ਜਰਮਨੀ ਅਤੇ ਯੂਰਪ ਵਿੱਚ ਕਾਲੇ ਲੋਕਾਂ ਵਿਰੁੱਧ ਨਸਲਵਾਦ ਵਧਿਆ
ਯੂਰਪੀ ਏਜੰਸੀ ਫਾਰ ਫੰਡਾਮੈਂਟਲ ਰਾਈਟਸ ਅਰਥਾਤ ਐੱਫ.ਆਰ.ਏ ਨੇ ਕੀਤਾ ਦਾਅਵਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੰਡਨ-ਯੂਰਪੀ ਸੰਘ ਦੇ 13 ਦੇਸ਼ਾਂ ਵਿਚ ਖੋਜ ਤੋਂ ਬਾਅਦ ਇਕ ਯੂਰਪੀ ਏਜੰਸੀ ਫਾਰ ਫੰਡਾਮੈਂਟਲ ਰਾਈਟਸ ਅਰਥਾਤ ਐੱਫ.ਆਰ.ਏ ਨੇ ਦਾਅਵਾ ਕੀਤਾ ਹੈ ਕਿ ਕਈ ਦੇਸ਼ਾਂ ਵਿਚ ਨਸਲੀ ਵਿਤਕਰਾ ਬਹੁਤ ਬੁਰੀ ਸਥਿਤੀ ਵਿਚ ਪਹੁੰਚ ਗਿਆ ਹੈ। ਇਸ ਮਾਮਲੇ ਵਿੱਚ ਜਰਮਨੀ ਦੀ ਹਾਲਤ ਬਦਤਰ ਹੈ। 77 ਫੀਸਦੀ ਲੋਕਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ।
ਮੌਲਿਕ ਅਧਿਕਾਰਾਂ ਲਈ ਕੰਮ ਕਰਨ ਵਾਲੀ ਐੱਫ.ਆਰ.ਏ. ਨੇ ਕਿਹਾ ਕਿ ਜਰਮਨੀ ਇਨ੍ਹਾਂ ਮਾਮਲਿਆਂ ਵਿਚ ਸਭ ਤੋਂ ਖਰਾਬ ਸਥਿਤੀ ਵਿਚ ਹੈ। ਸਰਵੇਖਣ ਦੌਰਾਨ ਜਿਨ੍ਹਾਂ ਲੋਕਾਂ ਨਾਲ ਗੱਲ ਕੀਤੀ ਗਈ ,ਉਨ੍ਹਾਂ ਵਿਚੋਂ 77 ਫੀਸਦੀ ਲੋਕਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਨੂੰ ਆਪਣੀ ਚਮੜੀ ਦੇ ਰੰਗ, ਨਸਲ ਜਾਂ ਧਰਮ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ। ਐੱਫ.ਆਰ.ਏ ਨੇ ਨਸਲੀ ਵਿਤਕਰੇ ਨੂੰ ਲੈਕੇ ਡਾਟਾ ਇਕੱਠਾ ਕਰਨ ਲਈ 15 ਯੂਰਪੀ ਦੇਸ਼ਾਂ ਦੇ 16,124 ਪ੍ਰਵਾਸੀਆਂ ਅਤੇ ਉਨ੍ਹਾਂ ਦੇ ਵੰਸ਼ਜਾਂ ਦੀ ਇੰਟਰਵਿਊ ਕੀਤੀ। ਇਨ੍ਹਾਂ ਵਿਚ ਕਾਲੇ ਲੋਕਾਂ ਤੋਂ ਇਲਾਵਾ ਮੁਸਲਮਾਨ ਅਤੇ ਹੋਰ ਘੱਟ ਗਿਣਤੀ ਕਬੀਲੇ ਵੀ ਹਨ। ਇਹ ਡਾਟਾ ਅਕਤੂਬਰ 2021 ਤੋਂ ਸਤੰਬਰ 2022 ਦਰਮਿਆਨ ਇਕੱਠਾ ਕੀਤਾ ਗਿਆ ਸੀ। ਇਨ੍ਹਾਂ ਦੇ ਆਧਾਰ 'ਤੇ ਏਜੰਸੀ ਵੱਖ-ਵੱਖ ਰਿਪੋਰਟਾਂ ਜਾਰੀ ਕਰੇਗੀ।
ਏਜੰਸੀ ਨੇ ਯੂਰਪੀ ਸੰਘ ਦੇ 13 ਦੇਸ਼ਾਂ ਵਿਚ ਅਫਰੀਕੀ ਮੂਲ ਦੇ ਲੋਕਾਂ ਵਿਚ ਨਸਲਵਾਦ ਅਤੇ ਭੇਦਭਾਵ ਦਾ ਪਤਾ ਲਗਾਉਣ ਲਈ ਇਹ ਸਰਵੇਖਣ ਕਰਵਾਇਆ ਸੀ। "ਬੀਇੰਗ ਬਲੈਕ ਇਨ ਈਯੂ" ਨਾਮ ਦੀ ਇਸ ਰਿਪੋਰਟ ਨੂੰ ਤਿਆਰ ਕਰਨ ਲਈ ਇਸ ਸਰਵੇਖਣ ਵਿੱਚ ਯੂਰਪੀ ਦੇਸ਼ਾਂ ਦੇ ਕਰੀਬ 6700 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 45 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਲ ਹੀ ਦੇ ਸਾਲਾਂ ਵਿੱਚ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਤੋਂ ਪਹਿਲਾਂ ਇਹ ਸਰਵੇਖਣ 2016 ਦੌਰਾਨ ਹੋਇਆ ਸੀ। ਪਿਛਲੇ ਸਰਵੇਖਣ ਨਾਲੋਂ ਹੁਣ ਲਗਭਗ ਛੇ ਅੰਕ ਵੱਧ ਹੈ। ਐੱਫ.ਆਰ.ਏ ਦਾ ਮੁੱਖ ਦਫਤਰ ਆਸਟਰੀਆ ਵਿੱਚ ਹੈ। ਰਿਸਰਚ ਮੁਤਾਬਕ ਇਸ ਮਾਮਲੇ ਵਿਚ ਆਸਟ੍ਰੀਆ ਦੀ ਹਾਲਤ ਵੀ ਕਾਫੀ ਖਰਾਬ ਹੈ।ਸਰਵੇਖਣ ਮੁਤਾਬਕ ਨਸਲਵਾਦੀ ਹਮਲਿਆਂ ਦੀ ਇਸ ਸੂਚੀ ਵਿੱਚ ਜਰਮਨੀ ਸਭ ਤੋਂ ਉੱਪਰ ਹੈ। ਜਰਮਨੀ ਤੋਂ ਸਰਵੇਖਣ ਕੀਤੇ ਗਏ 54 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨਾਲ ਬਦਸਲੂਕੀ ਹੋਈ ਹੈ। 13 ਦੇਸ਼ਾਂ ਵਿੱਚੋਂ ਸਭ ਤੋਂ ਵੱਧ ਲੋਕਾਂ ਨੇ ਜਰਮਨੀ ਵਿੱਚ ਇਹ ਗੱਲ ਕਹੀ ਹੈ।
ਇਸ ਦੇ ਨਾਲ ਹੀ 9 ਫੀਸਦੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਕਾਰਨ ਉਨ੍ਹਾਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮਾਮਲੇ ਵਿੱਚ ਸਿਰਫ਼ ਫਿਨਲੈਂਡ ਹੀ ਜਰਮਨੀ ਤੋਂ ਅੱਗੇ ਹੈ ਜਿੱਥੇ 11 ਫ਼ੀਸਦੀ ਲੋਕਾਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ। ਜਰਮਨੀ ਵਿੱਚ ਸਰਵੇਖਣ ਕੀਤੇ ਗਏ ਅੱਧੇ ਤੋਂ ਵੱਧ ਕਾਲੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਨੌਕਰੀ ਦੀ ਭਾਲ ਵਿੱਚ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਜਦੋਂ ਕਿ ਜੇਕਰ ਅਸੀਂ ਸਾਰੇ 13 ਰਾਜਾਂ ਨੂੰ ਇਕੱਠੇ ਦੇਖੀਏ ਤਾਂ ਅਜਿਹਾ ਕਹਿਣ ਵਾਲਿਆਂ ਦੀ ਗਿਣਤੀ ਇੱਕ ਤਿਹਾਈ ਸੀ।
ਸਰਵੇਖਣ ਮੁਤਾਬਕ ਜਰਮਨ ਸਕੂਲਾਂ ਵਿੱਚ ਪੜ੍ਹਦੇ ਕਾਲੇ ਵਿਦਿਆਰਥੀਆਂ ਵਿੱਚੋਂ 40 ਫੀਸਦੀ ਨੂੰ ਨਸਲੀ ਅਪਮਾਨ ਜਾਂ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਇਰਲੈਂਡ, ਫਿਨਲੈਂਡ ਅਤੇ ਆਸਟਰੀਆ ਵਿੱਚ ਵੀ ਇਹੀ ਸਥਿਤੀ ਹੈ। ਸਰਵੇਖਣ ਵਿੱਚ ਸ਼ਾਮਲ ਦੇਸ਼ਾਂ ਵਿੱਚ ਨਸਲੀ ਵਿਤਕਰੇ ਅਤੇ ਦੁਰਵਿਵਹਾਰ ਦੇ ਮਾਮਲੇ ਵਿੱਚ ਸਭ ਤੋਂ ਵਧੀਆ ਸਥਿਤੀ ਪੋਲੈਂਡ ਦੇ ਨਾਲ ਪੁਰਤਗਾਲ ਅਤੇ ਸਵੀਡਨ ਵਿੱਚ ਹੈ। ਇਨ੍ਹਾਂ ਦੇਸ਼ਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਥੇ ਨਸਲੀ ਵਿਤਕਰੇ ਦੀ ਦਰ ਸਭ ਤੋਂ ਘੱਟ ਹੈ।
ਐੱਫ.ਆਰ.ਏ ਦੇ ਨਿਰਦੇਸ਼ਕ ਮਿਸ਼ਾਇਲ ਓ'ਫਲਾਹਰਟੀ ਨੇ ਇਸ ਰੁਝਾਨ ਨੂੰ "ਹੈਰਾਨ ਕਰਨ ਵਾਲਾ" ਕਿਹਾ। ਉਹ ਕਹਿੰਦਾ ਹੈ ਕਿ ਯੂਰਪੀਅਨ ਯੂਨੀਅਨ ਅਤੇ ਇਸਦੇ ਮੈਂਬਰ ਦੇਸ਼ਾਂ ਨੂੰ "ਆਪਣੇ ਯਤਨਾਂ ਦੇ ਨਿਸ਼ਾਨੇ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਫਰੀਕੀ ਮੂਲ ਦੇ ਲੋਕ ਵੀ ਬਿਨਾਂ ਕਿਸੇ ਵਿਤਕਰੇ ਜਾਂ ਨਸਲਵਾਦ ਦੇ ਆਪਣੇ ਅਧਿਕਾਰਾਂ ਦਾ ਆਨੰਦ ਮਾਣ ਸਕਣ।" ਯੂਰਪੀ ਏਜੰਸੀ ਨੇ ਯੂਰਪੀ ਸੰਘ ਦੇ ਦੇਸ਼ਾਂ ਤੋਂ ਨਸਲੀ ਘਟਨਾਵਾਂ ਬਾਰੇ ਹੋਰ ਸਹੀ ਅੰਕੜੇ ਇਕੱਠੇ ਕਰਨ ਦੇ ਨਾਲ-ਨਾਲ ਨਸਲੀ ਅਪਰਾਧਾਂ ਲਈ ਸਜ਼ਾ ਨੂੰ ਸਖ਼ਤ ਕਰਨ ਦੀ ਮੰਗ ਕੀਤੀ ਹੈ।
Comments (0)