ਕ੍ਰਿਸ਼ਨ ਬਾਰੇ ਭੇਟ ਗਾਉਣ ਵਾਲੇ ਰਾਗੀ ਜਥੇ ਨੇ ਮੰਗੀ ਅਕਾਲ ਤਖਤ ਸਾਹਿਬ ਤੋਂ ਮੁਆਫ਼ੀ
ਅੰਮ੍ਰਿਤਸਰ ਟਾਈਮਜ਼
ਅੰਮ੍ਰਿਤਸਰ: ਹਰਿਆਣਾ ਦੇ ਪਿੱਪਲੀ ਵਿੱਚ ਇੱਕ ਸਮਾਗਮ ਦੌਰਾਨ ਗੁਰਦੁਆਰੇ ਵਿੱਚ ‘ਕ੍ਰਿਸ਼ਨ ਤੇਰੀ ਮੁਰਲੀ ’ਤੇ ਭਲਾ ਕੌਣ ਨਹੀਂ ਨੱਚਦਾ’ ਨੂੰ ਸ਼ਬਦ ਰੂਪ ਵਿੱਚ ਗਾਏ ਜਾਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਇਤਰਾਜ਼ ਕੀਤੇ ਜਾਣ ’ਤੇ ਇੱਥੇ ਰਾਗੀ ਸਰਬਜੀਤ ਸਿੰਘ ਤੇ ਸੰਦੀਪ ਸਿੰਘ ਨੂਰਪੁਰੀ ਨੇ ਅਕਾਲ ਤਖ਼ਤ ਵਿਖੇ ਮੁਆਫ਼ੀ ਪੱਤਰ ਦਿੱਤਾ ਹੈ। ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਪੱਤਰ ਸੌਂਪਦਿਆਂ ਰਾਗੀ ਸਿੰਘਾਂ ਨੇ ਕਿਹਾ ਕਿ 17 ਅਗਸਤ ਨੂੰ ਇਸ ਧਾਰਨਾ ਨੂੰ ਸ਼ਬਦ ਰੂਪ ਵਿੱਚ ਗਾਉਣ ਦਾ ਕੁਝ ਸੰਗਤ ਨੇ ਵਿਰੋਧ ਕੀਤਾ ਹੈ, ਇਸ ਲਈ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਗ਼ਲਤੀ ਦੀ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਵੱਲੋਂ ਉਨ੍ਹਾਂ ਨੂੰ ਜੋ ਵੀ ਤਨਖ਼ਾਹ ਲਾਈ ਜਾਵੇਗੀ ਉਹ ਪ੍ਰਵਾਨ ਕਰਨਗੇ। ਜਥੇਦਾਰ ਦੇ ਨਿੱਜੀ ਸਕੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਇਹ ਪੱਤਰ ਛੇਤੀ ਹੀ ਜਥੇਦਾਰ ਨੂੰ ਸੌਂਪ ਦਿੱਤਾ ਜਾਵੇਗਾ।
Comments (0)