ਕਾਰ-ਸੇਵਾ ਦਾ ਇਤਿਹਾਸ

ਕਾਰ-ਸੇਵਾ ਦਾ ਇਤਿਹਾਸ

                             ਧਰਮ ਤੇ ਇਤਿਹਾਸ                                    

 

ਘਕਾਰ ਅਤੇ ਸੇਵਾ ਦੇ ਦੋ ਸ਼ਬਦਾਂ ਦਾ ਇਹ ਸੁਮੇਲ ਹਰ ਇਕ ਸਿੱਖ ਦੇ ਮਨ ਵਿਚ ਸਰੀਰਕ ਸੇਵਾ ਦੀ ਭਾਵਨਾ ਪੈਦਾ ਕਰਨ ਦੀ ਰੁਚੀ ਪ੍ਰਗਟ ਕਰਦਾ ਹੈ। ਕਾਰ ਇਕ ਅਜਿਹੀ ਕਿਰਿਆ ਹੈ ਜਿਹੜੀ ਕਿ ਮਨੁੱਖ ਨੂੰ ਕਿਸੇ ਵੀ ਕਾਰਜ ਨੂੰ ਕਰਨ ਵੱਲ ਪ੍ਰੇਰਿਤ ਕਰਦੀ ਹੈ ਪਰ ਜਦੋਂ ਇਸ ਨਾਲ ਸੇਵਾ ਸ਼ਬਦ ਜੁੜ ਜਾਂਦਾ ਹੈ ਤਾਂ ਇਹ ਪਰਉਪਕਾਰ ਦੇ ਕਾਰਜਾਂ ਨੂੰ ਜਨਮ ਦਿੰਦੀ ਹੈ। ਸੇਵਾ ਦਾ ਕਾਰਜ ਉਸ ਸਮੇਂ ਪਰਉਪਕਾਰੀ ਹੋ ਜਾਂਦਾ ਹੈ ਜਦੋਂ ਇਹ ਮਨੁੱਖ ਨੂੰ ਉਸ ਦੇ ਅੰਤਿਮ ਉਦੇਸ਼ ਪਰਮਾਤਮਾ ਵੱਲ ਲੈ ਕੇ ਜਾਣ ਵਿਚ ਸਹਾਈ ਹੁੰਦਾ ਹੈ। ਇਸੇ ਦ੍ਰਿਸ਼ਟੀ ਤੋਂ ਗੁਰੂ ਨਾਨਕ ਦੇਵ ਜੀ ਦਾ ਇਹ ਬਚਨ ਸੇਵਾ ਦੇ ਵਿਸ਼ੇਸ਼ ਅਰਥ ਪ੍ਰਦਾਨ ਕਰਦਾ ਹੈ-ਜੋ ਤੁਧ ਭਾਵੈ ਸਾਈ ਭਲੀ ਕਾਰ

ਗੁਰੂ ਨਾਨਕ ਦੇਵ ਜੀ ਦੀ ਇਕ ਹੋਰ ਪੰਕਤੀ ਦੁਨੀਆ ਵਿਚ ਕੀਤੀ ਗਈ ਨਿਸਵਾਰਥ ਸੇਵਾ ਨੂੰ ਪਰਮਾਤਮਾ ਦੀ ਦਰਗਾਹ ਵਿਚ ਸਚਿਆਰੇ ਹੋ ਕੇ ਜਾਣ ਦੀ ਪ੍ਰੇਰਨਾ ਪੈਦਾ ਕਰਦੀ ਹੈ:

ਵਿਚਿ ਦੁਨੀਆ ਸੇਵ ਕਮਾਈਐ

ਤਾ ਦਰਗਹ ਬੈਸਣੁ ਪਾਈਐ

ਕਹੁ ਨਾਨਕ ਬਾਹ ਲੁਡਾਈਐ (ਅੰਗ : 25)

ਸਰੀਰਕ ਸੇਵਾ ਵਿਚ ਇਹ ਸ਼ਬਦ ਇਮਾਰਤਾਂ ਅਤੇ ਸਰੋਵਰਾਂ ਦੀ ਸੇਵਾ ਨਾਲ ਰੂੜ੍ਹ ਹੋ ਗਿਆ ਹੈ। ਨਵੀਆਂ ਇਮਾਰਤਾਂ ਦੀ ਉਸਾਰੀ ਅਤੇ ਪੁਰਾਣੀਆਂ ਦੀ ਮੁਰੰਮਤ ਕਰਨ ਦੇ ਨਾਲ-ਨਾਲ ਸਰੋਵਰਾਂ ਦੀ ਤਹਿ 'ਤੇ ਜੰਮੀ ਹੋਈ ਗਾਰ ਜਾਂ ਗੰਦਗੀ ਨੂੰ ਕੱਢਣ ਲਈ ਜਿਹੜੀ ਸੇਵਾ ਕੀਤੀ ਜਾਂਦੀ ਹੈ, ਉਸੇ ਨੂੰ ਪ੍ਰਮੁੱਖ ਤੌਰ 'ਤੇ ਕਾਰ-ਸੇਵਾ ਦੇ ਸੰਦਰਭ ਵਿਚ ਰੱਖ ਕੇ ਦੇਖਿਆ ਜਾਂਦਾ ਹੈ।

ਗੁਰੂ ਸਾਹਿਬਾਨ ਨੇ ਗ਼ਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਲਈ ਸਿੱਖ ਨੂੰ ਜਿਹੜੀ ਗੁੜ੍ਹਤੀ ਪ੍ਰਦਾਨ ਕੀਤੀ ਸੀ ਉਸ ਵਿਚ ਸੰਗਤ ਅਤੇ ਲੰਗਰ ਦੀ ਸੇਵਾ ਦੇ ਨਾਲ-ਨਾਲ ਸ਼ਰਧਾਲੂਆਂ ਅਤੇ ਯਾਤਰੂਆਂ ਦੀ ਸੇਵਾ ਦੀ ਜਿਹੜੀ ਭਾਵਨਾ ਪੈਦਾ ਹੋਈ, ਉਸ ਵਿਚੋਂ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ, ਸਰੋਵਰਾਂ ਨੂੰ ਸਾਫ਼ ਅਤੇ ਪੱਕੇ ਕਰਨ, ਸਰੋਵਰਾਂ ਲਈ ਜਲ ਦਾ ਪ੍ਰਬੰਧ ਕਰਨ ਅਤੇ ਯਾਤਰੂਆਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨ ਦੀ ਸੇਵਾ ਨੇ ਜਨਮ ਲਿਆ ਅਤੇ ਸਮੇਂ-ਸਮੇਂ 'ਤੇ ਅਜਿਹੀਆਂ ਸੰਸਥਾਵਾਂ, ਸੰਪਰਦਾਵਾਂ, ਜਥੇਬੰਦੀਆਂ ਅਤੇ ਸਮੂਹ ਹੋਂਦ ਵਿਚ ਆ ਗਏ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਇਸੇ ਕਾਰਜ ਨੂੰ ਸਮਰਪਿਤ ਕਰ ਦਿੱਤਾ ਹੈ।

ਕਾਰ-ਸੇਵਾ ਦਾ ਮੂਲ ਸੰਦਰਭ ਗੁਰੂ ਸਾਹਿਬਾਨ ਤੋਂ ਦੇਖਿਆ ਜਾਂਦਾ ਹੈ। ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲੀ ਧਰਮਸ਼ਾਲਾ ਆਪ ਸਥਾਪਤ ਕੀਤੀ ਸੀ, ਜਿਥੇ ਉਹ ਲਗਭਗ 18 ਸਾਲ ਨਿਵਾਸ ਕਰਦੇ ਰਹੇ। ਇਸ ਅਸਥਾਨ 'ਤੇ ਗੁਰੂ ਜੀ ਨੇ ਜਿਹੜੇ ਆਦਰਸ਼ ਅਤੇ ਮਰਯਾਦਾ ਸਥਾਪਤ ਕੀਤੀ ਸੀ ਉਹੀ ਸਿੱਖ ਧਰਮ ਦਾ ਮੁਢਲਾ ਰੂਪ ਮੰਨੀ ਜਾਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀਆਂ ਨੇ ਇਨ੍ਹਾਂ ਦੁਆਰਾ ਸਥਾਪਤ ਕੀਤੀ ਜੀਵਨ-ਜਾਚ ਨੂੰ ਅੱਗੇ ਵਧਾਉਣ ਅਤੇ ਹੋਰ ਸੁਚਾਰੂ ਰੂਪ ਵਿਚ ਚਲਾਉਣ ਦਾ ਕਾਰਜ ਕੀਤਾ ਸੀ। ਕਰਤਾਰਪੁਰ ਵਿਖੇ ਇਕ ਸਾਖੀ ਬਹੁਤ ਪ੍ਰਸਿੱਧ ਹੈ ਕਿ ਗੁਰੂ ਨਾਨਕ ਦੇਵ ਜੀ ਖੇਤਾਂ ਵਿਚ ਹਲ ਚਲਾਉਂਦੇ ਸਨ ਅਤੇ ਇਨ੍ਹਾਂ ਦੇ ਜਿਹੜੇ ਸ਼ਰਧਾਲੂ ਕਰਤਾਰਪੁਰ ਵਿਖੇ ਮੌਜੂਦ ਸਨ, ਸਾਰੇ ਹੀ ਕਿਸੇ ਨਾ ਕਿਸੇ ਰੂਪ ਵਿਚ ਖੇਤਾਂ ਵਿਚ ਕੰਮ ਕਰਦੇ ਸਨ। ਗੁਰੂ ਜੀ ਨੇ ਜਿਹੜੇ ਪਸ਼ੂ ਰੱਖੇ ਹੋਏ ਸਨ, ਉਨ੍ਹਾਂ ਦਾ ਚਾਰਾ ਬੀਜਦੇ ਜਾਂ ਘਾਹ ਵੱਢ ਕੇ ਘਰ ਲੈ ਆਉਂਦੇ ਸਨ। ਇਸ ਦ੍ਰਿਸ਼ਟੀ ਤੋਂ ਇਕ ਦਿਨ ਭਾਈ ਲਹਿਣਾ ਜੀ ਨੇ ਚਾਰੇ ਦੀ ਪੰਡ ਸਿਰ 'ਤੇ ਚੁੱਕੀ ਤਾਂ ਉਸ ਦੇ ਕੱਪੜੇ ਚਿੱਕੜ ਨਾਲ ਖ਼ਰਾਬ ਹੋ ਗਏ ਸਨ। ਜਦੋਂ ਘਰ ਪਹੁੰਚੇ ਤਾਂ ਮਾਤਾ ਸੁਲੱਖਣੀ ਨੇ ਗੁਰੂ ਜੀ ਨੂੰ ਕਿਹਾ ਕਿ ਦੇਖੋ ਲਹਿਣਾ ਜੀ ਦੇ ਨਵੇਂ ਕੱਪੜੇ ਖ਼ਰਾਬ ਹੋ ਗਏ ਹਨ। ਗੁਰੂ ਜੀ ਨੇ ਮੁਸਕਰਾ ਕੇ ਕਿਹਾ ਕਿ ਇਹ ਚਿੱਕੜ ਨਹੀਂ ਕੇਸਰ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰੀਰਕ ਸੇਵਾ ਨੂੰ ਜਿਹੜਾ ਗੌਰਵ ਪ੍ਰਦਾਨ ਕੀਤਾ ਹੈ, ਉਸ ਦੀ ਭਾਵਨਾ ਸਿੱਖਾਂ ਦੇ ਮਨ ਵਿਚ ਦਿਨੋ-ਦਿਨ ਮਜ਼ਬੂਤ ਹੁੰਦੀ ਗਈ ਅਤੇ ਜਦੋਂ ਗੁਰੂ ਰਾਮਦਾਸ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਕਰਵਾਈ ਤਾਂ ਵੱਡੀ ਗਿਣਤੀ ਵਿਚ ਸਿੱਖ ਉਥੇ ਹੱਥੀਂ ਕੰਮ ਕਰਨ ਲੱਗੇ ਸਨ। ਗੁਰੂ ਅਰਜਨ ਦੇਵ ਜੀ ਨੇ ਇਸ ਅਸਥਾਨ ਨੂੰ ਨਵੇਂ ਨਗਰ ਦੇ ਰੂਪ ਵਿਚ ਵਿਕਸਿਤ ਕਰਨ ਲਈ ਇੱਥੇ ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਕਾਰੀਗਰਾਂ ਨੂੰ ਵਸਾਉਣ ਦਾ ਕਾਰਜ ਕੀਤਾ ਸੀ। ਇਸੇ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ, ਗੁਰੂ ਤੇਗ਼ ਬਹਾਦਰ ਜੀ ਨੇ ਚੱਕ ਨਾਨਕੀ (ਮੌਜੂਦਾ ਅਨੰਦਪੁਰ ਸਾਹਿਬ) ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਆਦਿ ਨਗਰਾਂ ਦੀ ਸਥਾਪਨਾ ਕੀਤੀ ਤਾਂ ਗੁਰੂ ਦੀ ਬਖ਼ਸ਼ਿਸ਼ ਹਾਸਲ ਕਰਨ ਲਈ ਸਿੱਖ ਇਨ੍ਹਾਂ ਨਗਰਾਂ ਵਿਚ ਆ ਕੇ ਨਿਸਵਾਰਥ ਹੱਥੀਂ ਸੇਵਾ ਕਰਦੇ ਸਨ।

ਗੁਰੂ ਸਾਹਿਬਾਨ ਤੋਂ ਬਾਅਦ 18ਵੀਂ ਸਦੀ ਸਿੱਖਾਂ ਲਈ ਸੰਕਟ ਦਾ ਸਮਾਂ ਸੀ ਅਤੇ ਇਹ ਆਪਣੇ ਜਾਨ-ਮਾਲ ਨੂੰ ਲੈ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਸਨ। ਇਨ੍ਹਾਂ ਨੇ ਆਪਣੇ ਉਦੇਸ਼ ਅਧੀਨ ਹਮਲਾਵਰਾਂ ਦਾ ਬਹੁਤ ਹੀ ਦਲੇਰੀ ਨਾਲ ਟਾਕਰਾ ਕੀਤਾ ਸੀ। ਵੱਡਾ ਘੱਲੂਘਾਰਾ ਅਤੇ ਛੋਟਾ ਘੱਲੂਘਾਰਾ ਦੋ ਅਜਿਹੀਆਂ ਘਟਨਾਵਾਂ ਹਨ ਜਿਹੜੀਆਂ ਸਿੱਖਾਂ 'ਤੇ ਹੋਏ ਜ਼ੁਲਮਾਂ ਦਾ ਆਪਣੇ-ਆਪ ਵਿਖਿਆਨ ਕਰ ਦਿੰਦੀਆਂ ਹਨ। ਇਸ ਤੋਂ ਇਲਾਵਾ ਲਾਹੌਰ ਦੀ ਜੇਲ੍ਹ ਅਤੇ ਚੌਕ ਨਖ਼ਾਸ ਸਿੱਖਾਂ ਦੀ ਕਤਲਗਾਹ ਬਣ ਚੁੱਕੇ ਸਨ। ਏਨੇ ਜ਼ੁਲਮਾਂ ਤੋਂ ਬਾਅਦ ਵੀ ਸਿੱਖਾਂ ਨੇ ਹਾਰ ਨਹੀਂ ਸੀ ਮੰਨੀ ਅਤੇ ਉਹ ਨਿਰੰਤਰ ਆਪਣੇ ਸੰਘਰਸ਼ ਵਿਚ ਜੁਟੇ ਰਹੇ ਸਨ। ਹਮਲਾਵਰਾਂ ਨੂੰ ਇਹ ਪਤਾ ਲੱਗਿਆ ਕਿ ਇਨ੍ਹਾਂ ਦੀ ਸ਼ਕਤੀ ਦਾ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਹੈ ਤਾਂ ਉਨ੍ਹਾਂ ਨੇ ਇਸ ਨੂੰ ਵੀ ਬਾਰੂਦ ਨਾਲ ਉਡਾ ਦਿੱਤਾ ਸੀ।

ਇਸ ਸਮੇਂ ਇਕ ਪਾਸੇ ਤੈਮੂਰ ਸ਼ਾਹ, ਜਹਾਨ ਖ਼ਾਨ, ਯਾਹੀਆ ਖ਼ਾਨ ਅਤੇ ਅਹਿਮਦਸ਼ਾਹ ਅਬਦਾਲੀ ਜਿਹੇ ਜਰਨੈਲ ਸਨ ਜਿਨ੍ਹਾਂ ਦਾ ਪੂਰਾ ਜ਼ੋਰ ਸਿੱਖ ਸ਼ਕਤੀ ਦਾ ਦਮਨ ਕਰਨ ਅਤੇ ਇਨ੍ਹਾਂ ਦੇ ਧਰਮ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਤਬਾਹ ਕਰਨ ਵਿਚ ਲੱਗਿਆ ਹੋਇਆ ਸੀ। ਦੂਜੇ ਪਾਸੇ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਵਰਗੇ ਸਿੱਖ ਸਰਦਾਰ ਸਨ ਜਿਨ੍ਹਾਂ ਦੀ ਗੁਰੂ-ਘਰ ਪ੍ਰਤੀ ਸ਼ਰਧਾ, ਸੇਵਾ ਅਤੇ ਸਮਰਪਣ ਬਿਆਨ ਤੋਂ ਬਾਹਰ ਹੈ। ਇਨ੍ਹਾਂ ਦੀ ਅਗਵਾਈ ਅਧੀਨ ਸਿੱਖ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਆਪਣੇ ਪਵਿੱਤਰ ਅਸਥਾਨਾਂ ਨੂੰ ਬਚਾਉਣ ਲਈ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ। ਇਨ੍ਹਾਂ ਸਰਦਾਰਾਂ ਦੀ ਸਰਪ੍ਰਸਤੀ ਅਧੀਨ ਭਾਈ ਦੇਸ ਰਾਜ ਜਿਹੇ ਸਹਿਜਧਾਰੀ ਸ਼ਰਧਾਲੂ ਸਿੱਖ ਦਾ ਪੂਰਾ ਜ਼ੋਰ ਸ੍ਰੀ ਹਰਿਮੰਦਰ ਸਾਹਿਬ ਦੀ ਪੁਨਰ-ਉਸਾਰੀ ਅਤੇ ਸੇਵਾ-ਸੰਭਾਲ ਵਿਚ ਲੱਗਿਆ ਹੋਇਆ ਸੀ।

ਸਿੱਖਾਂ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰ ਕਰਨਾ ਬਹੁਤ ਮਹੱਤਵ ਰੱਖਦਾ ਹੈ। ਇਸ ਲਈ ਜਦੋਂ ਵੀ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਹੁੰਦਾ ਹੈ ਤਾਂ ਸਿੱਖਾਂ ਨੂੰ ਇਹ ਜਾਪਦਾ ਹੈ ਕਿ ਇਹ ਉਨ੍ਹਾਂ ਦੀ ਆਤਮਾ 'ਤੇ ਹਮਲਾ ਹੈ। ਇਸ ਲਈ ਸਿੱਖਾਂ ਨੇ ਇਕ ਪਾਸੇ ਸ੍ਰੀ ਹਰਿਮੰਦਰ ਸਾਹਿਬ ਦੇ ਹਮਲਾਵਰਾਂ ਨੂੰ ਦੰਡ ਦੇਣ ਅਤੇ ਦੂਜੇ ਪਾਸੇ ਜਿੰਨੀ ਛੇਤੀ ਹੋ ਸਕਿਆ ਇਸ ਦੀ ਕਾਰ-ਸੇਵਾ ਕਰਵਾਉਣ ਨੂੰ ਤਰਜੀਹ ਦਿੱਤੀ ਹੈ।

1776 ਵਿਚ ਭਾਈ ਦੇਸ ਰਾਜ ਦੀ ਅਗਵਾਈ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਕਾਰ-ਸੇਵਾ ਸੰਪੂਰਨ ਹੋਈ ਸੀ ਅਤੇ ਇਨ੍ਹਾਂ ਤੋਂ ਬਾਅਦ 1842 ਵਿਚ ਭਾਈ ਗੁਰਮੁਖ ਸਿੰਘ ਨੇ ਇਸ ਅਸਥਾਨ ਦੀ ਸੇਵਾ ਕਰਵਾਈ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਸੋਨੇ ਦੀ ਸੇਵਾ ਕਰਾਉਣਾ ਇਤਿਹਾਸ ਦਾ ਹਿੱਸਾ ਹੈ। ਮਹਾਰਾਜੇ ਨੇ ਗਿਆਨੀ ਸੰਤ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਲਈ ਨਿਯੁਕਤ ਕੀਤਾ ਹੋਇਆ ਸੀ। ਇਸੇ ਸਮੇਂ ਦੌਰਾਨ ਮਹੰਤ ਸੰਤੋਖ ਦਾਸ, ਮਹੰਤ ਪ੍ਰੀਤਮ ਦਾਸ ਅਤੇ ਸੰਤ ਗੁਰਮੁਖ ਸਿੰਘ ਹੋਏ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਨਹਿਰ ਦੇ ਪਾਣੀ ਨਾਲ ਜੋੜਿਆ ਸੀ 1920 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਤਾਂ 1923 ਵਿਚ ਇਸ ਦੀ ਅਗਵਾਈ ਅਧੀਨ ਸਰੋਵਰ ਦੀ ਕਾਰ-ਸੇਵਾ ਕਰਵਾਈ ਗਈ ਸੀ। 1973 ਵਿਚ ਬਾਬਾ ਜੀਵਨ ਸਿੰਘ ਸਮੇਤ ਪੰਜ ਗੁਰਸਿੱਖਾਂ ਦੀ ਅਗਵਾਈ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਕਾਰ-ਸੇਵਾ ਆਰੰਭ ਹੋਈ ਸੀ।

ਕਾਰ-ਸੇਵਾ ਦਾ ਆਰੰਭ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਰਦਾਸ ਉਪਰੰਤ ਆਰੰਭ ਹੁੰਦਾ ਹੈ ਅਤੇ ਇਸ ਵਿਚ ਕਿਸੇ ਵੀ ਧਰਮ, ਜਾਤ, ਨਸਲ, ਭੂਗੋਲਿਕ ਖਿੱਤੇ ਨਾਲ ਸੰਬੰਧਿਤ ਵਿਅਕਤੀ ਹਿੱਸਾ ਲੈ ਸਕਦਾ ਹੈ। ਭਾਈਚਾਰਕ ਸਾਂਝ ਦੀ ਇਕ ਵੱਡੀ ਮਿਸਾਲ ਕਾਰ-ਸੇਵਾ ਰਾਹੀਂ ਦੇਖੀ ਜਾ ਸਕਦੀ ਹੈ ਜਦੋਂ ਇਸ ਵਿਚ ਹਿੱਸਾ ਲੈਣ ਵਾਲਾ ਆਪਣੀ ਭੁੱਖ, ਪਿਆਸ, ਕੱਪੜਿਆਂ ਅਤੇ ਸਰੀਰ ਦੀ ਸਫ਼ਾਈ ਵੱਲ ਧਿਆਨ ਦਿੱਤੇ ਬਗ਼ੈਰ ਇਸ ਨੂੰ ਗੁਰੂ ਦਾ ਕਾਰਜ ਸਮਝ ਕੇ ਕਰਦਾ ਹੈ। ਇਸ ਕਾਰਜ ਵਿਚ ਸੇਵਾ, ਸ਼ਰਧਾ, ਸਮਰਪਣ, ਨਿਮਰਤਾ, ਪ੍ਰੇਮ, ਇਕਜੁਟਤਾ ਅਤੇ ਸਾਂਝਾ ਕਾਰਜ ਕਰਨ ਦੀ ਭਾਵਨਾ ਦੇ ਦਰਸ਼ਨ ਹੁੰਦੇ ਹਨ। ਸ਼ਰਧਾਲੂ ਦਾ ਉਦੇਸ਼ ਸੇਵਾ ਕਰਦੇ ਹੋਏ ਗੁਰੂ ਦੀ ਖ਼ੁਸ਼ੀ ਪ੍ਰਾਪਤ ਕਰਨਾ ਹੁੰਦਾ ਹੈ।

1984 ਵਿਚ ਭਾਰਤ ਸਰਕਾਰ ਦੁਆਰਾ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੀਆਂ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ ਸੀ ।ਸਮੁੱਚੇ ਸਿੱਖ ਪੰਥ ਦੀ ਦਿ੍ਸ਼ਟੀ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੋਏ ਨੁਕਸਾਨ 'ਤੇ ਲੱਗੀ ਹੋਈ ਸੀ ।ਕੁਝ ਅਜਿਹੀਆਂ ਵਿਚਾਰਾਂ ਸਾਹਮਣੇ ਆਉਣ ਲੱਗੀਆਂ ਸਨ ਕਿ ਭਾਰਤ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜੋ ਕੁਝ ਕੀਤਾ ਹੈ, ਉਸ ਨੂੰ ਉਸੇ ਰੂਪ ਵਿਚ ਸੰਭਾਲ ਲਿਆ ਜਾਵੇ ਤਾਂ ਕਿ ਅਗਲੀ ਪੀੜ੍ਹੀ ਭਾਰਤ ਸਰਕਾਰ ਦੁਆਰਾ ਕੀਤੇ ਕਾਰੇ ਬਾਰੇ ਪ੍ਰਤੱਖ ਜਾਣਕਾਰੀ ਪ੍ਰਾਪਤ ਕਰ ਸਕੇ ।ਸਰਕਾਰ ਨੇ ਛੇਤੀ ਨਾਲ ਬੁੱਢਾ ਦਲ ਦੇ ਨਿਹੰਗ ਸਿੰਘਾਂ ਦੇ ਮੁਖੀ ਨੂੰ ਵਿਚ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਰੰਮਤ ਕਰਵਾ ਦਿੱਤੀ ਸੀ, ਜਿਸ ਨੂੰ ਸਿੱਖ ਸੰਗਤ ਨੇ ਪ੍ਰਵਾਨ ਨਹੀਂ ਸੀ ਕੀਤਾ । ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੁਬਾਰਾ ਢਾਹ ਕੇ ਇਸ ਦੀ ਕਾਰ-ਸੇਵਾ ਕੀਤੀ ਗਈ । ਇਸੇ ਤਰ੍ਹਾਂ ਦਮਦਮੀ ਟਕਸਾਲ ਨੇ ਕਾਰ-ਸੇਵਾ ਰਾਹੀਂ 1984 ਦੇ ਸ਼ਹੀਦਾਂ ਦੀ ਯਾਦਗਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਹੀ ਉਸਾਰ ਦਿੱਤੀ ਹੈ ।

ਕਾਰ-ਸੇਵਾ ਦਾ ਇਹ ਕਾਰਜ ਕੇਵਲ ਕਿਸੇ ਵਿਸ਼ੇਸ਼ ਗੁਰਧਾਮ ਤੱਕ ਹੀ ਸੀਮਤ ਨਹੀਂ ਹੈ, ਬਲਕਿ ਪੁਰਾਤਨ ਇਮਾਰਤਾਂ ਦੀ ਸੰਭਾਲ, ਨਵੀਆਂ ਇਮਾਰਤਾਂ ਦੀ ਉਸਾਰੀ ਅਤੇ ਗੁਰੂ-ਘਰ ਆਉਣ ਵਾਲੀ ਸੰਗਤ ਲਈ ਸਹੂਲਤ ਪੈਦਾ ਕਰਨ ਹਿਤ ਕਾਰ-ਸੇਵਾ ਕੀਤੀ ਜਾਂਦੀ ਹੈ | ਪਿਛਲੇ ਕੁਝ ਸਮੇਂ ਤੋਂ ਕਾਰ-ਸੇਵਾ ਸੰਬੰਧੀ ਗੰਭੀਰ ਪ੍ਰਸ਼ਨ ਉੱਠਣੇ ਆਰੰਭ ਹੋਏ ਹਨ ।ਕਾਰ-ਸੇਵਾ ਦੇ ਨਾਂਅ 'ਤੇ ਸਿੱਖ ਵਿਰਾਸਤ ਦਾ ਜਿਸ ਤਰ੍ਹਾਂ ਘਾਣ ਸਾਹਮਣੇ ਆਇਆ ਹੈ, ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ । ਜਿਹੜੀਆਂ ਇਮਾਰਤਾਂ ਦਾ ਜ਼ਿਕਰ ਸਿੱਖ ਧਰਮ ਦੇ ਗ੍ਰੰਥਾਂ ਵਿਚ ਪੜ੍ਹਨ ਨੂੰ ਮਿਲਦਾ ਹੈ, ਸੰਬੰਧਿਤ ਅਸਥਾਨਾਂ 'ਤੇ ਉਨ੍ਹਾਂ ਦੀਆਂ ਪੁਰਾਤਨ ਨਿਸ਼ਾਨੀਆਂ ਦੇ ਦਰਸ਼ਨ ਨਹੀਂ ਹੁੰਦੇ ਜਾਂ ਪੁਰਾਤਨ ਨਿਸ਼ਾਨੀਆਂ ਦੀ ਜਗ੍ਹਾ ਉਸ ਦਾ ਨਵਾਂ ਰੂਪ ਸਾਹਮਣੇ ਆਉਂਦਾ ਹੈ | ਕਾਰ-ਸੇਵਾ ਦੇ ਨਾਂਅ 'ਤੇ ਖ਼ਤਮ ਹੋ ਰਹੀ ਸਿੱਖ ਵਿਰਾਸਤ ਨੇ ਸਿੱਖਾਂ ਨੂੰ ਇਸ ਦਿਸ਼ਾ ਵੱਲ ਚਿੰਤਨ ਕਰਨ ਲਈ ਮਜਬੂਰ ਕਰ ਦਿੱਤਾ ਹੈ ।ਸਿੱਖ ਜਥੇ ਪਾਕਿਸਤਾਨ ਅਤੇ ਭਾਰਤ ਦੇ ਉਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਦੇ ਹਨ ਜਿਥੇ ਪੁਰਾਤਨ ਦਿੱਖ, ਖੂਹੀਆਂ, ਰੁੱਖ, ਦਰਵਾਜ਼ੇ, ਸ਼ਸਤਰ ਆਦਿ ਸੰਭਾਲ ਕੇ ਰੱਖੇ ਹੋਏ ਹਨ ਪਰ ਪੰਜਾਬ ਦੇ ਇਤਿਹਾਸਕ ਅਸਥਾਨਾਂ 'ਤੇ ਉਨ੍ਹਾਂ ਦੇ ਅਲੋਪ ਹੋ ਜਾਣ ਜਾਂ ਅਲੋਪ ਕਰ ਦਿੱਤੇ ਜਾਣ ਨਾਲ ਸਿੱਖ ਸੰਗਤ ਦੇ ਮਨ ਵਿਚ ਰੋਸ ਪੈਦਾ ਹੋਇਆ ਹੈ ।

ਕਾਰ-ਸੇਵਾ ਸਿੱਖ ਧਰਮ ਦਾ ਇਕ ਅਜਿਹਾ ਅੰਗ ਹੈ ਜਿਸ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ ਪਰ ਇਹ ਵੀ ਮਨਜ਼ੂਰ ਨਹੀਂ ਕਿ ਕਾਰ-ਸੇਵਾ ਦੇ ਨਾਂਅ 'ਤੇ ਵਿਰਾਸਤ ਨੂੰ ਖ਼ਤਮ ਕੀਤਾ ਜਾਵੇ । ਭਾਵੇਂ ਕਿ ਕਾਰ-ਸੇਵਾ ਰਾਹੀਂ ਬਹੁਤੀ ਵਿਰਾਸਤ ਅਲੋਪ ਹੋ ਗਈ ਹੈ ਪਰ ਜੋ ਕੁਝ ਬਚਿਆ ਹੋਇਆ ਹੈ, ਉਸ ਨੂੰ ਸੰਭਾਲਣ ਦੀ ਲੋੜ ਹੈ ।ਪੁਰਾਤਨ ਨਿਸ਼ਾਨੀਆਂ ਨੂੰ ਨੁਕਸਾਨ ਪਹੁੰਚਾਏ ਬਗ਼ੈਰ ਨਵੀਆਂ ਇਮਾਰਤਾਂ ਉਸਾਰੀਆਂ ਜਾ ਸਕਦੀਆਂ ਹਨ ।

ਇਸ ਸੰਬੰਧੀ ਪੁਰਾਤਨ ਖੂਹਾਂ ਦੀ ਇਕ ਮਿਸਾਲ ਲਈ ਜਾ ਸਕਦੀ ਹੈ ।ਖੂਹਾਂ ਨੂੰ ਪੂਰਨ ਦੀ ਬਜਾਏ ਸਰੋਵਰਾਂ ਦਾ ਪਾਣੀ ਇਨ੍ਹਾਂ ਵਿਚ ਪਾਇਆ ਜਾ ਸਕਦਾ ਹੈ । ਅਜਿਹਾ ਕਰਨ ਨਾਲ ਇਕ ਤਾਂ ਪੁਰਤਾਨ ਖੂਹੀਆਂ ਦੀ ਸੰਭਾਲ ਹੋ ਜਾਵੇਗੀ ਅਤੇ ਦੂਜਾ ਧਰਤੀ ਹੇਠਲਾ ਪਾਣੀ ਬਚਾਉਣ ਵਿਚ ਸਹਾਇਤਾ ਮਿਲੇਗੀ ।

ਕਾਰ-ਸੇਵਾ ਦਾ ਧਾਰਮਿਕ ਅਤੇ ਸਮਾਜਿਕ ਮਹੱਤਵ ਹੈ ਜਿਹੜਾ ਕਿ ਨਿਰੰਤਰ ਚਲਦਾ ਰਹਿਣਾ ਚਾਹੀਦਾ ਹੈ ਪਰ ਇਸ ਦੇ ਨਾਲ ਹੀ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਕਾਰ-ਸੇਵਾ ਕਰਦੇ ਸਮੇਂ ਸੰਬੰਧਿਤ ਅਸਥਾਨ ਵਿਚੋਂ ਪੈਦਾ ਹੁੰਦੀ ਖ਼ੁਸ਼ਬੋ ਵੀ ਕਾਇਮ ਰਹੇ ।

ਡਾਕਟਰ ਪਰਮਵੀਰ ਸਿੰਘ

-ਸਿੱਖ ਵਿਸ਼ਵਕੋਸ਼ ਵਿਭਾਗ,

ਪੰਜਾਬੀ ਯੂਨੀਵਰਸਿਟੀ, ਪਟਿਆਲਾ ।