ਸਰਕਾਰੀ ਧੱਕਾ, ਲਗਾਤਾਰ, ਸ਼ਰੇਆਮ !

ਸਰਕਾਰੀ ਧੱਕਾ, ਲਗਾਤਾਰ, ਸ਼ਰੇਆਮ !

 

ਸੱਤਾਧਿਰ ਤੇ ਅਫ਼ਸਰਸ਼ਾਹੀ ਦਾ ਨਾਪਾਕ ਗਠਜੋੜ, ਬੇਰਹਿਮੀ ਤੇ ਬੇਦਰਦੀ

ਸੱਤਾਧਿਰ ਤੇ ਅਫ਼ਸਰਸ਼ਾਹੀ ਦਾ ਨਾਪਾਕ ਗਠਜੋੜ, ਬੇਰਹਿਮੀ ਤੇ ਬੇਦਰਦੀ ਨਾਲ, ਕਾਬਲ ਲੋਕਾਂ ਦਾ ਭਵਿੱਖ ਬਰਬਾਦ ਕਰਨ ਲਈ ਸਰਕਾਰੀ ਚਾਲਾਂ ਵਰਤਦਾ ਏ । ਬੀਤੇ ਦਿਨ ਵਾਇਰਲ ਹੋਈ ਇਕ ਮਹਿਲਾ ਅਧਿਆਪਕਾ ਦੀ ਭਾਵੁਕ ਵੀਡੀਓ, ਜਿਸ 'ਚ ਲੁਧਿਆਣਾ ਦੀ ਇਹ ਬੇਹੱਦ ਪੜ੍ਹੀ-ਲਿਖੀ ਹੋਣਹਾਰ ਅਧਿਆਪਕਾ, ਪਰਮਿੰਦਰ ਕੌਰ ਸੀ, ਜੋ ਸੰਗਰੂਰ ਦੇ ਸਸਸਸ ਕਪਿਆਲ 'ਚ ਸਮਾਜਿਕ ਸਿੱਖਿਆ ਦੀ ਅਧਿਆਪਕਾ ਹੈ। ਪਰਮਿੰਦਰ ਦਾ ਤੇ ਇਸਦੇ ਨਾਲਦੇ ਹੋਰ 124 ਅਧਿਆਪਕਾਂ ਦਾ ਬਸ ਇੰਨਾਂ ਕੁ ਕਸੂਰ ਏ ਕਿ ਇਹ ਬੇਕਸੂਰ ਨੇਂ। ਜਦੋਂ ਪਰਮਿੰਦਰ ਦਾ ਸੰਨ 2012 'ਚ ਸਿੱਖਿਆ ਵਿਭਾਗ ਦੀਆਂ 3442 ਪੋਸਟਾਂ 'ਚ ਨੰਬਰ ਆਇਆ ਤਾਂ ਉਸਨੇ ਐਸ ਐਸ ਏ ਅਧੀਨ 'ਠੇਕੇ ਵਾਲੀ' ਲੋਕਲ ਨੌਕਰੀ ਤੋਂ ਅਸਤੀਫ਼ਾ ਦੇ ਕੇ ਖੁਸ਼ੀ-ਖੁਸ਼ੀ ਸੰਗਰੂਰ ਜਿਲੇ 'ਚ ਜਾ ਕੇ ਨੌਕਰੀ ਜੁਆਇਨ ਕਰ ਲਈ ਤੇ ਫੇਰ ਬਦਲੀ ਨਾ ਹੋਣ ਕਾਰਨ, ਪੂਰੇ ਪਰਿਵਾਰ ਨੂੰ ਵੀ ਉੱਥੇ ਸ਼ਿਫਟ ਹੋਣਾ ਪਿਆ, ਹੁਣ ਉਸਨੇ ਜੋ ਠੇਕੇ ਆਲੀ ਨੌਕਰੀ ਛੱਡੀ ਸੀ, ਉਹ ਤਾਂ ਅੱਜ ਪੱਕੇ ਹੋ ਗਏ, ਪਰ ਇਹਨੇ ਜਿਸ ਪੱਕੀ ਨੌਕਰੀ ਲਈ ਘਰ ਛੱਡਿਆ, ਉਹ ਅੱਜ ਵੀ ਪੱਕੀ ਨਾ ਹੋ ਸਕੀ, ਦਰਅਸਲ ਪੰਜਾਬ 'ਚ ਸੰਨ 2009 'ਚ ਸਿੱਖਿਆ ਵਿਭਾਗ 'ਚ ਨਾਨ ਟੀਚਿੰਗ, ਮਾਸਟਰ ਤੇ ਲੈਕਚਰਰ ਕੈਡਰ ਦੀਆਂ 7654 ਦਾ ਇਸ਼ਤਿਹਾਰ ਆਇਆ ਸੀ, ਜੋ 2011 'ਚ ਭਰਤੀ ਹੋ ਗਏ ਸਨ ਤੇ ਫੇਰ 2012 'ਚ ਇਸੇ ਤਰਾਂ 3442 ਅਧਿਆਪਕ ਸਿੱਖਿਆ ਵਿਭਾਗ 'ਚ ਭਰਤੀ ਹੋਏ। ਇੰਨਾਂ ਕੁਲ 11096 ਅਸਾਮੀਆਂ ਲਈ ਤਿੰਨ ਸਾਲ ਬੇਸਿਕ ਪੇ (10300 ਰੁਪਏ) ਤੇ ਫੇਰ ਪੱਕੇ ਦੀ ਸ਼ਰਤ ਸੀ, ਤੇ ਲਗਭਗ ਸਾਰੇ ਅਧਿਆਪਕ ਪੱਕੇ ਵੀ ਹੋ ਗਏ । ਪਰ ਲਗਭਗ 125 ਅਧਿਆਪਕਾਂ ਨੂੰ ਸਰਕਾਰਾਂ ਨੇ ਕਿਵੇਂ ਰੁਲਣ ਲਈ ਛੱਡ ਦਿੱਤਾ ਏ, ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ। 

ਦਰਅਸਲ 7654 ਚੋਂ ਤਕਰੀਬਨ 75 ਤੇ 3442 ਚੋਂ ਲਗਭਗ 50 ਅਧਿਆਪਕਾਂ ਨੂੰ, ਇਸ ਲਈ ਰੈਗੂਲਰ ਨ੍ਹੀਂ ਕੀਤਾ ਗਿਆ ਕਿਉਂਕਿ ਇੰਨਾਂ ਨੇ ਉੱਚ ਸਿੱਖਿਆ, ਪੰਜਾਬ ਤੋਂ ਬਾਹਰ ਦੀਆਂ ਉਹਨਾਂ ਯੂਨੀਵਰਸਿਟੀਆਂ ਤੋਂ ਹਾਸਲ ਕੀਤੀ ਸੀ, ਜਿੰਨਾਂ ਬਾਰੇ ਯੂਜੀਸੀ ਨੇ 27/06/2013 ਨੂੰ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਦੇ ਪ੍ਰੀਖਿਆ ਕੇਂਦਰਾਂ ਵਾਲਾ ਮਾਨਤਾ ਰੱਦ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਸੀ। ਇਹਨਾਂ ਅਧਿਆਪਕਾਂ ਨੇ ਮਜਬੂਰੀਵੱਸ, ਉੱਚ ਯੋਗਤਾ ਇੰਨਾਂ ਬਾਹਰ ਦੀਆਂ ਸਰਕਾਰੀ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਹਾਸਲ ਕਰ ਲਈ ਸੀ, ਜਦਕਿ ਇੰਨਾਂ ਚੋਂ ਜਿਆਦਾਤਰ ਕੋਰਸ ਇੱਥੇ ਹੁੰਦੇ ਹੀ ਨਹੀਂ ਸਨ। ਹੁਣ ਇਹਨਾਂ ਦੋਵੇਂ ਭਰਤੀਆਂ ਤੇ ਇਹ ODL (OPEN DISTANCE LEARNING) ਨਿਯਮ ਕਿਸੇ ਵੀ ਤਰਾਂ ਨਾਲ ਲਾਗੂ ਨ੍ਹੀਂ ਹੋ ਸਕਦਾ ਸੀ, ਕਿਉਂਕਿ ਇਹ ਭਰਤੀਆਂ ਪਹਿਲਾਂ ਹੀ ਨੇਪਰੇ ਚੜ੍ਹ ਚੁੱਕੀਆਂ ਸਨ ਤੇ ਇਸ਼ਤਿਹਾਰ 'ਚ ਵੀ ਇਹ ਸ਼ਰਤ ਨਹੀਂ ਸੀ। ਇਸ ਸੰਬੰਧੀ ਪਿਛਲੇ ਸੱਤ ਸਾਲਾਂ ਤੋਂ ਇੰਨਾਂ ਅਧਿਆਪਕਾਂ ਨੇ ਕੋਈ ਅਫਸਰਸ਼ਾਹ, ਕੋਈ ਮੰਤਰੀ ਨ੍ਹੀਂ ਛੱਡਿਆ ਪਰ ਕਿਸੇ ਨੇ ਬਾਂਹ ਨਾ ਫੜੀ ਤਾਂ ਇਹ ਅਧਿਆਪਕ 2018 'ਚ ਆਪਣੇ ਜਾਇਜ ਹੱਕ ਲਈ ਹਾਈਕੋਰਟ ਪਹੁੰਚੇ ਤੇ 2019 'ਚ ਕੋਰਟ ਨੇ ਇੰਨਾਂ ਦੇ ਹੱਕ 'ਚ ਫੈਸਲਾ ਵੀ ਦੇ ਦਿੱਤਾ ਪਰ ਪਿਛਲੀ 'ਲੋਕਹਿਤੈਸ਼ੀ' ਸਰਕਾਰ ਨੇ ਆਪਣੇ ਖਾਸਮਖਾਸ ਅਫ਼ਸਰਸ਼ਾਹੀ ਦੀ ਸਲਾਹ ਤੇ, ਸਿਰਫ ਇੰਨਾਂ ਅਧਿਆਪਕਾਂ ਨੂੰ ਰੁਲਾਉਣ ਲਈ, 2019 'ਚ ਡਬਲ ਬੈਂਚ ਕੋਲ ਇਸ ਫੈਸਲੇ ਖਿਲਾਫ ਅਪੀਲ ਕਰ ਦਿੱਤੀ। ਹੁਣ ਆਪਣੇ ਦੇਸ਼ 'ਚ ਕੋਰਟ-ਕਚਿਹਰੀਆਂ 'ਚ ਨਿਆਂ ਲਈ, ਕਿੰਨਾ ਸਮਾਂ ਰੁਲਣਾ ਪੈਂਦਾ ਏ, ਆਪਾਂ ਸਾਰੇ ਜਾਣੂ ਹਾਂ।

ਆਰਥਿਕ ਪੱਖੋਂ ਇਹ ਪੀੜ੍ਹ ਜਿੰਨੀ ਜਿਆਦਾ ਏ, ਮਾਨਸਿਕ ਪੱਖੋਂ ਉਸਤੋਂ ਵੀ ਵੱਧ ਡੂੰਘੀ ਏ, ਇਸੇ ਕਰਕੇ ਡਿਪ੍ਰੈਸ਼ਨ 'ਚ ਅੱਜ ਤੋਂ ਤਿਨ ਕੁ ਸਾਲ ਪਹਿਲਾਂ ਪਿੰਡ ਭੁੱਲਰ, ਮੁਕਤਸਰ ਦੇ ਅਧਿਆਪਕ ਹਰਜਿੰਦਰ ਸਿੰਘ ਨੂੰ ਇਸੇ ਸੰਬੰਧ 'ਚ ਚੰਡੀਗੜ੍ਹ ਤੋਂ ਆਉਂਦੇ ਨੂੰ ਮੋਟਰਸਾਈਕਲ ਤੇ ਹੀ ਹਾਰਟ ਅਟੈਕ ਹੋ ਗਿਆ ਸੀ ਤੇ ਅਗਲੇ ਦਿਨ ਉਸਦੀ ਮ੍ਰਿਤਕ ਦੇਹ ਸੜਕ ਤੇ ਮਿਲੀ ਸੀ, ਹੁਣ ਅਧਿਆਪਕ ਯੂਨੀਅਨਾਂ ਦੇ ਯਤਨਾਂ ਸਦਕਾ ਉਸਦੀ ਘਰਦੀ ਨੂੰ ਉਹੀ 'ਪੱਕੀ' ਸਰਕਾਰੀ ਨੌਕਰੀ ਨਸੀਬ ਹੋਈ ਏ ਜਿਸ ਲਈ ਸੰਘਰਸ਼ ਕਰਦਾ ਬਰਜਿੰਦਰਾ ਕਾਲਜ ਦਾ ਸਾਬਕਾ ਲੈਕਚਰਾਰ ਹਰਜਿੰਦਰ ਸਿੰਘ ਹਮੇਸ਼ਾ ਲਈ ਤੁਰ ਗਿਆ, ਇੰਨਾਂ ਚੋਂ ਦੋ ਅਧਿਆਪਕ ਡਿਪ੍ਰੈਸ਼ਨ 'ਚ ਆਕੇ ਨੌਕਰੀ ਹੀ ਛੱਡ ਗਏ, ਇਕ ਅਧਿਆਪਕਾ ਦਾ ਤਲਾਕ ਹੋ ਗਿਆ ਏ, ਕਿੰਨੇ ਹੀ ਅਧਿਆਪਕ ਕਰਜ਼ੇ ਤੇ ਲੋਨ ਦੀਆਂ ਕਿਸ਼ਤਾਂ 'ਚ ਡੁੱਬੇ ਪਏ ਨੇ ਤੇ ਕਈ ਅਧਿਆਪਕ ਸਰੀਰਕ ਜਾਂ ਮਾਨਸਿਕ ਰੂਪ 'ਚ ਬੀਮਾਰ ਹੋ ਕੇ, ਥੱਬਾ-ਥੱਬਾ ਦਵਾਈਆਂ ਦਾ ਚੁੱਕੀ ਫਿਰਦੇ, ਸਰਕਾਰਾਂ ਨੂੰ ਕੋਸ ਰਹੇ ਨੇ। ਜੇ ਇਹਨਾਂ ਅਧਿਆਪਕਾਂ ਦੀ ਕਾਬਲੀਅਤ ਦੀ ਗੱਲ ਕਰੀਏ ਤਾਂ ਅਰਜੁਨ ਸਿੰਘ ਹਿਸਟਰੀ ਲੈਕਚਰਾਰ ਪਠਾਨਕੋਟ ਜਿਸਦਾ ਰਮਸਾ ਪ੍ਰਿੰਸੀਪਲ 'ਚ ਪੂਰੇ ਪੰਜਾਬ ਚੋਂ ਅੱਠਵਾਂ ਰੈਂਕ ਸੀ ਪਰ ਉਸਨੇ ਪ੍ਰਿੰਸੀਪਲ ਦੀ ਨੌਕਰੀ ਛੱਡੀ ਕਿਉਂਕਿ ਉਦੋਂ ਉਹ ਪੋਸਟ ਵਿਭਾਗੀ ਨਹੀਂ ਸੀ, ਫਾਜ਼ਿਲਕਾ ਦਾ ਮਸ਼ਹੂਰ ਜਿਓਗਰਾਫੀ ਲੈਕਚਰਾਰ 'ਬਲਜਿੰਦਰ ਗਰੇਵਾਲ', ਅਕੈਡਮੀਆਂ ਆਲੇ ਜਿਹਦੇ ਮਗਰ-ਮਗਰ ਤੁਰੇ ਫਿਰਦੇ ਨੇ, ਸਸਸਸ ਬੋਹਾ ਦਾ ਬੇਹੱਦ ਮਿਹਨਤੀ ਸਾਇੰਸ ਅਧਿਆਪਕ ਮੁਕੇਸ਼ ਕੱਕੜ, ਜੋ ਦੋ ਵਾਰੀ ਪੰਜਾਬ ਪੱਧਰ ਤੇ ਸਾਇੰਸ ਐਕਜੀਬਿਸ਼ਨ ਜੇਤੂ ਏ, ਲੁਧਿਆਣੇ ਦਾ ਅੰਗਰੇਜ਼ੀ ਅਧਿਆਪਕ ਪ੍ਰਭਜੋਤ ਸਿੰਘ ਜੋ ਸਿੱਖਿਆ ਵਿਭਾਗ ਦੀ ਸਟੇਟ ਟੀਮ 'ਚ ਅੰਗਰੇਜ਼ੀ ਵਿਸ਼ੇ ਦਾ ਵਿਸ਼ੇਸ਼ ਮੈਂਬਰ ਹੈ, ਯਾਦਵਿੰਦਰ ਕੌਰ ਹਿਸਟਰੀ ਲੈਕਚਰਾਰ ਅਮ੍ਰਿਤਸਰ ਤੇ ਲਖਵਿੰਦਰ ਸਿੰਘ ਲੈਕਚਰਾਰ ਬਠਿੰਡਾ ਤੋਂ ਜੋ ਆਪਣੇ ਵਿਸ਼ੇ ਦੇ ਵਿਸ਼ੇਸ਼ ਮਾਹਿਰ ਨੇ, ਬੁਢਲਾਡੇ ਦਾ ਐਸ ਐਲ ਏ ਰਿਸ਼ੀਪਾਲ ਜੋ ਆਪਣੀ ਡਿਊਟੀ ਦੇ ਨਾਲ-ਨਾਲ ਖਾਸ ਢੰਗ ਨਾਲ ਕਾਮਰਸ ਤੇ ਹਿਸਾਬ ਦੀ ਪੜ੍ਹਾਈ ਕਰਵਾਉਣ ਲਈ ਮਸ਼ਹੂਰ ਹੈ, ਬਰਨਾਲੇ ਤੋਂ ਤਜਿੰਦਰ ਕੌਰ, ਮਲੇਰਕੋਟਲੇ ਤੋਂ ਜਤਿੰਦਰ ਸਿੰਘ, ਸਾਇੰਸ ਦੇ ਖੇਤਰ 'ਚ ਮਾਹਿਰ ਰਮਨਦੀਪ ਸਿੰਘ ਫਿਜ਼ਿਕਸ ਲੈਕਚਰਾਰ ਬਟਾਲਾ, ਜਲਾਲਾਬਾਦ ਤੋਂ ਮੈਥ ਮਾਹਿਰ ਸੁਨੀਲ ਥਿੰਦ, ਮੈਂ ਕਿਸ-ਕਿਸ ਦਾ ਨਾਂ ਲਿਖਾ, ਇਹ ਸਾਰੇ 125 ਹੀ ਆਪਣੇ-ਆਪ 'ਚ ਹੀਰੇ ਨੇ, ਜਿੰਨਾਂ ਇੰਨੇ ਲੰਮੇ ਸਰਕਾਰੀ ਤਸ਼ੱਦਦ ਤੋਂ ਬਾਅਦ ਵੀ ਆਪਣੇ ਫਰਜ਼ ਨੂੰ ਪ੍ਰਮੁੱਖ ਰੱਖਿਆ ਹੋਇਆ ਏ। 

ਭਗਵੰਤ ਮਾਨ ਜੀ, ਤੁਸੀਂ ਵੀ ਇਕ ਅਧਿਆਪਕ ਦੇ ਘਰ ਹੀ ਜਨਮ ਲਿਆ ਏ, ਤੁਹਾਨੂੰ ਤਾਂ ਸਭ ਪਤਾ ਏ ਕਿ ਜੇਕਰ ਅਧਿਆਪਕ ਨੂੰ ਯੋਗ ਤਨਖਾਹ ਹੀ ਨ੍ਹੀਂ ਮਿਲੇਗੀ ਤਾਂ ਉਹ ਘਰ ਕਿਵੇਂ ਚਲਾਏਗਾ, ਕੀ ਇਕ ਕਾਬਲ ਅਧਿਆਪਕ ਜੋ ਆਪ ਇਸ ਤਰਾਂ ਨਾਲ ਪ੍ਰੇਸ਼ਾਨ ਹੋਵੇਗਾ, ਅਗਲੀ ਪੀੜ੍ਹੀ ਦੇ ਉਜੱਲ ਭਵਿੱਖ ਨਿਰਮਾਣ 'ਚ ਆਪਣਾ ਪੂਰਾ ਯੋਗਦਾਨ ਦੇ ਸਕੇਗਾ ? ਹੁਣ ਬੀਤੇ ਕੱਲ ਜਦੋਂ ਡੀਟੀਐਫ ਅਧਿਆਪਕ ਜੱਥੇਬੰਦੀ ਨੇ ਪੰਜਾਬ ਦੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਕੋਲ ਫੇਰ ਪਹੁੰਚ ਕੀਤੀ ਤਾਂ ਮੰਤਰੀ ਸਾਬ੍ਹ ਨੇ ਸੁਪਰੀਮ ਕੋਰਟ ਦੇ ਆਡਰ ਆਖਦਿਆਂ ਫੇਰ ਨਾਂਹਪੱਖੀ ਜਵਾਬ ਦਿੱਤਾ ਏ ਜਦਕਿ ਉਸ ਆਦੇਸ਼ ਦਾ ਇਸ ਨਾਲ ਕੋਈ ਸੰਬੰਧ ਨਹੀਂ ਹੈ। ਭਗਵੰਤ ਮਾਨ ਜੀ, ਪੂਰੇ ਪੰਜਾਬ ਦੇ ਅਧਿਆਪਕ ਵਰਗ ਨੂੰ ਤੁਹਾਡੇ ਤੋਂ ਬਹੁਤ ਆਸਾਂ-ਉਮੀਦਾਂ ਨੇ, ਪਹਿਲੀਆਂ ਸਰਕਾਰਾਂ ਨੇ ਤਾਂ 'ਅੰਨ੍ਹੀ ਕੁੱਤੀ, ਜਲੇਬੀਆਂ ਦੀ ਰਾਖੀ' ਆਲੀ ਜੋ ਕੀਤੀ, ਉਹ ਕੀਤੀ ਪਰ ਤੁਸੀਂ ਤਾਂ ਇਨਕਲਾਬ ਦਾ ਨਾਹਰਾ ਲਾ ਕੇ, ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਦਾ ਅਹਿਦ ਕੀਤਾ ਸੀ, ਫੇਰ ਕਿਉਂ ਕਿਰਤ ਦੀ ਸਰਕਾਰੀ ਲੁੱਟ ਅੱਜ ਵੀ ਜਾਰੀ ਏ ? ਤੁਸੀਂ ਕਲਾਕਾਰ ਰਹੇ ਹੋ, ਸੁਹਿਰਦ ਇਨਸਾਨ ਹੋ, ਇੰਨਾਂ ਦੇ ਦਰਦ ਨੂੰ ਸਮਝੋ, ਸ਼ਰੇਆਮ ਸਰਕਾਰੀ ਧੱਕੇਸ਼ਾਹੀ ਦਾ ਅੰਤ ਕਰਦੇ ਹੋਏ, ਇੰਨਾਂ ਅਧਿਆਪਕਾਂ ਨੂੰ ਤੁਰੰਤ ਬਣਦੇ ਹੱਕ ਪ੍ਰਦਾਨ ਕਰੋ ਤਾਂ ਜੋ ਇਹ ਉੱਚ ਸਿੱਖਿਅਤ ਕਾਬਲ ਅਧਿਆਪਕ ਸਮਾਜ 'ਚ ਬਿਨਾਂ ਦਬਾਅ ਤੋਂ ਜੀਅ ਤਾਂ ਸਕਣ।

ਅਸ਼ੋਕ ਸੋਨੀ, ਕਾਲਮਨਵੀਸ 

ਪਿੰਡ ਖੂਈ ਖੇੜਾ, ਫਾਜ਼ਿਲਕਾ 

9872705078