ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਬਾਰੇ ਹੋਇਆ ਨਿਆਂਇਕ ਕਮਿਸ਼ਨ ਕਾਇਮ

ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਬਾਰੇ ਹੋਇਆ ਨਿਆਂਇਕ ਕਮਿਸ਼ਨ ਕਾਇਮ

   *ਹਾਈ ਕੋਰਟ ਦੇ ਜੱਜ ਕਰਨਗੇ ਜਾਂਚ     

           *ਮੁੱਖ ਮੰਤਰੀ ਦੇ ਭਰੋਸੇ ਮਗਰੋਂ ਪਰਿਵਾਰ ਨੇ ਕਰਵਾਇਆ ਪੋਸਟਮਾਰਟਮ

*ਸਿੱਧੂ ਮੂਸੇਵਾਲਾ ਦੇ 20 ਤੋਂ ਜ਼ਿਆਦਾ ਗੋਲੀਆਂ ਲੱਗੀਆਂ 

*ਦੇਹਰਾਦੂਨ ਤੋਂ ਪੰਜ ਸ਼ੱਕੀਆਂ ਨੂੰ ਹਿਰਾਸਤ ’ਵਿਚ ਲਿਆ

*ਭਾਜਪਾ ਤੇ ਅਕਾਲੀ ਦਲ ਦੇ ਆਗੂਆਂ ਨੇ ਕੀਤੀ ਨਿਖੇਧੀ, ਕਾਂਗਰਸ ਨੇ ਕਿਹਾ, ਸੀਐੱਮ ਤੇ ਡੀਜੀਪੀ ਦੇ ਹੱਥ ਖ਼ੂਨ ਨਾਲ ਰੰਗੇ

*ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ/ਮਾਨਸਾ: ਬੀਤੇ ਦਿਨੀਂ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਜਦੋਂ ਆਪਣੇ ਸਾਥੀਆਂ ਸਮੇਤ ਪਿੰਡ ਜਵਾਹਰਕੇ ਤੋਂ ਮਾਨਸਾ ਵੱਲ ਆ ਰਿਹਾ ਸੀ ਤਾਂ ਪਿੰਡ ਨੇੜੇ ਅਣਪਛਾਤੀਆਂ ਗੱਡੀਆਂ ’ਵਿਚ ਸਵਾਰ ਵਿਅਕਤੀਆਂ ਨੇ ਉਸ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਹਮਲੇ ’ਵਿਚ ਉਸ ਦੇ ਦੋ ਸਾਥੀ ਵੀ ਗੰਭੀਰ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਇਕ ਹੋਰ ਸਾਥੀ ਦੀ ਮੌਤ ਹੋ ਗਈ ਸੀ।ਇਥੇ ਜ਼ਿਕਰਯੋਗ ਹੈ ਕਿ ਆਪਣੇ ਗਾਣਿਆਂ ਵਿਚ ਗੰਨ ਕਲਚਰ ਨੂੰ ਉਤਸ਼ਾਹਤ ਕਰਨ ਵਾਲੇ ਪੰਜਾਬੀ ਗਾਇਕ ਤੇ ਕਾਂਗਰਸੀ ਨੇਤਾ ਸਿੱਧੂ ਮੂਸੇਵਾਲਾ ਘਟਨਾ ਦੇ ਸਮੇਂ ਉਹ ਆਪਣੀ ਕਾਲੇ ਰੰਗ ਦੀ ਥਾਰ ਗੱਡੀ ਵਿਚ ਸਨ ਤੇ ਖ਼ੁਦ ਗੱਡੀ ਚਲਾ ਰਹੇ ਸਨ। ਉਨ੍ਹਾਂ ਦੀ ਗੱਡੀ ’ਤੇ 30 ਤੋਂ 40 ਰਾਊਂਡ ਫਾਇਰਿੰਗ ਕੀਤੀ ਗਈ, ਜਿਸ ਵਿਚ ਮੂਸੇਵਾਲਾ ਨੂੰ ਅੱਠ ਤੋਂ ਦਸ ਗੋਲ਼ੀਆਂ ਲੱਗੀਆਂ। ਹੱਤਿਆ ਵਿਚ ਏਕੇ-47 ਰਾਈਫਲ ਦੇ ਇਸਤੇਮਾਲ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਹੱਤਿਆ ਦੇ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਸਾਹਮਣੇ ਆ ਰਿਹਾ ਹੈ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਮਾਨਸਾ ਦੇ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਬੀਤੇ ਸ਼ਨਿਚਰਵਾਰ ਨੂੰ ਹੀ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਘੱਟ ਕਰ ਦਿੱਤੀ ਸੀ। ਉਨ੍ਹਾਂ ਨੂੰ ਅੱਠ ਸੁਰੱਖਿਆ ਮੁਲਾਜ਼ਮ ਦਿੱਤੇ ਗਏ ਸਨ, ਪਰ ਸ਼ਨਿਚਰਵਾਰ ਨੂੰ ਇਨ੍ਹਾਂ ਵਿਚੋਂ ਛੇ ਹਟਾ ਲਏ ਗਏ ਸਨ।  ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਗੈਂਗਸਟਰਾਂ ਤੋਂ ਧਮਕੀਆਂ ਵੀ ਮਿਲੀਆਂ ਸਨ। ਆਪ ਸਰਕਾਰ ਵਲੋਂ  ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਹੇਠ ਨਿਆਂਇਕ ਕਮਿਸ਼ਨ ਦੇ ਗਠਨ ਦਾ ਐਲਾਨ ਕੀਤੇ ਜਾਣ ਮਗਰੋਂ ਪਰਿਵਾਰ ਨੇ ਉਸ ਦੇ ਪੋਸਟਮਾਰਟਮ ਦੀ ਮਨਜ਼ੂਰੀ ਦੇ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਕੌਮੀ ਜਾਂਚ ਏਜੰਸੀ (ਐੱਨਆਈਏ) ਵਰਗੀ ਕੇਂਦਰੀ ਜਾਂਚ ਏਜੰਸੀ ਨੂੰ ਸ਼ਾਮਲ ਕਰਨ ਅਤੇ ਜਾਂਚ ਕਮਿਸ਼ਨ ਨੂੰ ਪੂਰਾ ਸਹਿਯੋਗ ਯਕੀਨੀ ਬਣਾਏਗੀ। 

ਮੁੱਖ ਮੰਤਰੀ ਨੇ ਕਿਹਾ ਕਿ  ਮਰਹੂਮ ਗਾਇਕ ਦੀ ਸੁਰੱਖਿਆ ਵਿੱਚ ਕਟੌਤੀ ਦੇ ਸਾਰੇ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ । ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੋਲਡੀ ਬਰਾੜ ਨੇ ਲਈ ਹੈ।ਬਿਸ਼ਨੋਈ ਗਰੁੱਪ ਦੇ ਸਚਿਨ ਬਿਸ਼ਨੋਈ ਦਤਾਰਾਂਵਾਲੀ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਲਿਖਿਆ ਕਿ ਵਿੱਕੀ ਮਿੱਡੂ ਖੇੜਾ ਤੇ ਗੁਰਲਾਲ ਬਰਾੜ ਦੇ ਕਤਲ ’ਵਿਚ ਇਸ ਦਾ ਨਾਂ ਆਉਣ ਦੇ ਬਾਵਜੂਦ ਪੁਲਿਸ ਨੇ ਇਸ ’ਤੇ ਕੋਈ ਕਾਰਵਾਈ ਨਹੀਂ ਸੀ। ਸਾਡੇ ਭਾਈ ਅੰਕਿਤ ਭਾਦੂ ਦੇ ਇਨਕਾਊਂਟਰ ਵਿੱਚ ਵੀ ਇਸ ਦਾ ਹੱਥ ਸੀ। ਇਸ ਨੇ ਕਿਹਾ ਸੀ ਕਿ ਮੈਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਮੈਂ ਵੀ ਹਥਿਆਰ ਲੋਡ ਕਰਕੇ ਰੱਖਦਾ ਹਾਂ ਤੇ ਅੱਜ ਅਸੀਂ ਫਿਰ ਆਪਣੇੇ ਭਰਾ ਦੀ ਮੌਤ ਦਾ ਬਦਲਾ ਲੈ ਲਿਆ। ਮੈਂ ਤੇ ਗੋਲਡੀ ਬਰਾੜ ਇਸ ਦੀ ਜ਼ਿੰਮੇਵਾਰੀ ਲੈਂਦੇ ਹਾਂ।     

ਪੰਜਾਬ ਕਾਂਗਰਸ ਨੇ  ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਮੂਸੇਵਾਲਾ ਦੀ ਹੱਤਿਆ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਤੇ ਡੀਜੀਪੀ ਦੇ ਹੱਥ ਖ਼ੂਨ ਨਾਲ ਰੰਗੇ ਗਏ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਪੰਜਾਬ ਸਰਕਾਰ ’ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ  ਮੁੱਖ ਮੰਤਰੀ ਭਗਵੰਤ ਮਾਨ ਜੋ ਖ਼ੁਦ ਹੀ ਗ੍ਰਹਿ ਵਿਭਾਗ ਦੇਖ ਰਹੇ ਹਨ ਪਰ ਉਨ੍ਹਾਂ ਦਾ ਧਿਆਨ ਸੂਬੇ ਦੀ ਕਾਨੂੰਨ ਵਿਵਸਥਾ ਵੱਲ ਨਹੀਂ ਹੈ। ਉਹ ਸਿਰਫ਼ ਦਿੱਲੀ ਦੇ ਮੁੱਖ ਮੰਤਰੀ  ਕੇਜਰੀਵਾਲ ਦਾ ਪੀਆਰ ਕਰ ਰਹੇ ਹਨ। 

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਮੂੁਸੇਵਾਲਾ ਦੀ ਬੇਰਹਿਮੀ ਨਾਲ ਹੱਤਿਆ ਹੈਰਾਨ ਕਰਨ ਵਾਲੀ ਹੈ।  ਪੰਜਾਬ ਦੀ ‘ਆਪ’ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਪੰਜਾਬ ਵਿਚ ਕੋਈ ਸੁਰੱਖਿਅਤ ਨਹੀਂ।ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਦਿਨ ਦਿਹਾਡ਼ੇ ਹੱਤਿਆ ਕਰ ਦਿੱਤੀ ਗਈ। ਇਸ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਨੂੰ ਕਰਨੀ ਚਾਹੀਦੀ ਹੈ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਮਾਨਦਾਰੀ ਨਾਲ ਸੋਚਣਾ ਚਾਹੀਦਾ ਹੈ ਕਿ ਕੀ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦਾ ਸਸਤਾ ਲੋਕਲੁਭਾਊ ਫ਼ੈਸਲਾ ਸਿੱਧੇ ਤੌਰ ’ਤੇ ਤ੍ਰਾਸਦੀ ਲਈ ਜ਼ਿੰਮੇਵਾਰ ਹੈ। 

ਸਿੱਧੂ ਮੂਸੇਵਾਲਾ ਦੇ 20 ਤੋਂ ਜ਼ਿਆਦਾ ਗੋਲੀਆਂ ਲੱਗੀਆਂ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਡਾਕਟਰਾਂ ਦੇ ਪੈਨਲ ਵੱਲੋਂ ਭਾਰੀ ਸੁਰੱਖਿਆ ਹੇਠ ਮਾਨਸਾ ਦੇ ਸਿਵਲ ਹਸਪਤਾਲ ਵਿਚ ਕੀਤਾ ਗਿਆ।  ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ 20 ਤੋਂ ਜ਼ਿਆਦਾ ਗੋਲੀਆਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਇੱਕ ਗੋਲੀ ਸਿਰ ਵਿਚ ਲੱਗਣ ਅਤੇ ਜ਼ਿਆਦਾ ਖੂਨ ਨਿਕਲਣ ਕਾਰਨ ਉਸਦੀ ਮੌਤ ਹੋਈ ਦੱਸੀ ਜਾਂਦੀ ਹੈ। ਉਸ ਦੇ ਅੰਦਰੂਨੀ ਅੰਗਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

ਨਵਜੋਤ ਸਿੱਧੂ ਲਿਆਏ ਸੀ ਸਿਆਸਤ ’ਵਿਚ

ਉਨ੍ਹਾਂ ਦਾ ਅਸਲੀ ਨਾਂ ਸ਼ੁੱਭਦੀਪ ਸਿੰਘ ਸਿੱਧੂ ਸੀ ਪਰ ਉਹ ਸਿੱਧੂ ਮੂਸੇਵਾਲਾ ਨਾਂ ਨਾਲ ਹੀ ਜਾਣੇ ਜਾਂਦੇ ਸਨ। ਉਹ ਮਾਨਸਾ ਦੇ ਮੂਸਾ ਪਿੰਡ ਦੇ ਰਹਿਣ ਵਾਲੇ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ  ਸਿੱਧੂ ਉਨ੍ਹਾਂ ਨੂੰ ਸਿਆਸਤ ਵਿਚ ਲੈ ਕੇ ਆਏ ਸਨ। ਉਨ੍ਹਾਂ ਨੇ ਮਾਨਸਾ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਪਰ ਆਪ ਪਾਰਟੀ ਦੇ ਡਾ. ਵਿਜੇ ਸਿੰਗਲਾ ਦੇ ਹੱਥੋਂ ਹਾਰ ਗਏ ਸਨ।

                                  ਹਮਲਾਵਰਾਂ ਦਾ ਡੱਟ ਕੇ ਕੀਤਾ ਸੀ ਮੁਕਾਬਲਾ                                 

 ਅਖੀਰਲੇ ਸਮੇਂ ਵੀ ਸਿੱਧੂ ਮੂਸੇਵਾਲਾ ਮੌਤ ਸਾਹਮਣੇ ਦੇਖ ਕੇ ਜ਼ਰਾ ਵੀ ਨਹੀਂ ਡਰਿਆ ਬਲਕਿ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ। ਇਸ ਗੱਲ ਦਾ ਖੁਲਾਸਾ ਸਿੱਧੂ ਮੂਸੇਵਾਲਾ ਦੇ ਨਾਲ ਉਸ ਦੀ ਥਾਰ ਗੱਡੀ ਵਿਚ ਸਵਾਰ ਦੋ ਕਰੀਬੀ ਦੋਸਤਾਂ ਨੇ ਸਥਾਨਕ ਡੀਐੱਮਸੀ ਹਸਪਤਾਲ ਵਿਚ ਕੀਤਾ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਹਮਲਾਵਰਾਂ ਨੂੰ ਸਾਹਮਣੇ ਦੇਖ ਕੇ ਡਰਨ ਦੀ ਥਾਂ ਆਪਣੇ ਲਾਇਸੈਂਸੀ ਹਥਿਆਰ ਵਿਚੋਂ ਗੋਲੀਆਂ ਚਲਾਈਆਂ ਸਨ ਪਰ ਹਮਲਾਵਰ ਗਿਣਤੀ ਵਿਚ ਜ਼ਿਆਦਾ ਸਨ ਤੇ ਉਨ੍ਹਾਂ ਕੋਲ ਆਧੁਨਿਕ ਹਥਿਆਰ ਸਨ। ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦੀ ਗੱਡੀ ਨੂੰ ਚਾਰੇ ਪਾਸਿਓਂ ਘੇਰ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜੋ ਸਿੱਧੂ ਮੂਸੇਵਾਲਾ ਦੇ ਸਰੀਰ ਨੂੰ ਛਲਣੀ ਕਰ ਗਈਆਂ ਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਹਮਲੇ ਮੌਕੇ ਸਿੱਧੂ ਮੂਸੇਵਾਲਾ ਦਾ ਕਰੀਬੀ ਦੋਸਤ ਗੁਰਪ੍ਰੀਤ ਸਿੰਘ ਉਸ ਨਾਲ ਅੱਗੇ ਵਾਲੀ ਸੀਟ ’ਤੇ ਜਦੋਂਕਿ ਗੁਰਵਿੰਦਰ ਸਿੰਘ ਪਿੱਛੇ ਬੈਠਾ ਸੀ। ਦੋਵਾਂ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੀ ਮਾਸੀ, ਜੋ ਬਰਨਾਲਾ ਦੇ ਪਿੰਡ ਵਿਚ ਰਹਿੰਦੀ ਹੈ, ਦਾ ਪਤਾ ਲੈਣ ਲਈ ਘਰੋਂ ਨਿਕਲੇ ਸਨ। ਗੱਡੀ ਵਿਚ 5 ਲੋਕਾਂ ਦੇ ਬੈਠਣ ਲਈ ਥਾਂ ਨਹੀਂ ਸੀ, ਜਿਸ ਕਰਕੇ ਗਾਇਕ ਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਨਾਲ ਨਹੀਂ ਬਿਠਾਇਆ ਤੇ ਦੂਸਰੀ ਗੱਡੀ ਵਿਚ ਆਉਣ ਲਈ ਆਖਿਆ।

ਗੁਰਵਿੰਦਰ ਸਿੰਘ ਅਨੁਸਾਰ ਜਿਵੇਂ ਹੀ ਉਹ ਪਿੰਡ ਤੋਂ ਕੁਝ ਦੂਰ ਪੁੱਜੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ’ਤੇ ਪਿੱਛੋਂ ਇੱਕ ਫਾਇਰ ਹੋਇਆ ਸੀ। ਇੱਕ ਗੱਡੀ ਉਨ੍ਹਾਂ ਦੇ ਅੱਗੇ ਆ ਕੇ ਰੁਕ ਗਈ ਸੀ। ਪਿੱਛੇ ਵਾਲਾ ਫਾਇਰ ਉਸ ਦੀ ਬਾਂਹ ’ਤੇ ਲੱਗਿਆ ਤੇ ਉਹ ਥੱਲੇ ਝੁਕ ਗਿਆ। ਇੱਕ ਨੌਜਵਾਨ ਅੰਨ੍ਹੇਵਾਹ ਗੋਲੀਆਂ ਚਲਾਉਂਦਾ ਗੱਡੀ ਦੇ ਸਾਹਮਣੇ ਆਇਆ ਤੇ ਉਸ ਨੇ ਕਈ ਫਾਇਰ ਕੀਤੇ। ਗੁਰਵਿੰਦਰ ਸਿੰਘ ਅਨੁਸਾਰ ਮੂਸੇਵਾਲਾ ਨੇ ਵੀ ਆਪਣੇ ਪਿਸਤੌਲ ਤੋਂ ਜਵਾਬੀ ਫਾਇਰ ਕੀਤੇ ਪਰ ਸਾਹਮਣੇ ਵਾਲੇ ਹਮਲਾਵਰ ਕੋਲ ਆਟੋਮੈਟਿਕ ਗੰਨ ਹੋਣ ਕਾਰਨ ਉਹ ਲਗਾਤਾਰ ਫਾਇਰਿੰਗ ਕਰਦਾ ਜਾ ਰਿਹਾ ਸੀ। ਜਿਵੇਂ ਹੀ ਸਿੱਧੂ ਮੂਸੇਵਾਲਾ ਨੇ 2 ਫਾਇਰ ਕੀਤੇ ਤਾ ਉਨ੍ਹਾਂ ’ਤੇ ਤਿੰਨ ਪਾਸਿਓਂ ਫਾਇਰਿੰਗ ਹੋਣ ਲੱਗੀ। ਗੁਰਵਿੰਦਰ ਨੇ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਇੱਕ ਵਾਰ ਗੱਡੀ ਭਜਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਨ੍ਹਾਂ ਨੂੰ ਦੋਵੇਂ ਪਾਸਿਓਂ ਘੇਰ ਲਿਆ ਗਿਆ ਸੀ। ਸਿੱਧੂ ਮੂਸੇਵਾਲਾ ਨੇ ਬਿਨਾਂ ਡਰੇ ਸ਼ੇਰਾਂ ਵਾਂਗ ਮੁਕਾਬਲਾ ਕੀਤਾ ਤੇ ਖੁਦ ਵੀ ਗੋਲੀਆਂ ਚਲਾਈਆਂ ਪਰ ਸਾਹਮਣਿਓ ਗੋਲੀਆਂ ਦੀ ਬੁਛਾੜ ਹੋਣ ਕਾਰਨ ਉਸ ਨੂੰ ਗੋਲੀਆਂ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਗੁਰਵਿੰਦਰ ਦੀ ਗੋਲੀ ਕੱਢੀ, ਗੁਰਪ੍ਰੀਤ ਦਾ ਇਲਾਜ ਜਾਰੀ

ਦਿਆਨੰਦ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਗੁਰਵਿੰਦਰ ਸਿੰਘ ਦੇ ਮੋਢੇ ’ਤੇ ਲੱਗੀ ਗੋਲੀ ਕੱਢ ਦਿੱਤੀ ਹੈ ਤੇ ਉਸ ’ਤੇ ਪਲੱਸਤਰ ਲਾ ਦਿੱਤਾ ਹੈ, ਜਦੋਂ ਕਿ ਗੁਰਪ੍ਰੀਤ ਦੇ ਸਰੀਰ ’ਤੇ ਲੱਗੀਆਂ ਤਿੰਨ ਗੋਲੀਆਂ ਨੂੰ ਕੱਢਣ ਲਈ ਡਾਕਟਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਡਾ. ਰਜਨੀਸ਼ ਗਰਗ ਨੇ ਦੱਸਿਆ ਕਿ ਆਪਰੇਸ਼ਨ ਕਰਕੇ ਗੋਲੀਆਂ ਕੱਢ ਲਈਆਂ ਗਈਆਂ ਹਨ। ਦੋਵਾਂ ਦੀ ਹਾਲਤ ਠੀਕ ਹੈ।

                     ਬਠਿੰਡਾ, ਹਰਿਆਣਾ ਤੇ ਰਾਜਸਥਾਨ ’ਵਿਚ ਛਾਪੇ                                                   

 ਉਤਰਾਖੰਡ ਪੁਲੀਸ ਨਾਲ ਇਕ ਸਾਂਝੇ ਅਪਰੇਸ਼ਨ ਵਿਚ ਪੰਜਾਬ ਪੁਲੀਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਪੰਜ ਵਿਅਕਤੀਆਂ ਨੂੰ ਦੇਹਰਾਦੂਨ ਤੋਂ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ’ਤੇ ਹੱਤਿਆ ਵਿਚ ਸ਼ਾਮਲ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਗਿਆ ਹੈ। ਇਨ੍ਹਾਂ ਨੂੰ ਸ਼ਿਮਲਾ ਬਾਈਪਾਸ ਇਲਾਕੇ ਤੋਂ ਫੜਿਆ ਗਿਆ ਹੈ ਤੇ ਪੰਜਾਬ ਲਿਆਂਦਾ ਗਿਆ ਹੈ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਮਨਪ੍ਰੀਤ ਢੈਪਈ  ਮੰਨਾ ਵਿਚ ਜਾਂਚ ਟੀਮ ਨੂੰ ‘ਜ਼ਿਆਦਾ ਦਿਲਚਸਪੀ’ ਹੈ। ਉਹ ਅਪਰਾਧਕ ਪਿਛੋਕੜ ਦਾ ਹੈ। ਉਨ੍ਹਾਂ ਕਿਹਾ ਕਿ ਉਹ ਕੁਝ ਗੈਂਗਸਟਰਾਂ ਨਾਲ ਜੁੜਿਆ ਹੋਇਆ ਸੀ। ਬਾਕੀ ਸਾਰੇ ਉਸ ਦੇ ਸਾਥੀ ਹਨ ਜਿਨ੍ਹਾਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਹੈ। ਇਸੇ ਦੌਰਾਨ ਸਿੱਧੂ ’ਤੇ ਹਮਲਾ ਕਰਨ ਵਾਲੇ ਅੱਠ ਹਮਲਾਵਰਾਂ ਦੀ ਪੈੜ ਨੱਪਣ ਲਈ ਪੁਲੀਸ ਨੇ ਬਠਿੰਡਾ ਤੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਸੂਬਿਆਂ ਦੇ ਕਈ ਜ਼ਿਲ੍ਹਿਆਂ ਵਿਚ ਵੀ ਛਾਪੇ ਮਾਰੇ ਹਨ। ਸੂਤਰਾਂ ਮੁਤਾਬਕ ਮੰਨਾ ਢੈਪਈ ਪਿੰਡ ਨਾਲ ਸਬੰਧਤ ਹੈ ਜੋ ਕਿ ਕਤਲ ਵਾਲੀ ਥਾਂ ਜਵਾਹਰਕੇ ਪਿੰਡ ਦੇ ਨੇੜੇ ਹੀ ਹੈ। ਉਸ ਨੂੰ ਹਾਲੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲੀਸ ਮੁਤਾਬਕ ਹਮਲਾਵਰਾਂ ਵੱਲੋਂ ਅਪਰਾਧ ਲਈ ਵਰਤੀ ਗਈ ਬੈਲੈਰੋ ਗੱਡੀ ਉਤੇ ਕਿਸੇ ਹੋਰ ਕਾਰ ਦੀ ਨੰਬਰ ਪਲੇਟ ਲੱਗੀ ਹੋਈ ਸੀ।  ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਨੂੰ ਹੱਲ ਕਰਨ ਅਤੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ। ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਰਿਵਾਰ ਦੀ ਮੰਗ 'ਤੇ ਹੱਤਿਆ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦਾ ਫ਼ੈਸਲਾ ਲਿਆ ਹੈ। ਡੀ.ਜੀ.ਪੀ. ਪੰਜਾਬ ਦੇ ਨਿਰਦੇਸ਼ਾਂ 'ਤੇ ਪੁਲਿਸ ਵਲੋਂ ਪੰਜਾਬ ਤੋਂ ਇਲਾਵਾ ਗੁਆਂਢੀ ਰਾਜਾਂ ਵਿਚ ਸੂਹ ਲੈ ਕੇ ਛਾਪੇਮਾਰੀ ਜਾਰੀ ਹੈ। ਜਾਣਕਾਰੀ ਅਨੁਸਾਰ ਜਿੱਥੇ ਪੰਜਾਬ ਪੁਲਿਸ ਦੀ ਇੱਕ ਟੀਮ ਨੇ ਦੇਹਰਾਦੂਨ (ਉੱਤਰਾਖੰਡ) ਵਿਚੋਂ ਕਈ ਵਿਅਕਤੀ ਹਿਰਾਸਤ ਵਿਚ ਲਏ ਹਨ ਉੱਥੇ ਦਿੱਲੀ ਪੁਲਿਸ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੀ ਭੂਮਿਕਾ ਦੀ ਜਾਂਚ ਕਰਨ ਵਿਚ ਰੁੱਝ ਗਈ ਹੈ। ਦੱਸਣਾ ਬਣਦਾ ਹੈ ਕਿ ਗਾਇਕ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਬਿਸ਼ਨੋਈ ਗਰੁੱਪ ਅਤੇ ਵਿਦੇਸ਼ ਵੱਸਦੇ ਗੋਲਡੀ ਬਰਾੜ ਨੇ ਲਈ ਸੀ। ਇਸੇ ਦੌਰਾਨ ਪੰਜਾਬ ਪੁਲਿਸ ਦੀ ਇੱਕ ਟੀਮ ਵਲੋਂ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਵਿਚ ਮਾਨਸਾ ਕੈਂਚੀਆਂ ਸਥਿਤ ਮਨਸੁੱਖ ਢਾਬੇ 'ਤੇ ਪੁੱਛਗਿੱਛ ਕੀਤੀ ਗਈ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਘੁੰਮ ਰਹੀ ਸੀ, ਜਿਸ ਵਿਚ ਸਵੇਰ ਸਮੇਂ ਕਈ ਨੌਜਵਾਨ ਬਰੇਕ ਫਾਸਟ ਕਰ ਰਹੇ ਸਨ। ਸ਼ੱਕ ਕੀਤਾ ਜਾਂਦਾ ਹੈ ਕਿ ਇਹ ਨੌਜਵਾਨ ਹਮਲਾਵਰ ਹਨ। ਪੁਲਿਸ ਅਧਿਕਾਰੀ ਗੁਰਮੀਤ ਸਿੰਘ ਚੌਹਾਨ ਦੀ ਅਗਵਾਈ ਵਿਚ ਓਕੋ ਦੀ ਟੀਮ ਨੇ ਸੀਸੀਟੀਵੀ. ਫੁਟੇਜ ਵੀ ਲਏ ਹਨ।

       ਤਿਹਾੜ ਜੇਲ੍ਹ ਵਿਚ ਲਾਰੈਂਸ ਬਿਸ਼ਨੋਈ ਤੇ ਹੋਰ  ਬੰਬਗੈਂਗਸਟਰਾਂ ਤੋਂ ਪੁੱਛਗਿਛ     

 

                                                          

ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ  ਦੇ ਕੇਸ ਦੇ ਸੰਬੰਧ 'ਵਿਚ ਇਥੇ ਤਿਹਾੜ ਜੇਲ੍ਹ 'ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਹੋਰ ਗੈਂਗਸਟਰਾਂ ਤੋਂ ਪੁੱਛਗਿੱਛ ਕੀਤੀ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੀ ਇਕ ਟੀਮ ਵਲੋਂ ਤਿਹਾੜ ਜੇਲ੍ਹ ਅੰਦਰੋਂ ਮੂਸੇਵਾਲਾ ਨੂੰ ਮਾਰਨ ਦੀ ਕਥਿਤ ਸਾਜਿਸ਼ ਰਚਣ ਦੇ ਦੋਸ਼ 'ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ, ਸ਼ਾਹਰੁਖ਼, ਕਾਲਾ ਰਾਣਾ ਤੇ ਕਾਲਾ ਜਥੇਬੰਦੀ ਤੋਂ ਪੁੱਛਗਿੱਛ ਕੀਤੀ ਗਈ ਹੈ। ਫਿਲਹਾਲ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਮੂਸੇਵਾਲਾ ਦੀ ਹੱਤਿਆ ਦੀ ਸਾਜਿਸ਼ ਤਿਹਾੜ ਜੇਲ੍ਹ 'ਵਿਚ ਬੰਦ ਕੁਝ ਗੈਂਗਸਟਰਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਦੁਆਰਾ ਰਚੀ ਗਈ ਹੋ ਸਕਦੀ ਹੈ। ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਜੇਲ੍ਹ 'ਵਿਚ ਬੰਦ ਗੈਂਗਸਟਰਾਂ ਵਲੋਂ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਨਾਲ ਸੰਪਰਕ ਕਰਨ ਲਈ ਵੀ.ਓ.ਆਈ.ਪੀ. ਕਾਲਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨੇ ਫਿਰ ਆਪਣੇ ਸਹਿਯੋਗੀਆਂ ਨੂੰ ਇਥੇ ਜਬਰੀ ਵਸੂਲੀ ਅਤੇ ਹੋਰ ਅਪਰਾਧਾਂ ਨੂੰ ਅੰਜਾਮ ਦੇਣ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਦੀ ਇਕ ਅਦਾਲਤ ਨੇ ਜੇਲ੍ਹ 'ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿਚ ਉਸ ਨੇ ਜੇਲ੍ਹ ਅਧਿਕਾਰੀਆਂ ਨੂੰ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਮਾਮਲੇ 'ਵਿਚ ਪੰਜਾਬ ਪੁਲਿਸ ਨੂੰ ਆਪਣੀ ਹਿਰਾਸਤ ਨਾ ਦੇਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। ਵਿਸ਼ੇਸ਼ ਜੱਜ ਪਰਵੀਨ ਸਿੰਘ ਨੇ ਕਿਹਾ ਕਿ ਉਸ ਪਟੀਸ਼ਨ 'ਤੇ ਵਿਚਾਰ ਕਰਨ ਦਾ ਕੋਈ ਆਧਾਰ ਨਹੀਂ ਹੈ। ਲਾਰੈਂਸ ਬਿਸ਼ਨੋਈ ਨੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਉਹ ਇਕ ਵਿਦਿਆਰਥੀ ਸਿਆਸੀ ਆਗੂ ਹੈ ਅਤੇ ਸਿਆਸੀ ਰੰਜਿਸ਼ ਕਾਰਨ ਉਸ ਨੂੰ ਖ਼ਿਲਾਫ਼ ਪੰਜਾਬ ਅਤੇ ਚੰਡੀਗੜ੍ਹ ਵਿਚ ਦਰਜ ਕਈ ਝੂਠੇ ਮਾਮਲਿਆਂ ਵਿਚ ਉਹ ਫਸਿਆ ਹੋਇਆ ਹੈ ਅਤੇ ਉਸ ਨੂੰ ਡਰ ਹੈ ਕਿ ਪੰਜਾਬ ਪੁਲਿਸ ਵਲੋਂ ਉਸ ਦਾ ਫ਼ਰਜ਼ੀ ਮੁਕਾਬਲਾ ਕਰ ਦਿੱਤਾ ਜਾਵੇਗਾ। ਜੇਕਰ ਉਸ ਨੂੰ ਵਾਰੰਟ 'ਤੇ ਲਿਆ ਜਾਂਦਾ ਹੈ ਤਾਂ ਉਸ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਜੇਕਰ ਪੁਲਿਸ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇ। ਅਦਾਲਤ ਨੇ ਇਸ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਲਾਅ ਐਂਡ ਆਰਡਰ ਦਾ ਕੰਮ ਵੇਖਣਾ ਸੂਬੇ ਦੀ ਪੁਲਿਸ ਦਾ ਅਧਿਕਾਰ ਹੈ।

 ਕੀ ਕਹਿੰਦੇ ਨੇ ਡੀਜੀਪੀ

ਮਾਨਸਾ-ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਨੂੰ ਲੈ ਕੇ ਪੰਜਾਬ ਦੇ ਡੀ. ਜੀ. ਪੀ. ਵੀ. ਕੇ. ਭਾਵਰਾ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ।  ਡੀ.ਜੀ.ਪੀ. ਭਾਵਰਾ ਨੇ ਖੁਲਾਸੇ ਕਰਦੇ ਹੋਏ ਕਿਹਾ ਕਿ ਮੌਕੇ ਤੋਂ ਤਕਰੀਬਨ 30 ਗੋਲੀਆਂ ਦੇ ਖੋਲ ਬਰਾਮਦ ਹੋਏ ਹਨ ਉਸ ਤੋਂ ਵੱਖ-ਵੱਖ ਬੋਰ ਦੇ ਜਿਵੇਂ 9ਐੱਮ.ਐੱਮ. ਤੇ 455 ਦੇ ਹਨ, ਨੂੰ ਦੇਖ ਕੇ ਲੱਗਦਾ ਹੈ ਕਿ ਮੂਸੇਵਾਲਾ ਦੇ ਕਤਲ ਲਈ ਵੱਖ-ਵੱਖ ਤਿੰਨ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ । ਇਹ ਵੀ ਜ਼ਿਕਰਯੋਗ ਹੈ ਕਿ ਮੂਸੇਵਾਲਾ ਤੋਂ ਬੁਲੇਟ ਪਰੂਫ ਗੱਡੀ ਸੀ ਪਰ ਉਹ ਉਸ ਵਿਚ ਨਹੀਂ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਤੋਂ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ।