ਨਕਲੀ ਵਿਦੇਸ਼ੀ ਰਿਸ਼ਤੇਦਾਰਾਂ ਦੀਆਂ ਠੱਗੀਆਂ ਦਾ ਨਿੱਤ ਹੋ ਰਹੇ ਨੇ ਲੋਕ ਸ਼ਿਕਾਰ

ਨਕਲੀ ਵਿਦੇਸ਼ੀ ਰਿਸ਼ਤੇਦਾਰਾਂ ਦੀਆਂ ਠੱਗੀਆਂ ਦਾ ਨਿੱਤ ਹੋ ਰਹੇ ਨੇ ਲੋਕ ਸ਼ਿਕਾਰ

                   *ਹੈਲੋ ... ਮੈਂ ਕਨੇਡਾ ਤੋਂ ਬੋਲਦਾਂ ... ਪਛਾਣਿਆ ਨੀਂ?                                      

ਵਿਦੇਸ਼ਾਂ ਤੋਂ ਰਿਸ਼ਤੇਦਾਰ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਰੋਹ ਦਾ ਬੋਲਬਾਲਾ ਪੂਰੇ ਜ਼ੋਰਾਂ 'ਤੇ ਹੈ। ਇਹਨਾਂ ਬਾਹਰਲੇ ਰਿਸ਼ਤੇਦਾਰਾਂ ਦੀਆਂ ਠੱਗੀਆਂ ਦਾ ਰੋਜ਼ ਲੋਕ ਸ਼ਿਕਾਰ ਹੋ ਰਹੇ ਹਨ। ਮਿਹਨਤ ਨਾਲ ਕਮਾਇਆ ਲੋਕਾਂ ਦਾ ਪੈਸਾ ਵਿਦੇਸ਼ੀ ਠੱਗ ਮਿੰਟਾਂ ਸਕਿੰਟਾਂ ਵਿਚ ਆਪਣਿਆਂ ਖਾਤਿਆਂ ਵਿਚ ਤਬਦੀਲ ਕਰ ਲੈਂਦੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਵਿਦੇਸ਼ਾਂ ਤੋਂ ਰਿਸ਼ਤੇਦਾਰ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਕਿਸੇ ਬਾਹਰਲੇ ਨੰਬਰ ਤੋਂ ਫੋਨ ਕਾਲ ਆਉਂਦੀ ਹੈ, “ਹੈਲੋ! ਮੈਂ ਕਨੇਡਾ ਤੋਂ ਬੋਲਦਾਂ ... ਪਛਾਣਿਆ ਨੀਂ? ... ਭੁੱਲ ਗਏ?” ਇੰਨੇ ਵਿੱਚ ਕਾਲ ਦਾ ਜਵਾਬ ਦੇਣ ਵਾਲਾ ਆਪਣੇ ਕਿਸੇ ਰਿਸ਼ਤੇਦਾਰ, ਮਿੱਤਰ ਜਾਂ ਜਾਨਣ ਵਾਲੇ ਦਾ ਜੋ ਕਨੇਡਾ ਰਹਿ ਰਿਹਾ ਹੁੰਦਾ ਹੈ, ਨਾਮ ਲੈ ਦਿੰਦਾ ਹੈ। ਫੋਨ ਕਰਨ ਵਾਲਾ ਉਸੇ ਨਾਮ ’ਤੇ ਹਾਮੀ ਭਰ ਦਿੰਦਾ ਹੈ। ਬੱਸ ਠੱਗੀ ਦੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਅਤੇ ਵੱਖਰੇ ਵੱਖਰੇ ਤਰੀਕੇ ਨਾਲ ਜਾਲ ਵਿੱਚ ਫਸਾਇਆ ਜਾਂਦਾ ਹੈ। ਕੁਝ ਠੱਗਾਂ ਵੱਲੋਂ ਤਾਂ ਇਹ ਕਿਹਾ ਜਾਂਦਾ ਹੈ ਕਿ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਪੈਸੇ ਭੇਜ ਦਿੰਦਾ ਹਾਂ ਪਰ ਉਹ ਹਰ ਵਾਰ ਇੱਧਰ ਉੱਧਰ ਖ਼ਰਚ ਕੇ ਖਰਾਬ ਕਰ ਦਿੰਦੇ ਹਨ। ਮੈਂ ਦਿਨ ਰਾਤ ਮਿਹਨਤ ਕਰਦਾ ਹਾਂ, ਹੁਣ ਮੈਂ ਵੀ ਆਪਣਾ ਕੁਝ ਬਣਾਉਣਾ ਹੈ। ਮੈਨੂੰ ਸਾਰਿਆਂ ਵਿੱਚੋਂ ਬਸ ਤੁਹਾਡੇ ’ਤੇ ਭਰੋਸਾ ਹੈ, ਇਸ ਲਈ ਇਸ ਵਾਰ ਪੈਸੇ ਮੈਂ ਥੋਨੂੰ ਭੇਜਣੇ ਹਨ। ਤੁਸੀਂ ਹੁਣ ਚਾਹੇ ਇਹ ਪੈਸੇ ਵਰਤ ਲਿਓ, ਮੈਂ 4-5 ਮਹੀਨੇ ਤੱਕ ਇੰਡੀਆ ਆਉਣਾ ਹੈ, ਉਦੋਂ ਲੈ ਲਵਾਂਗਾ। ਮੈਨੂੰ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਭੇਜ ਦਿਓ, ਮੈਂ ਅੱਜ ਹੀ 15 ਲੱਖ ਰੁਪਏ ਟਰਾਂਸਫਰ ਕਰ ਦਿੰਦਾ ਹਾਂ। ਕੱਲ੍ਹ ਤੋਂ ਮੈਂ ਕਿਧਰੇ ਦੂਰ ਕੰਮ ’ਤੇ ਜਾਣਾ ਹੈ। ਪਰ ਹਾਂ, ਇਹ ਗੱਲ ਆਪਣੇ ਦੋਵਾਂ ਵਿੱਚ ਹੀ ਰਹੇ, ਹੋਰ ਕਿਸੇ ਨੂੰ ਨਾ ਦਸਿਓ।

ਇੱਕ ਤਾਂ ਐਨਾ ਵੱਡਾ ਭਰੋਸਾ, ਤੇ ਦੂਜੀ ਐਨੇ ਪੈਸਿਆਂ ਦੀ ਗੱਲ ਸੁਣ ਕੇ ਸਾਹਮਣੇ ਵਾਲਾ ਕੁਝ ਸੋਚਣ ਤੋਂ ਪਹਿਲਾਂ ਹੀ ਫਟਾਫਟ ਆਪਣੀ ਬੈਂਕ ਜਾਣਕਾਰੀ ਭੇਜ ਦਿੰਦਾ ਹੈ। ਇੱਥੇ ਉਹ ਠੱਗ ਇਸ ਬੈਂਕ ਜਾਣਕਾਰੀ ਦੀ ਵਰਤੋਂ ਨਾਲ ਖਾਤਾ ਹੈਕ ਕਰਕੇ ਜਾਂ ਸਾਹਮਣੇ ਵਾਲੇ ਤੋਂ ਗੱਲਾਂ ਵਿੱਚ ਉਲਝਾ ਕੇ ਉਸਦਾ ਏ ਟੀ ਐਮ ਨੰਬਰ, ਪਿਨ, ਪਾਸਵਰਡ, ਓ ਟੀ ਪੀ ਆਦਿ ਲੈ ਕੇ ਜਾਂ ਪੈਸੇ ਵੱਧ ਭੇਜੇ ਗਏ ਜਾਣ ਕਰਕੇ ਵਾਪਸ ਟਰਾਂਸਫਰ ਦਾ ਆਖ ਕੇ ਵੱਖ ਵੱਖ ਤਰੀਕਿਆਂ ਨਾਲ ਉਸ ਵਿਅਕਤੀ ਦਾ ਖਾਤਾ ਖਾਲੀ ਕਰ ਸਕਦਾ ਹੈ।

ਦੂਸਰੇ ਕੇਸ ਵਿੱਚ ਠੱਗ ਇਹ ਗੱਲ ਆਖਦਾ ਹੈ ਕਿ ਉਹ (ਤੁਹਾਡਾ ਜਾਣਕਾਰ) ਅਚਾਨਕ ਕਿਸੇ ਮੁਸੀਬਤ ਵਿੱਚ ਫਸ ਗਿਆ ਹੈ ਜਾਂ ਉਸ ਉੱਤੇ ਪੁਲਿਸ ਕੇਸ ਹੋ ਗਿਆ ਹੈ ਅਤੇ ਉਸ ਦੇ ਸਾਰੇ ਪੇਪਰ ਜ਼ਬਤ ਹੋ ਗਏ ਹਨ। ਪਰ ਉਹ ਆਪਣੇ ਘਰ ਵਾਲਿਆਂ ਨੂੰ ਇਹ ਗੱਲ ਦੱਸ ਕੇ ਦੁਖੀ ਨਹੀਂ ਕਰਨਾ ਚਾਹੁੰਦਾ ਜਾਂ ਉਹ ਉਸ ’ਤੇ ਗੁੱਸਾ ਹੋਣਗੇ। ਉਸ ਨੂੰ ਥੋੜ੍ਹੇ ਪੈਸਿਆਂ ਦੀ ਲੋੜ ਹੈ, ਜੋਂ ਉਹ ਛੇਤੀ ਮੋੜ ਦੇਵੇਗਾ। ਉਹ ਸਾਹਮਣੇ ਤੋਂ ਕਿਸੇ ਵਕੀਲ, ਪੁਲਿਸ ਅਫਸਰ ਨਾਲ ਗੱਲ ਕਰਵਾਉਣ ਦਾ ਨਾਟਕ ਵੀ ਕਰਦਾ ਹੈ, ਜੋ ਉਸ ਨੂੰ ਬਚਾਉਣ ਲਈ 5 ਤੋਂ 7 ਲੱਖ ਰੁਪਏ ਖਾਤੇ ਵਿੱਚ ਪਾਉਣ ਦੀ ਮੰਗ ਕਰਦਾ ਹੈ। ਕੁਝ ਲੋਕ ਇਨ੍ਹਾਂ ਗੱਲਾਂ ਨੂੰ ਸੱਚ ਸਮਝ ਕੇ ਉਸ ਨੂੰ ਬਚਾਉਣ ਲਈ ਪੈਸੇ ਭੇਜ ਦਿੰਦੇ ਹਨ। ਪਰ ਕੁਝ ਦਿਨ ਬਾਅਦ ਦੁਬਾਰਾ ਫਿਰ ਹੋਰ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਕੁਝ ਲੋਕ ਉਹ ਵੀ ਭੇਜ ਦਿੰਦੇ ਹਨ ਪਰ ਕੁਝ ਇੱਕ ਦੀ ਇੰਨੇ ਪੈਸੇ ਭੇਜਣ ਦੀ ਪਹੁੰਚ ਨਹੀਂ ਹੁੰਦੀ ਤਾਂ ਗੱਲ ਉਸ ਜਾਣਕਾਰ ਦੇ ਪਰਿਵਾਰ ਨਾਲ ਸਾਂਝੀ ਕਰਨੀ ਪੈਂਦੀ ਹੈ। ਪਰ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਇਹ ਤਾਂ ਉਹ ਜਾਣਕਾਰ ਨਹੀਂ, ਬਲਕਿ ਕੋਈ ਹੋਰ ਹੀ ਪੈਸੇ ਠੱਗ ਰਿਹਾ ਹੈ। ਇਸ ਤਰ੍ਹਾਂ ਹਰ ਠੱਗ ਦਾ ਤਰੀਕਾ ਵੱਖਰਾ ਹੋ ਸਕਦਾ ਹੈ।

ਇਸ ਤਰ੍ਹਾਂ ਦੀਆਂ ਠੱਗੀਆਂ ਦੀਆਂ ਖਬਰਾਂ ਨਿੱਤ ਦਿਨ ਪੜ੍ਹਨ, ਸੁਨਣ, ਦੇਖਣ ਨੂੰ ਆਮ ਮਿਲਦੀਆਂ ਹਨ। ਪਰ ਫਿਰ ਵੀ ਇਹ ਠੱਗ ਕਿਸੇ ਨਾ ਕਿਸੇ ਅਣਜਾਣ ਵਿਅਕਤੀ ਨੂੰ ਆਪਣੇ ਜਾਲ ਵਿੱਚ ਫਸਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ ਅਤੇ ਪੈਸੇ ਠੱਗ ਲੈਂਦੇ ਹਨ।ਭੋਲੇ ਭਾਲੇ ਲੋਕ ਇਹਨਾਂ ਵਿਦੇਸ਼ੀ ਤੇ ਅਖੌਤੀ 'ਬਾਹਰਲੇ ਰਿਸ਼ਤੇਦਾਰਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿਚ ਆ ਜਾਂਦੇ ਹਨ ਅਤੇ ਫਿਰ ਆਪਣੇ ਹੱਥੀਂ ਹੀ ਆਪਣਾ ਮਿਹਨਤ ਨਾਲ ਕਮਾਇਆ ਪੈਸਾ ਇਹਨਾਂ ਠੱਗਾਂ ਦੇ ਖਾਤਿਆਂ ਵਿਚ ਪਾ ਦਿੰਦੇ ਹਨ ਤੇ ਬਾਅਦ ਵਿਚ ਜਦ ਪਤਾ ਲੱਗਦਾ ਹੈ ਕਿ ਉਹਨਾਂ ਨਾਲ ਠੱਗੀ ਹੋ ਚੁੱਕੀ ਹੁੰਦੀ ਹੈ ਤਾਂ ਉਸ ਸਮੇਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਪੁਲਿਸ ਦਾ ਸਾਈਬਰ ਕਰਾਈਮ ਸੈੱਲ ਸਮੇਂ ਸਮੇਂ ਤੇ ਲੋਕਾਂ ਨੂੰ ਅਜਿਹੀਆਂ ਠੱਗੀਆਂ ਤੋਂ ਬਚਣ ਲਈ ਜਾਗਰੂਕ ਕਰਦਾ ਰਹਿੰਦਾ ਹੈ, ਪਰ ਫੇਰ ਵੀ ਸ਼ਾਤਿਰ ਦਿਮਾਗ ਠੱਗ ਠੱਗੀ ਮਾਰ ਲਈ ਨਵੇਂ ਨਵੇਂ ਰਾਹ ਲੱਭ ਲੈਂਦੇ ਹਨ। ਪੁਲਿਸ ਦੀ ਕਰਾਈਮ ਸਾਈਬਰ ਸੈੱਲ ਵੀਹ ਠੱਗੀਆਂ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਰਿਹਾ ਹੈ, ਜਿਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਲੋਕਾਂ ਵੱਲੋਂ ਪੂਰਨ ਤੌਰ 'ਤੇ ਸਾਥ ਨਾ ਮਿਲਣਾ। ਲੋਕ ਠੱਗੀ ਦਾ ਸ਼ਿਕਾਰ ਹੋਣ ਦੇ ਬਾਅਦ ਵੀ ਚਲੋ ਛੱਡੋ ਕਹਿ ਕੇ ਸ਼ਾਂਤ ਹੋ ਜਾਂਦੇ ਹਨ,ਜਦਕਿ 'ਬਾਹਰਲੇ ਰਿਸ਼ਤੇਦਾਰ ਠੱਗੀ ਮਾਰਨ ਲਈ ਦੂਜਾ ਚਿਹਰਾ ਲੱਭ ਲੈਂਦੇ ਹਨ।ਇਸੇ ਤਰ੍ਹਾਂ ਹੀ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਸਿਟੀ ਅੰਦਰ ਵੀ ਠੱਗੀ ਮਾਰਨ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐੱਸਐੱਚਓ ਤਜਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਕਾਇਤ ਵਿਚ ਦੇਸ ਰਾਜ ਪੁੱਤਰ ਮੰਗੂ ਰਾਮ ਵਾਸੀ ਭੰਡਾਰੀ ਗੇਟ ਬਟਾਲਾ, ਜੋਗਿੰਦਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਉਜਾਗਰ ਨਗਰ ਬਟਾਲਾ, ਕ੍ਰਿਪਾਲ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਕ੍ਰਿਸ਼ਨਾ ਨਗਰ ਬਟਾਲਾ, ਦੁਸ਼ਾਂਤ ਚੋਪੜਾ ਵਾਸੀ ਪੁਰਾਣੀ ਅਨਾਜ ਮੰਡੀ ਬਟਾਲਾ ਅਤੇ ਅਸ਼ੋਕ ਕੁਮਾਰ ਪੁੱਤਰ ਦੇਸ ਰਾਜ ਵਾਸੀ ਡਾਇਮੰਡ ਕਲੋਨੀ ਬਟਾਲਾ ਨੇ ਦੱਸਿਆ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਬਾਹਰਲੇ ਰਿਸ਼ਤੇਦਾਰ ਬਣ ਕੇ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਵਿਦੇਸ਼ ਤੋਂ ਕਾਲ ਕਰਕੇ ਉਹਨਾਂ ਨਾਲ 8 ਲੱਖ 18 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਠੱਗੀ ਦੇ ਸ਼ਿਕਾਰ ਹੋਏ ਉਕਤ ਵਿਅਕਤੀਆਂ ਨੇ ਦੱਸਿਆ ਕਿ ਇਹ ਰਕਮ ਉਹਨਾਂ ਨੇ ਵੱਖ ਵੱਖ ਬੈਂਕ ਖਾਤਿਆਂ ਵਿਚ ਪਾਈ ਹੈ।ਐੱਸਐੱਚਓ ਟੀਪੀ ਸਿੰਘ ਨੇ ਅੱਗੇ ਦੱਸਿਆ ਕਿ ਡੀਐੱਸਪੀ ਆਪੇ੍ਸ਼ਨ ਦੇ ਦਿਸ਼ਾ ਨਿਰਦੇਸ਼ 'ਤੇ ਪੜਤਾਲ ਕਰਨ ਉਪਰੰਤ ਪਾਇਆ ਗਿਆ ਕਿ ਵਿਦੇਸ਼ੀ ਰਿਸ਼ਤੇਦਾਰ ਬਣ ਕੇ ਉਕਤ ਲੋਕਾਂ ਨਾਲ ਠੱਗੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪੜਤਾਲ ਕਰਨ ਉਪਰੰਤ ਉਪਰੋਕਤ ਵਿਅਕਤੀਆਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਫੋਨ ਕਾਲਾਂ ਤੋਂ ਸੁਚੇਤ ਰਹੋ ਅਤੇ ਵਿਦੇਸ਼ਾਂ ਤੋਂ ਆਉਂਦੀਆਂ ਅਜਿਹੀਆਂ ਫੋਨ ਕਾਲਾਂ ਸਬੰਧੀ ਪੁਲਿਸ ਨੂੰ ਜ਼ਰੂਰ ਸੂਚਨਾ ਦੇਣ।  ਇਸ ਲਈ ਆਪਣੇ ਜਾਨਣ ਵਾਲੇ, ਦੋਸਤਾਂ, ਮਿੱਤਰਾਂ ਨੂੰ ਇਸ ਦੀ ਜਾਣਕਾਰੀ ਲਾਜ਼ਮੀ ਦਿਓ ਤਾਂ ਕਿ ਉਹ ਇਸ ਤਰ੍ਹਾਂ ਠੱਗੀ ਦੇ ਸ਼ਿਕਾਰ ਹੋਣ ਤੋਂ ਬਚ ਸਕਣ। ਆਪਣੀ ਬੈਂਕ ਜਾਣਕਾਰੀ ਜਾਂ ਪੈਸੇ ਭੇਜਣ ਤੋਂ ਪਹਿਲਾਂ ਉਸ ਵਿਅਕਤੀ ਦੀ ਸਚਾਈ ਜ਼ਰੂਰ ਜਾਣ ਲਓ। ਕਦੇ ਵੀ ਕਿਸੇ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਨਾ ਕਰੋ ਅਤੇ ਲਾਲਚ ਵਿੱਚ ਨਾ ਆਓ, ਕਿਉਂਕਿ ਅਸੀਂ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ ਕਿ ਲਾਲਚ ਬੁਰੀ ਬਲਾ।

 

ਚਾਨਣ ਦੀਪ ਸਿੰਘ ਔਲਖ