ਕੈਪਟਨ ਭਾਜਪਾ ਦੀ ਨੀਤੀ ਅਨੁਸਾਰ ਪੰਜਾਬ ਦੀ ਸਿਆਸਤ ਵਿਚ ਸਰਗਰਮ ਹੋਣਗੇ
*ਕੈਪਟਨ ਵਲੋਂ ਕਿਸਾਨ ਮਸਲੇ ਦੇ ਛੇਤੀ ਹੱਲ ਦਾ ਸੰਕੇਤ
*ਭਾਜਪਾ ਨੂੰ ਫਿਰਕੂ ਅਤੇ ਮੁਸਲਿਮ ਵਿਰੋਧੀ ਪਾਰਟੀ ਮੰਨਣ ਤੋਂ ਕੀਤਾ ਇਨਕਾਰ
*ਨਵੀਂ ਪਾਰਟੀ ਬਣਾਉਣ ਅਤੇ ਭਾਜਪਾ ਤੇ ਅਕਾਲੀ ਦਲ (ਸੰਯੁਕਤ) ਨਾਲ ਗੱਠਜੋੜ ਦੀ ਵੀ ਗੱਲ ਆਖੀ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿਖੇ ਗੱਲਬਾਤ ਕਰਦਿਆਂ ਆਪਣੀ ਭਵਿੱਖ ਦੀ ਰਾਜਨੀਤੀ ਦੀ ਵਿਆਖਿਆ ਕਰਦਿਆਂ ਕਿਹਾ ਕਿ ਉਹ ਛੇਤੀ ਹੀ ਆਪਣੀ ਇਕ ਵੱਖਰੀ ਸਿਆਸੀ ਪਾਰਟੀ ਬਣਾਉਣ ਜਾ ਰਹੇ ਹਨ ਤੇ ਪੰਜਾਬ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਅਤੇ ਬਾਗੀ ਅਕਾਲੀ ਆਗੂਆਂ ਸ. ਸੁਖਦੇਵ ਸਿੰਘ ਢੀਂਡਸਾ ਅਤੇ ਸ. ਰਣਜੀਤ ਸਿੰਘ ਬ੍ਰਹਮਪੁਰਾ ਦੇ ਅਕਾਲੀ ਦਲ (ਸੰਯੁਕਤ) ਨਾਲ ਚੋਣ ਗੱਠਜੋੜ ਕਰ ਸਕਦੇ ਹਨ, ਪ੍ਰੰਤੂ ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਨਾਲ ਚੋਣ ਗੱਠਜੋੜ ਕਿਸਾਨ ਅੰਦੋਲਨ ਸੰਬੰਧੀ ਕੋਈ ਤਸੱਲੀਬਖਸ਼ ਫ਼ੈਸਲਾ ਹੋਣ 'ਤੇ ਨਿਰਭਰ ਕਰੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਗੱਲ ਹੋ ਰਹੀ ਹੈ ਅਤੇ ਉਹ ਵੀ ਇਸ ਲਈ ਯਤਨਸ਼ੀਲ ਹਨ ਅਤੇ ਉਹ ਵੀ ਕੋਸ਼ਿਸ਼ ਕਰ ਰਹੇ ਹਨ ਕਿ ਕਿਸਾਨ ਮਸਲੇ ਦਾ ਕੋਈ ਤਸੱਲੀਬਖਸ਼ ਹੱਲ ਨਿਕਲੇ ।ਕੈਪਟਨ ਨੇ ਆਸ ਪ੍ਰਗਟਾਈ ਕਿ ਕਿਸਾਨ ਦੀਆਂ ਮੰਗਾਂ ਸੰਬੰਧੀ ਛੇਤੀ ਹੀ ਕੋਈ ਗੱਲਬਾਤ ਸਿਰੇ ਚੜ੍ਹ ਸਕਦੀ ਹੈ ।ਕੈਪਟਨ ਨੇ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਉਹ ਇਹ ਮਹਿਸੂਸ ਨਹੀਂ ਕਰਦੇ ਕਿ ਭਾਜਪਾ ਇਕ ਫਿਰਕੂ ਜਮਾਤ ਹੈ ਜਾਂ ਮੁਸਲਮਾਨ ਵਿਰੋਧੀ ਹੈ ਅਤੇ ਨਾ ਹੀ ਭਾਜਪਾ ਨਾਲ ਗੱਠਜੋੜ ਕਰਨ ਵਿਚ ਉਨ੍ਹਾਂ ਲਈ ਕੋਈ ਵਿਚਾਰਧਾਰਕ ਮੱਤਭੇਦ ਹੈ ।ਉਨ੍ਹਾਂ ਕਿਹਾ ਕਿ ਭਾਜਪਾ ਵੀ ਮੇਰੇ ਵਾਂਗ ਪੰਜਾਬ ਨਾਲ ਖੜ੍ਹੀ ਹੈ । ਕੈਪਟਨ , ਜੋ ਕਿ ਪਹਿਲਾਂ ਹੀ ਕਾਂਗਰਸ ਛੱਡਣ ਦਾ ਐਲਾਨ ਕਰ ਚੁੱਕੇ ਹਨ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦੇਸ਼ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵੀ ਕੁਝ ਮੀਟਿੰਗਾਂ ਕਰ ਚੁੱਕੇ ਹਨ, ਨੇ ਗੱਲਬਾਤ ਦੌਰਾਨ ਸਿੰਘੂ ਬਾਰਡਰ ਵਿਖੇ ਇਕ ਨੌਜਵਾਨ ਨੂੰ ਨਿਹੰਗਾਂ ਵਲੋਂ ਕਤਲ ਕੀਤੇ ਜਾਣ ਦੀ ਘਟਨਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬੇਹੱਦ ਮੰਦਭਾਗੀ ਘਟਨਾ ਹੈ, ਪ੍ਰੰਤੂ ਮੈਨੂੰ ਇਹ ਬੇਅਦਬੀ ਨਾਲ ਜੁੜੀ ਘਟਨਾ ਨਜ਼ਰ ਨਹੀਂ ਆਉਂਦੀ, ਕਿਉਂਕਿ ਇਸ ਥਾਂ 'ਤੇ ਕਾਫੀ ਲੋਕ ਹਾਜ਼ਰ ਸਨ ਅਤੇ ਮੈਨੂੰ ਸ਼ੱਕ ਹੈ ਕਿ ਨਿਹੰਗ, ਜੋ ਸੁੱਖਨਿਧਾਨ ਲੈਂਦੇ ਹਨ, ਨੂੰ ਉਕਸਾ ਕੇ ਘਟਨਾ ਲਈ ਵਰਤ ਲਿਆ ਗਿਆ ਹੈ । ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੀ ਸੁਰੱਖਿਆ ਸਥਿਤੀ 'ਤੇ ਵੀ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਜਿਸ ਰਫ਼ਤਾਰ ਅਤੇ ਮਾਤਰਾ ਵਿਚ ਸਰਹੱਦ ਪਾਰੋਂ ਪਾਕਿਸਤਾਨੀ ਏਜੰਸੀ ਆਈ.ਐਸ.ਆਈ. ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਭੇਜ ਰਹੀ ਹੈ, ਉਹ ਵੱਡੀ ਚਿੰਤਾ ਦਾ ਵਿਸ਼ਾ ਹੈ ਤੇ ਪਾਕਿਸਤਾਨੀ ਏਜੰਸੀ ਪਿਸਤੌਲ, ਗਰਨੇਡ, ਏ.ਕੇ. -47 ਡਰੋਨਾਂ ਰਾਹੀਂ ਸੁੱਟ ਕੇ ਲੋਕਾਂ ਨੂੰ ਹਥਿਆਰਬੰਦ ਕਰਨ ਦੀ ਕੋਸ਼ਿਸ ਕਰ ਰਹੀ ਹੈ, ਜਿਸ ਵੱਲ ਧਿਆਨ ਦਿੱਤਾ ਜਾਣਾ ਅਤਿ ਜ਼ਰੂਰੀ ਹੈ । ਕੈਪਟਨ ਅਮਰਿੰਦਰ ਸਿੰਘ, ਜੋ ਇਨ੍ਹਾਂ ਦਿਨਾਂ ਦੌਰਾਨ ਦਿੱਲੀ ਵਿਖੇ ਹਨ, ਸਬੰਧੀ ਚਰਚਾ ਹੈ ਕਿ ਉਹ ਭਾਜਪਾ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਗੱਲਬਾਤ ਰਾਹੀਂ ਕਿਸਾਨ ਮਸਲਿਆਂ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਟਕਰਾਅ ਦਾ ਹੱਲ ਲੱਭਣ ਲਈ ਕੋਸ਼ਿਸ਼ਾਂ ਕਰ ਰਹੇ ਹਨ ਤੇ ਇਸ ਮੰਤਵ ਲਈ ਉਨ੍ਹਾਂ ਵਲੋਂ ਕੁਝ ਕਿਸਾਨ ਆਗੂਆਂ ਤੋਂ ਇਲਾਵਾ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਵੀ ਬਾਕਾਇਦਾ ਰਾਬਤਾ ਰੱਖਿਆ ਜਾ ਰਿਹਾ ਹੈ ।ਚਰਚਾ ਇਹ ਵੀ ਹੈ ਕਿ ਕੈਪਟਨ ਖੇਤੀ ਕਾਨੂੰਨਾਂ ਦੇ ਮੁੱਦੇ ਦਾ ਹੱਲ ਹੋਣ ਤੋਂ ਤੁਰੰਤ ਬਾਅਦ ਆਪਣੀ ਨਵੀਂ ਸਿਆਸੀ ਪਾਰਟੀ ਦੇ ਗਠਨ ਦਾ ਐਲਾਨ ਕਰਨਾ ਚਾਹੁੰਦੇ ਹਨ |
Comments (0)