ਜਥੇਦਾਰ ਅਕਾਲ ਤਖ਼ਤ ਦਾ ਅਲਟੀਮੇਟਮ ਮੁੱਖ ਮੰਤਰੀ ਵਲੋਂ ਰੱਦ, ਦਿਤੀ ਚੁਣੌਤੀ ਤੇ ਟਕਰਾਅ ਦੀ ਰਾਜਨੀਤੀ ਸ਼ੁਰੂ

ਜਥੇਦਾਰ ਅਕਾਲ ਤਖ਼ਤ ਦਾ ਅਲਟੀਮੇਟਮ ਮੁੱਖ ਮੰਤਰੀ ਵਲੋਂ ਰੱਦ, ਦਿਤੀ ਚੁਣੌਤੀ ਤੇ  ਟਕਰਾਅ ਦੀ ਰਾਜਨੀਤੀ ਸ਼ੁਰੂ

ਮਾਮਲਾ   ਸਿੱਖ ਨੌਜਵਾਨਾਂ ਦੀ ਰਿਹਾਈ ਬਾਰੇ ਅਲਟੀਮੇਟਮ ਦੇਣ ਦਾ

ਭਗਵੰਤ ਮਾਨ ਨੇ ਕਿਹਾ ਕਿ  ਬਾਦਲਾਂ ਦੇ ਇਸ਼ਾਰੇ ਉਪਰ ਹੱਸਦੇ-ਵੱਸਦੇ ਪੰਜਾਬ ਨੂੰ ਭੜਕਾਉਣ ਜਥੇਦਾਰ

*ਜਥੇਦਾਰ ਨੇ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਦੇ ਹਥਾਂ ਵਿਚ ਨਾ ਖੇਡੋ ,ਮਾਵਾਂ ਨੂੰ ਜੇਲ੍ਹੀਂ ਡੱਕੇ  ਪੁੱਤਰਾਂ ਨਾਲ ਮਿਲਾਕੇ ਅਸੀਸ ਲਵੋ

 * ਖਹਿਰਾ ,ਬਾਦਲ ਦਲ,ਬਾਬਾ ਬੇਦੀ  ਨੌਜਵਾਨਾਂ ਦੀ ਰਿਹਾਈ ਦੇ ਹੱਕ ਵਿਚ ਤੇ ਮੁਖ ਮੰਤਰੀ ਨੂੰ ਕਿਹਾ ਕਿ ਟਕਰਾਅ ਦੀ ਰਾਜਨੀਤੀ ਛਡੋ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ-ਪੰਜਾਬ ਸਰਕਾਰ ਵਲੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਸ਼ੁਰੂ ਕੀਤੀ ਗਈ ਕਾਰਵਾਈ ਅਤੇ ਸੂਬੇ ਭਰ ਵਿਚ ਹੋ ਰਹੀ ਸਿੱਖ ਨੌਜਵਾਨਾਂ ਦੀ ਵੱਡੇ ਪੱਤਰ 'ਤੇ ਫੜੋ-ਫੜੀ 'ਤੇ ਵਿਚਾਰ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ  ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖ ਸੰਸਥਾਵਾਂ ਦੀ ਸੱਦੀ ਮੀਟਿੰਗ ਤੋਂ ਬਾਅਦ ਸਰਕਾਰ ਨੂੰ ਗ੍ਰਿਫ਼ਤਾਰ ਨੌਜਵਾਨਾਂ ਨੂੰ 24 ਘੰਟੇ ਵਿਚ ਰਿਹਾਅ ਕਰਨ ਦਾ ਜੋ ਅਲਟੀਮੇਟਮ ਦਿੱਤਾ ਗਿਆ ਸੀ, ਉਸ ਨੂੰ ਸਰਕਾਰ ਵਲੋਂ ਰੱਦ ਕਰ ਦਿੱਤੇ ਜਾਣ ਨਾਲ ਸੂਬੇ ਵਿਚ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਲਟੀਮੇਟਮ ਦੇ 24 ਘੰਟੇ ਦਾ ਸਮਾਂ ਪੂਰਾ ਹੋਣ ਤੋਂ ਬਾਅਦ  ਟਵੀਟ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ  ਤਿਖੇ ਸ਼ਬਦਾਂ ਵਿਚ ਕਿਹਾ ਕਿ ਸਭ ਨੂੰ ਪਤਾ ਹੈ ਕਿ ਤੁਸੀਂ ਤੇ ਸ਼੍ਰੋਮਣੀ ਕਮੇਟੀ ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ। ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗ਼ਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਲਈ ਜਾਰੀ ਕਰਦੇ ਨਾ ਕਿ ਹੱਸਦੇ-ਵੱਸਦੇ ਪੰਜਾਬ ਨੂੰ ਭੜਕਾਉਣ ਲਈ ਪਰ ਮੁੱਖ ਮੰਤਰੀ ਵਲੋਂ ਆਪਣੇ ਟਵੀਟ ਦੌਰਾਨ ਸਿੱਖ ਨੌਜਵਾਨਾਂ ਦੀ ਵੱਡੇ ਪੱਧਰ 'ਤੇ ਫੜੋ-ਫੜੀ ਅਤੇ ਕੁਝ ਨੂੰ ਕੌਮੀ ਸੁਰੱਖਿਆ ਐਕਟ (ਐਨ.ਐਸ.ਏ.) ਅਧੀਨ ਆਸਾਮ ਦੀਆਂ ਜੇਲ੍ਹਾਂ ਵਿਚ ਬੰਦ ਕਰਨ ਦੇ ਮੁੱਦੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਾ ਇਹ ਟਵੀਟ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਰਾਇ ਤੋਂ ਬਾਅਦ ਜਾਰੀ ਕੀਤਾ ਗਿਆ। ਕੇਜਰੀਵਾਲ ਵਲੋਂ ਬੀਤੇ ਦਿਨ ਜਲੰਧਰ ਫੇਰੀ ਦੌਰਾਨ ਵੀ ਪੰਜਾਬ ਵਿਚ ਚੱਲ ਰਹੀ ਪੁਲਿਸ ਕਾਰਵਾਈ ਦਾ ਸਮਰਥਨ ਕਰਦਿਆਂ ਸਖ਼ਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਵੀ ਮੁੱਖ ਮੰਤਰੀ ਦੇ ਟਵੀਟ ਤੋਂ ਬਾਅਦ ਕੀਤੇ ਟਵੀਟ ਵਿਚ ਸਪੱਸ਼ਟ ਕੀਤਾ ਕਿ ਭਗਵੰਤ ਮਾਨ ਜੀ ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ, ਉਸੇ ਤਰ੍ਹਾਂ ਮੈਂ ਵੀ ਆਪਣੀ ਕੌਮ ਦਾ ਨਿਮਾਣਾ ਜਿਹਾ ਨੁਮਾਇੰਦਾ ਹਾਂ। ਮੈਨੂੰ ਆਪਣੀ ਕੌਮ ਦੇ ਨਿਰਦੋਸ਼ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਨ ਦਾ ਅਧਿਕਾਰ ਹੈ ਅਤੇ ਮੇਰਾ ਫ਼ਰਜ਼ ਵੀ ਹੈ। ਤੁਸੀਂ ਠੀਕ ਕਿਹਾ ਅਕਸਰ ਹੀ ਭੋਲੇ-ਭਾਲੇ ਧਾਰਮਿਕ ਲੋਕਾਂ ਨੂੰ ਰਾਜਨੀਤਕ ਲੋਕ ਵਰਤ ਜਾਂਦੇ ਹਨ ਪਰ ਮੈਂ ਇਸ ਪੱਖੋਂ ਪੂਰਾ ਸੁਚੇਤ ਹਾਂ ਪਰ ਤੁਸੀਂ ਧਿਆਨ ਰੱਖੋ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਨੂੰ ਤੰਦੂਰ ਵਾਂਗ ਮਘਦਾ ਰੱਖਣ ਲਈ ਤੁਹਾਡੇ ਵਰਗੇ ਰਾਜਨੀਤਕਾਂ ਨੂੰ ਰਾਜਨੀਤਕ ਲੋਕ ਨਾ ਵਰਤ ਜਾਣ। ਰਾਜਨੀਤੀ ਲਈ ਸੰਵਾਦ ਬਾਅਦ ਵਿਚ ਕਰਾਂਗੇ। ਪਹਿਲਾਂ ਆਓ ਰਲ ਕੇ ਪੰਜਾਬ ਬਚਾਈਏ ਅਤੇ ਘਰ ਉਡੀਕ ਰਹੀਆਂ ਮਾਵਾਂ ਨੂੰ ਉਨ੍ਹਾਂ ਦੇ ਜੇਲ੍ਹੀਂ ਡੱਕੇ ਨਿਰਦੋਸ਼ ਪੁੱਤਰਾਂ ਨਾਲ ਮਿਲਾਈਏ ਅਤੇ ਅਸੀਸ ਲਈਏ। ਵਾਹਿਗੁਰੂ ਭਲੀ ਕਰੇ। 

   ਸਿਖ ਨੌਜਵਾਨਾਂ ਦੀ ਰਿਹਾਈ ਦੇ ਹਕ ਵਿਚ ਪੰਥਕ ਤੇ ਸਿਆਸੀ ਧਿਰਾਂ

ਸੂਤਰਾਂ ਅਨੁਸਾਰ ਸਰਕਾਰ ਵਲੋਂ ਸੰਵਾਦ ਦੀ ਥਾਂ ਟਕਰਾਅ ਦਾ ਰਸਤਾ ਚੁਣ ਲੈਣ ਕਾਰਨ ਹੁਣ ਸਿੰਘ ਸਾਹਿਬ ਵਲੋਂ ਛੇਤੀ ਹੀ ਸਰਕਾਰ ਦੀ ਦਮਨਕਾਰੀ ਨੀਤੀ ਵਿਰੁੱਧ ਲੋਕ ਲਹਿਰ ਖੜ੍ਹੀ ਕਰਨ ਦੇ ਪ੍ਰੋਗਰਾਮ ਦਾ ਐਲਾਨ ਵੀ ਛੇਤੀ ਹੀ ਕਰ ਦਿੱਤਾ ਜਾਵੇਗਾ।ਬਾਦਲ ਅਕਾਲੀ ਦਲ ਤੇ ਵਡੀ ਗਿਣਤੀ ਵਿਚ ਪੰਥਕ ਜਥੇਬੰਦੀਆਂ ਜਥੇਦਾਰ ਦੀ ਹਮਾਇਤ ਵਿਚ ਹਨ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸਰਕਾਰ ਨੂੰ ਦਿੱਤੇ ਅਲਟੀਮੇਟਮ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਕਿਰਿਆ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਬਾਦਲ ਨੇ  ਕਿਹਾ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੁੱਖ ਮੰਤਰੀ ਸੱਤਾ ਦੇ ਨਸ਼ੇ ਵਿਚ ਇੰਨਾ ਅੰਨ੍ਹਾ ਹੋ ਗਿਆ ਹੈ ਕਿ ਦਿੱਲੀ ਬੈਠੀ ਸਿੱਖ ਵਿਰੋਧੀ ਲਾਬੀ ਦੀ ਸ਼ਹਿ ਅਤੇ ਬੇਗਾਨਿਆਂ ਦੀ ਚੁੱਕ ਵਿਚ ਆ ਕੇ ਉਹ ਅਕਾਲ ਤਖਤ ਸਾਹਿਬ ਨਾਲ ਹੀ ਮੱਥਾ ਲਾਉਣ ਦੀ ਹਿਮਾਕਤ ਕਰ ਬੈਠਾ ਹੈ।ਉਨ੍ਹਾਂ ਕਿਹਾ ਕਿ ਇਸ ਦਾ ਹਸ਼ਰ ਵੀ ਉਹੀ ਹੋਵੇਗਾ, ਜੋ ਸਿੱਖ ਇਤਿਹਾਸ ਵਿਚ ਗੁਰੂਘਰ ਨਾਲ ਖ਼ਾਸ ਕਰਕੇ ਖ਼ਾਲਸਾ ਪੰਥ ਦੀ ਸਰਵਉੱਚ ਸੰਸਥਾ ਛੇਵੇਂ ਪਾਤਸ਼ਾਹ ਵੱਲੋਂ ਬਖ਼ਸ਼ੇ ਮੀਰੀ ਪੀਰੀ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਰੁੱਧ ਜੰਗ ਛੇੜਨ ਵਾਲਿਆਂ ਦਾ ਹੁੰਦਾ ਆਇਆ ਹੈ। ਸੰਸਦ ਮੈਂਬਰ ਬਾਦਲ ਨੇ ਕਿਹਾ ਕਿ ਅਜੇ ਵੀ ਸਮਾਂ ਹੈ ਕਿ ਭਗਵੰਤ ਮਾਨ ਬਿਨਾਂ ਸ਼ਰਤ  ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫ਼ੀ ਮੰਗੇ।

ਕਾਂਗਰਸ ਦਾ ਇਕ ਧੜਾ ਜਥੇਦਾਰ ਨਾਲ ਸਹਿਮਤ ਹੈ।ਖਾਸ ਕਰਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਜਥੇਦਾਰ ਦੇ ਹਕ ਵਿਚ ਹਨ।ਕਾਂਗਰਸ ਦਾ ਦਲਿਤ ਆਗੂ ਅੰਮ੍ਰਿਤ ਪਾਲ ਵੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਹੱਕ ਵਿਚ ਆ ਗਿਆ ਹੈ।

 ਬੀਬੀ ਪਰਮਜੀਤ ਕੌਰ ਖਾਲੜਾ ਦਾ ਕਹਿਣਾ ਹੈ ਕਿ ਜੇਕਰ ਇਸ ਇਕੱਤਰਤਾ ਵਿਚ ਇਨ੍ਹਾਂ ਫੜੇ ਨੌਜਵਾਨਾਂ ਨੂੰ ਸੀਮਤ ਸਮੇਂ ਵਿਚ ਛੱਡਣ ਦੀ ਆਵਾਜ਼ ਉਠਾਈ ਗਈ ਹੈ ਤਾਂ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸਿਖਾਂ ਨੂੰ ਇਹ ਵਿਸ਼ਵਾਸ ਦਿਵਾਏ ਕਿ ਇਕ ਸੀਮਤ ਸਮੇਂ ਵਿਚ ਹੀ ਸਾਰੇ ਕੇਸਾਂ ਦੀ ਪੁਣਛਾਣ ਕਰਕੇ ਨਿਰਦੋਸ਼ ਜਾਂ ਮਾਮੂਲੀ ਦੋਸ਼ਾਂ ਵਾਲੇ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਜਾਏਗਾ। ਪਰ ਇਸ ਦੀ ਬਜਾਏ ਜੇਕਰ ਮੁੱਖ ਮੰਤਰੀ ਵਲੋਂ ਸਿੱਧੇ ਰੂਪ ਵਿਚ ਧਮਕੀਆਂ ਅਤੇ ਚੁਣੌਤੀਆਂ 'ਤੇ ਉੱਤਰ ਆਉਣ ਤਾਂ ਅਜਿਹੀ ਬਿਆਨਬਾਜ਼ੀ ਹਾਲਾਤ ਨੂੰ ਹੋਰ ਵਿਗਾੜਨ ਵਿਚ ਹੀ ਸਹਾਈ ਹੋਵੇਗੀ ਅਤੇ ਸਥਿਤੀ ਟਕਰਾਅ ਵਾਲੀ ਬਣ ਜਾਵੇਗੀ। ਇਹ ਹੰਕਾਰੀ ਨੀਤੀ ਨੂੰ ਕਿਸੇ ਤਰ੍ਹਾਂ ਵੀ ਸੂਬੇ ਦੇ ਹਿੱਤ ਵਿਚ ਨਹੀਂ ਹੈ। ਉਹਨਾਂ ਡਰ ਪ੍ਰਗਟ ਕੀਤਾ ਕਿ ਕਿਤੇ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਭਾਈ ਜਸਵੰਤ ਸਿੰਘ ਖਾਲੜਾ ਵਾਂਗ  ਲਵਾਰਸ਼ ਲਾਸ਼ ਨਾ ਬਣਾ ਦਿਤਾ ਜਾਵੇ। 

ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਨੇ  ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਟਕਰਾਅ ਦੀ ਨੀਤੀ ਤਿਆਗ ਕੇ  ਸਿਖ ਨੌਜਵਾਨਾਂ ਉਪਰ ਤੁਰੰਤ ਕੇਸ ਵਾਪਸ ਲੈਣ।ਉਹਨਾਂ ਇਹ ਵੀ ਕਿਹਾ ਕਿ ਆਪ ਸਰਕਾਰ ਨੂੰ ਫਿਰਕੂ ਟੀਵੀ ਚੈਨਲਾਂ ਉਪਰ ਨਮਦਾ ਕਸਣਾ ਚਾਹੀਦਾ ਹੈ ਜੋ ਸਿਖ ਕੌਮ ਨੂੰ ਅੱਤਵਾਦ ਨਾਲ ਜੋੜ ਰਹੇ ਹਨ। ਉਹਨਾਂ ਕਿਹਾ ਕਿ ਸਿਖ ਪੰਥ ਸਰਬਤ ਦੇ ਭਲੇ ਦੇ ਹਕ ਵਿਚ ਹੈ। ,ਦਬਿਆ ਕੁਚਲਿਆ ਸਮਾਜ ,ਹਿੰਦੂ , ਈਸਾਈ ਮੁਸਲਮਾਨ ,ਬੋਧੀਆਂ ਜੈਨੀਆਂ , ਖਬੇ ਪਖੀਆਂ ਸਭ ਨੂੰ ਆਪਣਾ ਭਾਈਚਾਰਾ ਮੰਨਦਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਪੰਜਾਬ ਦਾ ਵਿਕਾਸ ਤੇ ਰਾਜਨੀਤੀ ਵਿਚ ਤਾਂ ਹੀ ਸਫਲ ਹੋ ਸਕਦੀ ਹੈ ਜੇ ਉਹ ਸਿਖ ਮਾਨਸਿਕਤਾ ਨੂੰ ਸਮਝੇ ਤੇ ਇਨਸਾਫ ਕਰੇ। ਉਹਨਾਂ ਕਿਹਾ ਕਿ ਕੁਛ ਸਿਆਸੀ ਧਿਰਾਂ ਵਲੋਂ ਸਿਆਸਤ ਖੇਡੀ ਜਾ ਰਹੀ ਹੈ ,ਉਸਨੂੰ ਸਮਝਣ ਦੀ ਲੋੜ ਹੈ।  ਉਹਨਾਂ ਕਿਹਾ ਕਿ ਉਹਨਾਂ ਦਾ ਘਰਾਣਾ ਬਾਬਾ ਸਾਹਿਬ ਸਿੰਘ ਬੇਦੀ ,ਬਾਬਾ ਬਿਕਰਮਾ ਸਿੰਘ ਬੇਦੀ ਤੋਂ ਲੈਕੇ ਹੁਣ ਤਕ ਪੰਜਾਬ ਪੰਜਾਬੀਆਂ ਤੇ ਪੰਥ ਦੇ ਉਜਵਲ ਭਵਿੱਖ ਤੇ ਮਨੁੱਖੀ ਹਿਤਾਂ  ਦੇ ਹਕ ਵਿਚ ਰਿਹਾ ਹੈ।ਅਸੀਂ ਸਮੂਹ ਪੰਜਾਬੀਆਂ ਦੀ ਏਕਤਾ ਦੇ ਮੁਦਈ ਹਾਂ ਤੇ ਪੰਜਾਬ ਦਾ ਵਿਕਾਸ ਤੇ ਚੜ੍ਹਦੀਕਲਾ ਦੇਖਣਾ ਚਾਹੁੰਦੇ ਹਾਂ।ਸਤਿਗੁਰੂ ਨਾਨਕ ਸਾਰੇ ਪੰਜਾਬ ,ਪੰਜਾਬੀਆਂ ਤੇ ਪੰਥ ਦੀ ਪੈਜ ਰਖੇ।ਗੁਰ ਨਾਨਕ ਬਾਹ ਪਕਰਿ ਹਮ ਰਾਖਾ ।।ਸਰਦਾਰ ਗੁਰਤੇਜ ਸਿੰਘ ਆਈ ਏ ਐਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਇਹ ਮਸਲਾ ਹੋਰ ਉਲਝ ਜਾਏ। ਅਸੀਂ ਸਰਕਾਰ ਨੂੰ ਇਹ ਸਲਾਹ ਦਿਆਂਗੇ ਕਿ ਉਹ ਇਸ ਨੂੰ ਪਹਿਲ ਦੇ ਆਧਾਰ 'ਤੇ ਸਭ ਧਿਰਾਂ ਨੂੰ ਨਾਲ ਲੈ ਕੇ ਇਸ ਮਸਲੇ ਨੂੰ ਆਪਣਾ ਫ਼ਰਜ਼ ਤੇ ਜ਼ਿੰਮੇਵਾਰੀ ਸਮਝਦੇ ਹੋਏ ਜਲਦੀ ਤੋਂ ਜਲਦੀ ਸੁਲਝਾਉਣ ਦੀ ਕੋਸ਼ਿਸ਼ ਕਰੇ।