੀ ਹੱਥ ਪਰਤਣਾ ਪਿਆ।

ਇਸ ਤੋਂ ਬਾਅਦ ਕਾਲੂ ਦੇ ਪਰਿਵਾਰਕ ਮੈਂਬਰਾਂ ਨੇ  ਦੋਸ਼ ਲਗਾਇਆ ਕਿ ਜਦੋਂ ਪੁਲਿਸ ਉਨ੍ਹਾਂ ਦੇ ਘਰ ਆਈ ਤਾਂ ਘਰ ਵਿਚ ਸਿਰਫ ਕਾਲੂ ਦੀ ਭਰਜਾਈ ਮੌਜੂਦ ਸੀ, ਰਾਜਸਥਾਨ ਪੁਲਸ ਨੇ ਕਾਲੂ ਦੀ ਭਰਜਾਈ ਨਾਲ ਦੁਰਵਿਵਹਾਰ ਕੀਤਾ। ਇਸ ਤੋਂ ਨਾਰਾਜ਼ ਹੋ ਕੇ ਪਿੰਡ ਬਾਬਾ ਲਡਾਣਾ ਦੇ ਲੋਕਾਂ ਨੇ ਗਊ ਰਕਸ਼ਕ ਦਲ ਅਤੇ ਬਜਰੰਗ ਦਲ ਦੇ ਮੈਂਬਰਾਂ ਨਾਲ ਮਿਲ ਕੇ ਪੰਚਾਇਤ ਕੀਤੀ ਅਤੇ ਫੈਸਲਾ ਕੀਤਾ ਕਿ ਰਾਜਸਥਾਨ ਪੁਲਿਸ ਨੂੰ ਹੁਣ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਪਿੰਡ ਵਾਸੀਆਂ ਦੀ ਮੰਗ ਹੈ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ। ਦੋਸ਼ੀ ਕਾਲੂ ਦੇ ਪਿੰਡ ਬਾਬਾ ਲਡਾਣਾ ਦੇ ਸਰਪੰਚ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ  ਰਾਜਸਥਾਨ ਪੁਲਿਸ ਨੇ ਜੋ ਵੀ ਪੁੱਛਗਿੱਛ ਕਰਨੀ ਹੈ, ਉਹ ਪੰਚਾਇਤ ਦੇ ਸਾਹਮਣੇ ਹੀ ਕਰਨੀ ਹੋਵੇਗੀ।