ਸ਼ਹੀਦ ਖਾਲੜਾ ਦੀ ਸ਼ਹੀਦੀ ਬਾਰੇ ਫਿਲਮ ਨਹੀਂ ਬਣਨ ਦਿਤੀ ਜਾਵੇਗੀ-ਝਬਾਲ

ਸ਼ਹੀਦ ਖਾਲੜਾ ਦੀ ਸ਼ਹੀਦੀ ਬਾਰੇ ਫਿਲਮ ਨਹੀਂ ਬਣਨ ਦਿਤੀ ਜਾਵੇਗੀ-ਝਬਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਝਬਾਲ- ਖਾਲੜਾ ਮਿਸ਼ਨ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਝਬਾਲ ਵਿਖੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਦੇ ਗ੍ਰਹਿ ਵਿਖੇ ਹੋਈ । ਬਲਵਿੰਦਰ ਸਿੰਘ ਝਬਾਲ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਸਿਖ ਨੌਜਵਾਨਾਂ 'ਤੇ ਹੋਏ ਜਬਰ ਜ਼ੁਲਮ ਖਿਲਾਫ਼  ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਉੱਪਰ ਬਣਾਈ ਜਾ ਰਹੀ ਫ਼ਿਲਮ ਨੂੰ ਕਿਸੇ ਵੀ ਕੀਮਤ 'ਤੇ ਬਣਨ ਨਹੀਂ ਦਿਆਂਗੇ ਕਿਉਂਕਿ ਅਸਲੀਅਤ ਤੋਂ ਕੋਹਾਂ ਦੂਰ ਬਣਦੀਆਂ ਇਹ ਫ਼ਿਲਮਾਂ ਸਿਰਫ ਪੈਸੇ ਕਮਾਉਣ ਲਈ ਅਤੇ ਕੇਂਦਰ ਸਰਕਾਰ ਦੀ ਸ਼ਹਿ 'ਤੇ ਬਣਾਈਆਂ ਜਾਂਦੀਆਂ ਹਨ । ਉਨ੍ਹਾਂ ਕਿਹਾ 1934 ਵਿਚ ਸ਼੍ਰੋਮਣੀ ਕਮੇਟੀ ਵਲੋਂ ਸ਼ਹੀਦਾਂ ਦੇ ਨਾਮ ਉਪਰ ਫਿਲਮਾਂ ਨਾ ਬਣਾਏ ਜਾਣ ਦਾ ਮਤਾ ਵੀ ਪਾਸ ਕੀਤਾ ਜਾ ਚੁੱਕਾ ਹੈ ਤੇ ਭਾਈ  ਖਾਲੜਾ ਸਿੱਖ ਕੌਮ ਦੇ ਕੌਮੀ ਸ਼ਹੀਦ ਹਨ ਤੇ ਉਨ੍ਹਾਂ ਦੀ ਤਸਵੀਰ  ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਲੱਗੀ ਹੈ ।ਭਾਈ ਝਬਾਲ ਨੇ ਆਖਿਆ ਕਿ ਇਸ ਫਿਲਮ ਨੂੰ ਰੋਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਜਾਣੂੰ ਕਰਵਾਇਆ ਗਿਆ ਸੀ ।