ਭਗਵੇਂਵਾਦੀਆਂ ਨੇ ਪੰਜਾਬੀ ਗਾਇਕ ਸ਼ੁਭ ਦਾ ਭਾਰਤ ਵਿਚ ਸ਼ੋਅ ਰਦ ਕਰਵਾਇਆ

ਭਗਵੇਂਵਾਦੀਆਂ ਨੇ ਪੰਜਾਬੀ ਗਾਇਕ ਸ਼ੁਭ ਦਾ ਭਾਰਤ ਵਿਚ ਸ਼ੋਅ ਰਦ ਕਰਵਾਇਆ

ਗਾਇਕ ਸ਼ੁਭ ਨੇ ਇੰਸਟਾਗ੍ਰਾਮ ‘ਤੇ ਪੋਸਟ ਪਾ ਕੇ ਰੱਖਿਆ ਆਪਣਾ ਪੱਖ

ਕਿਹਾ ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ…

ਅੰਮ੍ਰਿਤਸਰ ਟਾਈਮਜ਼ ਬਿਊਰੋ 

ਜਲੰਧਰ:ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਭਾਰਤ ਦੇ ਨਕਸ਼ੇ ਤੋਂ ਹਟਾਉਣ ਦੀ ਪੋਸਟ ਤੋਂ ਬਾਅਦ ਵਿਵਾਦਾਂ ਵਿਚ ਆਏ ਕੈਨੇਡੀਅਨ ਗਾਇਕ ਸ਼ੁਬਨੀਤ ਸਿੰਘ ਉਰਫ਼ ਸ਼ੁਭ ਨੇ ਪੂਰੀ ਘਟਨਾ ਤੋਂ ਬਾਅਦ ਇਹ ਪ੍ਰਤੀਕਿਰਿਆ ਉਦੋਂ ਆਈ ਹੈ ਜਦੋਂ ਵੋਟ-ਸਪੀਕਰ ਕੰਪਨੀ ਮੁੰਬਈ ਨੇ ਸਪਾਂਸਰਸ਼ਿਪ ਵਾਪਸ ਲੈ ਲਈ ਸੀ ਅਤੇ 23 ਸਤੰਬਰ ਤੋਂ 25 ਸਤੰਬਰ ਤੱਕ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਕਈ ਭਗਵੇਂਵਾਦੀ ਸੋਸ਼ਲ ਮੀਡੀਆ ਉੱਪਰ ਉਸ ਖ਼ਿਲਾਫ਼ ਪੋਸਟਾਂ ਸ਼ੇਅਰ ਕਰ ਨਫ਼ਰਤ ਫੈਲਾ ਰਹੇ ਹਨ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਪਾ ਕੇ ਆਪਣਾ ਪੱਖ ਰੱਖਿਆ ਹੈ ਅਤੇ ਆਪਣੇ ਇੰਡੀਆ ਟੂਰ ਰੱਦ ਹੋਣ ਉੱਤੇ ਦੁੱਖ ਵੀ ਜਤਾਇਆ ਹੈ।ਸ਼ੁਭ ਨੇ ਕਿਹਾ- ਪੰਜਾਬ, ਭਾਰਤ ਤੋਂ ਆਉਣ ਵਾਲੇ ਇੱਕ ਨੌਜਵਾਨ ਰੈਪਰ-ਗਾਇਕ ਵਜੋਂ, ਆਪਣੇ ਸੰਗੀਤ ਨੂੰ ਅੰਤਰਰਾਸ਼ਟਰੀ ਮੰਚ ‘ਤੇ ਲਿਆਉਣਾ ਮੇਰੀ ਜ਼ਿੰਦਗੀ ਦਾ ਸੁਪਨਾ ਸੀ। ਪਰ ਹਾਲੀਆ ਘਟਨਾਵਾਂ ਨੇ ਮੇਰੀ ਮਿਹਨਤ ਅਤੇ ਤਰੱਕੀ ਨੂੰ ਪ੍ਰਭਾਵਿਤ ਕੀਤਾ ਹੈ। 

ਸ਼ੁਭ ਨੇ ਕਿਹਾ ਕਿ ਮੈਂ ਭਾਰਤ ਵਿੱਚ ਆਪਣੇ ਦੌਰੇ ਦੇ ਰੱਦ ਹੋਣ ਤੋਂ ਬਹੁਤ ਨਿਰਾਸ਼ ਹਾਂ। ਮੈਂ ਆਪਣੇ ਦੇਸ਼ ਵਿੱਚ, ਆਪਣੇ ਹੀ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਨ ਲਈ ਬਹੁਤ ਉਤਸ਼ਾਹਿਤ ਸੀ। ਤਿਆਰੀਆਂ ਜ਼ੋਰਾਂ ‘ਤੇ ਸਨ ਅਤੇ ਮੈਂ ਪਿਛਲੇ ਦੋ ਮਹੀਨਿਆਂ ਤੋਂ ਪੂਰੇ ਦਿਲ ਅਤੇ ਰੂਹ ਨਾਲ ਅਭਿਆਸ ਕਰ ਰਿਹਾ ਸੀ। ਮੈਂ ਪ੍ਰਦਰਸ਼ਨ ਕਰਨ ਲਈ ਤਿਆਰ ਸੀ, ਪਰ ਮੈਨੂੰ ਲੱਗਦਾ ਹੈ ਕਿ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ।

ਸ਼ੁਭ ਨੇ ਕਿਹਾ ਕਿ ਭਾਰਤ ਮੇਰਾ ਵੀ ਦੇਸ਼ ਹੈ। ਮੈਂ ਇੱਥੇ ਪੈਦਾ ਹੋਇਆ ਸੀ। ਇਹ ਮੇਰੇ ਗੁਰੂਆਂ ਅਤੇ ਮੇਰੇ ਪੁਰਖਿਆਂ ਦੀ ਧਰਤੀ ਹੈ, ਪੰਜਾਬ ਮੇਰੀ ਰੂਹ ਹੈ, ਪੰਜਾਬ ਮੇਰੇ ਖ਼ੂਨ ਵਿੱਚ ਹੈ। ਮੈਂ ਅੱਜ ਜੋ ਵੀ ਹਾਂ, ਪੰਜਾਬੀ ਹੋਣ ਕਰਕੇ ਹਾਂ। ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ। ਉਨ੍ਹਾਂ ਨੇ ਅੱਗੇ ਕਿਹਾ ‘ਮੇਰੀ ਬੇਨਤੀ ਹੈ ਕਿ ਪੰਜਾਬੀਆਂ ਨੂੰ ਦੇਸ਼ ਵਿਰੋਧੀ ਨਾ ਕਿਹਾ ਜਾਵੇ…ਮੇਰੇ ਵੱਲੋਂ ਸ਼ੇਅਰ ਕੀਤੀ ਗਈ ਪੋਸਟ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ’।

ਸ਼ੁਭ ਨੇ ਆਪਣੀ ਪੁਰਾਣੀ ਪੋਸਟ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਸ ਨੇ ਕਿਸੇ ਗ਼ਲਤ ਇਰਾਦੇ ਦੇ ਨਾਲ ਉਹ ਤਸਵੀਰ ਸਾਂਝੀ ਨਹੀਂ ਸੀ ਕੀਤੀ। ਇਹ ਸਿਰਫ਼ ਰਾਜ ਵਿੱਚ ਬਿਜਲੀ ਅਤੇ ਇੰਟਰਨੈੱਟ ਸੇਵਾਵਾਂ ਬੰਦ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਸਿਰਫ਼ ਪੰਜਾਬ ਲਈ ਪ੍ਰਾਰਥਨਾ ਕਰਨ ਲਈ ਨਕਸ਼ਾ ਸਾਂਝਾ ਕੀਤਾ ਸੀ।

ਗਾਇਕ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ- “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ”

“ਪਰ ਮੈਨੂੰ ਗੁਰਾਂ ਨੇ ਸਿਖਾਇਆ ਹੈ ਕਿ ਨਾ ਡਰਨਾ ਹੈ ਤੇ ਨਾ ਹੀ ਕਿਸੇ ਦੇ ਡਰਾਵੇ ਵਿਚ ਆਉਣਾ ਹੈ, ਜੋ ਪੰਜਾਬੀਅਤ ਸਿਖਾਉਂਦੀ ਹੈ। ਮੈਂ ਸਖ਼ਤ ਮਿਹਨਤ ਕਰਦਾ ਰਹਾਂਗੇ। ਮੈਂ ਤੇ ਮੇਰੀ ਟੀਮ ਛੇਤੀ ਹੀ ਤਕੜੇ ਤੇ ਮਜ਼ਬੂਤ ਹੋ ਕੇ ਆਵਾਂਗੇ।”

ਹੁਣ ਜਾਣੋ ਕੀ ਸੀ ਸਾਰਾ ਵਿਵਾਦ

ਸ਼ੁਬਨੀਤ ਉਰਫ਼ ਸ਼ੁਭ ਉਦੋਂ ਵਿਵਾਦਾਂ ਵਿੱਚ ਆ ਗਿਆ ਜਦੋਂ ਉਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਨਕਸ਼ਾ ਪੋਸਟ ਕੀਤਾ। ਉਸ ਨੇ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਭਾਰਤ ਦੇ ਨਕਸ਼ੇ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਉਸ ਦਾ ਨਾਂ ਖ਼ਾਲਿਸਤਾਨੀਆਂ ਨਾਲ ਜੋੜਿਆ ਜਾਣ ਲੱਗਾ।

ਸ਼ੁਬਨੀਤ ਦੇ ਭਗਵੇਂਵਾਦੀਆਂ ਨੇ ਪੋਸਟਰ ਵੀ ਪਾੜ ਦਿੱਤੇ ਸਨ ਅਤੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਸ਼ੁਬਨੀਤ ਉਰਫ਼ ਸ਼ੁਭ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਅਨਫਾਲੋ ਕਰ ਦਿੱਤਾ ਸੀ।

ਇਸ ਮਾਮਲੇ ਤੋਂ ਬਾਅਦ ਵੋਟ-ਸਪੀਕਰ ਕੰਪਨੀ ਮੁੰਬਈ ਨੇ ਸਪਾਂਸਰਸ਼ਿਪ ਵਾਪਸ ਲੈ ਲਈ ਸੀ ਅਤੇ 23 ਸਤੰਬਰ ਤੋਂ 25 ਸਤੰਬਰ ਤੱਕ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ ਸੀ।

ਗਾਇਕ ਸ਼ੁਭ ਦਾ ਟੂਰ ਸਿਰਫ਼ ਮੁੰਬਈ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਜਿਸ ‘ਚ ਦਿੱਲੀ, ਹੈਦਰਾਬਾਦ, ਬੈਂਗਲੁਰੂ ਸਮੇਤ ਵੱਖ-ਵੱਖ 12 ਸ਼ਹਿਰਾਂ ਵਿਚ ਸ਼ੋਅ ਕੀਤੇ ਜਾਣੇ ਸਨ। ਬੁੱਕ ਮਾਈ ਸ਼ੋਅ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਤੇ ਇਕ ਪੋਸਟ ਵਿਚ ਇਹ ਜਾਣਕਾਰੀ ਦਿੱਤੀ ਹੈ।ਕੰਪਨੀ ਨੇ ਕਿਹਾ ਕਿ ਗਾਹਕਾਂ ਨੂੰ 7-10 ਦਿਨਾਂ ਦੇ ਅੰਦਰ ਟਿਕਟਾਂ ਦਾ ਪੂਰਾ ਰਿਫੰਡ ਮਿਲ ਜਾਵੇਗਾ। ਇਹ ਸ਼ੋਅ ਕੋਰਡੇਲੀਆ ਕਰੂਜ਼ ‘ਤੇ ਆਯੋਜਿਤ ਕੀਤਾ ਜਾਣਾ ਸੀ। ਸ਼ੁਭ ਨੇ 23 ਤੋਂ 25 ਸਤੰਬਰ ਤੱਕ ਮੁੰਬਈ ਵਿਚ ਆਪਣਾ ਸ਼ੋਅ ਕਰਨਾ ਸੀ।