ਪੁਲੀਸ ਵਲੋਂ ਖਾਲਸਾ ਰਾਜ ਸਮੇਂ ਦੇ ਝੰਡਿਆਂ ਨੂੰ ਖ਼ਾਲਿਸਤਾਨੀ ਝੰਡੇ ਦੱਸਣ ਕਾਰਣ ਸਿਖ ਜਗਤ ਵਿਚ ਰੋਸ
*ਝੰਡਿਆਂ ਬਾਰੇ ਗ਼ਲਤ ਬਿਆਨੀ ਕਰਨ ਵਾਲੇ ਅਫਸਰਾਂ ਵਿਰੁੱਧ ਕਾਰਵਾਈ ਕਰੇ ਪੰਜਾਬ ਸਰਕਾਰ -ਭਾਈ ਅਤਿੰਦਰ ਪਾਲ ਸਿੰਘ
*ਜਥੇਦਾਰ ਅਕਾਲ ਤਖਤ ਵਲੋਂ ਪੁਲਸ ਅਧਿਕਾਰੀਆਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਹੁਕਮ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੰਗਰੂਰ -੍ਰਬੀਤੇ ਦਿਨੀਂ ਖੰਨਾ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸਾਥੀਆਂ ਦੇ ਕੋਲੋ ਖਾਲਿਸਤਾਨ ਦੀ ਕਰੰਸੀ ਤੇ ਝੰਡੇ ਤੇ ਨਕਸ਼ੇ ਫੜੇ ਗਏ ਹਨ। ਖੰਨਾ ਪੁਲਿਸ ਦੀ ਐਸ ਐਸ ਪੀ ਅਮਨੀਤ ਕੌਂਡਲ ਨੇ ਦੱਸਿਆ ਸੀ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਨੇ ਸਾਰੇ ਖੁਲਾਸੇ ਪੁਲਿਸ ਦੇ ਸਾਹਮਣੇ ਕੀਤੇ ਹਨ।ਜਦ ਕਿ ਜੋ ਝੰਡੇ ਤੇ ਨਕਸ਼ੇ ਖੰਨਾ ਦੇ ਐਸ ਐਸ ਪੀ ਵਲੋਂ ਮੀਡੀਆ ਵਿਚ ਦਿਖਾਏ ਗਏ ਉਹ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ਸਮੇਂ ਦੇ ਹਨ। ਇਸ ਸੰਬੰਧ ਵਿਚ ਸ਼ੋਸ਼ਲ ਮੀਡੀਆ ਉਪਰ ਖਾਸਾ ਰੋਸ ਸਿਖ ਪੰਥ ਵਲੋਂ ਕੀਤਾ ਜਾ ਰਿਹਾ ਹੈ। ਜਥੇਦਾਰ ਅਕਾਲ ਤਖਤ ਵਲੋਂ ਇਸ ਬਾਰੇ ਸਖਤ ਨੋਟਿਸ ਲੈਣ ਕਾਰਣ ਵਿਸ਼ਵ ਭਰ ਦੇ ਸਿਖਾਂ ਵਿਚ ਆਪ ਸਰਕਾਰ ਵਿਰੁਧ ਰੋਸ ਫੈਲ ਗਿਆ ਹੈ।
ਪੰਥਕ ਆਗੂ ਅਤਿੰਦਰ ਪਾਲ ਸਿੰਘ ਖਾਲਿਸਤਾਨੀ ਨੇ ਸਭ ਤੋਂ ਪਹਿਲਾਂ ਪੁਲਿਸ ਦੇ ਝੂਠ ਦਾ ਪਰਦਾਫਾਸ਼ ਕਰਦਿਆਂ ਇਕ ਵੈਬ ਚੈਨਲ ਉਪਰ ਕਿਹਾ ਕਿ ਸਰਕਾਰੀ ਏਜੰਸੀਆਂ ਸਿੱਖ ਰਾਜ ਦੇ ਝੰਡੇ ਨੂੰ ਬਦਨਾਮ ਕਰਨ ਲਈ ਹੱਦੋਂ ਪਾਰ ਜਾ ਰਹੀਆਂ ਹਨ ਤੇ ਉਹ ਸਿਖ ਵਿਰਾਸਤ ਦੇ ਝੰਡਿਆਂ ਉਪਰ ਪਾਬੰਦੀਆਂ ਲਗਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਵਲੋਂ ਵੱਖ-ਵੱਖ ਲੋਗੋ ਅਤੇ ਝੰਡੇ ਵਿਖਾ ਕੇ ਇਨ੍ਹਾਂ ਨੂੰ ਖਾਲਿਸਤਾਨੀ ਝੰਡੇ ਅਤੇ ਖਾਲਿਸਤਾਨੀ ਲੋਗੋ ਦੱਸਿਆ ਜਾ ਰਿਹਾ ਹੈ । ਉਹਨਾਂ ਨੇ ਕਿਹਾ ਕਿ ਇਹ ਖਾਲਿਸਤਾਨੀ ਝੰਡੇ ਨਹੀਂ ਹਨ ਸਗੋਂ ਲਾਹੌਰ ਦੇ ਸ਼ਾਹੀ ਕਿੱਲ੍ਹੇ ਉੱਤੇ 50 ਸਾਲ ਝੂਲਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਰਾਜ ਦਾ ਝੰਡਾ ਹੈ । ਇਸੇ ਤਰ੍ਹਾਂ ਇਨ੍ਹਾਂ ਏਜੰਸੀਆਂ ਵਲੋਂ ਸਿੱਖ ਰਿਆਸਤ ਫ਼ਰੀਦਕੋਟ ਅਤੇ ਸਿੱਖ ਰਿਆਸਤ ਜੀਂਦ ਦੇ ਝੰਡੇ ਨੂੰ ਖਾਲਿਸਤਾਨੀ ਝੰਡੇ ਵਜੋਂ ਪ੍ਰਚਾਰਿਆ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੋਝੇ ਹੱਥਕੰਡੇ ਅਪਨਾ ਕੇ ਸਿੱਖ ਕੌਮ ਬਦਨਾਮ ਕਰਨ ਦੀਆਂ ਚਾਲਾਂ ਬੰਦ ਹੋਣੀਆਂ ਚਾਹੀਦੀਆਂ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਝੰਡਿਆਂ ਬਾਰੇ ਗ਼ਲਤ ਬਿਆਨੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਲੋੜ ਹੈ ।
ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਪੁਲਸ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੇ ਸਿੱਖ ਰਿਆਸਤਾਂ ਦੇ ਝੰਡੇ ਅਤੇ ਚਿੰਨ੍ਹਾਂ ਨੂੰ ਖਾਲਿਸਤਾਨ ਦੇ ਝੰਡੇ ਵਜੋਂ ਗਲਤ ਪ੍ਰਚਾਰਿਆ ਗਿਆ, ਉਨ੍ਹਾਂ ਸਬੰਧਤ ਪੁਲਸ ਅਧਿਕਾਰੀਆਂ ਵਿਰੁੱਧ ਵੀ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਵਿਰਾਸਤ ਨਾਲ ਸਬੰਧਿਤ ਝੰਡਿਆਂ ਤੇ ਨਿਸ਼ਾਨਾਂ ਖ਼ਿਲਾਫ ਕੀਤੇ ਗਏ ਸਰਕਾਰੀ ਕੂੜ-ਪ੍ਰਚਾਰ ਨੂੰ ਠੱਲ੍ਹਣ ਲਈ ਸਿੱਖ ਆਪਣੇ ਵਾਹਨਾਂ ਤੇ ਘਰਾਂ ਉੱਪਰ ਖਾਲਸਾ ਰਾਜ ਦੇ ਨਿਸ਼ਾਨ ਲਗਾਉਣ।
ਖਾਲਸਾ ਰਾਜ ਦੇ ਝੰਡੇ ਦਾ ਇਤਿਹਾਸ ਸਮੂਹ ਪੰਜਾਬੀਆਂ ਦਾ ਮਾਣ
ਇਹ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦਾ ਝੰਡਾ ਹੈ।ਜੇ ਮਹਾਰਾਜਾ ਰਣਜੀਤ ਸਿੰਘ ਅਫਗਾਨੀ ਜਰਨੈਲ ਸ਼ਾਹ ਜਮਾਨ ਨੂੰ 1799 ਈਸਵੀ ਦੌਰਾਨ ਨਾ ਰੋਕਦਾ ਤਾਂ ਭਾਰਤ ਉਪਰ ਅਫਗਾਨੀਆਂ ਦਾ ਕਬਜਾ ਹੁੰਦਾ।ਜੁਲਾਈ 1799 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਜਿਤ ਪ੍ਰਾਪਤ ਕਰ ਲਈ ਜਿਹੜਾ ਉਸ ਵਕਤ ਪੰਜਾਬ ਦਾ ਕੇਂਦਰੀ ਅਤੇ ਵੱਡਾ ਸ਼ਹਿਰ ਸੀ। ਅਕਾਲ ਤਖਤ ਦੇ ਮੁਖ ਸੇਵਾਦਾਰ ਬਾਬਾ ਸਾਹਿਬ ਸਿੰਘ ਬੇਦੀ ਨੇ ਵਿਸਾਖੀ ਵਾਲੇ ਦਿਨ1801 ਦੌਰਾਨ ਲਾਹੌਰ ਉਪਰ ਇਹ ਖਾਲਸਾ ਰਾਜ ਦਾ ਝੰਡਾ ਝੁਲਾਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਿਲਕ ਕੀਤਾ ਸੀ ਤੇ ਸਮੁਚੇ ਮਿਸਲਦਾਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਲਿਆਂਦਾ ਸੀ। ਰਣਜੀਤ ਸਿੰਘ ਸਿਰਫ 19 ਸਾਲਾਂ ਦਾ ਸੀ। ਇਸ ਜਵਾਨ ਉਮਰ ਵਿਚ ਉਸ ਨੂੰ ਪੰਜਾਬ ਅਤੇ ਪਖਤੂਨ ਖੇਤਰਾਂ ਵਿਚ ਫੈਲੇ ਅਤੇ ਖਿਲਰੇ ਛੋਟੇ-ਛੋਟੇ ਰਾਜਾਂ ‘ਤੇ ਕਬਜ਼ਾ ਕਰਨ ਅਤੇ ਇਕੱਠਾ ਕਰਨ ਵਿਚ ਇਤਿਹਾਸਕ ਭੂਮਿਕਾ ਨਿਭਾਈ। ਉਸ ਤੋਂ ਬਾਅਦ ਅਫਗਾਨ ਹਮਲਾ ਕਰਨੋਂ ਹਟ ਗਏ। ਇਨ੍ਹਾਂ ਕਾਰਨਾਂ ਕਰਕੇ ਮਹਾਰਾਜਾ ਨੂੰ ਪੰਜਾਬ ਦੇ ਸ਼ੇਰ (ਸ਼ੇਰ-ਏ-ਪੰਜਾਬ) ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਮਹਾਰਾਜਾ ਹਰਮਨ ਪਿਆਰਾ ਸ਼ਾਸਕ ਸੀ। ਦੇਸ਼ ਉਸ ਦੇ ਰਾਜ ਸਮੇਂ ਖੁਸ਼ਹਾਲ ਸੀ । ਉਸ ਵਕਤ ਖੇਤੀ ਹੀ ਲੋਕਾਂ ਦਾ ਮੁੱਖ ਪੇਸ਼ਾ ਹੁੰਦਾ ਸੀ ਅਤੇ ਪੰਜਾਬ ਦੀ ਉਪਜਾਊ ਜ਼ਮੀਨ ਤੇ ਸਿੰਜਾਈ ਦੇ ਸਾਧਨਾਂ ਕਰਕੇ ਪੰਜਾਬ ਭਾਰਤ ਦਾ ਖੁਸ਼ਹਾਲ ਅਤੇ ਅਮੀਰ ਪ੍ਰਾਂਤ ਸੀ। ਉਸ ਦੇ ਰਾਜ ਵਿਚ ਕਾਨੂੰਨ ਤੇ ਪ੍ਰਬੰਧ ਦੀ ਪੂਰੀ ਵਿਵਸਥਾ ਸੀ। ਪੰਜਾਬ ਵਿਚ ਉਸ ਵਕਤ ਮੁੱਖ ਤੌਰ ‘ਤੇ ਹਿੰਦੂ, ਸਿੱਖ ਅਤੇ ਮੁਸਲਿਮ ਵਸੋਂ ਸੀ ਪਰ ਮਹਾਰਾਜਾ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦਾ ਸੀ ਅਤੇ ਸਾਰੇ ਧਰਮਾਂ ਦੇ ਲੋਕਾਂ ਵਲੋਂ ਉਸ ਨੂੰ ਸਤਿਕਾਰ ਮਿਲਦਾ ਸੀ। ਉਸ ਦੇ ਰਾਜ ਵਿਚ ਉਸ ਵਕਤ ਸਿੱਖਾਂ ਦੀ ਸਿਰਫ 13 ਫੀਸਦੀ ਗਿਣਤੀ ਸੀ।
ਉਸ ਦੇ ਰਾਜ ਦੀ ਰਾਜਧਾਨੀ ਲਾਹੌਰ ਸੀ। ਉਸ ਵਕਤ ਅੰਗਰੇਜ਼ਾਂ ਨੇ ਭਾਵੇਂ ਸਾਰੇ ਹੀ ਭਾਰਤ ‘ਤੇ ਆਪਣਾ ਕਬਜ਼ਾ ਜਮਾ ਲਿਆ ਸੀ ਅਤੇ ਉਹ ਉਸ ਵਕਤ ਦੁਨੀਆ ਦੀ ਵੱਡੀ ਸ਼ਕਤੀ ਸੀ ਪਰ ਉਹ ਮਹਾਰਾਜਾ ਦੀ ਫੌਜੀ ਸ਼ਕਤੀ ਅਤੇ ਮਹਾਰਾਜਾ ਦੀ ਦੂਰ-ਅੰਦੇਸ਼ੀ ਕਾਰਣ ਪੰਜਾਬ ਉਪਰ ਕਬਜਾ ਨਾ ਕਰ ਸਕੇ । ਸੰਨ 1831 ਤੱਕ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ਾਲ ਰਾਜ ਸਥਾਪਿਤ ਕਰ ਲਿਆ ਸੀ, ਜਿਸ ਵਿੱਚ ਸੂਬਾ ਮੁਲਤਾਨ ਵੀ ਸ਼ਾਮਲ ਸੀ। ਮਹਾਰਾਜਾ ਰਣਜੀਤ ਸਿੰਘ ਆਪਣਾ ਰਾਜ ਸਿੰਧ ਤੱਕ ਫੈਲਾਉਣਾ ਚਾਹੁੰਦੇ ਸਨ ਕਿਉਂਕਿ ਸਿੰਧ ਖ਼ੁਸ਼ਹਾਲ ਇਲਾਕਾ ਸੀ ਅਤੇ ਇੱਥੋਂ ਸਮੁੰਦਰ ਰਸਤੇ ਯੂਰਪ ਨਾਲ ਵਪਾਰ ਵੀ ਕੀਤਾ ਜਾ ਸਕਦਾ ਸੀ। ਅੰਗਰੇਜ਼ਾਂ ਦੀ ਨਜ਼ਰ ਵੀ ਸਿੰਧ ’ਤੇ ਸੀ। ਇਸ ਪਿਛੋਕੜ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਦਰਮਿਆਨ ਇੱਕ ਮਹੱਤਵਪੂਰਨ ਮਿਲਣੀ ਰੋਪੜ ਵਿਖੇ ਦਰਿਆ ਸਤਲੁਜ, ਜੋ ਬਰਤਾਨਵੀ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਰਹੱਦ ਸੀ, ਦੇ ਕੰਢੇ ਬਰਤਾਨਵੀ ਸ਼ਾਸਨ ਵਾਲੇ ਪਾਸੇ ਹੋਈ। ਲਾਰਡ ਵਿਲੀਅਮ ਬੈਂਟਿੰਕ 19 ਅਕਤੂਬਰ 1831 ਨੂੰ ਸ਼ਿਮਲੇ ਤੋਂ ਚੱਲ ਕੇ 22 ਅਕਤੂਬਰ ਦੀ ਸ਼ਾਮ ਨੂੰ ਰੋਪੜ ਪੁੱਜਿਆ। ਮਹਾਰਾਜਾ ਰਣਜੀਤ ਸਿੰਘ 25 ਅਕਤੂਬਰ ਦੀ ਸਵੇਰ ਨੂੰ ਲਾਹੌਰ ਤੋਂ ਆਏ।ਇਸ ਮਿਲਣੀ ਸਮੇਂ ਬਰਤਾਨਵੀ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜੀ ਤਾਕਤ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਮਹਾਰਾਜੇ ਸਾਹਮਣੇ ਸੰਨ 1809 ਦੀ ਅੰਮ੍ਰਿਤਸਰ ਸੰਧੀ ਤੋਂ ਅੱਗੇ ਹੋਰ ਮੰਗਾਂ ਰੱਖਣ ਤੋਂ ਗੁਰੇਜ਼ ਕੀਤਾ। ਇਸ ਇਤਿਹਾਸਕ ਮਿਲਣੀ ਮੌਕੇ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦੇ ਸੱਜੇ ਕੰਢੇ ਸਥਿਤ ਪਹਾੜੀਆਂ ’ਤੇ ਅਸ਼ਟ ਧਾਤੂ ਦੇ ਇੱਕ ਖੰਭੇ ’ਤੇ ਆਪਣਾ ‘ਸਰਕਾਰ ਖ਼ਾਲਸਾ’ ਝੰਡਾ ਲਹਿਰਾਇਆ ਸੀ ਅਤੇ ਇਨ੍ਹਾਂ ਪਹਾੜੀਆਂ ’ਤੇ ਮਹਾਰਾਜਾ ਨੇ ਨਿਗਰਾਨ ਚੌਕੀ ਸਥਾਪਤ ਕਰਕੇ ਤੋਪਾਂ ਬੀੜੀਆਂ ਸਨ। ਇਸੇ ਇਲਾਕੇ ਵਿੱਚ ਉਸ ਨੇ ਆਪਣੀ ਸੈਨਾ ਦੇ ਚੋਣਵੇਂ ਦਸ ਹਜ਼ਾਰ ਘੋੜਸਵਾਰ, ਛੇ ਹਜ਼ਾਰ ਸਿਖਲਾਈ ਪ੍ਰਾਪਤ ਪੈਦਲ ਫ਼ੌਜੀ ਤੋਪਖਾਨੇ ਸਮੇਤ ਤਇਨਾਤ ਕੀਤੇ ਸਨ।
ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿਕ ਨਾਲ ਰੋਪੜ ਵਿਚ ਹੋਈ ਸ਼ਾਹੀ ਮੁਲਾਕਾਤ ਸਥਾਨ ਦੀ ਪੰਜਾਬ ਸਰਕਾਰ ਵੱਲੋਂ ਸੰਭਾਲ ਕੀਤੀ ਗਈ ਸੀ ਅਤੇ ਇੱਥੇ 2 ਕਰੋੜ ਦੀ ਲਾਗਤ ਨਾਲ ਮਹਾਰਾਜਾ ਰਣਜੀਤ ਸਿੰਘ ਬਾਗ਼ ਬਣਾਇਆ ਗਿਆ ਹੈ। ਇਸ ਬਾਗ਼ ਵਿਚ ਹੀ ਸ਼ਾਹੀ ਮੁਲਾਕਾਤ ਸਥਾਨ ਕੋਲ ਬਣਾਏ ਪੈਨੋਰਮਾ ਵਿਚ 12 ਸਿੱਖ ਮਿਸਲਾਂ ਦਾ ਇਤਿਹਾਸ ਲਿਖਿਆ ਹੋਇਆ ਹੈ।
ਝੰਡੇ ਵਾਲੇ ਅਸ਼ਟ ਧਾਤੂ ਦੇ ਸਤੰਭ ਦਾ ਇੱਕ ਹਿੱਸਾ ਲੰਮਾ ਸਮਾਂ ਇੱਥੇ ਗੱਡਿਆ ਰਿਹਾ ਅਤੇ ਇਹ ਥਾਂ ਆਜ਼ਾਦੀ ਘੁਲਾਟੀਆਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਉਹ ਇੱਥੇ ਆ ਕੇ ਬਰਤਾਨਵੀ ਸਾਮਰਾਜ ਵਿਰੁੱਧ ਲੜਾਈ ਲੜਣ ਲਈ ਪ੍ਰਣ ਕਰਦੇ ਸਨ। ਇਸ ਸਤੰਭ ਦੇ ਤਲ (ਆਧਾਰ) ’ਤੇ ਕਿਸੇ ਅਗਿਆਤ ਦੇਸ਼ ਭਗਤ ਨੇ ਉਰਦੂ ਵਿੱਚ ਇਹ ਸਤਰਾਂ ਉੱਕਰ ਕੇ ਮਹਾਨ ਮਹਾਰਾਜੇ ਨੂੰ ਸ਼ਰਧਾਂਜਲੀ ਭੇਂਟ ਕੀਤੀ: ਯਹ ਨਿਸ਼ਾਨੀ ਹੈ ਕਿਸੀ ਪੰਜਾਬ ਕੇ ਦਿਲਦਾਰ ਕੀ, ਵਤਨ ਪੇ ਲੁਟੇ ਹੁਏ ਰਣਜੀਤ ਸਿੰਘ ਸਿਰਦਾਰ ਕੀ। ਇਹ ਸਤੰਭ ਲੰਮਾ ਸਮਾਂ ਇੱਥੇ ਸਥਾਪਿਤ ਰਿਹਾ ਪਰ ਕੁਝ ਦਹਾਕੇ ਪਹਿਲਾਂ ਇਹ ਚੋਰੀ ਹੋ ਗਿਆ ਸੀ। ਇਹ ਇਤਿਹਾਸਕ ਥਾਂ ਲੰਮਾ ਸਮਾਂ ਅਣਗੌਲੀ ਰਹੀ। ਸਾਲ 2001 ਵਿੱਚ ਪੰਜਾਬ ਦੇ ਸੱਭਿਅਚਾਰਕ ਅਤੇ ਪੁਰਾਤੱਤਵ ਵਿਭਾਗ ਨੇ ਇਸ ਪਹਾੜੀ ਨੂੰ ਇਤਿਹਾਸਕ ਵਿਰਾਸਤੀ ਥਾਂ ਦਾ ਦਰਜਾ ਦੇ ਦਿੱਤਾ। ਫਾਊਂਡੇਸ਼ਨ ਵੱਲੋਂ 15 ਜੂਨ 2003 ਨੂੰ ਇਸ ਪਹਾੜੀ ’ਤੇ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਨਾਲ ਮਿਲਦਾ ਜੁਲਦਾ ਧਾਤੂ ਦਾ ਬਣਿਆ ਝੰਡਾ 50 ਫੁੱਟ ਉੱਚਾ ਲੋਹੇ ਦਾ ਸਤੰਭ ਗੱਡ ਕੇ ਝੁਲਾਇਆ ਗਿਆ ਸੀ। ਇਹ ਥਾਂ ਸਵਰਾਜ ਮਾਜ਼ਦਾ ਕੰਪਨੀ ਦੀ ਹੋਣ ਕਰਕੇ ਉਸ ਵੱਲੋਂ ਪੰਜ-ਛੇ ਸਾਲ ਪਹਿਲਾਂ ਇੱਥੇ ਸਥਾਪਿਤ ਵਾਹਨ ਤਿਆਰ ਕਰਨ ਵਾਲੀ ਆਪਣੀ ਫੈਕਟਰੀ ਦੇ ਵਿਸਥਾਰ ਲਈ ਝੰਡੇ ਦੇ ਆਲੇ ਦੁਆਲੇ ਦੀ ਪਹਾੜੀ ਨੂੰ ਪੱਧਰਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਖ਼ਿਲਾਫ਼ ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਊਂਡੇਸ਼ਨ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ। ਲੰਮੀ ਅਦਾਲਤੀ ਲੜਾਈ ਤੋਂ ਬਾਅਦ ਅਦਾਲਤ ਨੇ ਪਹਾੜੀ ਨੂੰ ਹੋਰ ਅੱਗੇ ਪੱਧਰਾ ਕਰਨ ’ਤੇ ਰੋਕ ਲਗਾ ਦਿੱਤੀ ਸੀ ਅਤੇ ਰਾਜ ਸਰਕਾਰ ਨੂੰ ਇਸ ਪਹਾੜੀ ਪੁਰਾਤੱਤਵੀ ਮਹੱਤਵ ਵਾਲੇ ਇਲਾਕੇ ਦੀ ਪਛਾਣ ਕਰਨ ਲਈ ਆਖਿਆ। ਸਰਕਾਰ ਨੇ ਪਹਾੜੀ ਦੇ ਬਾਕੀ ਨੌਂ ਏਕੜ ਰਕਬੇ ਨੂੰ ਪੰਜਾਬ ਐਂਸੀਏਂਟ ਐਂਡ ਹਿਸਟੋਰੀਕਲ ਮੋਨੂਮੈਂਟਸ ਐਂਡ ਆਰਕਿਓਲੋਜੀਕਲ ਸਾਈਟਸ ਐਂਡ ਰਿਮੇਨਜ਼ ਐਕਟ, 1964 ਅਧੀਨ ਸੁਰੱਖਿਅਤ ਕਰਾਰ ਦੇਣ ਲਈ ਅਧਿਸੂਚਨਾ ਜਾਰੀ ਕਰ ਦਿੱਤੀ। ਬਾਅਦ ਵਿੱਚ ਸਵਰਾਜ ਮਾਜ਼ਦਾ ਅਤੇ ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਊਂਡੇਸ਼ਨ ਦਰਮਿਆਨ ਸਮਝੌਤਾ ਹੋਇਆ ਕਿ ਕੰਪਨੀ ਫਾਊਂਡੇਸ਼ਨ ਵੱਲੋਂ ਸਥਾਪਿਤ ਕੀਤੇ ਗਏ ਝੰਡੇ ਨੂੰ ਸਤਿਕਾਰ ਸਹਿਤ ਹਟਾਵੇਗੀ ਅਤੇ ਨੇੜੇ ਦੇ ਸੁਰੱਖਿਅਤ ਐਲਾਨੇ ਗਏ ਹਿੱਸੇ ਵਿੱਚ ਆਪਣੇ ਖਰਚ ’ਤੇ ਨਵਾਂ ਝੰਡਾ ਸਥਾਪਿਤ ਕਰੇਗੀ। ਕੰਪਨੀ ਵੱਲੋਂ ਇਸ ਥਾਂ ’ਤੇ ਨਵਾਂ ਝੰਡਾ ਕਾਇਮ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਮੌਜੂਦਾ ਝੰਡੇ ਵਾਲੀ ਥਾਂ ਦੇ ਆਲੇ ਦੁਆਲੇ ਵਾਲੀ ਪਹਾੜੀ ਨੂੰ ਖੁਰਣ ਤੋਂ ਰੋਕਣ ਅਤੇ ਇਸ ਦੀ ਸੰਭਾਲ ਲਈ ਉਪਰਾਲੇ ਕਰਨ, ਇਸ ਥਾਂ ’ਤੇ ਬੈਠਣ ਲਈ ਬੈਂਚ ਲਗਾਉਣ ਅਤੇ ਇੱਥੇ ਜਾਣ ਲਈ ਰਸਤਾ ਬਣਾਉਣ ਲਈ ਵੀ ਸਹਿਮਤੀ ਪ੍ਰਗਟ ਕੀਤੀ ਗਈ ਸੀ । ਇਸ ਪਹਾੜੀ ਦਾ ਨੌਂ ਏਕੜ ਰਕਬਾ ਸੁਰੱਖਿਅਤ ਐਲਾਨ ਦਿੱਤਾ ਗਿਆ ਸੀ। ਸਾਲ 2001 ਵਿੱਚ ਬਾਦਲ ਸਰਕਾਰ ਵਲੋਂ ਇਸ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ। ਇਸ ਤਜਵੀਜ਼ ਅਨੁਸਾਰ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਪੂਰਾ ਦਰਬਾਰ ਵਿਖਾ ਕੇ ਮਹਾਰਾਜੇ ਅਤੇ ਉਸ ਦੇ ਮੰਤਰੀਆਂ ਅਤੇ ਜਰਨੈਲਾਂ ਦੇ ਬੁੱਤ ਲਾਏ ਜਾਣੇ ਸਨ ਪਰ ਇਹ ਤਜਵੀਜ਼ ਹੁਣ ਤੱਕ ਸਿਰੇ ਨਹੀਂ ਚੜ੍ਹ ਸਕੀ। ਮੌਜੂਦਾ ਸਮੇਂ ਇਸ ਦੀ ਲੋੜੀਂਦੀ ਸਾਂਭ ਸੰਭਾਲ ਨਹੀਂ ਹੋ ਰਹੀ।
Comments (0)