ਸਿੱਖਾਂ ਵਿਚ ਫੁਟ ਦਾ ਮਾਹੌਲ, ਇਕ-ਦੂਜੇ ਨੂੰ ਦਿਖਾਇਆ ਜਾ ਰਿਹੈ ਨੀਵਾਂ

ਸਿੱਖਾਂ ਵਿਚ ਫੁਟ ਦਾ ਮਾਹੌਲ, ਇਕ-ਦੂਜੇ ਨੂੰ ਦਿਖਾਇਆ ਜਾ ਰਿਹੈ ਨੀਵਾਂ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ  ਹਰਪ੍ਰੀਤ ਸਿੰਘ ਨੇ  ਨਾਰਾਜ਼ਗੀ ਪ੍ਰਗਟਾਈ

 ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ      ਦਾ ਵਿਧੀ ਵਿਧਾਨ ਬਣੇ         

 ਅੰਮ੍ਰਿਤਸਰ ਟਾਈਮਜ਼         

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ  ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਪ੍ਰਤੀ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਸਿੱਖਾਂ ’ਚ ਇਸ ਵੇਲੇ ਆਪੋਧਾਪੀ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਸਿੱਖ ਵਿਆਹਾਂ-ਸ਼ਾਦੀਆਂ ਤੇ ਹੋਰ ਸਮਾਗਮਾਂ ’ਵਿਚ ਮਰਿਆਦਾ ਤੋਂ ਉਲਟ ਕਾਰਵਾਈਆਂ ਕਰ ਰਹੇ ਹਨ। ਅਕਾਲ ਤਖ਼ਤ ਸਾਹਿਬ ’ਤੇ ਕਿਸ-ਕਿਸ ਨੂੰ ਤਲਬ ਕੀਤਾ ਜਾਵੇ, ਇਹ ਸਿੱਖਾਂ ਨੂੰ ਖ਼ੁਦ ਸਮਝਣ ਦੀ ਲੋਡ਼ ਹੈ। ਲੋਕ ਕਹਿ ਰਹੇ ਹਨ ਕਿ ਸੰਵਿਧਾਨਕ ਤੌਰ ’ਤੇ ਸਾਨੂੰ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜਿਊਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਜਿਹਡ਼ਾ ਮਾਮਲਾ ਅਕਾਲ ਤਖ਼ਤ ਸਾਹਿਬ ’ਤੇ ਪੁੱਜਦਾ ਹੈ, ਉਸ ਮਾਮਲੇ ’ਵਿਚ ਜਿਸ ਦੇ ਹੱਕ ’ਵਿਚ ਫ਼ੈਸਲਾ ਹੁੰਦਾ ਹੈ, ਉਹ ਕਹਿੰਦਾ ਹੈ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ ਅਤੇ ਜਿਸ ਦੇ ਖ਼ਿਲਾਫ਼ ਫ਼ੈਸਲਾ ਹੁੰਦਾ ਹੈ, ਉਹ ਆਖਦਾ ਹੈ ਕਿ ਮੈਂ ਜਥੇਦਾਰ ਜਾਂ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਮੰਨਦਾ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਅਗਵਾਈ ਵਿਚ ਫ਼ੌਜਾਂ ਚੱਲਦੀਆਂ ਸਨ। ਕਿਸੇ ਦੀ ਜੁਰਅੱਤ ਨਹੀਂ ਸੀ ਪੈਂਦੀ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦੇਵੇ। ਉਸ ਸਮੇਂ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਸ ਤਖ਼ਤ ’ਤੇ ਤਲਬ ਕਰ ਲਿਆ ਜਾਂਦਾ ਸੀ। ਅੱਜ ਅਸੀਂ ਨਿਹੱਥੇ ਚੱਲ ਰਹੇ ਹਾਂ, ਸਾਡੇ ਪਾਸ ਕੋਈ ਫ਼ੌਜ ਨਹੀਂ ਹੈ। ਅਕਾਲੀ ਫੂਲਾ ਸਿੰਘ ਦੀ ਫ਼ੌਜ ਕੋਲ ਜੇ ਸ਼ਸਤਰ ਸਨ ਤਾਂ ਕੌਮ ਲਈ ਮਰਨ ਦਾ ਜਜ਼ਬਾ ਵੀ ਸੀ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਜਿਹਡ਼ੀਆਂ ਕੌਮੀ ਗਿਰਾਵਟਾਂ ਆਈਆਂ ਹਨ, ਇਨ੍ਹਾਂ ਨੂੰ ਦੂਰ ਕਰਨ ਲਈ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਲੋਡ਼ ਹੈ ਕਿ ਹੁਣ ਆਪਣੀਆਂ ਸੰਸਥਾਵਾਂ ਤੇ ਇਨ੍ਹਾਂ ਦੀਆਂ ਮਰਿਆਦਾਵਾਂ ਨੂੰ ਬਚਾਇਆ ਜਾਵੇ। ਅੱਜ ਸਾਡੀਆਂ ਸੰਸਥਾਵਾਂ ’ਵਿਚ ਆਪੋਧਾਪੀ ਪਈ ਹੋਈ ਹੈ। ਇਕ ਕਹਿੰਦਾ ਹੈ ਕਿ ਮੈਂ ਵੱਡਾ, ਦੂਸਰਾ ਕਹਿੰਦਾ ਮੈਂ ਵੱਡਾ। ਇਕ ਕਹਿੰਦਾ ਮੇਰੀ ਸੰਸਥਾ ਵੱਡੀ, ਦੂਜਾ ਕਹਿੰਦਾ ਮੇਰੀ ਸੰਸਥਾ ਵੱਡੀ, ਮੇਰੇ ਅਧਿਕਾਰ ਵੱਡੇ। ਆਪਣੇ ਆਪ ਨੂੰ ਉੱਚਾ ਦਿਖਾਉਣ ਦੀ ਖ਼ਾਤਰ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਸਥਾਵਾਂ ’ਤੇ ਕਬਜ਼ੇ ਦੀ ਲਡ਼ਾਈ ਕੀਤੀ ਜਾ ਰਹੀ ਹੈ। ਗੋਲਕਾਂ ਨੂੰ ਸੰਭਾਲਣ ਦੀ ਵੀ ਗੱਲ ਕੀਤੀ ਜਾ ਰਹੀ ਹੈ, ਪਰ ਪੰਥ ਨੂੰ ਸੰਭਾਲਣ ਦੀ ਕੋਈ ਗੱਲ ਨਹੀਂ ਕਰ ਰਿਹਾ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੋ ਲਡ਼ਾਈ ਦੇ ਮਾਮਲੇ ਪੁੱਜ ਰਹੇ ਹਨ ਉਨ੍ਹਾਂ ’ਵਿਚੋਂ 80 ਫ਼ੀਸਦੀ ਮਾਮਲੇ ਵਿਦੇਸ਼ਾਂ ਦੇ ਤੇ ਪ੍ਰਬੰਧਕੀ ਲਡ਼ਾਈਆਂ ਦੇ ਹਨ। ਉਨ੍ਹਾਂ ਕਿਹਾ ਕਿ ਕਰੋਡ਼ਾਂ ਡਾਲਰ ਸੰਸਥਾਵਾਂ ਦੇ ਕਬਜ਼ਿਆਂ ਨੂੰ ਲੈ ਕੇ ਖ਼ਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਝਗਡ਼ਾ ਇਸ ਹੱਦ ਤਕ ਪੁੱਜ ਜਾਂਦਾ ਹੈ ਕਿ ਜੇਕਰ ਦੂਸਰੀ ਧਿਰ ਨੂੰ ਪ੍ਰਬੰਧ ਮਿਲ ਜਾਵੇ ਤਾਂ ਪਹਿਲੀ ਧਿਰ ਗੁਰੂ ਨੂੰ ‘ਗੁਰੂ’ ਮੰਨਣ ਤੋਂ ਵੀ ਇਨਕਾਰ ਕਰ ਦਿੰਦੀ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦਾ ਬੋਰਡ ਭੰਗ ਕੀਤਿਆਂ ਪੰਜ ਮਹੀਨੇ ਹੋ ਚੁੱਕੇ ਹਨ ਅਤੇ ਇਸ ਦਾ ਪ੍ਰਬੰਧ ਇਕ ਸਿੱਖ ਨੂੰ ਦਿੱਤਾ ਗਿਆ ਹੈ। ਬੋਰਡ ਦੀ ਬਹਾਲੀ ਨਹੀਂ ਕੀਤੀ ਜਾ ਰਹੀ। ਕੋਈ ਸਿੱਖ ਨਹੀਂ ਬੋਲ ਰਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ  ਕਮੇਟੀ ਬਾਰੇ ਕੁਝ ਹੋ ਜਾਵੇ ਤਾਂ ਧਰਨੇ-ਮੁਜ਼ਾਹਰੇ ਸ਼ੁਰੂ ਹੋ ਜਾਂਦੇ ਹਨ। ਤਖ਼ਤ ਸ੍ਰੀ ਪਟਨਾ ਸਾਹਿਬ ਦਾ ਬੋਰਡ ਕਿੱਥੇ ਦਿਖਾਈ ਦੇ ਰਿਹਾ ਹੈ, ਉਨ੍ਹਾਂ ਨੂੰ ਕੋਈ ਨਹੀਂ ਪੁਛਦਾ। ਅਸੀ ਕਹਿੰਦੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬੋਲੇ। ਜੇਕਰ ਜਥੇਦਾਰ ਬੋਲਦਾ ਹੈ ਤਾਂ ਫਿਰ ਕਿਹਾ ਜਾਂਦਾ ਹੈ ਕਿ ਇਹ ਬਾਦਲਾਂ ਨੂੰ ਮਜ਼ਬੂਤ ਕਰ ਰਿਹਾ। ਉਨ੍ਹਾਂ ਕਿਹਾ ਕਿ ਆਪਣੀਆਂ ਸੰਸਥਾਵਾਂ ਨੂੰ ਸਾਂਭਣ ਦੀ ਲੋਡ਼ ਹੈ ਅਤੇ ਸਾਰੇ ਸਿੱਖਾਂ ਨੂੰ ਇਕਜੁੱਟ ਹੋਣ ਦੀ ਲੋਡ਼ ਹੈ।

ਜਥੇਦਾਰਾਂ ਦੀ ਨਿਯੁਕਤੀ ਦਾ ਵਿਧੀ ਵਿਧਾਨ ਬਣੇ

ਸਿੰਘ ਸਾਹਿਬ ਨੇ ਕਿਹਾ ਕਿ ਅਸੀ ਕਹਿੰਦੇ ਹਾਂ ਕਿ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਵਿਧੀ ਵਿਧਾਨ ਬਣੇ ਅਤੇ ਇਹ ਵੀ ਤੈਅ ਹੋਵੇ ਕਿ ਉਹ ਕਿੰਨਾ ਚਿਰ ਸੇਵਾ ਕਰ ਸਕਦਾ ਹੈ। ਕੌਮ ਦੇ ਵਿਦਵਾਨ ਇਸ ਸਬੰਧੀ ਕਿਉਂ ਨਹੀਂ ਕੋਈ ਨਿਰਣਾ ਲੈ ਰਹੇ। ਉਨ੍ਹਾਂ ਕਿਹਾ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਗੁਰਬਚਨ ਸਿੰਘ ਅਤੇ ਉਨ੍ਹਾਂ ਨੇ ਖ਼ੁਦ ਵੀ ਸ਼੍ਰੋਮਣੀ ਕਮੇਟੀ ਨੂੰ ਵਿਧੀ- ਵਿਧਾਨ ਤਿਆਰ ਕਰਵਾਉਣ ਲਈ ਲਿਖਿਆ ਹੈ। ਵਿਧੀ ਵਿਧਾਨ ਹੋਣਾ ਚਾਹੀਦਾ ਹੈ ਅਤੇ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਲੋਡ਼ ਹੈ। ਇਹ ਫ਼ੈਸਲੇ ਕਰ ਲੈਣੇ ਚਾਹੀਦੇ ਹਨ ਤਾਂ ਜੋ ਸਾਡੀ ਕੌਮ ਗ਼ੈਰਾਂ ਵਿਚ ਹਾਸੇ-ਮਜ਼ਾਕ ਦਾ ਪਾਤਰ ਨਾ ਬਣੇ, ਜੋ ਅੱਜ ਦੇ ਸਮੇਂ ’ਵਿਚ ਬਣ ਰਹੀ ਹੈ।