ਚਾਵਾਂ ਨਾਲ ਕੈਨੇਡਾ ਭੇਜੀ ਨੂੰਹ ਵਰਕ ਪਰਮਿਟ ਮਿਲਦਿਆਂ ਧੋਖਾ ਦੇ ਗਈ
*ਕਿਸੇ ਹੋਰ ਲੜਕੇ ਨਾਲ ਕੈਨੇਡਾ ਵਿਚ ਲਿਵ ਇਨ ਰਿਲੇਸ਼ਨ ਵਿਚ ਰਹਿਣ ਲੱਗੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਸ ਦੇ ਏ. ਐੱਸ. ਆਈ. ਦੇ ਬੇਟੇ ਨੂੰ ਵਿਦੇਸ਼ ਲੈ ਕੇ ਜਾਣ ਦੇ ਸੁਫ਼ਨੇ ਵਿਖਾ ਕੇ ਇਕ ਸਾਲ ਪਹਿਲਾਂ ਵਿਆਹ ਕਰਵਾ ਕੇ ਆਈ ਨੂੰਹ ਧੋਖਾ ਦੇ ਗਈ। ਖੁਦ ਕੈਨੇਡਾ ਜਾ ਕੇ ਉਹ ਉਦੋਂ ਤੱਕ ਆਪਣੇ ਸਹੁਰਾ ਪਰਿਵਾਰ ਦੇ ਸੰਪਰਕ ਵਿਚ ਰਹੀ, ਜਦੋਂ ਤੱਕ ਉਸਦਾ ਸਹੁਰਾ ਅਤੇ ਪਤੀ ਉਸਦੇ ਰਹਿਣ ਅਤੇ ਪੜ੍ਹਾਈ ਲਈ ਖਰਚਾ ਭੇਜਦੇ ਰਹੇ ਪਰ ਜਦੋਂ ਪੜ੍ਹਾਈ ਪੂਰੀ ਹੋਣ ਉਪਰੰਤ ਉਸ ਨੂੰ ਵਰਕ ਪਰਮਿਟ ਮਿਲਿਆ ਤਾਂ ਉਹ ਕਿਸੇ ਹੋਰ ਲੜਕੇ ਨਾਲ ਕੈਨੇਡਾ ਵਿਚ ਲਿਵ ਇਨ ਰਿਲੇਸ਼ਨ ਵਿਚ ਰਹਿਣ ਲੱਗੀ। ਏ. ਐੱਸ. ਆਈ. ਦੇ ਬੇਟੇ ਦਾ ਦੋਸ਼ ਹੈ ਕਿ ਉਸਦੀ ਪਤਨੀ ਆਪਣੇ ਨਾਲ ਗਹਿਣੇ, ਲੈਪਟਾਪ ਅਤੇ ਪੈਸੇ ਵੀ ਲੈ ਗਈ ਸੀ, ਜਦੋਂ ਕਿ ਵਿਦੇਸ਼ ਭੇਜਣ ਦਾ ਖਰਚਾ ਵੀ ਉਨ੍ਹਾਂ ਨੇ ਹੀ ਚੁੱਕਿਆ ਸੀ।
ਉਧਰ ਥਾਣਾ ਮਕਸੂਦਾਂ ਦੀ ਪੁਲਸ ਨੇ ਏ. ਐੱਸ. ਆਈ. ਦੀ ਨੂੰਹ ਹਰਮਨ ਪੁੱਤਰੀ ਸ਼ਰਨਦਾਸ ਮਕਸੂਦਾਂ ਸਮੇਤ ਪਿਤਾ ਹਰਨ ਦਾਸ ਅਤੇ ਮਾਂ ਕਮਲੇਸ਼ ਨਿਵਾਸੀ ਸਿੱਧਵਾਂ ਦੋਨਾ (ਕਪੂਰਥਲਾ) ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।ਏ. ਐੱਸ. ਆਈ. ਦੇ ਬੇਟੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਹਰਮਨ ਨਾਲ ਉਸਦਾ ਵਿਆਹ 21 ਸਤੰਬਰ 2018 ਨੂੰ ਸਾਦੇ ਢੰਗ ਨਾਲ ਹੋਇਆ ਸੀ, ਹਾਲਾਂਕਿ ਉਨ੍ਹਾਂ ਹਰਮਨ ਨੂੰ ਗਹਿਣੇ ਪਹਿਨਾਏ ਸਨ, ਜਦੋਂ ਕਿ ਹੋਰ ਖਰਚਾ ਵੀ ਉਨ੍ਹਾਂ ਨੇ ਹੀ ਕੀਤਾ ਸੀ ਕਿਉਂਕਿ ਲੜਕੀ ਧਿਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਧੀ ਦੇ ਆਈਲੈੱਟਸ ਵਿਚ 6 ਬੈਂਡ ਆਏ ਹਨ, ਉਸਨੂੰ ਕੈਨੇਡਾ ਭੇਜਣ ਦਾ ਖਰਚਾ ਕਰ ਦੇਣਗੇ ਤਾਂ ਉਹ ਉਨ੍ਹਾਂ ਦੇ ਬੇਟੇ ਭੁਪਿੰਦਰ ਸਿੰਘ ਨੂੰ ਵੀ ਕੈਨੇਡਾ ਬੁਲਾ ਲੈਣਗੇ। ਏ. ਐੱਸ. ਆਈ. ਦੇ ਪਰਿਵਾਰ ਨੇ ਲੜਕੀ ਵਾਲਿਆਂ ਦੀ ਗੱਲ ਮੰਨ ਲਈ। ਹਰਮਨ ਲਗਭਗ ਇਕ ਸਾਲ ਤੱਕ ਆਪਣੇ ਪੇਕੇ ਰਹੀ, ਜਿਸ ਦੌਰਾਨ ਉਸ ਵੱਲੋਂ ਡਿਪਲੋਮੇ ਦਾ ਖਰਚਾ ਵੀ ਏ. ਐੱਸ. ਆਈ. ਨੇ ਕੀਤਾ। 21 ਅਗਸਤ 2019 ਨੂੰ ਹਰਮਨ ਕੈਨੇਡਾ ਚਲੀ ਗਈ। ਦੋਸ਼ ਹੈ ਕਿ ਕੈਨੇਡਾ ਜਾਣ ਲਈ ਵੀਜ਼ਾ, ਮੈਡੀਕਲ, ਏਅਰ ਟਿਕਟ ਅਤੇ ਐਡਮਿਸ਼ਨ ਆਦਿ ’ਤੇ ਜੋ ਵੀ ਖਰਚਾ ਆਇਆ, ਉਹ ਉਨ੍ਹਾਂ ਨੇ ਕੀਤਾ। ਉਸਦੀ ਪੜ੍ਹਾਈ ਅਤੇ ਰਹਿਣ-ਖਾਣ ਲਈ ਖਰਚਾ ਵੀ ਪਤੀ ਹੀ ਭੇਜਦਾ ਰਿਹਾ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਹਰਮਨ ਨੇ 5 ਵਾਰ ਪੇਪਰ ਭੇਜੇ ਪਰ ਪੰਜਾਂ ’ਤੇ ਵੀਜ਼ਾ ਰਿਜੈਕਟ ਕਰਵਾ ਦਿੱਤਾ ਗਿਆ। ਦੋਸ਼ ਹੈ ਕਿ ਜਦੋਂ ਹਰਮਨ ਦੀ ਪੜ੍ਹਾਈ ਖਤਮ ਹੋਈ ਅਤੇ ਉਸਨੂੰ ਵਰਕ ਪਰਮਿਟ ਮਿਲਿਆ ਤਾਂ ਉਸਨੇ ਸੰਪਰਕ ਤੋੜ ਦਿੱਤਾ ਅਤੇ ਫੋਨ ਤੱਕ ਚੁੱਕਣੇ ਬੰਦ ਕਰ ਦਿੱਤੇ। ਪੀੜਤ ਪਰਿਵਾਰ ਨੇ ਹਰਮਨ ਦੇ ਮਾਤਾ-ਪਿਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਗੱਲ ਨਹੀਂ ਸੁਣੀ। ਭੁਪਿੰਦਰ ਸਿੰਘ ਨੇ ਕਿਹਾ ਕਿ ਲੜਕੀ ਵਾਲਿਆਂ ਨੇ ਪੂਰੀ ਪਲਾਨਿੰਗ ਨਾਲ ਇਹ ਵਿਆਹ ਕਰਵਾਇਆ ਸੀ ਤਾਂ ਕਿ ਉਨ੍ਹਾਂ ਦੀ ਧੀ ਨੂੰ ਵਿਦੇਸ਼ ਜਾਣ ਲਈ ਖਰਚਾ ਮਿਲ ਜਾਵੇ।
Comments (0)