ਦੀਪ ਸਿੱਧੂ ਦੀ ਸੜਕ ਹਾਦਸੇ 'ਚ ਮੌਤ ਹੋਣ ਤੋਂ ਦੋ ਦਿਨ ਬਾਅਦ ਟਰੱਕ ਡਰਾਈਵਰ ਗ੍ਰਿਫਤਾਰ

ਦੀਪ ਸਿੱਧੂ ਦੀ ਸੜਕ ਹਾਦਸੇ 'ਚ ਮੌਤ ਹੋਣ ਤੋਂ ਦੋ ਦਿਨ ਬਾਅਦ ਟਰੱਕ ਡਰਾਈਵਰ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਦੀਪ ਸਿੱਧੂ ਦੀ ਸੜਕ ਹਾਦਸੇ 'ਚ ਮੌਤ ਹੋਣ ਤੋਂ ਦੋ ਦਿਨ ਬਾਅਦ, ਪੁਲਿਸ ਨੇ ਵੀਰਵਾਰ ਨੂੰ ਇਸ ਮਾਮਲੇ 'ਚ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਨੇ ਦੱਸਿਆ ਕਿ ਡਰਾਈਵਰ ਦੀ ਪਛਾਣ ਕਾਸਿਮ ਖਾਨ ਵਾਸੀ ਪਿੰਡ ਸਿੰਗਰ, ਨੂਹ ਵਜੋਂ ਹੋਈ ਹੈ। ਪੁਲਿਸ ਮੁਤਾਬਕ ਡਰਾਈਵਰ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਅਹਿਮਦਾਬਾਦ ਤੋਂ ਮੁਜ਼ੱਫਰਨਗਰ ਕੋਲਾ ਲਿਜਾ ਰਿਹਾ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਦੋਸ਼ੀ ਨੂੰ ਦਿੱਲੀ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਗਿਆ ਹੈ।ਥਾਣਾ ਖਰਖੌਦਾ ਦੇ ਐਸਐਚਓ ਜਸਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਟਰੱਕ ਡਰਾਈਵਰ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਇਹ ਘਟਨਾ ਉਸ ਦੀ ਅਣਗਹਿਲੀ ਕਾਰਨ ਵਾਪਰੀ ਹੈ।

ਕਾਸਿਮ ਨੇ ਦਾਅਵਾ ਕੀਤਾ ਕਿ ਟਰੱਕ ਚੱਲ ਰਿਹਾ ਸੀ ਅਤੇ ਉਸਨੇ ਆਪਣੀ ਲਾਪਰਵਾਹੀ ਕਾਰਨ ਬ੍ਰੇਕ ਮਾਰ ਦਿੱਤੀ, ਜਿਸ ਤੋਂ ਬਾਅਦ ਸਕਾਰਪੀਓ ਉਸਦੇ ਟਰੱਕ ਦੇ ਪਿਛਲੇ ਹਿੱਸੇ ਵਿੱਚ ਜਾ ਵੱਜੀ।ਪੁਲਿਸ ਨੇ ਦੱਸਿਆ ਕਿ ਉਸ ਨੂੰ ਕੱਲ੍ਹ ਸੋਨੀਪਤ ਦੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ।

ਦੀਪ ਸਿੱਧੂ ਦੇ ਭਰਾ ਸੁਰਜੀਤ ਨੇ ਥਾਣਾ ਖਰਖੌਦਾ ਵਿਖੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਟਰੱਕ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਸੀ, ਜਿਸ ਵਿਚ ਸਿੱਧੂ ਦੀ ਜਾਨ ਗਈ ਸੀ। ਆਈਪੀਸੀ ਦੀਆਂ ਧਾਰਾਵਾਂ 279 (ਰੈਸ਼ ਡਰਾਈਵਿੰਗ) ਅਤੇ 304 ਏ (ਲਾਪਰਵਾਹੀ ਨਾਲ ਮੌਤ ਹੋ ਜਾਣ) ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।