ਪੁਆੜਿਆਂ ਵਿਚ ਫਸੀ " ਵਿਦਿਆ ਵੀਚਾਰੀ "

ਪੁਆੜਿਆਂ ਵਿਚ ਫਸੀ

        ਡਾ. ਬਲਕਾਰ ਸਿੰਘ 

               ਪ੍ਰੋਫੈਸਰ

ਬੇਅਦਬੀਆਂ ਦੀ ਧੁਰੀ ਦੁਆਲੇ ਘੁੰਮਦੀ ਪੰਜਾਬ ਦੀ ਸਿਆਸਤ ਜਿਵੇਂ ਬੱਚੇ - ਵਿਗਾੜੂ ਅਤੇ ਸੰਸਥਾਵਾਂ ਢਾਹੂ ਹੁੰਦੀਆਂ ਜਾ ਰਹੀਆਂ ਹਨ , ਉਸ ਨੂੰ ਸੌਂਪ ਦੀ ਵਰਮੀ ਨਾਲ ਤਸ਼ਬੀਹ ਦਿੱਤੀ ਜਾ ਸਕਦੀ ਹੈ।ਕਹਾਵਤ ਏਹੀ ਸੁਣਦੇ ਆਏ ਹਾਂ ਕਿ ਸੱਪ ਦੀ ਵਰਮੀਂ ਵਿਚੋਂ ਓਹੀ ਬੱਚਾ ਬਚਦਾ ਹੈ ਜਿਹੜਾ ਬੁੜਕਕੇ ਬਾਹਰ ਡਿੱਗ ਪੈਂਦਾ ਹੈ ਕਿਉਂਕਿ ਅੰਦਰਲਿਆਂ ਨੂੰ ਤਾਂ ਮਾਂ ਆਪ ਹੀ ਖਾ ਜਾਂਦੀ ਹੈ । ਪਿੰਡਾਂ ਵਿਚ ਵਸਦੇ ਪੰਜਾਬ ਨਾਲ ਵੀ ਕੁਝ ਏਹੋ ਜਿਹਾ ਹੀ ਵਾਪਰ ਗਿਆ ਹੈ ਕਿਉਂਕਿ ਕਿਸੇ ਵੀ ਰੰਗ ਦੀ ਪੰਜਾਬੀ ਸਿਆਸਤ ਨੇ ਇਹ ਨਹੀਂ ਵਿਉਂਤਿਆ ਵੀਚਾਰਿਆ ਕਿ ਸ਼ਹਿਰਾਂ ਵੱਲ ਹਿਜਰਤ ਕਰ ਰਹੇ ਪੰਜਾਬ ਦੇ ਪਿੰਡਾਂ ਨੂੰ ਕਿਵੇਂ ਸੰਭਾਲਣਾ ਹੈ ?

ਨਤੀਜਨ ਜੋ ਪਿੰਡ ਵਿਚੋਂ ਨਹੀਂ ਨਿਕਲਿਆ , ਉਸ ਨੂੰ ਪਿੰਡ ਨੇ ਆਪ ਹੀ ਕਾਸੇ ਜੋਗਾ ਨਹੀਂ ਛੱਡਿਆ ? ਇਸ ਦਾ ਇਕ ਪ੍ਰਗਟਾਵਾ ਸੰਸਥਾਵਾਂ ਵਿਚ ਸ਼ਿਕਾਇਤੀ ਖਿੜਕੀਆਂ ( ਯੂਨੀਅਨਨਿਜ਼ਮ ) ਦਾ ਖੁਲ੍ਹ ਜਾਣਾ ਹੈ।ਇਸ ਦਾ ਸੇਕ ਪਹਿਲਾਂ ਹੀ ਤਪੀ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੱਕ ਲਾਇਬਰੇਰੀ ਦੇ ਹਵਾਲੇ ਨਾਲ ਪਹੁੰਚ ਗਿਆ ਹੈ।ਆਪਣੇ ਆਪਣੇ ਸੱਚ ਯੂਨੀਵਰਸਿਟੀ ਵਿਚ ਇਸ ਭਾਂਤ ਗੁੱਥਮਗੁੱਥਾ ਹਨ ਕਿ ਸਮੱਸਿਆ ਦੀ ਜੜ੍ਹ ਤੱਕ ਪਹੁੰਚਣਾ ਮੁਸ਼ਕਿਲ ਹੋਇਆ ਪਿਆ ਹੈ।ਯੂਨੀਵਰਸਿਟੀ ਦੇ ਵਿੱਤੀ ਸੰਕਟ ਬਾਰੇ ਸਰਕਾਰ ਦੀ ਚੁੱਪ ਨੇ ਸਥਿਤੀ ਇਹ ਪੈਦਾ ਕਰ ਦਿੱਤੀ ਹੈ ਕਿ ਕਰਦਾ ਕੋਈ ਹੋਰ ਹੈ ਅਤੇ ਭਰਣਾ ਕਿਸੇ ਹੋਰ ਨੂੰ ਪੈ ਰਿਹਾ ਹੈ।ਜਿੰਨੇ ਮੂੰਹ ਓਨੀਆਂ ਗੱਲਾਂ ਦਾ ਜਵਾਬ ਕੌਣ ਦੇ ਸਕਦਾ ਹੈ ? ਕੋਈ ਨਹੀਂ ਸੋਚਦਾ ਕਿ ਲਾਇਬਰੇਰੀ ਨੇ ਤਾਂ ਲਾਇਬਰੇਰੀ ਵਾਂਗ ਹੀ ਚੱਲਣਾ ਹੈ ਕਿਉਂਕਿ ਲਾਇਬਰੇਰੀ ਨੂੰ ਧਾਰਮਿਕ ਸੰਸਥਾ ਵਾਂਗ ਤਾਂ ਨਹੀਂ ਚਲਾਇਆ ਜਾ ਸਕਦਾ।ਲਾਇਬਰੇਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਸਾਂਭ ਸੰਭਾਲ ਲਈ ਲੋੜੀਂਦੇ ਅਦਬ ਦੀ ਪਾਲਣਾ ਕੀਤੀ ਜਾ ਰਹੀ ਹੈ।ਕਿਤਾਬਾਂ ਨੂੰ ਰੱਦੀ ਹੋਣ ਤੋਂ ਬਚਾਉਣ ਦਾ ਤਰੀਕਾ ਕਿਤਾਬਾਂ ਦੀ ਡਿਜੀਟਾਈਜੇਸ਼ਨ ਹੈ।ਇਸ ਵਾਸਤੇ ਲੋੜੀਂਦੇ ਖਰਚੇ ਦਾ ਪ੍ਰਬੰਧ ਕੀਤੇ ਜਾਣ ਬਾਰੇ ਸੋਚਣ ਦੀ ਥਾਂ ਜੇ ਬੇਅਦਬੀ ਦੀ ਸਿਆਸਤ ਕਰਾਂਗੇ ਤਾਂ ਆਪੂੰ ਪੈਦਾ ਕੀਤੇ ਸੰਕਟ ਵਿਚ ਘਿਰਦੇ ਜਾਵਾਂਗੇ।ਸੰਕਟ ਪੈਦਾ ਕਰਣ ਵਿਚ ਸਹਾਈ ਹੋਵਾਂਗੇ ਤਾਂ ਨਤੀਜੇ ਸਾਰਿਆਂ ਨੂੰ ਭੁਗਤਣੇ ਪੈਣਗੇ।ਜਿਸ ਕਿਸਮ ਦੇ ਸੰਘਰਸ਼ ਵਿਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਸ ਵੇਲੇ ਲੰਘਣਾ ਪੈ ਰਿਹਾ ਹੈ, ਉਸ ਵਿਚੋਂ ਸਿਰ ਜੋੜਕੇ ਹੀ ਪਾਰ ਲੰਘਿਆ ਜਾ ਸਕਦਾ ਹੈ।

ਇਕ ਦੂਜੇ ਦੀਆਂ ਮਜਬੂਰੀਆਂ ਦੀ ਸਿਆਸਤ ਰਾਹੀਂ ਵਿਅਕਤੀਗਤ ਲਾਹੇ ਲੈਣ ਦੇ ਸੁਭਾ ਨੂੰ ਤਿਆਗੇ ਬਿਨਾ ਯੂਨੀਵਰਸਿਟੀ ਨੂੰ ਪੈਰਾਂ ਸਿਰ ਨਹੀਂ ਕੀਤਾ ਜਾ ਸਕਦਾ । ਦਰਪੇਸ਼ ਸੰਕਟ ਬਾਰੇ ਸਾਂਝੀ ਸਮਝ ਕੀ ਹੋਵੇ , ਇਸ ਬਾਰੇ ਚਰਚਾ ਕਰਾਂਗੇ ਤਾਂ ਅਕਾਦਮਿਕ ਸੰਕਟ ਵਿਚੋਂ ਨਿਕਲਣ ਦਾ ਅਕਾਦਮਿਕ ਹੱਲ ਸਾਹਮਣੇ ਲਿਆਂਦਾ ਜਾ ਸਕਦਾ ਹੈ।ਇਸ ਵਿਚ ਯੋਗਦਾਨ ਪਾਉਣ ਵਾਸਤੇ ਇਸ ਯੂਨੀਵਰਸਿਟੀ ਦੀ ਰੀਟਾਇਰਡ ਟੇਲੈਂਟ ਨੂੰ ਸਾਹਮਣੇ ਆਉਣਾ ਚਾਹੀਦਾ ਹੈ ।