ਸਰਕਾਰ ਦੀ ਚਾਰਾਜੋਈ ਨਾ ਕਰਨ ਕਾਰਣ ਬਟਾਲਾ ਦੇ ਉਦਯੋਗ ਉਜੜਨ ਲਗੇ , ਸਨਅਤਕਾਰਾਂ ਵਿੱਚ ਮਾਯੂਸੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਬਟਾਲਾ- ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਹੋਰਨਾਂ ਸੂਬਿਆਂ ਦੇ ਸਨਅਤਕਾਰਾਂ ਨੂੰ ਪੰਜਾਬ ਵਿੱਚ ਸਨਅਤੀ ਨਿਵੇਸ਼ ਦਾ ਸੱਦਾ ਦੇ ਰਹੇ ਹਨ, ਪਰ ਬਟਾਲਾ ਦੇ ਉਦਯੋਗ ਨੂੰ ਪੈਰਾਂ-ਸਿਰ ਕਰਨ ਲਈ ਸੂਬਾ ਸਰਕਾਰ ਵੱਲੋਂ ਕੋਈ ਚਾਰਾਜੋਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਇਲਾਕੇ ਦੇ ਸਨਅਤਕਾਰਾਂ ਵਿੱਚ ਮਾਯੂਸੀ ਵੇਖਣ ਨੂੰ ਮਿਲ ਰਹੀ ਹੈ।
ਕਿਸੇ ਵੇਲੇ ਸਨਅਤੀ ਖੇਤਰ ਵਿੱਚ ਬਟਾਲਾ ਦੀ ਪੂਰੀ ਚੜ੍ਹਾਈ ਹੁੰਦੀ ਸੀ, ਪਰ ਬੀਤੇ ਦੋ-ਢਾਈ ਦਹਾਕਿਆਂ ਤੋੋਂ ਇੱਥੋਂ ਦੇ ਉਦਯੋਗ ਨੂੰ ਭਾਰੀ ਸੱਟ ਵੱਜੀ ਹੈ। ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਵੀ ਬਟਾਲਾ ’ਵਿਚ ਸਨਅਤ ਨੂੰ ਮੁੜ ਲੀਹ ’ਤੇ ਲਿਆਉਣ ਲਈ ਕੋਈ ਹੰਭਲਾ ਨਹੀਂ ਸੀ ਮਾਰਿਆ, ਪਰ ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਦੋਂ ਬਟਾਲਾ ਆਏ ਤਾਂ ਸਥਾਨਕ ਸਨਅਤਕਾਰਾਂ ਨਾਲ ਕਈ ਵਾਅਦੇ ਤਾਂ ਕੀਤੇ, ਪਰ ਹਾਲੇ ਤੱਕ ਇਨ੍ਹਾਂ ਵਾਅਦਿਆਂ ਨੂੰ ਅਮਲ ਵਿੱਚ ਲਿਆਉਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਬੀਤੇ ਦੋ ਦਹਾਕਿਆਂ ਦੌਰਾਨ ਬਟਾਲਾ ਦੇ ਉਦਯੋਗ ਖੇਤਰ ਵਿੱਚ ਆਈ ਗਿਰਾਵਟ ਦੇ ਅੰਕੜੇ ਹੈਰਾਨੀਜਨਕ ਹਨ। ਇਸ ਸਮੇਂ ਦੌਰਾਨ ਬਟਾਲਾ ਉੁਦਯੋਗ ਇੰਡਸਟਰੀਜ਼ ਦੇ 2 ਹਜ਼ਾਰ ਵਿੱਚੋਂ 1470 ਯੂਨਿਟ ਬੰਦ ਹੋ ਚੁੱਕੇ ਹਨ। ਇਸ ਤੋਂ ਬਿਨਾਂ ਖੇਤੀ ਸੰਦ ਬਣਾਉਣ ਦੇ 550 ਯੂਨਿਟਾਂ ਵਿਚੋਂ 422 ਅਤੇ ਖਰਾਦ ਡਰਿੱਲ ਮਸ਼ੀਨਾਂ ਬਣਾਉਣ ਦੇ 2 ਹਜ਼ਾਰ ਵਿਚੋਂ ਲਗਪਗ 1800 ਯੂਨਿਟ ਬੰਦ ਹੋ ਗਏ ਹਨ। ਇਨ੍ਹਾਂ ਅੰਕੜਿਆਂ ਨਾਲ ਸਾਫ਼ ਜ਼ਾਹਰ ਹੋ ਜਾਂਦਾ ਹੈ ਕਿ ਪਿਛਲੇ ਸਮੇਂ ਦੌਰਾਨ ਬਟਾਲਾ ਵਿਚੋਂ ਕਿੰਨੇ ਤੇਜ਼ੀ ਨਾਲ ਸਨਅਤਕਾਰਾਂ ਅਤੇ ਕਿਰਤੀ ਵਰਗ ਦਾ ਸਫ਼ਾਇਆ ਹੋਇਆ ਹੈ। ਇਨ੍ਹਾਂ ਸਨਅਤਾਂ ਨਾਲ ਸਿੱਧੇ ਤੇ ਅਸਿੱਧੇ ਢੰਗ ਨਾਲ ਜੁੜੇ ਵੱਡੀ ਗਿਣਤੀ ਲੋਕਾਂ ਦਾ ਰੁਜ਼ਗਾਰ ਖੁਸ ਗਿਆ ਹੈ।
ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪਹਾੜੀ ਰਾਜਾਂ ਨੂੰ ਸਨਅਤਾਂ ਲਗਾਉਣ ਲਈ ਭਾਰੀ ਛੋਟਾਂ ਦਿੱਤੀਆਂ ਗਈਆਂ ਹਨ, ਜਿਸ ਨਾਲ ਪੰਜਾਬ ਦੀ ਸਨਅਤ ਨੂੰ ਭਾਰੀ ਸੱਟ ਵੱਜੀ ਹੈ, ਜਦਕਿ ਸੂਬੇ ’ਤੇ ਕਾਬਜ਼ ਰਹੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਇਥੋਂ ਲਗਾਤਾਰ ਸਨਅਤ ਖ਼ਤਮ ਹੁੰਦੀ ਗਈ ਹੈ। ਬਟਾਲਾ ਉਦਯੋਗ ਹੌਲੀ-ਹੌਲੀ ਦਮ ਤੋੜ ਰਿਹਾ ਹੈ।
ਸਾਬਕਾ ਪ੍ਰਧਾਨ ਪੰਜਾਬ ਵੇਜ਼ਿੰਗ ਮਸ਼ੀਨਜ਼ ਮੈਨੂਫੈਕਚਰਿੰਗ ਐਸੋਸੀਏਸ਼ਨ ਵੀ.ਐੱਮ ਗੋਇਲ ਨੇ ਦੱਸਿਆ ਕਿ ਹਿਮਾਚਲ, ਹਰਿਆਣਾ ਤੇ ਜੰਮੂ ਸਣੇ ਹੋਰ ਕਈ ਸੂਬਿਆਂ ਵਾਂਗ ਇੱਥੋਂ ਦੇ ਸਨਅਤਕਾਰਾਂ ਨੂੰ ਵੀ ਸਬਸਿਡੀ ਤੇ ਹੋਰ ਸਹੂਲਤਾਂ ਮਿਲਦੀਆਂ ਤਾਂ ਸਥਾਨਕ ਸਨਅਤ ਦੀ ਇੰਨੀ ਮਾੜੀ ਦਸ਼ਾ ਨਾ ਹੋਈ ਹੁੰਦੀ। ਇਸ ਘਾਟ ਕਾਰਨ ਹੀ ਬਟਾਲਾ ਦੀਆਂ ਪ੍ਰਸਿੱਧ ਫਾਊਂਡਰੀਆਂ-ਅਭੀ, ਬੀਕੋ, ਐਟਲਸ, ਮੌਰਗਿੱਲ, ਕੁਮਾਰ ਇੰਜਨੀਅਰ, ਰਾਇਲ, ਮਯੂਰ ਰਾਅ ਤੇ ਹੋਰ ਕਈ ਫੈਕਟਰੀਆਂ ਬੰਦ ਹੋ ਗਈਆਂ ਹਨ ਤੇ ਇਨ੍ਹਾਂ ਸਨਅਤਾਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ-ਦਿ ਫੈੈਕਟਰੀਜ਼ ਐਸੋਸੀਏਸ਼ਨ, ਫਾਊਂਡਰੀਜ਼ ਐਸੋਸੀਏਸ਼ਨ, ਇੰਡਸਟਰੀਜ਼ ਐਸੋਸੀਏਸ਼ਨ ਰਾਅ ਮਟਰੀਅਲ ਆਦਿ ਵੀ ਖਤਮ ਹੋ ਗਈਆਂ ਹਨ। ਇਸ ਸਬੰਧੀ ਬਟਾਲਾ ਤੋਂ ‘ਆਪ’ ਵਿਧਾਇਕ ਸ਼ੈਰੀ ਕਲਸੀ ਨਾਲ ਗੱਲ ਕਰਨ ਦਾ ਯਤਨ ਕੀਤਾ ਗਿਆ, ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਮਜ਼ਦੂਰ ਆਗੂ ਸਮਸ਼ੇਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਸੂਬੇ ਵਿਚ ਮੌਜੂਦ ਸਨਅਤਕਾਰਾਂ ਨੂੰ ਪੈਰਾਂ ਸਿਰ ਕਰਨ ਲਈ ਵੀ ਸਾਰਥਕ ਨੀਤੀ ਲਿਆਂਦੀ ਜਾਵੇ।
Comments (0)