ਬਸਪਾ ਦੀਆਂ ਵੋਟਾਂ 'ਤੇ ਕਾਂਗਰਸ ਦੀ ਨਜ਼ਰ

ਬਸਪਾ ਦੀਆਂ ਵੋਟਾਂ 'ਤੇ ਕਾਂਗਰਸ ਦੀ ਨਜ਼ਰ

ਬਸਪਾ ਨੂੰ ਜਿਸ ਵੋਟ ਨੇ ਸੱਤਾ ਦਿਵਾਈ ਸੀ ਉਹ ਦਲਿਤ, ਬ੍ਰਾਹਮਣ ਅਤੇ ਮੁਸਲਿਮ ਵੋਟਾਂ ਸਨ

 ਉੱਤਰ ਪ੍ਰਦੇਸ਼ 'ਵਿਚ ਕਾਂਗਰਸ ਦੀਆਂ ਨਜ਼ਰਾਂ ਬਹੁਜਨ ਸਮਾਜ ਪਾਰਟੀ ਦੇ ਵੋਟ ਬੈਂਕ 'ਤੇ ਹਨ। ਅਸਲ 'ਵਿਚ ਰਵਾਇਤੀ ਤੌਰ 'ਤੇ ਉਹ ਕਾਂਗਰਸ ਦੀਆਂ ਹੀ ਵੋਟਾਂ ਹਨ, ਜੋ ਬਸਪਾ ਦੇ ਕੋਲ ਚਲੀਆਂ ਗਈਆਂ ਸਨ ਅਤੇ ਹੁਣ ਬਸਪਾ ਤੋਂ ਵੀ ਵੱਖ ਹੋ ਕੇ ਇੱਧਰ-ਉੱਧਰ ਵੰਡੀਆਂ ਜਾ ਰਹੀਆਂ ਹਨ, ਕਿਉਂਕਿ ਬਸਪਾ ਮੁਖੀ ਮਾਇਆਵਤੀ ਰਾਜਨੀਤੀ 'ਵਿਚ ਬਹੁਤੀ ਸਰਗਰਮ ਨਹੀਂ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ 'ਵਿਚ ਤਾਂ ਕਿਤੇ ਲੱਗਿਆ ਹੀ ਨਹੀਂ ਕਿ ਪਾਰਟੀ ਚੋਣਾਂ ਲੜ ਰਹੀ ਹੈ। ਫਿਲਹਾਲ, ਬਸਪਾ ਨੂੰ ਜਿਸ ਵੋਟ ਨੇ ਸੱਤਾ ਦਿਵਾਈ ਸੀ ਉਹ ਦਲਿਤ, ਬ੍ਰਾਹਮਣ ਅਤੇ ਮੁਸਲਿਮ ਵੋਟਾਂ ਸਨ। ਰਵਾਇਤੀ ਤੌਰ 'ਤੇ ਇਹ ਕਾਂਗਰਸ ਦੀਆਂ ਵੋਟਾਂ ਰਹੀਆਂ ਹਨ, ਪਰ ਬਸਪਾ ਦੇ ਕਮਜ਼ੋਰ ਹੋਣ ਨਾਲ ਦਲਿਤ ਵੋਟਾਂ ਦਾ ਕੁਝ ਹਿੱਸਾ ਭਾਜਪਾ ਵੱਲ ਹੋ ਗਿਆ ਹੈ ਤਾਂ ਮੁਸਲਿਮ ਲਗਭਗ ਪੂਰੀ ਤਰ੍ਹਾਂ ਨਾਲ ਸਮਾਜਵਾਦੀ ਪਾਰਟੀ ਦੇ ਨਾਲ ਅਤੇ ਬ੍ਰਾਹਮਣ ਪੂਰੀ ਤਰ੍ਹਾਂ ਨਾਲ ਭਾਜਪਾ ਦੇ ਨਾਲ ਚਲੇ ਗਏ ਹਨ। ਕਾਂਗਰਸ ਨੇ ਇਨ੍ਹਾਂ ਤਿੰਨਾਂ ਦੀਆਂ ਵੋਟਾਂ ਵਾਪਸ ਹਾਸਿਲ ਕਰਨੀਆਂ ਹਨ। ਪਾਰਟੀ ਨੇ ਨਵੇਂ ਪ੍ਰਦੇਸ਼ ਪ੍ਰਧਾਨ ਅਤੇ ਛੇ ਸੂਬਾਈ ਪ੍ਰਧਾਨਾਂ ਰਾਹੀਂ ਅਜਿਹਾ ਸਮੀਕਰਨ ਬਣਾਇਆ ਹੈ, ਜਿਸ ਨਾਲ ਇਨ੍ਹਾਂ ਵੋਟਾਂ ਨੂੰ ਹਾਸਲ ਕਰਨ 'ਵਿਚ ਮਦਦ ਮਿਲੇ। ਕਾਂਗਰਸ ਨੇ ਬਸਪਾ 'ਵਿਚ ਰਹੇ ਹਮਲਾਵਰ ਦਲਿਤ ਨੇਤਾ ਬ੍ਰਿਜਲਾਲ ਖਾਬਰੀ ਨੂੰ ਪਾਰਟੀ ਦਾ ਪ੍ਰਦੇਸ਼ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਦੇ ਨਾਲ ਬਸਪਾ 'ਚ ਰਹੇ ਮੁਸਲਿਮ ਨੇਤਾ ਨਸੀਮੂਦੀਨ ਸਦੀਕੀ ਨੂੰ ਪੱਛਮੀ ਜ਼ੋਨ ਦਾ ਸੂਬਾਈ ਪ੍ਰਧਾਨ ਬਣਾਇਆ ਹੈ। ਬਸਪਾ ਦੇ ਬ੍ਰਾਹਮਣ ਚਿਹਰੇ 'ਵਿਚੋਂ ਇਕ ਸਾਬਕਾ ਮੰਤਰੀ ਨਕੁਲ ਦੂਬੇ ਨੂੰ ਅਵਧ ਜ਼ੋਨ ਦਾ ਪ੍ਰਧਾਨ ਬਣਾਇਆ ਹੈ। ਇਨ੍ਹਾਂ ਰਾਹੀਂ ਕਾਂਗਰਸ ਜਾਤੀ ਸਮੀਕਰਨ ਸਾਧਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੇ ਤਿੰਨ ਹੋਰ ਪ੍ਰਾਂਤਿਕ ਪ੍ਰਧਾਨ ਬਣਾਏ ਹਨ, ਜੋ ਬ੍ਰਾਹਮਣ, ਭੂਮਿਹਾਰ ਅਤੇ ਕੁਰਮੀ ਜਾਤੀ ਤੋਂ ਆਉਂਦੇ ਹਨ। 

      ਸੁਖਬੀਰ ਨੇ ਸਰਨਾ ਦੀ ਹੋਈ ਏਕਤਾ,ਸਰਨਾ ਨੂੰ ਸੌਂਪੀ ਪਾਰਟੀ ਦਿੱਲੀ ਪ੍ਰਦੇਸ਼ ਦੀ ਜ਼ਿੰਮੇਵਾਰੀ

*ਅਕਾਲੀ ਦਲ ਕਦੀ ਨਹੀਂ ਛੱਡਿਆ-ਸਰਨਾ 

 *ਸੁਖਬੀਰ ਬਾਦਲ ਨੇ ਇਸ ਮੇਲ ਨੂੰ ਭਾਜਪਾ ਅਤੇ ਆਰਐੱਸਐੱਸ ਦਾ ਸਾਹਮਣਾ ਕਰਨ ਦੀ ਰਣਨੀਤੀ ਲਈ ਬੇਹੱਦ ਮਹੱਤਵਪੂਰਨ ਕਰਾਰ ਦਿੱਤਾ   

 ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਦਿੱਲੀ ਦਾ ਰਲੇਵਾਂ ਹੋ ਗਿਆ ਹੈ। ਇਸ ਨੂੰ ਪੰਥਕ ਮੇਲ ਦਾ ਨਾਮ ਦਿੱਤਾ ਗਿਆ ਹੈ। ਇਸ ਨਾਲ ਲਗਭਗ 23 ਸਾਲ ਪਹਿਲਾਂ (1999 ਵਿਚ) ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਭਰਾਵਾਂ ਨੂੰ ਦਿੱਲੀ ਦੀ ਕਮਾਨ ਸੌਂਪੀ ਗਈ ਹੈ। ਪਿਛਲੇ ਦਿਨੀਂ ਅਕਾਲੀ ਦਲ ਦੇ ਚੋਣ ਨਿਸ਼ਾਨ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਜੇਤੂ ਰਹੇ ਧੜੇ ਨੇ ਭਾਜਪਾ ਦੀ ਸਰਪ੍ਰਸਤੀ ਨਾਲ ਅਕਾਲੀ ਦਲ ਤੋਂ ਤੋੜ-ਵਿਛੋੜਾ ਕਰ ਲਿਆ ਸੀ। ਕਮੇਟੀ ਦੇ ਤਤਕਾਲੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਇਸ ਕਾਰਨ ਅਕਾਲੀ ਦਲ ਦੇ ਦਿੱਲੀ ਵਿਚ ਆਧਾਰ ਨੂੰ ਵੱਡਾ ਖ਼ੋਰਾ ਲੱਗਾ ਸੀ। ਸਰਨਾ ਭਰਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀ ਰਹੇ ਹਨ, ਉਹਨਾਂ ਅਨੁਸਾਰ ਅਕਾਲੀ ਦਲ ਦਿੱਲੀ ਜਥੇਦਾਰ ਟੌਹੜਾ ਦੀ ਸਲਾਹ ਨਾਲ ਹੀ ਬਣਾਇਆ ਗਿਆ ਸੀ। ਦਿੱਲੀ ਦੀ ਸਿਆਸਤ ਵਿਚ ਸਰਨਾ ਭਰਾਵਾਂ ਨੂੰ ਕਾਂਗਰਸ ਦੇ ਨੇੜੇ ਸਮਝਿਆ ਜਾਂਦਾ ਰਿਹਾ ਹੈ।

ਸੁਖਬੀਰ ਬਾਦਲ ਨੇ ਇਸ ਮੇਲ ਨੂੰ ਭਾਜਪਾ ਅਤੇ ਆਰਐੱਸਐੱਸ ਦਾ ਸਾਹਮਣਾ ਕਰਨ ਦੀ ਰਣਨੀਤੀ ਲਈ ਬੇਹੱਦ ਮਹੱਤਵਪੂਰਨ ਕਰਾਰ ਦਿੱਤਾ ਹੈ। ਪਿਛਲੇ ਤਕਰੀਬਨ ਢਾਈ ਦਹਾਕਿਆਂ ਤੋਂ ਸਿੱਖ ਸਿਆਸਤ ਦੀਆਂ 2 ਧੁਰ ਵਿਰੋਧੀ ਧਿਰਾਂ ਬਾਦਲ ਧੜਾ ਤੇ ਸਰਨਾ ਧੜਾ ਵਲੋਂ ਕੌਮ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਦਾ ਸਾਂਝੇ ਤੌਰ 'ਤੇ ਟਾਕਰਾ ਕਰਨ ਦਾ ਐਲਾਨ ਕੀਤਾ ਗਿਆ । ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੀ ਰਿਹਾਇਸ਼ ਪੰਜਾਬੀ ਬਾਗ ਵਿਖੇ 'ਪੰਥਕ-ਮੇਲ' ਦੇ ਨਾਂਅ 'ਤੇ ਕਰਵਾਈ ਗਈ ਵੱਡੀ ਪੰਥਕ ਇਕੱਤਰਤਾ 'ਵਿਚ ਹਾਜ਼ਰੀ ਭਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥਕ ਹਾਲਾਤ ਦੇ ਮੱਦੇਨਜ਼ਰ ਇਕ ਜੁਟ ਹੋਣ ਲਈ ਜਿਥੇ ਸਰਨਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ, ਉਥੇ ਹੀ ਆਪਣੀ ਪਾਰਟੀ ਦੀ ਦਿੱਲੀ ਪ੍ਰਦੇਸ਼ ਦੀ ਜ਼ਿੰਮੇਵਾਰੀ ਵੀ ਪਰਮਜੀਤ ਸਿੰਘ ਸਰਨਾ ਨੂੰ ਸੌਂਪਣ ਦਾ ਐਲਾਨ ਕੀਤਾ । ਪੰਥਕ ਇਕੱਤਰਤਾ 'ਵਿਚ ਸੁਖਬੀਰ ਸਿੰਘ ਬਾਦਲ ਨੇ ਆਪਣੀ ਤਕਰੀਰ ਦੌਰਾਨ ਅਕਾਲੀ ਦਲ ਦਾ ਇਤਿਹਾਸ ਤੇ ਕੁਰਬਾਨੀਆਂ ਜ਼ਿਕਰ ਕਰਨ ਦੇ ਨਾਲ ਹੀ ਹਕੂਮਤਾਂ ਦੀ ਸ਼ਹਿ 'ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲਿਆਂ ਨੂੰ ਪੰਥਕ ਗੱਦਾਰ ਐਲਾਨਿਆ ਅਤੇ ਕਿਹਾ ਕਿ ਇਹ ਇਕੱਤਰਤਾ ਪੰਥਕ ਮੁੜ ਸੁਰਜੀਤੀ ਦਾ ਸੰਕੇਤ ਦਿੰਦੀ ਹੈ । ਉਨ੍ਹਾਂ ਕਿਹਾ ਕਿ ਹਕੂਮਤਾਂ ਹਰਿਆਣੇ ਲਈ ਵੱਖਰੀ ਗੁਰਦੁਆਰਾ ਕਮੇਟੀ ਨੂੰ ਮਾਨਤਾ ਦੇ ਕੇ ਸ਼੍ਰੋਮਣੀ   ਕਮੇਟੀ ਨੂੰ ਤੋੜ ਕੇ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ ।ਇਸ ਲਈ ਬਾਹਰੀ ਹਮਲੇ ਅਤੇ ਅੰਦਰੂਨੀ ਤੋੜ-ਫੋੜ ਨਾਲ ਲੜਨ ਲਈ ਪੰਥਕ ਏਕਤਾ ਸਮੇਂ ਦੀ ਇਤਿਹਾਸਕ ਲੋੜ ਹੈ । ਸੁਖਬੀਰ ਨੇ ਪਾਰਟੀ ਦਿੱਲੀ ਪ੍ਰਦੇਸ਼ ਦੀ ਜ਼ਿੰਮੇਵਾਰੀ ਪਰਮਜੀਤ ਸਿੰਘ ਸਰਨਾ ਨੂੰ ਸੌਂਪਣ ਤੇ ਭਵਿੱਖ 'ਵਿਚ ਰਲ ਕੇ ਕੌਮ ਦੀ ਬਿਹਤਰੀ ਵਾਸਤੇ ਕੰਮ ਕਰਨ ਦਾ ਐਲਾਨ ਕੀਤਾ।

ਪਰਮਜੀਤ ਸਿੰਘ ਸਰਨਾ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਉਨ੍ਹਾਂ ਕਦੀ ਅਕਾਲੀ ਦਲ ਨੂੰ ਨਹੀਂ ਛੱਡਿਆ, ਜੇਕਰ ਕਈ ਕਾਰਨਾਂ ਕਰਕੇ ਦਿੱਲੀ ਵਿਚ ਵੱਖਰੀ ਪਾਰਟੀ ਬਣਾਈ ਤਾਂ ਫਿਰ ਵੀ ਅਕਾਲੀ ਦਲ ਦੇ ਸਿਧਾਂਤਾਂ ਦਾ ਪੱਲਾ ਫੜੀ ਰੱਖਿਆ ।ਸਰਨਾ ਨੇ ਇਹ ਵੀ ਕਿਹਾ ਕਿ ਤਕਰੀਬਨ 25 ਸਾਲ ਪਹਿਲਾਂ ਉਨ੍ਹਾਂ ਨੂੰ ਅਕਾਲੀ ਦਲ ਨਾਲ ਹੀ ਸੰਬੰਧਿਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਇਸ਼ਾਰੇ 'ਤੇ ਪਾਰਟੀ ਵਿਚੋਂ ਕੱਢਿਆ ਗਿਆ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਗਠਨ ਕਰਕੇ ਪੰਥ ਦੀ ਬਿਹਤਰੀ ਲਈ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਹਾਂ ।

ਪੰਥਕ ਇਕੱਤਰਤਾ 'ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਬੀਬੀ ਰਣਜੀਤ ਕੌਰ, ਬਲਦੇਵ ਸਿੰਘ ਮਾਨ ਸਮੇਤ ਸਾਰੇ ਬੁਲਾਰਿਆਂ ਨੇ ਇਕੋ ਪਲੇਟਫਾਰਮ ਤੋਂ ਜੱਦੋ-ਜਹਿਦ ਕਰਨ ਦੇ ਪੰਥਕ ਏਕਤਾ ਦੇ ਫ਼ੈਸਲੇ ਨੂੰ ਸਲਾਹਿਆ ।

ਪੰਥਕ ਇਕੱਤਰਤਾ ਸੁਖਬੀਰ ਵਲੋਂ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਪ੍ਰਦੇਸ਼ ਦੀ ਜ਼ਿੰਮੇਵਾਰੀ ਸੌਂਪਣ ਦਾ ਐਲਾਨ ਤਾਂ ਕਰ ਦਿੱਤਾ ਗਿਆ, ਪ੍ਰੰਤੂ ਕੀ ਇਸ ਦੇ ਲਈ ਸਰਨਾ ਦੁਆਰਾ ਆਪਣੀ ਪਾਰਟੀ ਨੂੰ ਭੰਗ ਕੀਤਾ ਜਾਵੇਗਾ ਜਾਂ ਸਰਨਾ ਪਾਰਟੀ ਦਾ ਬਾਦਲ ਪਾਰਟੀ ਵਿਚ ਰਲੇਵਾਂ ਹੋ ਗਿਆ ਹੈ? ਇਸ ਬਾਰੇ ਸੁਖਬੀਰ ਤੇ ਸਰਨਾ ਸਮੇਤ ਕਿਸੇ ਵੀ ਬੁਲਾਰੇ ਨੇ ਆਪਣੀ ਤਕਰੀਰ 'ਵਿਚ ਕੋਈ ਜ਼ਿਕਰ ਤੱਕ ਨਹੀਂ ਕੀਤਾ ।ਹਾਲਾਂਕਿ ਬਾਦਲ ਦਲ ਵਲੋਂ ਇਸ ਪ੍ਰੋਗਰਾਮ ਬਾਰੇ ਜਿਹੜਾ ਪ੍ਰੈੱਸ ਨੋਟ ਜਾਰੀ ਕੀਤਾ ਗਿਆ, ਉਸ ਵਿਚ ਸਰਨਾ ਧੜੇ ਦੇ ਰਲੇਵੇਂ ਦਾ ਜ਼ਿਕਰ ਕੀਤਾ ਗਿਆ ਸੀ ।ਜਦੋਂ ਸਰਨਾ ਧੜੇ ਦੇ ਮੁਖੀ ਅਹੁਦੇਦਾਰਾਂ ਨਾਲ ਫੋਨ ਰਾਹੀਂ ਇਸ ਬਾਬਤ ਗੱਲ ਕੀਤੀ ਗਈ ਤਾਂ ਉਨ੍ਹਾਂ ਪਾਰਟੀ ਦੇ ਰਲੇਵੇਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਪੰਥ ਦੀ ਬਿਹਤਰੀ ਤੇ ਇਕਜੁੱਟਤਾ ਵਾਸਤੇ ਅੱਜ ਦਾ ਪ੍ਰੋਗਰਾਮ ਸਿਰਫ ਪੰਥਕ-ਮੇਲ ਸੀ । ਇੰਜ ਜਾਪਦਾ ਹੈ ਕਿ ਸਰਨਾ ਹੁਣ 2 ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਬਾਦਲ ਦਲ ਦਿੱਲੀ ਪ੍ਰਦੇਸ਼ ਦੀ ਜ਼ਿੰਮੇਵਾਰੀ ਸੰਭਾਲਣਗੇ।

ਅਕਾਲੀ ਦਲ ਦਾ ਮੰਨਣਾ ਹੈ ਕਿ ਕਾਂਗਰਸ ਪਹਿਲਾਂ ਹੀ ਸਿੱਖ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ ਅਤੇ ਹੁਣ ਭਾਜਪਾ ਵੀ ਉਸ ਦੇ ਰਾਹ ਉੱਤੇ ਚੱਲ ਰਹੀ ਹੈ। ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉੱਤੇ ਚੋਣ ਲੜ ਕੇ ਜਿੱਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਹੈ। 

ਇਸ ਰਲੇਵੇਂ ਦਾ ਬਾਦਲ ਦਲ ਨੂੰ ਲਾਭ ਕੀ ਹੋਵੇਗਾ ,ਇਹ ਆਉਣ ਵਾਲਾ ਸਮਾਂ ਦਸੇਗਾ।ਪਰ ਸਰਨਾ ਭਰਾਵਾਂ ਦੇ ਰੂਪ ਵਿਚ ਬਾਦਲ ਅਕਾਲੀ ਦਲ ਨੂੰ ਦਿੱਲੀ ਵਿਚ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਬੁਲਾਰੇ ਜ਼ਰੂਰ ਮਿਲ ਗਏ ਹਨ।