ਤੇਜ਼ੀ ਨਾਲ ਵਧੀ ਗੌਤਮ ਅਡਾਨੀ ਦੀ ਦੌਲਤ, ਅੰਬਾਨੀ ਦੀ ਤੁਲਨਾ ਵਿਚ ਡੇਢ ਗੁਣਾ ਹੋਈ   

ਤੇਜ਼ੀ ਨਾਲ ਵਧੀ ਗੌਤਮ ਅਡਾਨੀ ਦੀ ਦੌਲਤ, ਅੰਬਾਨੀ ਦੀ ਤੁਲਨਾ ਵਿਚ ਡੇਢ ਗੁਣਾ ਹੋਈ   

ਅੰਮ੍ਰਿਤਸਰ ਟਾਈਮਜ਼

 ਨਵੀਂ ਦਿੱਲੀ  – ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਗੌਤਮ ਅਡਾਨੀ ਦੀ ਦੌਲਤ ਇਸ ਸਾਲ ਬਹੁਤ ਤੇਜ਼ੀ ਨਾਲ ਵਧੀ ਹੈ। ਦੁਨੀਆ ਦੇ ਅਮੀਰਾਂ ਦੀ ਲਿਸਟ ’ਚ ਹੁਣ ਉਹ ਬਹੁਤ ਅੱਗੇ ਨਿਕਲ ਗਏ ਹਨ। ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਤੁਲਨਾ ’ਵਿਚ ਗੌਤਮ ਅਡਾਨੀ ਦੀ ਨੈੱਟਵਰਥ ਡੇਢ ਗੁਣਾ ਹੋ ਚੁੱਕੀ ਹੈ। ਬਲੂਮਬਰਗ ਬਿਲੀਅਨੀਅਰਸ ਇੰਡੈਕਸ ਮੁਤਾਬਕ ਅਡਾਨੀ ਦੀ ਨੈੱਟਵਰਥ 137 ਅਰਬ ਡਾਲਰ ਪਹੁੰਚ ਚੁੱਕੀ ਹੈ ਜਦ ਕਿ ਅੰਬਾਨੀ ਦੀ ਨੈੱਟਵਰਥ 92.7 ਅਰਬ ਡਾਲਰ ਰਹਿ ਗਈ ਹੈ। ਦੁਨੀਆ ਦੇ ਅਮੀਰਾਂ ਦੀ ਲਿਸਟ ਵਿਚ ਅਡਾਨੀ ਚੌਥੇ ਅਤੇ ਅੰਬਾਨੀ 11ਵੇਂ ਨੰਬਰ ’ਤੇ ਹਨ। ਇਸ ਸਾਲ ਅਡਾਨੀ ਦੀ ਨੈੱਟਵਰਥ ’ਵਿਚ 60.2 ਅਰਬ ਡਾਲਰ ਦਾ ਵਾਧਾ ਹੋਇਆ ਹੈ ਜਦ ਕਿ ਅੰਬਾਨੀ ਦੀ ਨੈੱਟਵਰਥ 2.75 ਅਰਬ ਡਾਲਰ ਵਧੀ ਹੈ। ਦੁਨੀਆ ਦੇ ਟੌਪ 10 ਅਮੀਰਾਂ ਵਿਚ ਅਡਾਨੀ ਨੂੰ ਛੱਡ ਕੇ ਇਸ ਸਾਲ ਸਭ ਦੀ ਨੈੱਟਵਰਥ ਵਿਚ ਗਿਰਾਵਟ ਆਈ ਹੈ। ਅੰਬਾਨੀ ਕਦੀ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਵਿਅਕਤੀ ਸਨ ਪਰ ਹੁਣ ਅਡਾਨੀ ਨੇ ਉਨ੍ਹਾਂ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਦੋਹਾਂ ਦੀ ਨੈੱਟਵਰਕ ’ਚ 44.3 ਅਰਬ ਡਾਲਰ ਦਾ ਫਰਕ ਹੋ ਗਿਆ ਹੈ।

ਟੈਸਲਾ ਦੇ ਸੀ. ਈ. ਓ. ਐਲਨ ਮਸਕ 260 ਅਰਬ ਡਾਲਰ ਦੀ ਨੈੱਟਵਰਥ ਨਾਲ ਦੁਨੀਆ ਦੇ ਅਮੀਰਾਂ ਦੀ ਲਿਸਟ ਵਿਚ ਟੌਪ ’ਤੇ ਬਣੇ ਹੋਏ ਹਨ। ਬਲੂਮਬਰਗ ਬਿਲੀਅਨੀਅਰਸ ਇੰਡੈਕਸ ਮੁਤਾਬਕ ਐਮਾਜ਼ੋਨ ਦੇ ਫਾਊਂਡਰ ਜੈੱਫ ਬੇਜੋਸ 162 ਅਰਬ ਡਾਲਰ ਦੀ ਨੈੱਟਵਰਥ ਨਾਲ ਇਸ ਲਿਸਟ ’ਚ ਦੂਜੇ ਨੰਬਰ ’ਤੇ ਹਨ। ਫ੍ਰਾਂਸੀਸੀ ਬਿਜ਼ਨੈੱਸਮੈਨ ਅਤੇ ਦੁਨੀਆ ਦੀ ਸਭ ਤੋਂ ਵੱਡੀ ਲਗਜ਼ਰੀ ਗੁਡਸ ਕੰਪਨੀ ਐੱਲ. ਵੀ. ਐੱਮ. ਐੱਚ. ਮੋਏਟ ਹੇਨੇਸੀ ਦੇ ਬਰਨਾਰਡ ਅਾਰਨਾਲਟ (146 ਅਰਬ ਡਾਲਰ) ਤੀਜੇ ਨੰਬਰ ’ਤੇ ਹਨ। ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ (122 ਅਰਬ ਡਾਲਰ) 5ਵੇਂ ਨੰਬਰ ’ਤੇ ਹਨ।