ਸੌਦਾ ਸਾਧ 'ਤੇ ਜਲੰਧਰ 'ਚ ਦਰਜ ਹੋਈ ਐਫਆਈਆਰ ਖਿਲਾਫ਼ ਹਾਈ ਕੋਰਟ ਪੁੱਜਾ ਡੇਰਾ  ਸਿਰਸਾ

ਸੌਦਾ ਸਾਧ 'ਤੇ ਜਲੰਧਰ 'ਚ ਦਰਜ ਹੋਈ ਐਫਆਈਆਰ ਖਿਲਾਫ਼ ਹਾਈ ਕੋਰਟ ਪੁੱਜਾ ਡੇਰਾ  ਸਿਰਸਾ

 *ਰਵਿਦਾਸ ਟਾਈਗਰ ਫੋਰਸ ਦੀ ਸ਼ਿਕਾਇਤ ’ਤੇ  ਕੇਸ ਦਰਜ ਹੋਇਆ ਸੀ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ : 7 ਮਾਰਚ ਨੂੰ ਜਲੰਧਰ 'ਚ ਦਰਜ ਐਫਆਈਆਰ ਖਿਲਾਫ ਡੇਰਾ ਸੱਚਾ ਸੌਦਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅਪੀਲ ਕੀਤੀ ਹੈ ਕਿ ਉਨ੍ਹਾਂ ਖ਼ਿਲਾਫ਼ ਤੱਥਾਂ ਦੇ ਉਲਟ ਝੂਠੀ ਐਫਆਈਆਰ ਦਰਜ ਕੀਤੀ ਗਈ ਹੈ। ਡੇਰੇ ਮੁਤਾਬਕ ਜਿਸ ਵੀਡੀਓ 'ਤੇ ਆਧਾਰ ਕਾਰਡ ਬਣਾਇਆ ਗਿਆ ਹੈ, ਉਸ ਵੀਡੀਓ ਨੂੰ ਪੂਰਾ ਨਹੀਂ ਦੇਖਿਆ ਗਿਆ ਹੈ, ਪਰ ਅੱਧਾ ਅਧੂਰਾ ਬਿਆਨ ਸੁਣ ਕੇ ਐਫਆਈਆਰ ਦਰਜ ਕੀਤੀ ਗਈ ਹੈ। ਅਦਾਲਤ 'ਚ ਦਾਇਰ ਕੀਤੀ ਗਈ ਅਪੀਲ ਵਿਚ ਡੇਰਾ ਸੱਚਾ ਸੌਦਾ ਨੇ ਕਿਹਾ ਹੈ ਕਿ ਜਿਸ ਵੀਡੀਓ ਦੇ ਆਧਾਰ 'ਤੇ ਡੇਰਾ ਮੁਖੀ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ, ਉਸ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ।

ਕੀ ਹੈ ਮਾਮਲਾ

7 ਮਾਰਚ ਨੂੰ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਖਿਲਾਫ ਥਾਣਾ ਪਤਾਰਾ, ਜਲੰਧਰ ਵਿਖੇ ਐੱਫਆਈਆਰ ਦਰਜ ਹੋਈ ਸੀ। ਪੁਲਿਸ ਨੇ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਮੁਖੀ ਜੱਸੀ ਤੱਲ੍ਹਣ ਦੀ ਸ਼ਿਕਾਇਤ ’ਤੇ ਆਈਪੀਸੀ ਦੀ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਸੀ। ਰਾਮ ਰਹੀਮ 'ਤੇ ਸੰਤ ਗੁਰੂ ਰਵਿਦਾਸ ਤੇ ਸੰਤ ਕਬੀਰ ਦਾਸ ਮਹਾਰਾਜ 'ਤੇ ਅਪਮਾਨਜਨਕ ਟਿੱਪਣੀ ਕਰਨ ਦਾ ਦੋਸ਼ ਹੈ। ਜਲੰਧਰ ਦੇਹਾਤ ਪੁਲਿਸ ਦੇ ਐਸਪੀਡੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਡੇਰਾ ਮੁਖੀ ਨੇ ਆਪਣੇ ਯੂਟਿਊਬ ਚੈਨਲ 'ਤੇ ਗੁਰੂ ਰਵਿਦਾਸ ਤੇ ਕਬੀਰ ਮਹਾਰਾਜ ਖਿਲਾਫ ਅਸ਼ਲੀਲ ਤੇ ਘਟੀਆ ਟਿੱਪਣੀਆਂ ਕੀਤੀਆਂ ਸਨ।