ਸਿਰਸੇ ਕਾਲਕੇ ਦਾ ਟੋਕਰੀ ਦਲ ਸਰਕਾਰ ਨੂੰ ਦੇ ਰਿਹਾ ਕੌਮ ਦੀਆਂ ਭਾਵਨਾਵਾਂ ਦੇ ਉਲਟ ਸਲਾਹਾਂ: ਸਰਨਾ

ਸਿਰਸੇ ਕਾਲਕੇ ਦਾ ਟੋਕਰੀ ਦਲ ਸਰਕਾਰ ਨੂੰ ਦੇ ਰਿਹਾ ਕੌਮ ਦੀਆਂ ਭਾਵਨਾਵਾਂ ਦੇ ਉਲਟ ਸਲਾਹਾਂ: ਸਰਨਾ

ਮਾਮਲਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਦਿਵਸ ਰੂਪੀ ਮਣਾਉਣ ਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 27 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਅਕਾਲੀ ਦਲ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬੀਤੇ ਦਿਨੀਂ ਸਰਕਾਰ ਵਲੋਂ ਮਨਾਏ ਗਏ ਵੀਰ ਬਾਲ ਦਿਵਸ ਨੂੰ ਕੌਮ ਨਾਲ ਕਮਾਏ ਗਏ ਧ੍ਰੋਹ ਕਰਾਰ ਦੇਂਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਦੇਸ਼ ਨੂੰ ਦੁਰਕਿਨਾਰ ਕਰਦਿਆਂ ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਇਕ ਪਾਸੇ ਰੱਖਕੇ ਕੇਂਦਰ ਸਰਕਾਰ ਵਲੋਂ ਉਲੀਕੇ ਗਏ ਵੀਰ ਬਾਲ ਦਿਵਸ ਵਿੱਚ ਸ਼ਾਮਲ ਹੋਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕਾਲਕਾ, ਕਮੇਟੀ ਦੇ ਸਕੱਤਰ, ਕੁੱਝ ਮੈਂਬਰਾਂ ਤੇ ਬੀਜੇਪੀ ਆਗੂ ਮਨਜਿੰਦਰ ਸਿਰਸਾ ਨੇਂ ਸ੍ਰੀ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਇਸ ਕਰਕੇ ਸਮੁੱਚੀ ਸਿੱਖ ਕੌਮ ਸਣੇ ਦਿੱਲੀ ਦੀ ਸਿੱਖ ਸੰਗਤ ਨੇ ਇਹਨਾਂ ਦਾ ਪੂਰਨ ਬਾਈਕਾਟ ਕਰ ਦਿੱਤਾ ਹੈ । ਜਿਸ ਕਰਕੇ ਇਹਨਾਂ ਦੇ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਦਿੱਲੀ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਸਕੂਲਾਂ ਦੇ ਬੱਚੇ ਅਤੇ ਸਟਾਫ ਹੀ ਇਸ ਪ੍ਰੋਗਰਾਮ ਵਿਚ ਨਜਰ ਆਇਆ ਬਾਕੀ ਦਿੱਲੀ ਦੀ ਸਿੱਖ ਸੰਗਤ ਇਸ ਪ੍ਰੋਗਰਾਮ ਤੋ ਵੱਖ ਰਹੀ । ਉਹਨਾਂ ਆਖਿਆ ਕਿ ਜਿਹੜੇ ਕੁੱਝ ਸਿੱਖ ਚਿਹਰੇ ਇਸ ਪ੍ਰੋਗਰਾਮ ਵਿੱਚ ਨਜ਼ਰ ਆ ਰਹੇ ਸਨ ਉਹ ਪੰਜਾਬ ਤੋਂ ਬੀਜੇਪੀ ਦੇ ਆਗੂ ਅਤੇ ਵਰਕਰ ਸਨ । ਉਹਨਾਂ ਨੇ ਆਖਿਆ ਕਿ ਜਦੋਂ ਸਮੁੱਚੀ ਸਿੱਖ ਕੌਮ ਨੇ ਇਸ ਪ੍ਰੋਗਰਾਮ ਦਾ ਨਾਮ ਬਦਲਣ ਦੀ ਸਰਕਾਰ ਨੂੰ ਅਪੀਲ ਕੀਤੀ ਸੀ ਤਾਂ ਸਰਕਾਰ ਨੂੰ ਇਹ ਅਪੀਲ ਮੰਨਕੇ ਵੀਰ ਬਾਲ ਦਿਵਸ ਦੀ ਥਾਂ ਇਸਦਾ ਨਾਮ "ਸਾਹਿਬਜ਼ਾਦੇ ਸ਼ਹੀਦੀ ਦਿਵਸ" ਰੱਖ ਲੈਣਾ ਚਾਹੀਦਾ ਸੀ ਕਿਉਂਕੇ ਵੀਰ ਬਾਲ ਦਿਵਸ ਨਾਮ ਦੇ  ਟਾਈਟਲ ਵਿੱਚ ਨਾਹੀ ਸਾਹਿਬਜ਼ਾਦਿਆਂ ਦਾ ਨਾਮ ਆ ਰਿਹਾ ਨਾਹੀਂ ਉਹਨਾਂ ਦੀ ਸ਼ਹੀਦੀ ਦਾ ਜ਼ਿਕਰ ਆ ਰਿਹਾ ਹੈ। ਇਸ ਕਰਕੇ ਸਿੱਖ ਕੌਂਮ ਦਾ ਇਹ ਅੰਦੇਸ਼ਾ ਹੈ ਕਿ ਇਕ ਦਿਨ ਇਹ ਸਿਰਫ਼ ਵੀਰ ਬਾਲ ਦਿਵਸ ਹੀ ਰਹਿ ਜਾਵੇਗਾ ਗੁਰੂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਗੱਲ ਇਕ ਪਾਸੇ ਹੀ ਰਹਿ ਜਾਵੇਗੀ। ਸਰਨਾ ਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਮੁਤਾਬਿਕ ਇਸ ਦਿਨ ਦਾ ਨਾਮ ਸਾਹਿਬਜ਼ਾਦੇ ਸ਼ਹੀਦੀ ਦਿਵਸ ਰੱਖਕੇ ਸਿੱਖ ਕੌਮ ਨੂੰ ਆਪਣੇ ਨਾਲ ਲੈਕੇ ਚੱਲਣਾ ਚਾਹੀਦਾ ਸੀ ਜੇ ਨਾਮ ਦੇ ਟਾਈਟਲ ਕਰਕੇ ਸਿੱਖ ਕੌਮ ਹੀ ਸਰਕਾਰ ਤੋਂ ਨਰਾਸ਼਼ ਅਤੇ ਦੂਰ ਹੋ ਗਈ ਤਾਂ ਇਸ ਪ੍ਰੋਗਰਾਮ ਦਾ ਕੋਈ ਵੀ ਮਹੱਤਵ ਨਹੀਂ ਰਹੇਗਾ ‌। ਸਰਨਾ ਨੇ ਆਖਿਆ ਕਿ ਕਿ ਸਿਰਸੇ ਕਾਲਕੇ ਦਾ ਟੋਕਰੀ ਦਲ ਸਰਕਾਰ ਨੂੰ ਕੌਮ ਦੀਆਂ ਭਾਵਨਾਵਾਂ ਦੇ ਉਲਟ ਸਲਾਹਾਂ ਦੇ ਰਿਹਾ ਹੈ ਇਸ ਕਰਕੇ ਸਿੱਖ ਕੌਮ ਵਿੱਚ ਸਰਕਾਰ ਪ੍ਰਤੀ ਨਰਾਜ਼ਗੀ ਵੱਧ ਰਹੀ ਹੈ ਸਰਕਾਰ ਨੂੰ ਐਸੇ ਸਲਾਹਕਾਰਾਂ ਤੋਂ ਜਿੰਨੀ ਛੇਤੀ ਹੋਇ ਕਿਨਾਰਾ ਕਰ ਲੈਣਾ ਚਾਹੀਦਾ ਹੈ ।     

 ਸ .ਸਰਨਾ ਨੇ ਆਖਿਆ ਕਿ ਮੋਜੂਦਾ ਦਿੱਲੀ ਕਮੇਟੀ ਦੇ ਪ੍ਰਧਾਨ ਤੇ ਬੀਜੇਪੀ ਆਗੂ ਸਿਰਸੇ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਹੁਕਮ ਤੋਂ ਬਾਅਦ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਸਿਧਮ ਸਿੱਧਾ ਸ੍ਰੀ ਅਕਾਲ ਤਖ਼ਤ ਨੂੰ ਪਿੱਠ ਦੇਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੇਂਜ ਕਰਨਾ ਹੈ ਇਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਮੁੱਚੇ ਟੋਕਰੀ ਦਲ ਸਣੇ ਇਹਨਾਂ  ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਇਹਨਾਂ ਦੀ ਜਵਾਬ ਤਲਬੀ ਕਰਨੀ ਚਾਹੀਦੀ ਹੈ ‌ਤਾਕਿ ਕਿ ਅੱਗੇ ਤੋਂ ਕੋਈ ਆਪਣੇ ਸੁਆਰਥ ਲਈ ਕੌਮ ਦੀਆਂ ਭਾਵਨਾਵਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਸਾਹਸ ਨ ਕਰ ਸਕੇ ।