ਪੰਜਾਬ ਲੋਕਾਂ ਤੇ ਕਿਰਤੀਆਂ ਦੀ ਸ਼ਕਤੀ ਦਾ ਰੋਲ ਮਾਡਲ ਬਣਿਆ ਭਾਰਤ ਵਿਚ 

ਪੰਜਾਬ ਲੋਕਾਂ ਤੇ ਕਿਰਤੀਆਂ ਦੀ ਸ਼ਕਤੀ ਦਾ ਰੋਲ ਮਾਡਲ ਬਣਿਆ ਭਾਰਤ ਵਿਚ 

 *ਤਿੰਨ ਅੰਦੋਲਨਾਂ ਰਾਹੀਂ ਪੰਜਾਬ ਸਰਕਾਰ ਦੀ ਨੱਕ ਵਿਚ ਕੀਤਾ ਦਮ 

* ਵਿਰੋਧੀ ਧਿਰਾ ਫੋਸੜ ਸਿਧ ਹੋਈਆਂ  , ਲੋਕਾਂ ਨੇ ਪੰਜਾਬ ਦੀ ਕਮਾਂਡ ਸੰਭਾਲੀ                         

 *ਬੰਦੀ ਸਿਖਾਂ ਦੀ ਹਮਾਇਤ ਉਪਰ ਖਬੇ ਪਖੀ ਕਿਸਾਨ ਯੂਨੀਅਨਾਂ ਡਟੀਆਂ  

                                                                                                                               ਪਿਛਲੇ ਦੋ ਸਾਲਾਂ ਤੋਂ ਪੰਜਾਬ ਵਿੱਚ ਤਿੰਨ ਵੱਡੇ ਅੰਦੋਲਨ ਹੋਏ ਹਨ ਅਤੇ ਇਨ੍ਹਾਂ ਤਿੰਨਾਂ ਵਿੱਚ ਵੱਡੀਆਂ ਸਿਆਸੀ ਪਾਰਟੀਆਂ ਜਾਂ ਨੇਤਾਵਾਂ ਦੀ ਕੋਈ ਭੂਮਿਕਾ ਨਹੀਂ ਸੀ। ਉਹ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾਉਣ ਵਿਚ ਅਸਫਲ ਰਹੇ। ਤਿੰਨ ਖੇਤੀ ਕਾਨੂੰਨਾਂ, ਮੱਤੇਵਾੜਾ ਉਦਯੋਗਿਕ ਪ੍ਰਾਜੈਕਟ ਅਤੇ ਜ਼ੀਰਾ ਡਿਸਟਿਲਰੀ ਦੇ ਖਿਲਾਫ ਅੰਦੋਲਨ ਮੁੱਖ ਤੌਰ 'ਤੇ ਪੰਜਾਬੀਆਂ ਦੁਆਰਾ ਚਲਾਏ ਗਏ ਸਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਹਫਤੇ  ਜ਼ੀਰਾ ਨੇੜੇ ਡਿਸਟਿਲਰੀ ਬੰਦ ਕਰਨ ਦਾ ਐਲਾਨ ਕਰਨ ਕਰਕੇ ਪੰਜਾਬੀਆਂ ਦੀ ਝੋਲੀ ਵਿਚ ਜਿਤ ਪਈ ਹੈ।  ਪਰ ਹਾਲੇ ਮੋਰਚਾ ਜਾਰੀ ਹੈ ,ਕਿਉਕਿ ਇਸ ਸੰਬੰਧ ਵਿਚ ਨੋਟੀਫਿਕੇਸ਼ਨ ਨਹੀਂ ਹੋਇਆ।ਲੋਕਾਂ ਵੱਲੋਂ ਲਗਪਗ ਛੇ ਮਹੀਨਿਆਂ ਦੇ ਲੰਬੇ ਮੋਰਚੇ ਤੋਂ ਬਾਅਦ, ਇਹ ਵਡਾ ਪੰਜਾਬੀਆਂ ਦਾ ਸਮਰਥਨ ਮਿਲਿਆ ਹੈ।

ਜਦੋਂ ਕਿਸਾਨ ਅੰਦੋਲਨ ਵਿੱਚ, ਖੇਤ ਮਜਦੂਰਾਂ ਨੇ ਇਸ ਨੂੰ ਜਥੇਬੰਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਪਰ ਇਹ ਮੁੱਖ ਤੌਰ 'ਤੇ ਪੰਜਾਬ ਵਿੱਚ ਜ਼ਮੀਨੀ ਪੱਧਰ 'ਤੇ ਸਮਰਥਨ ਸੀ ਜਿਸ ਨੇ ਇਸ ਨੂੰ ਇੰਨਾ ਵੱਡਾ ਬਣਾਇਆ ਕਿ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਵੀ ਸ਼ਾਮਲ ਹੋਈਆਂ।ਇਹਨਾਂ ਅੰਦੋਲਨਾਂ ਨੂੰ ਸ਼ੋਸ਼ਲ ਮੀਡੀਆ ਵਿਚ ਵਡਾ ਹੁੰਗਾਰਾ ਮਿਲਿਆ ਹੈ।ਇਨ੍ਹਾਂ ਤਿੰਨਾਂ ਅੰਦੋਲਨਾਂ ਦਾ ਇੱਕ ਹੋਰ ਪਹਿਲੂ ਵੱਖ-ਵੱਖ ਵਿਚਾਰਧਾਰਕ, ਸਮਾਜਿਕ, ਆਰਥਿਕ, ਜਾਤੀ ਅਤੇ ਪੇਸ਼ੇਵਰ ਪਿਛੋਕੜ ਵਾਲੇ ਭਾਈਚਾਰਿਆਂ ,ਜਥੇਬੰਦੀਆਂ ਅਤੇ ਕਾਰਕੁਨਾਂ ਦਾ ਹੱਥ ਮਿਲਾਉਣਾ ਹੈ।

ਜਲੰਧਰ ਦੇ ਲਤੀਫਪੁਰਾ ਵਿਖੇ ਪਿਛਲੇ ਪੰਜ ਹਫ਼ਤਿਆਂ ਤੋਂ ਲਗਾਤਾਰ ਚੱਲ ਰਹੇ ਚੌਥੇ ਅੰਦੋਲਨ ਵਿੱਚ ਵੀ ਇਹੋ ਜਿਹੇ ਤੱਤ ਹਨ। ਇੱਥੇ ਵੀ ਸਿੱਖ, ਖੱਬੇਪੱਖੀ ਅਤੇ ਕਿਸਾਨ ਗਰੁੱਪਾਂ ਨੇ ਹੱਥ ਮਿਲਾਇਆ ਹੋਇਆ ਹੈ ਅਤੇ ਪੰਜਾਬੀ  ਸੋਸ਼ਲ ਮੀਡੀਆ 'ਤੇ ਸਮਰਥਨ ਦੇ ਰਹੇ ਹਨ। ਸਿੱਖ ਬੰਦੀਆਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਇੱਕ ਹੋਰ ਰੋਸ ਧਰਨੇ ਨੂੰ ਵਿਸ਼ਾਲ ਹੁੰਗਾਰਾ ਮਿਲ ਰਿਹਾ ਹੈ। ਕੁਝ ਕਿਸਾਨ ਯੂਨੀਅਨ ਸਿਖਾਂ ਦੇ ਮਸਲੇ ਉਪਰ ਡਟਕੇ ਖਲੋ ਰਹੀਆਂ ਹਨ। ਪੰਜਾਬ ਵਿਚ ਪ੍ਰਦੂਸ਼ਣ ,ਨਸ਼ਿਆਂ ,ਮਨੁੱਖੀ ਅਧਿਕਾਰਾਂ ਦੇ ਹਕ ਵਿਚ ਮੁਹਿੰਮ ਚਲ ਪਈ ਹੈ।ਸ਼ਰਾਬ ਦੀਆਂ ਫੈਕਟਰੀਆਂ ,ਉਦਯੋਗਿਕ ਪ੍ਰਦੂਸ਼ਣ ਕਾਰਣ ਪੰਜਾਬੀਆਂ ਦੀ ਸਿਹਤ ,ਵਾਤਾਵਰਨ, ਪਾਣੀਆਂ ਦੀ ਸ਼ੁਧਤਾ ਦਾ ਉਜਾੜਾ ਹੋ ਰਿਹਾ ਹੈ।ਸੰਤ ਬਲਬੀਰ ਸਿੰਘ ਸੀਚੇਵਾਲ  ਨੂੰ ਇਸ ਬਾਰੇ ਬੁਲੰਦ ਅਵਾਜ਼ ਉਠਾਉਣੀ ਚਾਹੀਦੀ ਸੀ ਪਰ ਉਹ ਲੋਕ ਹਕ ਵਿਚ ਨਾ ਖਲੋ ਸਕੇ।ਸ਼ੋਸ਼ਲ ਮੀਡੀਆ ਵਿਚ ਉਹਨਾਂ ਦਾ ਵਿਰੋਧ ਨਿਰੰਤਰ ਜਾਰੀ ਹੈ।