ਸੋਸ਼ਲ ਮੀਡੀਆ ਰਾਹੀਂ ਸਿਆਸਤ ਤੇ ਧਰਮ ਵਿਚਕਾਰ ਟਕਰਾਅ

ਸੋਸ਼ਲ ਮੀਡੀਆ ਰਾਹੀਂ ਸਿਆਸਤ ਤੇ ਧਰਮ ਵਿਚਕਾਰ ਟਕਰਾਅ

 ਭਗਵੰਤ ਮਾਨ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਦਲ ਪੱਖੀ ਕਿਹਾ
 

ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ:
 ਸੋਸ਼ਲ ਮੀਡੀਆ ਰਾਹੀਂ ਪੰਜਾਬ ਸਰਕਾਰ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਿਚਕਾਰ ਆਪਸੀ ਟਕਰਾਅ ਦੀ ਸਥਿਤੀ ਉਦੋਂ ਪੈਦਾ ਹੋ ਗਏ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਦਲ ਪੱਖੀ ਦੱਸ ਕੇ ਲੋਕਾਂ ਨੂੰ ਭੜਕਾਉਣ ਦਾ ਇਲਜ਼ਾਮ ਲਗਾਇਆ ਉਸ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਮੋੜਵਾਂ ਜਵਾਬ ਦਿੰਦੇ ਹੋਏ ਪੰਜਾਬ ਦੇ ਨਿਰਦੋਸ਼ ਨੌਜਵਾਨਾਂ ਦੇ ਪੱਖ ਵਿਚ ਆਪਣੀ ਗੱਲ ਰੱਖਦੇ ਹੋਏ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਨੂੰ ਤੰਦੂਰ ਵਾਂਗ ਮਘਦਾ ਰਖਣ ਦਾ ਦੋਸ਼ ਲਾਇਆ।

ਮੁੱਖ ਮੰਤਰੀ ਨੇ ਆਪਣੇ ਟਵੀਟ ਵਿਚ ਲਿਖਿਆ, "ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ.ਸਭ ਨੂੰ ਪਤਾ ਹੈ ਤੁਸੀਂ ਤੇ SGPC ਬਾਦਲਾਂ ਦਾ ਪੱਖ ਪੂਰਦੇ ਰਹੇ ਹੋ.ਇਤਿਹਾਸ ਦੇਖੋ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ.ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਜਾਰੀ ਕਰਦੇ ਨਾ ਕਿ ਹੱਸਦੇ-ਵੱਸਦੇ ਲੋਕਾਂ ਨੂੰ ਭੜਕਾਉਣ ਲਈ" 

ਦੂਜੇ ਪਾਸੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਵਾਬ ਦੇਂਦੇ ਕਿਹਾ, "ਭਗਵੰਤ ਮਾਨ ਜੀ, ਜਿਵੇਂ ਤੁਸੀ ਪੰਜਾਬ ਦੀ ਨੁਮਾਇਦਗੀ ਕਰਦੇ ਹੋ,ਉਸ ਤਰਾਂ ਮੈਂ ਵੀ ਅਪਣੀ ਕੌਮ ਦਾ ਨਿਮਾਣਾ ਜਿਹਾ ਨੁਮਾਇਦਾ ਹਾਂ। ਮੈਂਨੂੰ ਵੀ ਅਪਣੀ ਕੌਮ ਦੇ ਨਿਰਦੋਸ਼ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਨ ਦਾ ਅਧਿਕਾਰ ਹੈ ਤੇ ਮੇਰਾ ਫਰਜ ਵੀ। ਤੁਸੀ ਠੀਕ ਕਿਹਾ ਅਕਸਰ ਹੀ ਭੋਲੇ ਭਾਲੇ ਧਾਰਮਿਕ ਲੋਕਾਂ ਨੂੰ ਰਾਜਨੀਤਕ ਲੋਕ ਵਰਤ ਜਾਂਦੇ ਆ। ਪਰ ਮੈਂ ਇਸ ਪੱਖੋਂ ਪੂਰਾ ਸੁਚੇਤ ਹਾਂ। ਪਰ ਤੁਸੀਂ ਧਿਆਨ ਰੱਖੋ ਅਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਨੂੰ ਤੰਦੂਰ ਵਾਂਗ ਮਘਦਾ ਰਖਣ ਲਈ ਆਪ ਜੀ ਵਰਗੇ ਰਾਜਨੀਤਕ ਲੋਕਾਂ ਨੂੰ ਰਾਜਨੀਤਕ ਲੋਕ ਨਾ ਵਰਤ ਜਾਣ। ਰਾਜਨੀਤੀ ਲਈ ਸੰਵਾਦ ਬਾਅਦ ਵਿਚ ਕਰਾਂਗੇ।ਪਹਿਲਾਂ ਆਓ ਰਲ ਕੇ ਪੰਜਾਬ ਬਚਾਈਏ ਤੇ ਘਰ ਉਡੀਕ ਰਹੀਆਂ ਮਾਵਾਂ ਨੂੰ ਉਨਾ ਦੇ ਜੇਲੀਂ ਡੱਕੇ ਨਿਰਦੋਸ਼ ਪੁੱਤਰਾਂ ਨਾਲ ਮਿਲਾਈਏ ਤੇ ਅਸੀਸ ਲਈਏ।ਵਾਹਿਗੁਰੂ ਭਲੀ ਕਰੇ"।