ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ 15 ਦਿਨ ਪਹਿਲਾਂ ਬਣਾਈ ਗਈ

ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ 15 ਦਿਨ ਪਹਿਲਾਂ ਬਣਾਈ ਗਈ

ਪੰਜਾਬ ਪੁਲਿਸ ਵਲੋਂ ‘ਵਾਰਿਸ ਪੰਜਾਬ ਦੇ’ ਖ਼ਿਲਾਫ਼ ਵੱਡੀ ਕਾਰਵਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ:ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਕਰਨ ਦੀ ਕੋਸ਼ਿਸ਼ ਕੋਈ ਫੌਰੀ ਫੈਸਲਾ ਨਹੀਂ ਸੀ।ਸਗੋਂ ਇਹ ਯੋਜਨਾ 15 ਦਿਨ ਪਹਿਲਾਂ ਬਣਾਈ ਗਈ ਸੀ। ਕੇਂਦਰ ਅਤੇ ਪੰਜਾਬ ਸਰਕਾਰ ਨੇ 15 ਦਿਨ ਪਹਿਲਾਂ ਇਹ ਯੋਜਨਾ ਉਲੀਕੀ ਸੀ।ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਦੋਵੇਂ ਸਰਕਾਰਾਂ ਜੀ-20 ਦੀ ਬੈਠਕ ਖਤਮ ਹੋਣ ਦਾ ਇੰਤਜ਼ਾਰ ਕਰ ਰਹੀਆਂ ਸਨ।15 ਤੋਂ 17 ਮਾਰਚ ਤੱਕ ਅੰਮ੍ਰਿਤਸਰ ਵਿੱਚ ਹੋਣ ਵਾਲੀ ਜੀ-20 ਮੀਟਿੰਗ ਦੇ ਮੱਦੇਨਜ਼ਰ ਸਰਕਾਰ ਨੇ ਕਾਰਵਾਈ ਮੁਲਤਵੀ ਕਰ ਦਿੱਤੀ ਸੀ।

ਪੁਲਿਸ ਨੇ 5 ਦਿਨ ਪਹਿਲਾਂ ਹੀ ਤਿਆਰੀ ਕਰ ਲਈ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਰਾਮਪੁਰਾ ਫੂਲ ਜਾਂਦੇ ਹੋਏ ਗ੍ਰਿਫਤਾਰ ਕਰ ਲਿਆ ਜਾਵੇਗਾ। ਅੰਮ੍ਰਿਤਪਾਲ ਨੇ ਸ਼ਨੀਵਾਰ ਨੂੰ ਰਾਮਪੁਰਾ ਫੂਲ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨੀ ਸੀ।28 ਫਰਵਰੀ ਨੂੰ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ 120 ਸੀਆਰਪੀਐਫ ਜਵਾਨ ਭੇਜਣ ਦੀ ਬੇਨਤੀ ਕੀਤੀ ਸੀ।

ਪੰਜਾਬ ਸਰਕਾਰ ਵੱਲੋਂ ਵਾਰਿਸ ਪੰਜਾਬ ਦੇ ਖਿਲਾਫ ਚਲਾਈ ਜਾ ਰਹੀ ਇਸ ਮੁਹਿੰਮ ਦੇ ਤਹਿਤ ਕਿੰਨ੍ਹੇ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਤੈ  ਕਰੇਗਾ। ਪਰ ਇਸ ਸਮੇਂ ਪੰਜਾਬ ਪੁਲਿਸ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਐਲਾਨਿਆ ਗਿਆ ਹੈ। ਇਸ ਸਾਰੀ ਕਾਰਵਾਈ ਦੇ ਦੌਰਾਨ ਪੰਜਾਬ ਵਿੱਚ ਇੰਟਰਨੈੱਟ ਅਤੇ ਐਸ ਐਮ ਐਸ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਸੂਬੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਪੰਜਾਬ ਸਰਕਾਰ ਨੇ ਵਾਰਿਸ ਪੰਜਾਬ ਦੇ ਮੁਖੀ ਖਿਲਾਫ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਉਸ ਦੀ ਅਗਵਾਈ ਵਾਲੀ ਜਥੇਬੰਦੀ ਦੇ 78 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੰਜਾਬ ਪੁਲਿਸ ਦੀ ਇਹ  ਕਾਰਵਾਈ ਅੰਮ੍ਰਿਤਪਾਲ ਸਿੰਘ ਦੇ 'ਖਾਲਸਾ ਵਹੀਰ' ਜੋ ਮੁਕਤਸਰ ਜ਼ਿਲ੍ਹੇ ਤੋਂ ਸ਼ੁਰੂ ਹੋਣੀ ਸੀ - ਦੀ ਸ਼ੁਰੂਆਤ ਤੋਂ ਇੱਕ ਦਿਨ ਪਹਿਲਾਂ ਕੀਤੀ ਗਈ ਹੈ।ਪੰਜਾਬ 'ਚ ਕਈ ਥਾਵਾਂ 'ਤੇ ਵਾਹਨਾਂ ਦੀ ਤਿੱਖੀ ਚੈਕਿੰਗ ਦੇ ਨਾਲ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਪੰਜਾਬ ਪੁਲਿਸ ਵੱਲੋਂ ਗੁਰਦਾਸਪੁਰ ਅਤੇ ਲੁਧਿਆਣਾ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਮੋਬਾਈਲ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ 20 ਮਾਰਚ ਤੱਕ ਵਧਾ ਦਿੱਤੀ ਹੈ।'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਪੰਜਾਬ ਭਰ 'ਚ ਕੋਸ਼ਿਸ਼ਾਂ ਜਾਰੀ ਹਨ, ਐਤਵਾਰ ਨੂੰ ਸਖ਼ਤ ਸੁਰੱਖਿਆ ਵਿਚਕਾਰ ਚਾਰ 'ਸ਼ੱਕੀ' ਨੂੰ ਡਿਬਰੂਗੜ੍ਹ ਲਿਆਂਦਾ ਗਿਆ।

ਐਸਪੀ ਅਜਨਾਲਾ ਪੁਲਿਸ ਤੇਜਬੀਰ ਸਿੰਘ ਹੁੰਦਲ ਨੇ ਮੀਡੀਆ ਨੂੰ ਦੱਸਿਆ, "ਇੱਥੇ ਚਾਰ ਵਿਅਕਤੀ ਹਨ, ਅਤੇ ਉਨ੍ਹਾਂ ਨੂੰ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਰੱਖਿਆ ਜਾਵੇਗਾ। ਅਸੀਂ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਬਾਅਦ ਵਿੱਚ ਕਰਾਂਗੇ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਵੱਲੋਂ ਪੰਜਾਬ ਪੁਲਿਸ ਵੱਲੋਂ ਖਾਲਿਸਤਾਨ ਪੱਖੀ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਰ ਸ਼ੱਕੀ ਸਾਥੀਆਂ ਨੂੰ ਡਿਬਰੂਗੜ੍ਹ ਲਿਜਾਣ ਸਬੰਧੀ ਦਿੱਤੇ ਬਿਆਨ ਅਨੁਸਾਰ ਇਹ ਸੁਰੱਖਿਆ ਦੀ ਕਾਰਵਾਈ ਹੈ ਜਿਸ ਵਿੱਚ ਪੁਲਿਸ ਬਲਾਂ ਵਿਚਕਾਰ ਸਹਿਯੋਗ ਸ਼ਾਮਲ ਹੈ।

ਦੂਜੇ ਪਾਸੇ ਜਲੰਧਰ ਦੀ ਪੁਲਿਸ ਨੇ ਉਸ ਆਈਸੂਜ਼ੂ ਕਾਰ ਨੂੰ ਲੱਭ ਲਿਆ ਹੈ, ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੇ ਮਹਿਤਪੁਰ-ਮਲਸੀਆਂ ਰੋਡ ਤੋਂ ਭੱਜਣ ਲਈ ਵਰਤੀ ਸੀ।  ਕਾਰ ਨੂੰ ਸ਼ਾਹਕੋਟ ਦੇ ਇੱਕ ਪਿੰਡ ਵਿੱਚ ਬਰਾਮਦ ਕੀਤਾ ਗਿਆ ਸੀ। ਕਾਰ ਵਿੱਚੋਂ 315 ਬੋਰ ਦਾ ਹਥਿਆਰ ਅਤੇ 56 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਹ ਜਾਣਕਾਰੀ ਸਵਰਨਦੀਪ ਸਿੰਘ ਐਸ.ਐਸ.ਪੀ ਜਲੰਧਰ ਦਿਹਾਤੀ ਨੇ ਦਿੱਤੀ। ਭਾਈ ਅੰਮ੍ਰਿਤਪਾਲ ਸਿੰਘ ਦੇ ਦੋਸਤ ਦਲਜੀਤ ਸਿੰਘ ਕਲਸੀ ਨੂੰ ਵੀ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ANI ਨਿਊਜ਼ ਏਜੰਸੀ ਅਨੁਸਾਰ 'ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਥਿਤ ਸਲਾਹਕਾਰ ਅਤੇ ਫਾਈਨਾਂਸਰ ਦਲਜੀਤ ਸਿੰਘ ਕਲਸੀ ਉਰਫ ਸਰਬਜੀਤ ਸਿੰਘ ਕਲਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਅਸਲਾ ਐਕਟ ਤਹਿਤ ਐਫ.ਆਈ.ਆਰ ਦਰਜ ਕੀਤੀ ਹੈ।ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਖਾਲਿਸਤਾਨੀ ਆਗੂ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਮਾਮਲੇ ਵਿੱਚ ਕੱਲ੍ਹ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ  "ਉਨ੍ਹਾਂ ਕੋਲੋਂ 12 ਬੋਰ ਦੇ ਛੇ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ।"AAP ਮੰਤਰੀ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ

ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਐਤਵਾਰ ਨੂੰ ਕਿਹਾ ਕਿ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ ਅਤੇ ਭਗੌੜੇ ਹੋਏ ਅੰਮ੍ਰਿਤਪਾਲ ਸਿੰਘ ਦੀ ਭਾਲ ਪੂਰੀ ਕਰ ਲਵੇਗੀ।ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।ਹਿਮਾਚਲ-ਪੰਜਾਬ ਸਰਹੱਦਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਊਨਾ ਪੁਲਿਸ ਨੇ ਹਿਮਾਚਲ-ਪੰਜਾਬ ਸਰਹੱਦ 'ਤੇ ਬਥਰੀ, ਮਾਰਵਾੜੀ, ਸੰਤੋਸ਼ਗੜ੍ਹ ਅਤੇ ਮਹਿਤਪੁਰ ਵਿਖੇ ਕਈ ਥਾਵਾਂ 'ਤੇ ਬੈਰੀਕੇਡ ਲਗਾਏ ਹਨ ਅਤੇ ਭਾਰੀ ਗਿਣਤੀ ਵਿਚ ਆਪਣੇ ਜਵਾਨ ਤਾਇਨਾਤ ਕੀਤੇ ਹਨ।