ਬਾਦਲ ਦਲ ਨੇ ਜੇਲ੍ਹ ਵਿਚ ਮਜੀਠੀਆ ਦੀ ਜਾਨ ਨੂੰ ‘ਖ਼ਤਰਾ’ ਦੱਸਿਆ

ਬਾਦਲ ਦਲ ਨੇ ਜੇਲ੍ਹ ਵਿਚ ਮਜੀਠੀਆ ਦੀ ਜਾਨ ਨੂੰ ‘ਖ਼ਤਰਾ’ ਦੱਸਿਆ

ਪਤਨੀ ਨੇ ਰਾਜਪਾਲ, ਮੁੱਖ ਮੰਤਰੀ ਤੇ ਡੀਜੀਪੀ ਨੂੰ ਲਿਖਿਆ ਪੱਤਰ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਨੇ ਜੇਲ੍ਹ ਵਿਚ ਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖ਼ਤਰਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਏਡੀਜੀਪੀ ਜੇਲ੍ਹਾਂ ਹਰਪ੍ਰੀਤ ਸਿੱਧੂ ਦੀ ਨਿਯੁਕਤੀ ਇਸੇ ਸਾਜਿਸ਼ ਤਹਿਤ ਕੀਤੀ ਗਈ ਹੈ। ਇਸ ਸਬੰਧੀ ਮਜੀਠੀਆ ਦੀ ਪਤਨੀ ਤੇ ਮਜੀਠਾ ਹਲਕੇ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਵੱਲੋਂ ਰਾਜਪਾਲ, ਡੀਜੀਪੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੇ ਪੱਤਰ ਦਾ ਹਵਾਲਾ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਨੇ ਮੰਗ ਕੀਤੀ ਕਿ  ਸਿੱਧੂ ਨੂੰ ਏਜੀਡੀਪੀ ਜੇਲ੍ਹਾਂ ਦੇ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਲੋੜੀਂਦੀ ਕਾਰਵਾਈ ਕੀਤੀ ਜਾਵੇ।

ਅਕਾਲੀ ਆਗੂਆਂ ਨੇ ਕਿਹਾ ਕਿ ਮਜੀਠੀਆ ਤੇ ਹਰਪ੍ਰੀਤ ਸਿੱਧੂ ਦੇ ਪਰਿਵਾਰਾਂ ਵਿਚ ਦੁਸ਼ਮਣੀ ਬਣੀ ਹੋਈ ਹੈ ਤੇ  ਸਿੱਧੂ ਸਾਬਕਾ ਮੰਤਰੀ ਨਾਲ ਕਿੜਾਂ ਕੱਢਣ ਵਾਸਤੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰ ਰਹੇ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਆਖ਼ਰੀ ਦਿਨਾਂ ਵਿਚ  ਸਿੱਧੂ ਨੇ ਆਪਣੀ ਮਨਘੜਤ ਰਿਪੋਰਟ ਡੀਜੀਪੀ ਨੂੰ ਦੇ ਦਿੱਤੀ ਤੇ ਮਜੀਠੀਆ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਹੇਠ ਝੂਠਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵੀ ਸਿੱਧੂ ਮਾਮਲੇ ਵਿਚ ਦਖ਼ਲ ਦਿੰਦੇ ਰਹੇ ਤੇ ਉਨ੍ਹਾਂ 8 ਮਾਰਚ ਨੂੰ ਆਪ  ਪਾਰਟੀ ਸਰਕਾਰ ਨੂੰ ਚਿੱਠੀ ਲਿਖੀ ਜਿਸ ਦੇ ਆਧਾਰ ’ਤੇ ਐਸਆਈਟੀ ਦਾ ਪੁਨਰਗਠਨ ਕੀਤਾ ਗਿਆ। ਸ੍ਰੀ ਸਿੱਧੂ ਦੀਆਂ ਹਦਾਇਤਾਂ ਨੂੰ ਐਸਆਈਟੀ ਹੁਕਮ ਵਜੋਂ ਮੰਨਦੀ ਹੈ ਤੇ ਸਿੱਧਾ ਉਨ੍ਹਾਂ ਨੂੰ ਰਿਪੋਰਟ ਕਰਦੀ ਹੈ।

ਅਕਾਲੀ ਆਗੂਆਂ ਨੇ ਕਿਹਾ ਕਿ ਜਦੋਂ ਮੌਜੂਦਾ ਜੇਲ੍ਹ ਮੰਤਰੀ ਨੇ ਪਟਿਆਲਾ ਜੇਲ੍ਹ ਦਾ ਦੌਰਾ ਕੀਤਾ ਤਾਂ ਮਜੀਠੀਆ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ। ਉਨ੍ਹਾਂ ਨੂੰ ਮਨੁੱਖੀ ਰਿਹਾਇਸ਼ ਲਈ ਅਣਫਿੱਟ ਚੱਕੀ ਵਿਚ ਬੰਦ ਕਰ ਦਿੱਤਾ ਗਿਆ ਸੀ। ਮੌਜੂਦਾ ਸਮੇਂ ਮਜੀਠੀਆ 8 ਬਾਈ 8 ਦੇ ਕਮਰੇ ਵਿਚ ਬੰਦ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਇਸ ਸੈੱਲ ਵਿਚ ਬੰਦ ਕਰਨ ਦਾ ਮਕਸਦ ਉਨ੍ਹਾਂ ਨੂੰ ਜ਼ਲੀਲ ਕਰਨਾ ਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨਾ ਹੈ।