ਦੀਪ ਸਿੱਧੂ ਦੀ ਅੰਤਿਮ ਅਰਦਾਸ 24 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਹੋਵੇਗੀ

ਦੀਪ ਸਿੱਧੂ ਦੀ ਅੰਤਿਮ ਅਰਦਾਸ 24 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਹੋਵੇਗੀ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਪੰਜਾਬੀ ਫ਼ਿਲਮ ਸਟਾਰ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ ਯੋਧਾ ਦੀਪ ਸਿੱਧੂ ਦੀ ਅੰਤਿਮ ਅਰਦਾਸ 24 ਫਰਵਰੀ, 2022 ਨੂੰ ਦੀਵਾਨ ਟੋਡਰ ਮੱਲ ਹਾਲ, ਫਤਹਿਗੜ੍ਹ ਸਾਹਿਬ ਵਿਖੇ ਹੋਵੇਗੀ। ਦੀਪ ਸਿੱਧੂ ਦੀ 15 ਫਰਵਰੀ ਨੂੰ ਕੇ.ਐਮ.ਪੀ. ਵਿਖੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਤੇ ਉਸ ਦਾ ਸਸਕਾਰ ਲੁਧਿਆਣਾ ਨੇੜੇ ਪਿੰਡ ਥਰੀਕੇ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ ਜਿਸ ਵਿੱਚ ਇਲਾਕੇ ਭਰ ਦੇ ਲੋਕਾਂ ਤੇ ਖਾਸਕਰ ਨੌਜਵਾਨਾਂ ਨੇ ਸ਼ਿਰਕਤ ਕੀਤੀ।ਭਾਈ ਦਲਜੀਤ ਸਿੰਘ ਬਿੱਟੂ, ਸਾਬਕਾ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਅਤੇ ਸਿੱਖ ਸਿਆਸੀ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਵਰਗੀਆਂ ਸਿੱਖ ਸ਼ਖਸੀਅਤਾਂ ਨੇ ਵੀ ਦੀਪ ਸਿੱਧੂ ਦੇ ਅੰਤਿਮ ਸੰਸਕਾਰ ਵਿੱਚ ਸ਼ਿਰਕਤ ਕੀਤੀ ਸੀ।

​​ਦੀਪ ਸਿੱਧੂ ਨੇ ਕਿਸਾਨੀ ਧਰਨੇ ਦੌਰਾਨ ਪ੍ਰਮੁੱਖਤਾ ਹਾਸਲ ਕੀਤੀ ਸੀ।  ਉਸ ਨੇ 26 ਨਵੰਬਰ, 2020 ਨੂੰ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ ਰਾਜਪੁਰਾ ਨੇੜੇ ਪੰਜਾਬ-ਹਰਿਆਣਾ ਸਰਹੱਦ 'ਤੇ ਸ਼ੰਭੂ ਬੈਰੀਅਰ 'ਤੇ ਸੱਭ ਤੋਂ ਪਹਿਲਾਂ ਸ਼ੰਭੂ ਮੋਰਚਾ ਲਾਇਆ ਸੀ।ਇਸ ਮੋਰਚੇ ਦੌਰਾਨ ਹੀ ਨੌਜਵਾਨ ਤਬਕੇ ਨਾਲ ਦੀਪ ਸਿੱਧੂ ਦਾ ਮਿਲਾਪ ਵੱਧ ਗਿਆ ਸੀ।  ਨੌਜਵਾਨ ਤੇ ਸਿੱਖ ਜਥੇਬੰਦੀਆਂ ਨੇ ਦੀਪ ਸਿੱਧੂ ਦੀ ਮੌਤ ਦੇ ਆਲੇ-ਦੁਆਲੇ ਦੇ ਹਾਲਾਤਾਂ 'ਤੇ ਸ਼ੱਕ ਜ਼ਾਹਰ ਕਰਦੇ ਹੋਏ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।