ਦਰਬਾਰ ਸਾਹਿਬ ਮਨੁੱਖਤਾ ਦਾ ਕੇਂਦਰ,ਦਰਸ਼ਨ ਕਰਕੇ ਮੇਰੀ ਰੂਹ ਨੂੰ ਸਕੂਨ ਮਿਲਿਆ ਪੀਵੀ ਸਿੰਧੂ ਨੇ ਦਰਬਾਰ ਸਾਹਿਬ ਦੇ ਕੀਤੇ ਦਰਸ਼ਨ

ਦਰਬਾਰ ਸਾਹਿਬ ਮਨੁੱਖਤਾ ਦਾ ਕੇਂਦਰ,ਦਰਸ਼ਨ ਕਰਕੇ ਮੇਰੀ ਰੂਹ ਨੂੰ ਸਕੂਨ ਮਿਲਿਆ ਪੀਵੀ ਸਿੰਧੂ ਨੇ ਦਰਬਾਰ ਸਾਹਿਬ ਦੇ ਕੀਤੇ ਦਰਸ਼ਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮ੍ਰਿਤਸਰ- ਭਾਰਤ ਦੀ ਉੱਘੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਪੀਵੀ ਸਿੰਧੂ ਨੇ ਦੱਸਿਆ ਕਿ ਉਹ ਪਹਿਲੀ ਵਾਰ ਦਰਬਾਰ ਸਾਹਿਬ ਵਿਖੇ ਆਈ ਹੈ। ਇੱਥੇ ਆ ਕੇ ਉਸ ਨੇ ਤਸੱਲੀ ਨਾਲ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਉਸ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਖਿਡਾਰਨ ਨੇ ਆਖਿਆ ਕਿ ਇੱਥੇ ਪਰਿਕਰਮਾ ਕਰਦਿਆਂ ਲੋਕਾਂ ਵੱਲੋਂ ਉਸ ਨੂੰ ਗੁਰਦੁਆਰੇ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ। ਉਸ ਨੇ ਕਿਹਾ ਕਿ ਉਹ ਮੁੜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਵੇਗੀ।ਦਰਬਾਰ ਸਾਹਿਬ ਮਨੁੱਖਤਾ ਤੇ ਸਾਂਝੀਵਾਲਤਾ ਦਾ ਕੇਂਦਰ ਹੈ, ਗੁਰੂ ਦੇ ਦਰਬਾਰ ਦੇ ਦਰਸ਼ਨ ਕਰਕੇ ਮੇਰੀ ਰੂਹ ਨੂੰ ਸਕੂਨ ਮਿਲਿਆ ਹੈ।ਇਥੇ ਕੋਈ ਭਿੰਨ ਭੇਦ ਨਹੀਂ ਹੈ। ਖਿਡਾਰਨ ਨੇ ਇਹ ਆਖਿਆ ਕਿ ਉਸ ਨੂੰ ਇੱਥੋਂ ਦੇ ਸੰਗਤਾਂ ਤੇ ਕਮੇਟੀ ਦਾ ਰਵੱਈਆ ਬਹੁਤ ਚੰਗਾ ਲੱਗਿਆ ਹੈ। ਆਪਣੀ ਖੇਡ ਬਾਰੇ ਪੀਵੀ ਸਿੰਧੂ ਨੇ ਦੱਸਿਆ ਕਿ ਉਹ ਇਸ ਵੇਲੇ ਓਲੰਪਿਕ ਖੇਡਾਂ ਅਤੇ ਹੋਰ ਟੂਰਨਾਮੈਂਟਾਂ ਦੀ ਤਿਆਰੀ ਕਰ ਰਹੀ ਹੈ। ਉਭਰਦੇ ਖਿਡਾਰੀਆਂ ਨੂੰ ਆਪਣਾ ਸੁਨੇਹਾ ਦਿੰਦਿਆਂ ਉਸ ਨੇ ਆਖਿਆ ਕਿ ਉਹ ਮਿਹਨਤ ਕਰਨ ਅਤੇ ਧਿਆਨ ਆਪਣੀ ਖੇਡ ’ਤੇ ਕੇਂਦਰਿਤ ਕਰਨ। 

ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਚਨਾ ਕੇਂਦਰ ਵਿੱਚ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਦਾ ਸਨਮਾਨ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੀਵੀ ਸਿੰਧੂ ਭਾਰਤ ਦੀ ਉੱਘੀ  ਬੈਡਮਿੰਟਨ ਖਿਡਾਰਨ ਹੈ, ਜਿਸ ਨੇ ਇਸ ਖੇਤਰ ਵਿੱਚ ਵੱਡਾ ਨਾਮਣਾ ਖੱਟਿਆ। ਉਸ ਨੇ ਦੋ ਵਾਰ ਓਲੰਪਿਕ ਤਗ਼ਮੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।