ਸਾਡੇ ਰਿਸ਼ਤੇ ਕਿਉਂ ਤਿੜਕ ਰਹੇ ਨੇ ?

 ਸਾਡੇ ਰਿਸ਼ਤੇ ਕਿਉਂ ਤਿੜਕ ਰਹੇ ਨੇ ?

                            ਸਾਡਾ ਸਮਾਜ                                      

 

ਮਨੁੱਖ ਜਾਤੀ ਨੇ ਧਰਤੀ, ਅਕਾਸ਼, ਪਤਾਲ ਆਦਿ ਹਰ ਖੇਤਰ ਵਿਚ ਆਪਣੀਆਂ ਬੁਲੰਦੀਆਂ ਦਾ ਲੋਹਾ ਮੰਨਵਾ ਰੱਖਿਆ ਹੈ। ਪਰ ਅਫ਼ਸੋਸ! ਕਿ ਮਨੁੱਖ ਆਪਣੇ ਨਿੱਜੀ ਰਿਸ਼ਤਿਆਂ ਪ੍ਰਤੀ ਬਹੁਤ ਕੰਗਾਲ ਹੋ ਰਿਹਾ ਹੈ। ਮਨੁੱਖੀ ਰਿਸ਼ਤੇ ਨਿਘਾਰ ਵੱਲ ਨੂੰ ਜਾ ਰਹੇ ਹਨ। ਰਿਸ਼ਤਿਆਂ ਦੀ ਡੋਰ ਦੀਆਂ ਜੋ ਗੰਢਾਂ ਕੱਸ ਕੇ ਬੱਝੀਆਂ ਹੋਈਆਂ ਸਨ, ਉਹ ਦਿਨ ਪ੍ਰਤੀ ਦਿਨ ਢਿੱਲੀਆਂ ਹੋ ਰਹੀਆਂ ਹਨ। ਡਰ ਹੈ ਕਿ ਢਿੱਲੀਆਂ ਹੁੰਦੀਆਂ-ਹੁੰਦੀਆਂ ਇਹ ਖੁੱਲ੍ਹ ਹੀ ਨਾ ਜਾਣ? ਜਿਸ ਨਾਲ ਬਹੁਤ ਸਾਰੇ ਰਿਸ਼ਤੇ ਖ਼ਤਮ ਹੋ ਜਾਣਗੇ।

ਪਹਿਲਾਂ ਸਾਡੇ ਰਹਿਣ-ਸਹਿਣ, ਮਿਲਣ-ਵਰਤਣ ਦੀ ਸਮਾਜਿਕ ਜੀਵਨ ਸ਼ੈਲੀ ਸਾਂਝੇ ਪਰਿਵਾਰਾਂ ਦੀ ਹੁੰਦੀ ਸੀ। ਪਰਿਵਾਰ ਦੇ ਕਿਸੇ ਵੱਡੇ ਜੀਅ ਜਾਂ ਸਿਆਣੇ ਨੂੰ ਪਰਿਵਾਰਕ ਮੁਖੀ ਮੰਨਿਆ ਜਾਂਦਾ ਸੀ। ਹਰੇਕ ਨਿੱਕਾ-ਵੱਡਾ ਜੀਅ ਉਸ ਦੇ ਲਏ ਗਏ ਫ਼ੈਸਲਿਆਂ ਉੱਪਰ ਫੁੱਲ ਚੜ੍ਹਾਉਂਦਾ ਸੀ। ਬੱਚਿਆਂ ਨੂੰ ਓਨਾ ਡਰ ਆਪਣੇ ਮਾਂ-ਪਿਉ ਦਾ ਨਹੀਂ ਹੁੰਦਾ ਸੀ, ਜਿੰਨਾ ਆਪਣੇ ਚਾਚਿਆਂ ਜਾਂ ਤਾਇਆਂ ਕੋਲੋਂ ਹੁੰਦਾ ਸੀ। ਮਾਵਾਂ ਅਕਸਰ ਆਪਣੇ ਲਾਡਲਿਆਂ ਨੂੰ ਸਮਝਾਉਣ ਸਮੇਂ ਚਾਚੇ ਜਾਂ ਮਾਮੇ ਦਾ ਡਰ ਦਿਆ ਕਰਦੀਆਂ ਸਨ। ਦਰਾਣੀਆਂ-ਜਠਾਣੀਆਂ ਦਾ ਆਪਸੀ ਇਕੱਠ ਹੁੰਦਾ ਸੀ। ਹਰੇਕ ਕੰਮ ਰਲ-ਮਿਲ ਕੇ ਕਰ ਲਿਆ ਜਾਂਦਾ ਸੀ। ਨੂੰਹਾਂ ਦੁਆਰਾ ਆਪਣੀ ਸੱਸ ਦੇ ਰੋਅਬ ਨੂੰ ਪੂਰੀ ਤਰ੍ਹਾਂ ਮੰਨਿਆ ਅਤੇ ਝੱਲਿਆ ਜਾਂਦਾ ਸੀ। ਫਿਰ ਵੀ ਉਨ੍ਹਾਂ ਦੀ ਜ਼ੁਬਾਨ ਬੀਜੀ-ਬੀਜੀ ਕਰਦੀਆਂ ਦੀ ਨਹੀਂ ਸੀ ਥੱਕਦੀ ਹੁੰਦੀ। ਘਰ ਆਏ ਭੂਆ-ਫੁੱਫੜ ਦਾ ਪੂਰਾ ਇੱਜ਼ਤ-ਮਾਣ ਹੁੰਦਾ ਸੀ। ਕੋਈ ਵੀ ਪਰਿਵਾਰਕ ਝਗੜਾ ਜਾਂ ਤਕਰਾਰ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਫੁੱਫੜ ਨੂੰ ਹੀ ਸੱਦਿਆ ਜਾਂਦਾ ਸੀ। ਭੂਆ ਨੂੰ ਵੀ ਉਸ ਦੀਆਂ ਭਾਬੀਆਂ ਭੈਣ ਜੀ, ਭੈਣ ਜੀ ਕਰਦੀਆਂ ਥੱਕਦੀਆਂ ਨਹੀਂ ਹੁੰਦੀਆਂ ਸਨ। ਮਾਸੀ ਦਾ ਰਿਸ਼ਤਾ ਮਾਂ ਦਾ ਹੀ ਦੂਜਾ ਰੂਪ ਹੁੰਦਾ ਸੀ। ਮਾਸੀਆਂ ਦੇ ਆਉਣ ਤੇ ਭਣੇਵੇਂ-ਭਣੇਵੀਆਂ ਖੁਸ਼ੀ ਨਾਲ ਖੀਵੇ ਹੋਏ ਫਿਰਦੇ ਹੁੰਦੇ ਸਨ। ਇਹ ਆਪਣਾਪਨ ਇਥੇ ਹੀ ਖ਼ਤਮ ਨਹੀਂ ਸੀ ਹੋ ਜਾਂਦਾ, ਸਗੋਂ ਇਨ੍ਹਾਂ ਭਤੀਜੇ-ਭਤੀਜੀਆਂ, ਭਣੇਵੇ-ਭਣੇਵੀਆਂ ਦੇ ਰਿਸ਼ਤੇ ਅਤੇ ਵਿਆਹ ਵੀ ਇਨ੍ਹਾਂ ਮਾਮੇ, ਮਾਸੀਆਂ ਅਤੇ ਭੂਆ-ਫੁੱਫੜ ਦੀ ਸਲਾਹ ਨਾਲ ਕੀਤੇ ਜਾਂਦੇ ਸਨ। ਇਸ ਤਰ੍ਹਾਂ ਹਰੇਕ ਰਿਸ਼ਤੇ ਲਈ ਸਭ ਦੇ ਮਨਾਂ ਵਿਚ ਪਿਆਰ-ਸਤਿਕਾਰ ਹੁੰਦਾ ਸੀ। ਦੁੱਖ ਨਾਲ ਲਿਖਣਾ ਪੈ ਰਿਹਾ ਹੈ, ਅੱਜ ਇਹ ਸਭ ਕੁਝ ਖਤਮ ਹੋ ਰਿਹਾ ਹੈ। ਬਹੁਤ ਸਾਰੇ ਰਿਸ਼ਤਿਆਂ ਦੇ ਨਾਵਾਂ ਨੂੰ ਦੋ ਸ਼ਬਦਾਂ ਭਾਵ 'ਅੰਕਲ-ਆਂਟੀ', ਨੇ ਖਾ ਲਿਆ ਹੈ। ਅੱਜ ਪਰਿਵਾਰ ਵਿਚ ਵੀ ਜਿੰਨੇ ਜੀਅ ਹਨ, ਉਨੀਂ ਬੰਨੀ ਮੂੰਹ ਹੋ ਗਏ ਹਨ। ਬਹੁਤ ਸਾਰੇ ਆਪਸੀ ਰਿਸ਼ਤਿਆਂ ਦੀ ਮਾਣ-ਮਰਿਯਾਦਾ ਸ਼ਰਮਸਾਰ ਹੋਈ ਪਈ ਹੈ।

'ਮਾਂ' ਜਿਹੜੀ ਆਪ ਗਿੱਲੇ 'ਤੇ ਸੌਂ ਜਾਂਦੀ ਸੀ ਅਤੇ ਆਪਣੇ ਮੂੰਹ ਵੱਲ ਨੂੰ ਜਾਣ ਵਾਲਾ ਨਿਵਾਲਾ ਵੀ ਆਪਣੇ ਬੱਚਿਆਂ ਦੇ ਮੂੰਹ ਵਿਚ ਪਾ ਦਿੰਦੀ ਸੀ, ਅੱਜ ਉਸੇ ਮਾਂ ਨੂੰ ਬਹੁਤ ਜਲਦੀ ਬਿਨਾਂ ਉਸ ਦੀਆਂ ਕੁਰਬਾਨੀਆਂ ਨੂੰ ਚੇਤੇ ਕੀਤਿਆਂ ਬਾਂਹ ਤੋਂ ਫੜ ਕੇ ਅਨਾਥ ਆਸ਼ਰਮ ਦਾ ਦਰਵਾਜ਼ਾ ਵਿਖਾ ਦਿੱਤਾ ਜਾਂਦਾ ਹੈ। ਮਾਂ ਅੱਜ ਆਪਣੇ ਬੱਚਿਆਂ ਲਈ ਬੋਝ ਕਦੋਂ ਅਤੇ ਕਿਸ ਤਰ੍ਹਾਂ ਬਣ ਗਈ? ਸਮਝ ਨਹੀਂ ਆਉਂਦੀ। ਅੱਜ ਸਾਨੂੰ ਮਾਂ ਦੀਆਂ ਅਸੀਸਾਂ ਦੀ ਲੋੜ ਹੈ।

'ਪਿਤਾ' ਜਿਸਦੀ ਉਂਗਲੀ ਫੜ ਕੇ ਅਤੇ ਮੋਢਿਆਂ 'ਤੇ ਚੜ੍ਹ ਕੇ ਧੀਆਂ-ਪੁੱਤਰ ਕਦੋਂ ਜਵਾਨ ਹੋ ਗਏ ਅਤੇ ਬੱਚਿਆਂ ਦੀਆਂ ਸੁੱਖ-ਸਹੂਲਤਾਂ ਲਈ ਸਾਡੇ ਪਿਤਾ ਨੇ ਕੀ-ਕੀ ਵਕਤ ਕੱਟੇ? ਬੱਚਿਆਂ ਨੂੰ ਪਤਾ ਹੀ ਨਹੀਂ ਲੱਗਾ। ਉਨ੍ਹਾ ਦੀਆਂ ਮੰਗਾਂ ਪੂਰੀਆਂ ਕਰਦੇ-ਕਰਦੇ ਪਿਤਾ ਨੇ ਨਾ ਦਿਨ ਤੇ ਨਾ ਰਾਤ ਵੇਖੀ, ਬਸ! ਹਰ ਸਮੇਂ ਮਿੱਟੀ ਅਤੇ ਮਜਬੂਰੀਆਂ ਨਾਲ ਘੁਲਦਾ ਰਿਹਾ। ਇਸ ਦੁਨੀਆ ਵਿਚ ਕੋਈ ਵੀ ਅਜਿਹਾ ਬੰਦਾ ਨਹੀਂ ਹੈ। ਜਿਹੜਾ ਆਪਣੇ ਨਾਲੋਂ ਜ਼ਿਆਦਾ ਕਿਸੇ ਹੋਰ ਦੀ ਤਰੱਕੀ ਵੇਖ ਕੇ ਖੁਸ਼ ਹੁੰਦਾ ਹੋਵੇ ਪਰ 'ਪਿਤਾ' ਇਕ ਅਜਿਹਾ ਇਨਸਾਨ ਹੈ ਜਿਹੜਾ ਇਹ ਚਾਹੁੰਦਾ ਹੈ ਕਿ ਉਸ ਦੇ ਬੱਚੇ ਉਸ ਤੋਂ ਵੀ ਵੱਧ ਤਰੱਕੀ ਕਰਨ। ਅਫ਼ਸੋਸ ! ਜਦੋਂ ਪੁੱਤ ਮੁੱਛਾਂ ਨੂੰ ਵੱਟ ਦੇਣ ਜੋਗਾ ਹੋ ਜਾਂਦਾ ਹੈ ਤਾਂ ਪਿਤਾ ਨੂੰ 'ਬੁੱਢਾ' ਬਣਾ ਦਿੱਤਾ ਜਾਂਦਾ ਹੈ ।

'ਪਤੀ-ਪਤਨੀ' ਦੇ ਰਿਸ਼ਤੇ ਨੂੰ ਧੁਰ ਦਰਗਾਹ ਤੋਂ ਲਿਖੇ ਹੋਣਾ ਮੰਨਿਆ ਜਾਂਦਾ ਹੈ। ਗੁਰਬਾਣੀ ਵਿਚ ਵੀ ਇਸ ਰਿਸ਼ਤੇ ਪ੍ਰਤੀ ਵਿਸ਼ੇਸ਼ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ:

'ਧਨ ਪਿਰੁ ਏਹਿ ਨ ਆਖੀਅਨਿਬਹਨਿ ਇਕਠੇ ਹੋਇ॥

ਏਕ ਜੋਤਿ ਦੁਇ ਮੂਰਤੀਧਨ ਪਿਰੁ ਕਹੀਐ ਸੋਇ ॥'

ਇਹ ਦੋ ਸਰੀਰਾਂ ਦਾ ਨਹੀਂ ਬਲਕਿ ਦੋ ਰੂਹਾਂ ਦਾ ਮੇਲ ਹੁੰਦਾ ਹੈ। ਪਤੀ-ਪਤਨੀ ਦਾ ਸਾਥ ਇਕ ਦੂਜੇ ਲਈ ਸਭ ਤੋਂ ਲੰਮਾਂ ਚੱਲਣ ਵਾਲਾ ਹੁੰਦਾ ਹੈ। ਇਸ ਰਿਸ਼ਤੇ ਦੀ ਸਭ ਤੋਂ ਪੱਕੀ ਬੁਨਿਆਦ 'ਵਿਸ਼ਵਾਸ' ਹੁੰਦਾ ਹੈ ਜੋ ਅੱਜ ਖਤਮ ਹੁੰਦਾ ਜਾ ਰਿਹਾ ਹੈ। ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਵਿਸ਼ਵਾਸ ਸਿਰਫ਼ ਇਕ ਦੂਜੇ 'ਤੇ ਕਰਨ ਦੀ ਗੱਲ ਹੀ ਨਹੀਂ ਹੋਣੀ ਚਾਹੀਦੀ ਬਲਕਿ ਇਕ ਦੂਜੇ ਪ੍ਰਤੀ ਹਰ ਹਾਲਤ ਵਿਚ ਕਾਇਮ ਰੱਖਣ ਦੀ ਹੋਣੀ ਚਾਹੀਦੀ ਹੈ। ਅੱਜ ਅਦਾਲਤਾਂ ਵਿਚ ਬਹੁ ਗਿਣਤੀ ਤਲਾਕ ਦੇ ਕੇਸਾਂ ਦੀ ਹੈ। ਪਤੀ-ਪਤਨੀ ਦੁਆਰਾ ਬਿਨਾਂ ਇਕ ਦੂਜੇ ਨੂੰ ਸਮਝੇ ਛੋਟੀਆਂ-ਛੋਟੀਆਂ ਗੱਲਾਂ ਨੂੰ ਅਦਾਲਤਾ ਵਿਚ ਲਿਜਾ ਕੇ ਧੱਕੇ ਖਾਣ ਦੀ ਗ਼ਲਤੀ ਕੀਤੀ ਜਾ ਰਹੀ ਹੈ। ਪਰ ਇਕ ਗੱਲ ਆਪਣੇ ਮਨ ਵਿਚ ਪੱਕੀ ਕਰ ਲੈਣੀ ਚਾਹੀਦੀ ਹੈ ਕਿ ਇਕ ਤੋਂ ਤਲਾਕ ਲੈ ਕੇ ਦੁਬਾਰਾ ਫਿਰ ਵੀ ਕਿਸੇ ਔਰਤ ਜਾਂ ਆਦਮੀ ਨਾਲ ਹੀ ਵਿਆਹ ਹੋਣਾ ਹੁੰਦਾ ਹੈ, ਰੱਬ ਨਾਲ ਨਹੀਂ।

'ਪੁੱਤਰ' ਬਾਰੇ ਅਕਸਰ ਹੀ ਤੁਸੀਂ ਕਿਤੇ ਸੁਣਿਆਂ ਜਾਂ ਲਿਖਿਆ ਪੜ੍ਹਿਆ ਹੋਵੇਗਾ ਕਿ 'ਪੁੱਤਰ ਮਿਠੜੇ ਮੇਵੇ, ਰੱਬ ਸਭ ਨੂੰ ਦੇਵੇ'। ਪੁੱਤਰ ਪ੍ਰਾਪਤੀ ਦੀ ਚਾਹਤ ਬੰਦੇ ਦੀ ਆਖਰੀ ਸਾਹਾਂ ਤੱਕ ਵੀ ਖ਼ਤਮ ਨਹੀਂ ਹੁੰਦੀ। ਪੁੱਤਰ ਦੇ ਹੋਣ ਨੂੰ ਬੁਢੇਪੇ ਦੀ ਡੰਗੋਰੀ ਜਾਂ ਸਹਾਰਾ ਸਮਝਿਆ ਜਾਂਦਾ ਹੈ। ਪੁੱਤਰ ਨੂੰ ਹੀ ਜ਼ਮੀਨ ਜਾਇਦਾਦ ਦਾ ਅਸਲੀ ਵਾਰਸ ਮੰਨਿਆ ਜਾਂਦਾ ਹੈ। ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਜਿਸ ਪੁੱਤਰ ਦਾ ਜਨਮ ਹੀ ਇਸ ਉਮੀਦ ਨਾਲ ਹੋਇਆ ਹੁੰਦਾ ਹੈ ਕਿ ਇਹ ਪੁੱਤਰ ਸਾਡੀ ਜ਼ਮੀਨ-ਜਾਇਦਾਦ ਦਾ ਵਾਰਿਸ ਬਣੇਗਾ, ਉਸ ਪੁੱਤਰ ਨੂੰ ਜ਼ਮੀਨ-ਜਾਇਦਾਦ ਦੀ ਜਲਦ ਪ੍ਰਾਪਤੀ ਦੀ ਭੁੱਖ ਜਾਂ ਲਾਲਸਾ ਕਿਉਂ ਬਣ ਜਾਂਦੀ ਹੈ। ਪੁੱਤਰ ਉਸ ਦੌਲਤ ਨੂੰ ਆਪਣੇ ਬਾਪ ਕੋਲੋਂ ਹਰ ਤਰਕ, ਤਰੀਕੇ ਨਾਲ ਖੋਹਣ ਲਈ ਯਤਨਸ਼ੀਲ ਕਿਉਂ ਹੋ ਰਿਹਾ ਹੈ।

'ਧੀਆਂ' ਲਈ ਇਹ ਸ਼ਬਦ ਸੁਣਨ ਲਈ ਬਹੁਤ ਥਾਂ ਮਿਲ ਜਾਂਦੇ ਹਨ ਕਿ 'ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਦੀਆਂ ਨੇ'। ਧੀਆਂ ਸਭ ਦੀ ਇੱਜ਼ਤ ਹੁੰਦੀਆਂ ਹਨ ਅਤੇ ਮੈਂ 'ਧੀ' ਲਈ ਸਿਰਫ ਏਨਾਂ ਹੀ ਲਿਖਣਾ ਚਾਹੁੰਦਾ ਹਾਂ ਕਿ 'ਸੁਣ ਧੀਏ ਲਾਡਲੀਏ, ਤੂੰ ਇੱਜ਼ਤ ਹਂੈ ਘਰ ਦੀ'। ਧੀ ਦੀ ਕਿਸੇ ਗ਼ਲਤੀ ਕਾਰਨ ਪੱਥਰ ਬਣੇ ਹੋਏ ਮਾਂ-ਬਾਪ ਵੀ ਜਦੋਂ ਆਪਣੀ ਧੀ ਦੀ ਅੱਖ ਵਿਚ ਹੰਝੂ ਦੇਖ ਲੈਣ ਤਾਂ ਉਨ੍ਹਾਂ ਨੂੰ ਮੋਮ ਬਣਨ ਲੱਗਿਆਂ ਬਹੁਤੀ ਦੇਰ ਨਹੀਂ ਲਗਦੀ। ਧੀਆਂ ਨੂੰ ਮਾਂ-ਪਿਉ ਦੀ ਇੱਜ਼ਤ ਦੇ ਖਿਲਾਫ਼ ਜਾਣ ਤੋਂ ਪਹਿਲਾਂ ਸੌ ਵਾਰ ਨਹੀਂ ਹਜ਼ਾਰ ਵਾਰ ਸੋਚਣਾ ਚਾਹੀਦਾ ਹੈ ਅਤੇ ਹਜ਼ਾਰ ਵਾਰ ਸੋਚਣ ਤੋਂ ਬਾਅਦ ਵੀ ਸਿਰਫ ਤੇ ਸਿਰਫ ਮਾਂ-ਬਾਪ ਦੇ ਹੱਕ ਵਿਚ ਭੁਗਤਣਾ ਚਾਹੀਦਾ ਹੈ।

'ਭਰਾ' ਦਾ ਰਿਸ਼ਤਾ ਬਚਪਨ ਤੋਂ ਹੀ ਭੈਣਾਂ ਅਤੇ ਭਰਾਵਾਂ ਲਈ ਬਹੁਤ ਨਜ਼ਦੀਕੀ ਰਿਸ਼ਤਾ ਹੁੰਦਾ ਹੈ। ਇਹ ਆਮ ਕਿਹਾ-ਸੁਣਿਆ ਜਾਂਦਾ ਹੈ ਕਿ ਭਰਾ ਸੱਜੀਆਂ ਬਾਹਵਾਂ ਹੁੰਦੇ ਹਨ। ਜਿਥੇ ਕਿਤੇ ਲੋੜ ਪੈਂਦੀ ਦਿਸੇ ਭੈਣਾਂ ਅਤੇ ਭਰਾ ਲੋਹੇ ਦੀ ਦੀਵਾਰ ਬਣ ਖਲੋ ਜਾਂਦੇ ਹਨ। ਜਦੋਂ ਬੇਸਮਝ ਬਚਪਨ ਸੀ ਤਾਂ ਇਹ ਭੈਣ-ਭਰਾ ਇਕ ਦੂਜੇ ਦੀਆਂ ਬਾਹਵਾਂ ਸਨ ਪਰ ਜਦੋਂ ਵੱਡੇ ਹੋ ਗਏ ਅਤੇ ਆਪਣੇ ਆਪ ਨੂੰ ਸਿਆਣੇ ਮੰਨ ਲਿਆ ਤਾਂ ਇਕ ਦੂਜੇ ਨੂੰ ਸ਼ਰੀਕ ਸਮਝਣ ਲੱਗ ਪਏ ਅਤੇ ਛੋਟੀਆਂ-ਛੋਟੀਆਂ ਗੱਲਾਂ, ਜ਼ਮੀਨ ਜਾਇਆਦਾਦ ਦੇ ਲੜਾਈ ਝਗੜਿਆਂ ਤੋਂ ਇਕ ਦੂਜੇ ਨੂੰ ਦੁਸ਼ਮਣ ਸਮਝਣ ਲੱਗ ਪਏ, ਗੱਲ ਕਤਲਾਂ ਤੱਕ ਪਹੁੰਚਾ ਦਿੱਤੀ। ਅਸੀਂ ਇਨ੍ਹਾਂ ਨੂੰ ਸ਼ਰੀਕ ਸਮਝਣ ਦੀ ਭਾਰੀ ਭੁੱਲ ਕਰ ਰਹੇ ਹਾਂ। ਅੱਜ ਕਈਆਂ ਘਰਾਂ ਦੇ ਚੁੱਲ੍ਹਿਆਂ ਵਿਚ ਉੱਗਿਆ ਹੋਇਆ ਘਾਹ ਸਾਡੀ ਸੋਚ ਅਤੇ ਅਕਲ ਨੂੰ ਕੋਸ ਰਿਹਾ ਹੈ।

'ਸੱਸ' ਇਕ ਉਹ ਸ਼ਬਦ ਹੈ ਜਿਸਨੂੰ ਬੋਲਣ-ਸੁਣਨ ਲੱਗਿਆਂ ਹੀ ਤਾਅਨੇ ਦੇ ਰੂਪ ਵਿਚ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ। ਪੁੱਤ ਵਿਆਹ ਕੇ ਨੂੰਹ ਨੂੰ ਜਦੋਂ ਘਰ ਲੈ ਆਉਂਦੇ ਹਾਂ ਤਾਂ ਸੱਸ ਬਣ ਬੈਠੀ ਮਾਂ ਅਕਸਰ ਇਹ ਭੁੱਲ ਬੈਠਦੀ ਹੈ ਕਿ ਇਹ ਨੂੰਹ ਨਹੀਂ ਘਰ ਦੀ ਅਸਲੀ ਧੀ ਆਈ ਹੈ ਜਿਸ ਨੂੰ ਧੀ ਨਾਲੋਂ ਵੀ ਵੱਧ ਪਿਆਰ ਦੀ ਲੋੜ ਹੁੰਦੀ ਹੈ। ਨੂੰਹ ਦਾ ਬਿਨਾਂ ਆਗਿਆ ਜਾਂ ਲੋੜ ਤੋਂ ਵੱਧ ਬੋਲਣਾ ਬਰਦਾਸ਼ਤ ਤੋਂ ਬਾਹਰ ਦੀ ਗੱਲ ਮੰਨਿਆਂ ਜਾਣ ਲੱਗ ਪੈਂਦਾ ਹੈ। ਅਜਿਹੇ ਮਾਹੌਲ ਦੇ ਵਿਗੜੇ ਰਿਸ਼ਤੇ ਬਹੁਤ ਦੂਰ ਤੱਕ ਦੀ ਲੰਮੀ ਕਹਾਣੀ ਬਣ ਜਾਂਦੇ ਹਨ। ਅਜਿਹੀਆਂ ਕਹਾਣੀਆਂ ਬਣਨ ਤੋਂ ਰੋਕੀਆਂ ਜਾ ਸਕਦੀਆਂ ਹਨ ਪਰ ਸਿਰਫ 'ਮਾਂ' ਬਣ ਕੇ ਅਤੇ 'ਧੀ' ਬਣਾ ਕੇ ਰੋਕੀਆਂ ਜਾ ਸਕਦੀਆਂ ਹਨ।

'ਨਨਾਣ' ਛੋਟੀ ਭੈਣ ਵਰਗੀ ਹੁੰਦੀ ਹੈ ਪਰ ਨਨਾਣ ਕਦੇ ਵੀ ਦੁੱਖ-ਦਰਦ ਸੁਣਨ ਲਈ ਆਪਣੀ ਭਰਜਾਈ ਦੀ ਛੋਟੀ ਭੈਣ ਬਣਨ ਲਈ ਤਿਆਰ ਨਹੀਂ ਹੁੰਦੀ। ਇਹ ਆਪਣੀ ਮਾਂ ਨੂੰ ਕਦੇ ਵੀਂ 'ਮਾਂ' ਨਾ ਬਣਨ ਦਿੰਦੀ ਬਲਕਿ 'ਸੱਸ' ਹੀ ਬਣੀ ਰਹਿਣ ਦੀ ਗੱਲ ਕਰਦੀ। ਇਸ ਨੂੰ ਹਰ ਵੇਲੇ ਸਿਰਫ ਮਾਂ ਹੀ ਸਾਰਾ ਕੁਝ ਸਹੀ ਕਰਦੀ ਲਗਦੀ ਹੈ। ਘਰ ਦੀ ਹਰੇਕ ਗੱਲ ਦਾ ਨਨਾਣ ਨੂੰ ਸਭ ਪਤਾ ਹੁੰਦਾ ਹੈ। ਕਿਸੇ ਘਰ ਵਿਚ ਇਹਦੀ ਤਾਂ ਹੱਦ ਤੋਂ ਵੀ ਵੱਧ ਦਖਲ ਅੰਦਾਜ਼ੀ ਹੁੰਦੀ ਹੈ। ਨਨਾਣ ਚਾਹਵੇ ਤਾਂ ਬਹੁਤ ਘਰਾਂ ਦਾ ਕਲੇਸ਼ ਖਤਮ ਹੋ ਸਕਦਾ ਹੈ।

'ਨੂੰਹ' ਜਿਸ ਤੋਂ ਬਿਨਾਂ ਪਰਿਵਾਰ ਦੇ ਵਾਧੇ ਦੀ ਕਲਪਨਾ ਕਰਨੀ ਵੀ ਮੁਸ਼ਕਿਲ ਹੁੰਦੀ ਹੈ। ਘਰ ਦੀ ਮਾਲਿਕ ਬਣੀ ਨੂੰਹ ਆਪਣੇ ਫ਼ਰਜ਼ਾਂ ਨੂੰ ਦੂਜਿਆਂ ਪ੍ਰਤੀ ਭੁਲਾ ਬੈਠਦੀ ਹੈ ਅਤੇ ਪਤੀ ਨੂੰ ਸਪੱਸ਼ਟ ਕਰ ਦਿੰਦੀ ਹੈ ਕਿ 'ਤੁੂੰ ਜਿੰਨੀਆਂ ਮਰਜ਼ੀ ਇਨ੍ਹਾਂ ਦੀਆਂ ਗੱਲਾਂ ਸੁਣੀ ਜਾਹ ਪਰ ਮੇਰੇ ਕੋਲੋਂ ਇਨ੍ਹਾਂ ਸ਼ਰੀਕਾਂ ਦੀਆਂ ਗੱਲਾਂ ਨਹੀਂ ਸੁਣੀਆਂ ਜਾਣੀਆਂ।' ਇਕ ਵਾਰ ਤਾਂ ਪਤੀ ਨੂੰ ਵੀ ਸਮਝ ਨਹੀਂ ਆਉਂਦੀ ਕਿ ਸਾਡੇ ਘਰ ਵਿਚ ਇਹ 'ਸ਼ਰੀਕ' ਕਿਹੜੇ ਆ ਗਏ। ਸਭ ਤੋਂ ਪਹਿਲਾਂ ਤਾਂ ਘਰ ਦਾ ਜੁੱਲੀ-ਬਿਸਤਰਾ ਵੰਡ ਕੇ ਇਨ੍ਹਾਂ ਸ਼ਰੀਕਾਂ ਤੋਂ ਹੀ ਪੱਲਾ ਛੁਡਵਾਇਆ ਜਾਂਦਾ ਹੈ। ਨੂੰਹ ਚਾਹਵੇ ਤਾਂ ਸਾਰੇ ਘਰ ਨੂੰ ਇਕ ਡੋਰ ਵਿਚ ਪਰੋ ਸਕਦੀ ਹੈ ਪਰ ਇਸਨੂੰ ਘਰ ਦੀ ਅਸਲੀ ਧੀ ਬਣਨਾ ਪੈਣਾ ਹੈ।

'ਟੁੱਟੀਆਂ ਬਾਹਵਾਂ ਆਖਰ ਗਲ ਨੂੰ ਆਉਂਦੀਆਂ ਨੇ' ਦੇ ਅਰਥ ਸਮਝਦਿਆਂ ਹੋਇਆਂ ਜੇ ਅਸੀਂ ਹਾਲੇ ਵੀ ਸੰਭਲ ਜਾਈਏ ਤਾਂ ਡੁੱਲ੍ਹੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ। ਸਾਡੇ ਸਾਰੇ ਰਿਸ਼ਤੇ ਬਹੁਤ ਨਿੱਘੇ ਅਤੇ ਪਿਆਰ ਦੇਣ ਵਾਲੇ ਹਨ। ਇਨ੍ਹਾ ਦੀ ਮਹੱਤਤਾ ਨੂੰ ਸਮਝਦੇ ਹੋਏ ਟੁੱਟਣੋ ਅਤੇ ਖਤਮ ਹੋਣੋ ਬਚਾ ਲਈਏ। ਆਪਣੇ ਰਿਸ਼ਤਿਆਂ ਪ੍ਰਤੀ ਸੱਚੇ ਦਿਲੋਂ ਜ਼ਿੰਮੇਵਾਰ ਬਣੀਏ। ਆਓ! ਪਹਿਲਾਂ ਦੀ ਤਰ੍ਹਾਂ ਇਕ ਸਿੱਧੇ-ਸਾਦੇ ਸਮਾਜ ਦੀ ਘਾੜਤ-ਘੜੀਏ ਹਰੇਕ ਰਿਸ਼ਤੇ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਪਛਾਣੀਏ ਅਤੇ ਇਨ੍ਹਾਂ ਸਾਰੇ ਰਿਸ਼ਤਿਆਂ ਦੀਆਂ ਢਿੱਲੀਆਂ ਹੋਈਆਂ ਗੰਢਾਂ ਨੂੰ ਏਨਾ ਕੁ ਕੱਸ ਲਈਏ ਜੋ ਇਨ੍ਹਾ ਦੇ ਖੁੱਲ੍ਹ ਜਾਣ ਦੀ ਕੋਈ ਗੁੰਜਾਇਸ਼ ਬਾਕੀ ਹੀ ਨਾ ਰਹਿ ਜਾਵੇ।

ਖ਼ੈਰ! ਅੱਜ ਵੀ ਉਹ ਲੋਕ ਹਨ ਜਿਨ੍ਹਾਂ ਨੇ ਆਪਣੀਆਂ ਮਾਣ-ਮਰਿਯਾਦਾਵਾਂ, ਆਪਣੇ ਵਿਰਸੇ ਨੂੰ ਕਿਸੇ ਨਾ ਕਿਸੇ ਰੂਪ ਵਿਚ ਸੰਭਾਲ ਕੇ ਰੱਖਿਆ ਹੋਇਆ ਹੈ। ਜਿਨ੍ਹਾਂ ਦੀ ਅੱਖ ਵਿਚ ਅੱਜ ਵੀ ਆਪਣੇ ਮਾਂ-ਬਾਪ, ਭੈਣ-ਭਰਾਵਾਂ ਅਤੇ ਹੋਰ ਸਭ ਸਮਾਜਿਕ ਰਿਸ਼ਤਿਆਂ ਪ੍ਰਤੀ ਆਦਰ, ਪਿਆਰ, ਸਤਿਕਾਰ ਅਤੇ ਸ਼ਰਮ ਕਾਇਮ ਹੈ, ਸਲੂਟ ਹੈ ਇਨ੍ਹਾਂ ਰੱਬੀ ਰੂਹਾਂ ਨੂੰ।

 

ਸਤਿਨਾਮ ਸਿੰਘ