ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਸਮੇਂ ਨੂੰ ਪੰਜ ਘੰਟੇ ਹੋਰ ਵਧਾਏਗੀ ਸ਼੍ਰੋਮਣੀ ਕਮੇਟੀ

ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਸਮੇਂ ਨੂੰ ਪੰਜ ਘੰਟੇ ਹੋਰ ਵਧਾਏਗੀ  ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ-ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਕਰਨ ਲਈ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਤੋਂ ਇੱਕ ਮਹੀਨੇ ਬਾਅਦ ਹੁਣ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਇਸ ਦੇ ਵਿਸਥਾਰ ਲਈ ਤਿਆਰੀ ਕਰ ਰਹੀ ਹੈ। ਇਸ ਤਹਿਤ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੁੰਦੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਸਮੇਂ ਨੂੰ ਪੰਜ ਘੰਟੇ ਹੋਰ ਵਧਾਉਣ ਦੀ ਯੋਜਨਾ ਹੈ। ਇਸ ਲਈ ਨਵੇਂ ਤੇ ਤਜਰਬੇਕਾਰ ਅਮਲੇ ਦੀ ਭਰਤੀ ਦੀ ਵੀ ਯੋਜਨਾ ਹੈ, ਜਿਸ ਵਿੱਚ ਇਸ ਖੇਤਰ ਨਾਲ ਸਬੰਧਤ ਛੇ ਨਵੇਂ ਮਾਹਿਰ ਭਰਤੀ ਕੀਤੇ ਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਸਬੰਧ ਵਿੱਚ ਇੱਕ ਸਟੂਡੀਓ ਸਥਾਪਤ ਕਰਨ ਲਈ ਵੀ ਕੰਮ ਚੱਲ ਰਿਹਾ ਹੈ। ਇਹ ਸਟੂਡੀਓ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਕੈਂਪਸ ਵਿੱਚ ਹੀ ਹੋਵੇਗਾ। ਇਸ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਯੂਟਿਊਬ ਚੈਨਲ ਤੇ ਆਡੀਓ ਰਾਹੀਂ 13 ਘੰਟੇ ਗੁਰਬਾਣੀ ਦਾ ਪ੍ਰਸਾਰਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਨੌਂ ਘੰਟੇ ਦਾ ਵੀਡੀਓ ਪ੍ਰਸਾਰਨ ਤੇ ਚਾਰ ਘੰਟਿਆਂ ਦਾ ਆਡੀਓ ਪ੍ਰਸਾਰਨ ਸ਼ਾਮਲ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਕੰਮ ਲਈ ਸਾਊਂਡ ਪਰੂਫਿੰਗ ਸਿਸਟਮ, ਇੱਕ ਸਟੂਡੀਓ, ਇੱਕ ਕੰਟਰੋਲ ਰੂਮ ਤੇ ਹੋਰ ਲੋੜੀਂਦਾ ਸਮਾਨ ਖਰੀਦਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੇ ਵਿਸਥਾਰ ਲਈ ਐਂਕਰ, ਵੀਡੀਓ ਸੰਪਾਦਕ, ਕੈਮਰਾਮੈਨ ਵੀਡੀਓਗ੍ਰਾਫੀ ਵਾਸਤੇ ਲੇਖਕ ਤੇ ਗ੍ਰਾਫਿਕ ਡਿਜ਼ਾਈਨਰ ਦੀ ਨਿਯੁਕਤੀ ਵੀ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕਰਨ ਦੀ ਵੀ ਯੋਜਨਾ ਹੈੈ। ਫਿਲਹਾਲ ਸੈਟੇਲਾਈਟ ਰਾਹੀਂ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਇੱਕ ਨਿੱਜੀ ਚੈਨਲ ਰਾਹੀਂ ਕੀਤਾ ਜਾ ਰਿਹਾ ਹੈ