ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਭਾਰਤੀ ਸ਼ਰਧਾਲੂਆਂ ਨੂੰ ਰਾਤ ਠਹਿਰਾਉਣ ਬਾਰੇ ਚਰਚਾ ਛਿੜੀ

ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਭਾਰਤੀ ਸ਼ਰਧਾਲੂਆਂ ਨੂੰ ਰਾਤ ਠਹਿਰਾਉਣ ਬਾਰੇ ਚਰਚਾ ਛਿੜੀ

ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਸੀ. ਈ. ਓ. ਕੁਰੈਸ਼ੀ ਵਲੋਂ ਪਾਕਿ ਸਰਕਾਰ ਨੂੰ ਭੇਜਿਆ ਪੱਤਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮਿ੍ਤਸਰ-ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਦੇ ਗੁਰਦੁਆਰਾ ਸਾਹਿਬ ਵਿਖੇ ਰਾਤ ਠਹਿਰਨ ਅਤੇ ਹੋਰ ਪ੍ਰਬੰਧਾਂ ਨੂੰ ਲੈ ਕੇ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਸੀ. ਈ. ਓ. ਮੁਹੰਮਦ ਅਬੂ ਬਕਰ ਆਫ਼ਤਾਬ ਕੁਰੈਸ਼ੀ ਵਲੋਂ ਪਾਕਿ ਸਰਕਾਰ ਨੂੰ ਪੱਤਰ ਭੇਜਿਆ ਗਿਆ ਹੈ । ਇਸ ਬਾਰੇ 20 ਫਰਵਰੀ ਨੂੰ ਕਰਤਾਰਪੁਰ ਗੁਰਦੁਆਰਾ ਗਵਰਨਿੰਗ ਕੌਂਸਲ ਦੀ 7ਵੀਂ ਬੈਠਕ ਵਿਚ ਵਿਚਾਰ ਚਰਚਾ ਕੀਤੀ ਗਈ ਸੀ ।ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕਮੇਟੀ ਰੂਮ ਵਿਖੇ ਧਾਰਮਿਕ ਮਾਮਲਿਆਂ ਅਤੇ ਅੰਤਰ-ਧਰਮ ਸਦਭਾਵਨਾ ਮੰਤਰਾਲੇ ਦੇ ਸਕੱਤਰ ਦੀ ਪ੍ਰਧਾਨਗੀ ਹੇਠ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਸਾਬਕਾ ਚੇਅਰਮੈਨ ਹਬੀਬ ਉਰ ਰਹਿਮਾਨ ਗਿਲਾਨੀ ਦੀ ਹਾਜ਼ਰੀ ਵਿਚ ਹੋਈ ਉਕਤ ਬੈਠਕ ਵਿਚ ਚਿਨਾਬ ਰੇਂਜਰਜ਼ ਸਿਆਲਕੋਟ ਕੈਂਟ ਦੇ ਸੈਕਟਰ ਕਮਾਂਡਰ ਬਿ੍ਗੇਡੀਅਰ ਫ਼ਾਹਦ ਅਯੂਬ, ਮਿਲਟਰੀ ਓਪਰੇਸ਼ਨ ਡਾਇਰੈਕਟੋਰੇਟ ਅਲਫ਼ਾ-1 ਰਾਵਲਪਿੰਡੀ ਦੇ ਬਿ੍ਗੇਡੀਅਰ ਅਮੀਰ ਹਯਾਤ, ਕਰਨਲ ਐਮ. ਜਹਾਂਗੀਰ ਵਿਰਕ, ਖੁਫ਼ੀਆ ਏਜੰਸੀ ਆਈ. ਐੱਸ. ਆਈ. ਹਮਜ਼ਾ ਕੈਂਪ ਇਸਲਾਮਾਬਾਦ ਦੇ ਕਰਨਲ ਅਸੀਮ, ਫ਼ਰੰਟੀਅਰ ਵਰਕਸ ਆਰਗਨਾਈਜ਼ੇਸ਼ਨ ਲਾਹੌਰ ਦੇ ਕਰਨਲ ਆਫ਼ਤਾਬ, ਐੱਫ਼. ਆਈ. ਏ. ਕਰਤਾਰਪੁਰ ਕੋਰੀਡੋਰ ਦੇ ਡੀ. ਡੀ. ਇਮੀਗ੍ਰੇਸ਼ਨ ਅਮਾਨੁੱਲਾ, ਡਿਪਟੀ ਕਮਿਸ਼ਨਰ ਗੁੱਜਰਾਂਵਾਲਾ ਨਵੀਦ ਹੈਦਰ ਸ਼ਿਰਾਜੀ, ਡਿਪਟੀ ਕਮਿਸ਼ਨਰ ਨਾਰੋਵਾਲ ਮੁਹੰਮਦ ਅਸ਼ਰਫ਼, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਸਮੇਤ ਨੇਸਪਾਕ (ਨੈਸ਼ਨਲ ਇੰਜੀਨੀਅਰਿੰਗ ਸਰਵਿਸਿਜ਼ ਪਾਕਿਸਤਾਨ), ਐੱਫ. ਡਬਲਿਊ. ਓ. (ਫ਼ਰੰਟੀਅਰ ਵਰਕਰਜ਼ ਐਸੋਸੀਏਸ਼ਨ) ਅਤੇ ਕਈ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਸੀ ।ਹਾਲਾਂਕਿ, ਉਕਤ ਮਾਮਲੇ ਬਾਰੀ ਕੋਈ ਵੀ ਸਥਾਈ ਫ਼ੈਸਲਾ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ ਆਪਣੇ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਲੈ ਕੇ ਭਾਰਤੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਆਪਣੇ ਵਿਸ਼ਵਾਸ ਵਿਚ ਲੈਣਾ ਹੋਵੇਗਾ ।ਇਸ ਦੇ ਬਾਅਦ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਲੋਂ ਦਸਤਖ਼ਤ ਕਰਕੇ ਕੋਈ ਵੀ ਅਜਿਹਾ ਨਵਾਂ ਸਮਝੌਤਾ ਲਾਗੂ ਕੀਤਾ ਜਾਵੇਗਾ । ਉਕਤ ਦੇ ਇਲਾਵਾ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੁਆਰਾ ਗੁਰਦੁਆਰਾ ਕਰਤਾਰਪੁਰ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਟੂਰਿਸਟ ਚੈੱਕ ਪੁਆਇੰਟਾਂ ਨੂੰ ਘਟਾਉਣ, ਯਾਤਰਾ ਸੇਵਾ ਖ਼ਰਚ ਲਈ ਵਸੂਲੇ ਜਾ ਰਹੇ 20 ਡਾਲਰ ਬਾਰੇ ਸਥਿਤੀ ਸਪੱਸ਼ਟ ਕਰਨ, ਟੂਰਿਸਟ ਗਾਈਡਾਂ ਦੀ ਨਿਯੁਕਤੀ, ਸ਼ਟਲ ਸੇਵਾ, ਪੀ. ਐੱਮ. ਯੂ. ਦੀ ਕਾਰਗੁਜ਼ਾਰੀ ਸਮੀਖਿਆ ਅਤੇ ਸਟਾਫ਼ ਦੀ ਸਥਾਈ ਮੌਜੂਦਗੀ ਯਕੀਨੀ ਬਣਾਉਣ, ਵਿਧੀ ਅਨੁਸਾਰ ਗੁਰਦੁਆਰਾ ਕੰਪਲੈਕਸ ਦੇ ਡਿਜ਼ਾਈਨ ਵਿਚ ਸੋਧ, 36 ਸੀ. ਸੀ. ਟੀ. ਵੀ. ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰਿਆਂ ਦੀ ਸਥਾਪਨਾ ਆਦਿ ਬਾਰੇ ਵੀ ਵਿਚਾਰ ਕੀਤੀ ਜਾ ਰਹੀ ਹੈ।