ਭਾਜਪਾ ਦੇ ਅੱਤਵਾਦੀਆਂ ਨਾਲ ਸੰਬੰਧਾਂ ਦੇ ਲਗੇ ਦੋਸ਼,ਸੁਖਪਾਲ ਖਹਿਰਾ ਨੇ ਕਿਹਾ  ਜਾਂਚ ਹੋਵੇ

ਭਾਜਪਾ ਦੇ ਅੱਤਵਾਦੀਆਂ ਨਾਲ ਸੰਬੰਧਾਂ ਦੇ ਲਗੇ ਦੋਸ਼,ਸੁਖਪਾਲ ਖਹਿਰਾ ਨੇ ਕਿਹਾ  ਜਾਂਚ ਹੋਵੇ

ਅੰਮ੍ਰਿਤਸਰ ਟਾਈਮਜ਼

 ਜੰਮੂ : ਪੰਜਾਬ ਦੇ ਵਿਧਾਇਕ ਤੇ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਭਾਜਪਾ ਦੇ ਅੱਤਵਾਦੀਆਂ ਨਾਲ ਤਾਰ ਜੁੜਨ ਦੇ ਦੋਸ਼ ਲਗਾ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਖਹਿਰਾ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਸੀਬੀਆਈ, ਈਡੀ ਸਮੇਤ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਮੋਦੀ ਸਰਕਾਰ ਕਾਂਗਰਸ ਮੁਕਤ ਨਹੀਂ, ਬਲਕਿ ਵਿਰੋਧੀ ਧਿਰ ਮੁਕਤ ਭਾਰਤ ਦੇ ਏਜੰਡੇ ’ਤੇ ਕੰਮ ਕਰ ਰਹੀ ਹੈ।  ਖਹਿਰਾ ਨੇ ਕਿਹਾ ਕਿ ਜਾਂਚ ਏਜੰਸੀਆਂ ਨੂੰ ਅੱਠ ਸਾਲਾਂ ’ਵਿਚ ਭਾਜਪਾ ਆਗੂਆਂ ’ਵਿਚ ਕੋਈ ਬੁਰਾਈ ਦਿਖਾਈ ਨਹੀਂ ਦਿੱਤੀ। ਇਹ ਦੇਸ਼ ਦੇ ਲੋਕਤੰਤਰ ਲਈ ਖਤਰਾ ਹੈ। ਕਾਂਗਰਸ ਦਹਿਸ਼ਤ ਤੇ ਸਿਆਸਤ ਦੇ ਹੱਕ ’ਵਿਚ ਕਦੇ ਨਹੀਂ ਰਹੀ। ਜਿਸ ਤਰ੍ਹਾਂ ਨਾਲ ਇਕ ਦੇ ਬਾਅਦ ਇਕ ਘਟਨਾਵਾਂ ’ਚ ਲਗਾਤਾਰ ਅੱਤਵਾਦੀਆਂ ਤੇ ਅਪਰਾਧੀਆਂ ਦੇ ਤਾਰ ਭਾਜਪਾ ਨਾਲ ਜੁੜੇ ਮਿਲੇ ਹਨ। ਅਜਿਹੇ ’ਵਿਚ ਸਵਾਲ ਪੁੱਛਣਾ ਜ਼ਰੂਰੀ ਹੋ ਜਾਂਦਾ ਹੈ। ਪਿਛਲੇ ਦਿਨੀਂ ਰਾਜਸਥਾਨ ਦੇ ਉਦੈਪੁਰ ’ਵਿਚ ਕਨ੍ਹਈਆ ਲਾਲ ਦੀ ਹੱਤਿਆ ’ਵਿਚ ਸ਼ਾਮਲ ਇਕ ਮੁਲਜ਼ਮ ਮੁਹੰਮਦ ਰਿਆਜ਼ ਭਾਜਪਾ ਦਾ ਵਰਕਰ ਨਿਕਲਿਆ। ਰਿਆਸੀ ’ਵਿਚ ਪਿੰਡ ਦੇ ਲੋਕਾਂ ਵਲੋਂ ਫੜੇ ਗਏ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ’ਵਿਚੋਂ ਤਾਲਿਬ ਹੁਸੈਨ ਸ਼ਾਹ ਭਾਜਪਾ ਦਾ ਅਹੁਦੇਦਾਰ ਨਿਕਲਿਆ। ਉਨ੍ਹਾਂ ਦੋਸ਼ ਲਾਇਆ ਕਿ ਸਾਲ 2020 ’ਵਿਚ ਜੰਮੂ ਕਸ਼ਮੀਰ ’ਵਿਚ ਅੱਤਵਾਦੀਆਂ ਨੂੰ ਹਥਿਆਰ ਮੁਹੱਈਆ ਕਰਾਉਣ ਦੇ ਦੋਸ਼ ’ਵਿਚ ਭਾਜਪਾ ਦੇ ਸਾਬਕਾ ਆਗੂ ਤੇ ਸਰਪੰਚ ਤਾਰਿਕ ਅਹਿਮਦ ਮੀਰ ਨੂੰ ਗਿ੍ਰਫ਼ਤਾਰ ਕੀਤਾ ਸੀ। ਅੱਤਵਾਦੀ ਮਸੂਦ ਅਜ਼ਹਰ ਨੂੰ ਵੀ ਭਾਜਪਾ ਸਰਕਾਰ ਨੇ ਛੱਡਿਆ ਸੀ, ਜਿਸ ਦੇ ਬਾਅਦ ਉਸ ਨੇ ਦੇਸ਼ ’ਵਿਚ ਕਈ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪੁਲਵਾਮਾ ਵਿਚ 200 ਕਿੱਲੋ ਆਰਡੀਐਕਸ ਕਿਵੇਂ ਪਹੁੰਚਿਆ, ਇਸ ਦਾ ਜਵਾਬ ਹਾਲੇ ਤਕ ਦੇਸ਼ ਨੂੰ ਨਹੀਂ ਮਿਲਿਆ। ਇਸ ਦੀ ਜਾਂਚ ਹਾਲੇ ਤਕ ਕਿਉਂ ਨਹੀਂ ਹੋਈ, ਇਹ ਵੀ ਇਕ ਸਵਾਲ ਹੈ।