ਸ਼ਾਹੀ ਪਰਿਵਾਰ ਤੇ ਕਾਂਗਰਸ ਦਾ ਰਿਸ਼ਤਾ ਹੋਇਆ ਖ਼ਤਮ

ਸ਼ਾਹੀ ਪਰਿਵਾਰ ਤੇ ਕਾਂਗਰਸ ਦਾ ਰਿਸ਼ਤਾ ਹੋਇਆ ਖ਼ਤਮ

*ਕਾਂਗਰਸ ਸੂਬਾ ਪ੍ਰਧਾਨ  ਰਾਜਾ ਵੜਿੰਗ ਪਾਰਟੀ ਦਾ ਹਿੱਸਾ ਨਹੀਂ ਮੰਨ ਰਹੇ ਪ੍ਰਨੀਤ ਕੌਰ ਨੂੰ

*ਕੈਪਟਨ ਦੀ ਹਾਲਤ ਸਿਆਸਤ ਵਿਚ ਖਸਤੀ

 ਅੰਮ੍ਰਿਤਸਰ ਟਾਈਮਜ਼

ਪਟਿਆਲਾ: ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਪ੍ਰਨੀਤ ਕੌਰ ਨੂੰ ਵੀ ਆਪਣੇ ਤੋਂ ਵੱਖ ਕਰ ਦਿੱਤਾ ਹੈ। ਦਿਲਚਸਪ ਹੈ ਕਿ ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪ੍ਰਨੀਤ ਕੌਰ ਨੂੰ ਪਾਰਟੀ ਦਾ ਹਿੱਸਾ ਨਾ ਹੋਣ ਦੀ ਗੱਲ ਪਟਿਆਲਾ ਜ਼ਿਲ੍ਹੇ 'ਚ ਕੀਤੇ ਦੌਰਿਆਂ ਤੋਂ ਬਾਅਦ ਕੀਤਾ ਹੈ। ਪਰਨੀਤ ਕੌਰ ਵਲੋਂ ਵਿਧਾਨ ਸਭਾ ਚੋਣਾਂ ਵੀ ਦੌਰਾਨ ਮੋਤੀ ਮਹਿਲ ਵਿਚ ਬੈਠ ਕੇ ਕਾਂਗਰਸ ਦੀ ਬਜਾਏ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਮਦਦ ਕੀਤੀ ਜਾਂਦੀ ਰਹੀ ਹੈ। ਜਿਸ ਬਾਰੇ ਕਾਂਗਰਸ ਪਾਰਟੀ ਵਲੋਂ ਪ੍ਰਨੀਤ ਕੌਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਪ੍ਰਨੀਤ ਕੌਰ ਨੇ ਇਸ ਪੱਤਰ ਦਾ ਜਵਾਬ ਦੇਣ ਦੀ ਬਜਾਏ ਪੰਜਾਬ ਲੋਕ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਿੰਦੇ ਰਹੇ ਹਨ।

ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਿਛਲੇ ਦਿਨਾਂ ਵਿਚ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਵਿਚ ਸੀਨੀਅਰ ਆਗੂਆਂ ਨਾਲ ਬੈਠਕਾਂ ਕੀਤੀਆਂ ਗਈਆਂ ਹਨ। ਪ੍ਰਨੀਤ ਕੌਰ ਕਾਂਗਰਸ ਪ੍ਰਧਾਨ ਦੇ ਇਨਾਂ ਦੌਰਿਆਂ ਤੋਂ ਵੀ ਦੂਰ ਰਹੇ ਹਨ। ਬੀਤੇ ਦਿਨ ਮੋਤੀ ਮਹਿਲ ਦੇ ਬਿਲਕੁੱਲ ਸਾਹਮਣੇ ਰਹਿੰਦੇ ਸਾਬਕਾ ਮੰਤਰੀ ਬ੍ਰਹਮ ਮੋਹਿੰਦਰਾ ਦੇ ਘਰ ਵੀ ਪੁੱਜੇ ਸਨ। ਜਿਸ ਤੋਂ ਅਗਲੇ ਦਿਨ ਹੀ ਪ੍ਰਧਾਨ ਵਲੋਂ ਪ੍ਰਨੀਤ ਕੌਰ ਸਬੰਧੀ ਖੁੱਲ੍ਹ ਕੇ ਬਿਆਨ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਵਿਚ ਵੀ ਨੁਕਸਾਨ ਝੱਲਣਾ ਪਿਆ ਹੈ। ਪਾਰਟੀ ਦੀ ਮਜਬੂਤੀ ਲਈ ਪਾਰਟੀ ਪ੍ਰਧਾਨ ਰਾਜਾ ਵੜਿੰਗ ਵਲੋਂ ਪਟਿਆਲਾ ਜ਼ਿਲ੍ਹੇ ਦੇ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤ ਦੀ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਉਹ ਹਲਕਾ ਸਮਾਣਾ, ਪਾਤੜਾਂ, ਨਾਭਾ ਤੇ ਘਨੌਰ ਦੇ ਸੀਨੀਅਰ ਆਗੂਆਂ ਤੇ ਸਾਬਕਾ ਵਿਧਾਇਕਾਂ ਨਾਲ ਬੈਠਕਾਂ ਕੀਤੀਆਂ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਨਾਂ ਬੈਠਕਾਂ ਦੌਰਾਨ ਆਗੂਆਂ ਤੋਂ ਮਿਲੇ ਸੁਝਾਵਾਂ ਤੋਂ ਬਾਅਦ ਪਾਰਟੀ ਪ੍ਰਧਾਨ ਦੇ ਪ੍ਰਨੀਤ ਕੌਰ ਦਾ ਪਾਰਟੀ ਨਾਲ ਕੋਈ ਰਿਸ਼ਤਾ ਨਾ ਹੋਣ ਦਾ ਗੱਲ ਕਹੀ ਹੈ।

ਅਧਿਕਾਰਤ ਤੌਰ 'ਤੇ ਪਾਰਟੀ 'ਚੋਂ ਨਹੀਂ ਕੱਢਿਆ ਪ੍ਰਨੀਤ ਕੌਰ ਨੂੰ

ਇਸ ਸਭ ਦੇ ਬਾਵਜੂਦ ਅਧਿਕਾਰਿਕ ਤੌਰ ਤੇ ਪ੍ਰਨੀਤ ਕੌਰ ਨੂੰ ਕਾਂਗਰਸ ਚੋਂ ਕੱਢਿਆ ਨਹੀਂ ਗਿਆ ਹੈ। ਜੇਕਰ ਪ੍ਰਨੀਤ ਕੌਰ ਨੂੰ ਪਾਰਟੀ ਵਿਚੋਂ ਕੱਢਿਆ ਜਾਂਦਾ ਹੈ ਤਾਂ ਨਿਯਮਾਂ ਤਹਿਤ ਲੋਕ ਸਭਾ ਹਲਕਾ ਪਟਿਆਲਾ ਲਈ ਉਪ ਚੋਣ ਕਰਵਾਉਣੀ ਹੋਵੇਗੀ। ਸ਼ਾਇਦ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਪਾਰਟੀ ਅਜੇ ਪਟਿਆਲਾ ਲੋਕ ਸਭਾ ਦੇ ਉਪ ਚੋਣ ਲੜਣ ਲਈ ਤਿਆਰ ਨਹੀਂ ਹੈ। ਜਿਸ ਕਰਕੇ ਸਭ ਕੁਝ ਜਾਣ ਕੇ ਵੀ ਪਾਰਟੀ ਹਾਈਕਮਾਂਡ ਅਣਜਾਣ ਹੀ ਬਣੀ ਹੋਈ ਹੈ ਤੇ ਪ੍ਰਨੀਤ ਕੌਰ ਖਿਲਾਫ ਲਿਖਤੀ ਤੌਰ ’ਤੇ ਕਾਰਵਾਈ ਕਰਨ ਤੋਂ ਫਿਲਹਾਲ ਗੁਰੇਜ ਕਰ ਰਹੀ ਹੈ।

ਕਾਂਗਰਸ ਕਰਕੇ ਹੀ ਚਰਚਾ ਚ ਰਿਹਾ ਹੈ ਮੋਤੀ ਮਹਿਲ

ਸਾਲ 2002 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਚ ਕਾਂਗਰਸ ਵਲੋਂ ਮੁੱਖ ਮੰਤਰੀ ਵਜੋਂ ਆਹੁਦਾ ਸੰਭਾਲਿਆ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਲਈ ਬਹੁਤ ਮਜਬੂਤੀ ਨਾਲ ਕੰਮ ਕੀਤਾ ਤੇ ਸੂਬੇ ਦੇ ਸਾਰੇ ਕਾਂਗਰਸ ਆਗੂਆਂ ਨੂੰ ਆਪਣੇ ਪ੍ਰਭਾਵ ਅਧੀਨ ਲਿਆਂਦਾ। ਉਦੋਂ ਤੋਂ ਹੀ ਕੈਪਟਨ ਨੂੰ ਕਾਂਗਰਸ ਤੇ ਕਾਂਗਰਸ ਨੂੰ ਕੈਪਟਨ ਵਜੋਂ ਦੇਖਿਆ ਜਾਣ ਲੱਗਿਆ ਅਤੇ ਕੈਪਟਨ ਦੀ ਪਟਿਆਲਾ ਸਥਿਤ ਸ਼ਾਹੀ ਰਿਹਾਇਸ਼ ਮੋਤੀ ਮਹਿਲ ਸਿਆਸਤ ਦਾ ਕੇਂਦਰ ਬਣ ਗਿਆ। ਮੋਤੀ ਮਹਿਲ ਤੋਂ ਕਾਂਗਰਸ ਦੀ ਹਰ ਗਤੀਵਿਧੀ ਦੀ ਰਣਨੀਤੀ ਉਲੀਕੀ ਜਾਂਦੀ ਤੇ ਸਰਕਾਰੀ ਤੰਤਰ ਵੀ ਇਥੇ ਪਾਣੀ ਭਰਨ ਲਈ ਆਉਂਦਾ ਰਿਹਾ। 2007 ਵਿਚ ਕਾਂਗਰਸ ਨੂੰ ਅਜਿਹੀ ਹਾਰ ਮਿਲੀ ਕਿ ਮੁੜ 15 ਸਾਲ ਤੱਕ ਪੰਜਾਬ ਦੀ ਸੱਤਾ ਵਿਚ ਨਾ ਆ ਸਕੀ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ, ਮੋਤੀ ਮਹਿਲ ਅਤੇ ਕਾਂਗਰਸ ਦੀ ਚਮਕ ਵੀ ਫਿੱਕੀ ਪੈ ਗਈ। 2017 ਵਿਚ ਮੁੜ ਪਾਰਟੀ ਹਾਈਕਮਾਂਡ ਵਲੋਂ ਮਿਲੀ ਹੱਲਸ਼ੇਰੀ ਨਾਲ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸੱਤਾ ਵਿਚ ਵਾਪਸੀ ਕੀਤੀ, ਪਰ ਇਸ ਦੌਰਾਨ ਲੋਕਾਂ ਤੋਂ ਬਣਾਈ ਦੂਰੀ, ਬੇਪਰਵਾਹੀ ਤੇ ਢਿੱਲੀ ਅਗਵਾਈ ਦੇ ਚੱਲਦਿਆਂ ਪਾਰਟੀ ਵਿਚ ਤਰੇੜਾਂ ਪੈਣੀਆਂ ਸ਼ੁਰੂ ਹੋਈਆਂ। ਸਾਲ 2020 ਵਿਚ ਹੀ ਕੈਪਟਨ ਅਮਰਿੰਦਰ ਸਿੰਘ ਦੀ ਬੇੜੀ ਵਿਚ ਵੱਟੇ ਪਾਉਣ ਦਾ ਕੰਮ ਉਨਾਂ ਦੇ ਹੀ ਵਜੀਰਾਂ ਨੇ ਸ਼ੁਰੂ ਕੀਤਾ। ਸਾਲ 2021 ਵਿਚ ਪਟਿਆਲਾ ਵਿਚ ਹੀ ਬੈਠ ਕੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਖਿਲਾਫ ਬਗਾਵਤ ਦਾ ਅਜਿਹਾ ਝੰਡਾ ਚੁੱਕਿਆ ਕਿ ਸਾਰੇ ਵਜੀਰ ਤੇ ਹੋਰ ਆਗੂ ਵੀ ਕੈਪਟਨ ਤੋਂ ਪਾਸਾ ਵੱਟ ਗਏ। ਹਾਲਾਤ ਅਜਿਹੇ ਖਰਾਬ ਹੋਏ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰਨ ਮੁੱਖ ਮਤਰੀ ਦੀ ਕੁਰਸੀ ਛੱਡਣੀ ਪਈ।

ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਅਜਿਹਾ ਵਾਪਰਿਆ ਜੋ ਕਦੇ ਸੋਚਿਆ ਵੀ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਕਰੀਬੀ ਤੇ ਪਟਿਆਲਾ ਸ਼ਹਿਰ ਦੇ ਮੇਅਰ ਦੀ ਕੁਰਸੀ ਬਚਾਉਣ ਲਈ ਕੌਂਸਲਰਾਂ ਦੀ ਮੀਟਿੰਗ ਵਿਚ ਵੀ ਬੈਠਣਾ ਪਿਆ, ਜੋ ਕਦੇ ਪਹਿਲਾਂ ਕਦੇ ਨਹੀਂ ਹੋਇਆ ਸੀ। ਇਥੇ ਬਸ ਨਹੀਂ ਹਮੇਸ਼ਾ ਲਗਜ਼ਰੀ ਗੱਡੀ ਵਿਚ ਸਵਾਰੀ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਗਰ ਨਿਗਮ ਦੇ ਦਫਤਰ ਤੱਕ ਤੋਰ ਕੇ ਲਿਆਂਦਾ ਗਿਆ ਤੇ ਪਹਿਲੀ ਮੰਜਿਲ ਤੇ ਜਾਣ ਲਈ ਲਿਫਟ ਚੱਲਣ ਦਾ ਇੰਤਜ਼ਾਰ ਕਰਨਾ ਪਿਆ। ਵਿਧਾਨ ਸਭਾ ਚੋਣਾਂ ਵਿਚ ਹਰ ਵਾਰ ਵੱਡੀ ਲੀਡ ਨਾਲ ਜਿੱਤਣ ਵਾਲੇ ਕੈਪਟਨ ਨੂੰ ਇਸ ਵਾਰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।