ਸ. ਸੁਖਪਾਲ ਸਿੰਘ ਖਹਿਰਾ ਐਮ.ਐਲ.ਏ. ਨੂੰ ਜਲਾਲਾਬਾਦ ਦੀ ਪੁਲਿਸ ਵੱਲੋਂ ਚੰਡੀਗੜ੍ਹ ਜਾ ਕੇ ਜਲਾਲਤ ਭਰੇ ਢੰਗ ਨਾਲ ਗ੍ਰਿਫਤਾਰ ਕਰਕੇ ਲਿਜਾਣਾ ਅਤਿ ਨਿੰਦਣਯੋਗ : ਮਾਨ

ਸ. ਸੁਖਪਾਲ ਸਿੰਘ ਖਹਿਰਾ ਐਮ.ਐਲ.ਏ. ਨੂੰ ਜਲਾਲਾਬਾਦ ਦੀ ਪੁਲਿਸ ਵੱਲੋਂ ਚੰਡੀਗੜ੍ਹ ਜਾ ਕੇ ਜਲਾਲਤ ਭਰੇ ਢੰਗ ਨਾਲ ਗ੍ਰਿਫਤਾਰ ਕਰਕੇ ਲਿਜਾਣਾ ਅਤਿ ਨਿੰਦਣਯੋਗ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 28 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- “ਇਥੋਂ ਦੀ ਪੁਲਿਸ ਤੇ ਸਰਕਾਰ ਕਿਵੇ ਗੈਰ ਵਿਧਾਨਿਕ ਅਤੇ ਅਪਮਾਨਜਨਕ ਢੰਗਾਂ ਰਾਹੀ ਇਥੋ ਦੇ ਨਿਵਾਸੀਆ ਜਾਂ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆ ਨੂੰ ਜ਼ਲੀਲ ਕਰਨ ਦੇ ਅਤਿ ਨਿੰਦਣਯੋਗ ਅਮਲ ਕਰਦੀ ਹੈ, ਉਸਦੀ ਪ੍ਰਤੱਖ ਮਿਸਾਲ ਅੱਜ ਪੰਜਾਬ ਦੇ ਵਿਧਾਨਿਕ ਸ. ਸੁਖਪਾਲ ਸਿੰਘ ਖਹਿਰਾ ਜੋ ਆਪਣੇ ਬੱਚਿਆ ਨਾਲ ਚੰਡੀਗੜ੍ਹ ਵਿਚ ਸਨ, ਉਨ੍ਹਾਂ ਨੂੰ ਜਲਾਲਾਬਾਦ ਦੀ ਪੁਲਿਸ ਨੇ ਬਿਨ੍ਹਾਂ ਕਿਸੇ ਤਰ੍ਹਾਂ ਸੂਚਿਤ ਕੀਤਿਆ ਜਾਂ ਬਿਨ੍ਹਾਂ ਕਿਸੇ ਵਾਰੰਟਾਂ ਦੇ ਜਾ ਕੇ ਜ਼ਬਰੀ ਅਪਮਾਨਜਨਕ ਢੰਗਾਂ ਰਾਹੀ ਗ੍ਰਿਫਤਾਰ ਹੀ ਨਹੀ ਕੀਤਾ, ਬਲਕਿ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਸਾਹਮਣੇ ਅਤਿ ਸ਼ਰਮਨਾਕ ਜਲਾਲਤ ਵਾਲੀਆ ਕਾਰਵਾਈਆ ਕੀਤੀਆ ਗਈਆ । ਇਥੇ ਇਹ ਵਰਨਣ ਕਰਨਾ ਜਰੂਰੀ ਹੈ ਕਿ ਕਾਨੂੰਨ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਕਿਸੇ ਵੀ ਨਾਗਰਿਕ ਨੂੰ ਕਿਸੇ ਕੇਸ ਵਿਚ ਪੁਲਿਸ ਵੱਲੋ ਗ੍ਰਿਫਤਾਰ ਕਰਨ ਤੋ ਪਹਿਲੇ ਉਸਨੂੰ ਗ੍ਰਿਫਤਾਰੀ ਵਾਰੰਟ ਦਿਖਾਏ ਜਾਂਦੇ ਹਨ । ਫਿਰ ਹੀ ਅਗਲੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ । ਦੂਸਰਾ ਕਿਸੇ ਥਾਣੇ ਜਾਂ ਜਿ਼ਲ੍ਹੇ ਦੀ ਪੁਲਿਸ ਕਿਸੇ ਦੂਸਰੇ ਥਾਣੇ, ਸਟੇਟ ਜਾਂ ਜਿ਼ਲ੍ਹੇ ਵਿਚ ਜਾ ਕੇ ਕਿਸੇ ਨੂੰ ਗ੍ਰਿਫਤਾਰ ਕਰੇ, ਉਸਦੀ ਸੂਚਨਾਂ ਲੋਕਲ ਪੁਲਿਸ ਨੂੰ ਦੇਣੀ ਅਤਿ ਜਰੂਰੀ ਹੁੰਦੀ ਹੈ । ਲੇਕਿਨ ਇਸ ਨਿਯਮ ਨੂੰ ਵੀ ਲਾਗੂ ਨਹੀ ਕੀਤਾ ਗਿਆ । ਜੋ ਅਤਿ ਬੇਹੁੱਦਾ ਕਾਰਵਾਈ ਹੈ ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸਖਤ ਸਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਪੰਜਾਬ ਸਰਕਾਰ ਦੀਆਂ ਅਜਿਹੀਆ ਅਣਮਨੁੱਖੀ ਤੇ ਗੈਰ ਵਿਧਾਨਿਕ ਕਾਰਵਾਈਆ ਨੂੰ ਅਸੀ ਬਿਲਕੁਲ ਸਹਿਣ ਨਹੀ ਕਰਾਂਗੇ । ਇਸ ਲਈ ਸਰਕਾਰ ਲਈ ਬਿਹਤਰ ਹੋਵੇਗਾ ਕਿ ਉਹ ਮੁਅੱਜਜਦਾਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆ ਨਾਲ ਤਹਿਸੁਦਾ ਪ੍ਰੋਟੋਕੋਲ ਰਾਹੀ ਪੇਸ਼ ਆਵੇ ਭਾਵੇਕਿ ਕਿਸੇ ਕੇਸ ਵਿਚ ਐਮ.ਐਲ.ਏ. ਜਾਂ ਵਿਧਾਨਕਾਰ ਨੂੰ ਕਿਉਂ ਨਾ ਗ੍ਰਿਫਤਾਰ ਕਰਨਾ ਹੋਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੂੰ ਜਲਾਲਾਬਾਦ ਪੁਲਿਸ ਵੱਲੋ ਸਭ ਕਾਨੂੰਨੀ, ਮਨੁੱਖੀ ਅਧਿਕਾਰ ਨਾਲ ਸੰਬੰਧਤ ਨਿਯਮਾਂ, ਅਸੂਲਾਂ ਨੂੰ ਛਿੱਕੇ ਟੰਗਕੇ ਅਤੇ ਪ੍ਰੋਟੋਕੋਲ ਨੂੰ ਨਜਰ ਅੰਦਾਜ ਕਰਕੇ ਉਨ੍ਹਾਂ ਨਾਲ ਅਤਿ ਜ਼ਲਾਲਤ ਭਰੇ ਢੰਗ ਨਾਲ ਪੁਲਿਸ ਵੱਲ ਪੇਸ਼ ਆਉਣ ਅਤੇ ਉਨ੍ਹਾਂ ਦਾ ਅਪਮਾਨ ਕਰਨ ਦੀਆਂ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਵੱਲੋ ਕਤਈ ਵੀ ਸਹਿਣ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਪੰਜਾਬ ਦੇ ਕਿਸੇ ਹਲਕੇ ਦੇ ਲੋਕਾਂ ਵੱਲੋ ਕਈ ਵਾਰ ਵਿਧਾਇਕ ਚੁਣੇ ਗਏ ਹੋਣ ਅਤੇ ਜਿਨ੍ਹਾਂ ਨੂੰ ਕਾਨੂੰਨ ਅਤੇ ਸਮਾਜਿਕ ਨਿਯਮਾਂ, ਸਲੀਕੇ ਅਤੇ ਤਹਿਜੀਬ ਦੀ ਹਰ ਤਰ੍ਹਾਂ ਦੀ ਜਾਣਕਾਰੀ ਵੀ ਹੈ ਅਤੇ ਉਸ ਅਧੀਨ ਹੀ ਉਹ ਹਰ ਕਾਰਵਾਈ ਨੂੰ ਕਰਦੇ ਆ ਰਹੇ ਹਨ । ਅਜਿਹੀ ਸਖਸ਼ੀਅਤ ਨਾਲ ਸਰਕਾਰ ਤੇ ਪੁਲਿਸ ਵੱਲੋ ਇਸ ਤਰ੍ਹਾਂ ਅਤਿ ਸ਼ਰਮਨਾਕ ਢੰਗ ਨਾਲ ਪੇਸ ਆਉਣਾ ਸਰਕਾਰ ਅਤੇ ਪੁਲਿਸ ਉਤੇ ਵੀ ਇਕ ਵੱਡਾ ਕਾਲਾ ਧੱਬਾ ਹੈ । ਜਿਸ ਨਾਲ ਪੰਜਾਬ ਪੁਲਿਸ ਅਤੇ ਸਰਕਾਰ ਦੀ ਛਬੀ ਉਤੇ ਵੱਡਾ ਦਾਗ ਲੱਗਾ ਹੈ । ਇਸ ਨੂੰ ਕਦੀ ਵੀ ਪੰਜਾਬ ਦੇ ਨਿਵਾਸੀਆ ਵੱਲੋ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸਹਿਣ ਨਹੀ ਕੀਤਾ ਜਾ ਸਕਦਾ । ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਅਮਲ ਕਰਨ ਤੋ ਖੁਦ ਵੀ ਤੋਬਾ ਕਰੇ ਤੇ ਆਪਣੀ ਪੁਲਿਸ ਨੂੰ ਵੀ ਅਜਿਹੀਆ ਸਖਸ਼ੀਅਤਾਂ ਨਾਲ ਤਹਿਜੀਬ, ਸਲੀਕੇ ਅਤੇ ਕਾਨੂੰਨੀ ਨਿਯਮਾਂ ਅਨੁਸਾਰ ਪੇਸ ਆਉਣ ਦੀ ਹਦਾਇਤ ਕਰੇ ਤਾਂ ਬਿਹਤਰ ਹੋਵੇਗਾ ।