ਸ਼੍ਰੋਮਣੀ ਕਮੇਟੀ ਮੈਂਬਰ ਸ. ਸਰਵਣ ਸਿੰਘ ਕੁਲਾਰ ਦੇ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

ਸ਼੍ਰੋਮਣੀ ਕਮੇਟੀ ਮੈਂਬਰ ਸ. ਸਰਵਣ ਸਿੰਘ ਕੁਲਾਰ ਦੇ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

ਸ਼੍ਰੋਮਣੀ ਕਮੇਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੋਕ ਸਭਾ ਕਰਕੇ ਦਿੱਤੀ ਸ਼ਰਧਾਜਲੀ, ਦਫ਼ਤਰ ਰਹੇ ਬੰਦ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 27 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਸਰਵਣ ਸਿੰਘ ਕੁਲਾਰ ਦੇ ਅਕਾਲ ਚਲਾਣਾ ਕਰ ਜਾਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ. ਸਰਵਣ ਸਿੰਘ ਕੁਲਾਰ ਖਾਲਸਾ ਪੰਥ ਨੂੰ ਸਮਰਪਿਤ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਹਮੇਸ਼ਾ ਹੀ ਪੰਥਕ ਸਰੋਕਾਰਾਂ ਦੀ ਗੱਲ ਕੀਤੀ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਕਾਰਜਾਂ ਵਿਚ ਵੀ ਅਹਿਮ ਭੂਮਿਕਾ ਨਿਭਾਈ ਅਤੇ ਸੰਸਥਾ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਸੇਧਮਈ ਸਲਾਹ ਦਿੰਦੇ ਸਨ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸ. ਸਰਵਣ ਸਿੰਘ ਕੁਲਾਰ ਨਮਿਤ ਸ਼ੋਕ ਸਭਾ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮੂਲ ਮੰਤਰ ਅਤੇ ਗੁਰ-ਮੰਤਰ ਦੇ ਜਾਪ ਕਰਕੇ ਅਰਦਾਸ ਕੀਤੀ ਗਈ। ਸ਼ੋਕ ਸਭਾ ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ. ਸਰਵਣ ਸਿੰਘ ਕੁਲਾਰ ਦੀਆਂ ਪੰਥਕ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਚਲਾਣੇ ਨੂੰ ਵੱਡਾ ਪੰਥਕ ਘਾਟਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ. ਕੁਲਾਰ ਤਿਆਗੀ ਸੁਭਾਅ ਰੱਖਣ ਵਾਲੇ ਨੇਕਦਿਲ ਇਨਸਾਨ ਸਨ, ਜਿਨ੍ਹਾਂ ਦੇ ਅਕਾਲ ਚਲਾਣੇ ਨਾਲ ਸੰਸਥਾ ਅਤੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ. ਸਰਵਣ ਸਿੰਘ ਕੁਲਾਰ ਦੀਆਂ ਪੰਥ ਪ੍ਰਸਤੀ ਨਾਲ ਨਿਭਾਈਆਂ ਸੇਵਾਵਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਇਸੇ ਦੌਰਾਨ ਸੋਗ ਵਜੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਤੇ ਵਿਦਿਅਕ ਅਦਾਰੇ ਬੰਦ ਰੱਖੇ ਗਏ।

ਸ. ਸਰਵਣ ਸਿੰਘ ਕੁਲਾਰ ਦੇ ਚਲਾਣੇ ’ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਸਮੇਤ ਵੱਖ-ਵੱਖ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਅਧਿਕਾਰੀਆਂ ਨੇ ਵੀ ਅਫ਼ਸੋਸ ਪ੍ਰਗਟ ਕੀਤਾ ਹੈ। ਦਸਣਯੋਗ ਹੈ ਕਿ ਸ. ਸਰਵਣ ਸਿੰਘ ਕੁਲਾਰ ਦਾ ਅੰਤਿਮ ਸੰਸਕਾਰ ਭਲਕੇ 28 ਸਤੰਬਰ ਨੂੰ ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਕੁਲਾਰ ਵਿਖੇ ਦੁਪਹਿਰ 3 ਵਜੇ ਕੀਤਾ ਜਾਵੇਗਾ।

ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸ. ਸਰਵਣ ਸਿੰਘ ਕੁਲਾਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕੀਤੀ ਸ਼ੋਕ ਸਭਾ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਬਿਜੈ ਸਿੰਘ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਗੁਰਮੀਤ ਸਿੰਘ ਬੁੱਟਰ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ, ਸ. ਗੁਰਚਰਨ ਸਿੰਘ ਕੁਹਾਲਾ, ਸ. ਜਸਵਿੰਦਰ ਸਿੰਘ ਜੱਸੀ, ਸ. ਸ਼ਾਹਬਾਜ਼ ਸਿੰਘ, ਸ. ਗੁਰਨਾਮ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਮਨਜੀਤ ਸਿੰਘ ਤਲਵੰਡੀ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਆਦਿ ਹਾਜ਼ਰ ਸਨ।