ਸੀਬੀਆਈ ਕੋਰਟ ਨੇ ਤੱਤਕਾਲੀ ਸੀਆਈਏ ਇੰਚਾਰਜ ਨੂੰ  ਸੁਣਾਈ 3 ਸਾਲ ਕੈਦ ਤੇ 50 ਹਜ਼ਾਰ ਜੁਰਮਾਨੇ ਦੀ ਸਜ਼ਾ

ਸੀਬੀਆਈ ਕੋਰਟ ਨੇ ਤੱਤਕਾਲੀ ਸੀਆਈਏ ਇੰਚਾਰਜ ਨੂੰ  ਸੁਣਾਈ 3 ਸਾਲ ਕੈਦ ਤੇ 50 ਹਜ਼ਾਰ ਜੁਰਮਾਨੇ ਦੀ ਸਜ਼ਾ

ਮਾਮਲਾ 1992 ਦੇ ਝੂਠੇ ਪੁਲੀਸ ਮੁਕਾਬਲੇ ਦਾ

 ਅੰਮ੍ਰਿਤਸਰ ਟਾਈਮਜ਼ ਬਿਊਰੋ

ਮੁਹਾਲੀ : ਮੁਹਾਲੀ ਦੀ ਸੀਬੀਆਈ ਅਦਾਲਤ ਨੇ ਸੀਬੀਆਈ ਬਨਾਮ ਧਰਮ ਸਿੰਘ ਕੇਸ ਵਿਚ ਫੈਸਲਾ ਸੁਣਾਉਂਦਿਆਂ ਦੋਸ਼ੀ ਤਰਸੇਮ ਲਾਲ ਨੂੰ ਤਿੰਨ ਸਾਲ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਵੇਰਵਿਆਂ ਅਨੁਸਾਰ ਸਾਲ 1992 ਨਾਲ ਸੰਬੰਧਤ ਇਸ ਮਾਮਲੇ 'ਵਿਚ ਜਗੀਰ ਸਿੰਘ ਅਤੇ ਦਲਜੀਤ ਸਿੰਘ ਨੂੰ ਇਕ ਪੁਲਿਸ ਮੁਕਾਬਲੇ ਵਿਚ ਮਰਿਆ ਹੋਇਆ ਦਿਖਾਇਆ ਗਿਆ ਸੀ। ਜਦੋਂ ਇਸ ਕੇਸ ਦੀ ਛਾਣਬੀਣ ਸੀਬੀਆਈ ਨੇ ਕੀਤੀ ਤਾਂ ਪਤਾ ਚੱਲਿਆ ਕਿ ਜਗੀਰ ਸਿੰਘ ਨਾਂ ਦਾ ਸ਼ਖ਼ਸ ਅਜੇ ਜਿਊਂਦਾ ਹੈ।

ਪੁਲਿਸ ਦੀ ਇਸ ਕਹਾਣੀ ਨੂੰ ਅਦਾਲਤ ਨੇ ਝੂਠਾ ਮੰਨਦਿਆਂ ਫਰਜ਼ੀ ਦਸਤਾਵੇਜ਼ ਬਣਾਉਣ ਦੇ ਕੇਸ 'ਚ ਤੱਤਕਾਲੀ ਸੀਆਈਏ ਸਟਾਫ ਦੇ ਇੰਚਾਰਜ ਤਰਸੇਮ ਲਾਲ ਸਮੇਤ ਦੋ ਵਿਅਕਤੀਆਂ ਨੂੰ ਪਿਛਲੇ ਹਫ਼ਤੇ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ 'ਚ ਪਹਿਲਾਂ ਹੀ ਦੋ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਤਰਸੇਮ ਲਾਲ ਨਾਂ ਦੇ ਵਿਅਕਤੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਮੁਹਾਲੀ ਅਦਾਲਤ ਨੇ 27 ਅਕਤੂਬਰ 2023 ਨੂੰ ਇਸ ਕੇਸ 'ਚ ਫੈਸਲਾ ਸੁਣਾਉਂਦਿਆਂ ਸਾਬਕਾ ਪੁਲਿਸ ਅਧਿਕਾਰੀ ਨੂੰ ਝੂਠਾ ਰਿਕਾਰਡ ਤਿਆਰ ਕਰਨ ਲਈ ਦੋਸ਼ੀ ਕਰਾਰ ਦਿੱਤਾ ਸੀ। ਮਾਮਲਾ ਦਲਜੀਤ ਸਿੰਘ ਵਾਸੀ ਖਿਆਲਾ, ਅੰਮ੍ਰਿਤਸਰ ਨੂੰ ਅਗਵਾ, ਨਾਜਾਇਜ਼ ਹਿਰਾਸਤ ਅਤੇ ਫਿਰ ਕਤਲ ਕਰਨ ਨਾਲ ਸਬੰਧਤ ਸੀ।

ਇਸ ਮਾਮਲੇ ਵਿਚ ਸਾਲ 1994 'ਵਿਚ ਦਲਜੀਤ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਨੇ ਹਾਈ ਕੋਰਟ ਵਿਚ ਰਿੱਟ ਦਾਇਰ ਕਰ ਕੇ ਦੋਸ਼ ਲਾਇਆ ਸੀ ਕਿ ਉਸ ਨੂੰ ਉਸ ਦੇ ਪੁੱਤਰਾਂ ਬਲਜੀਤ ਸਿੰਘ ਤੇ ਰਾਜਵੰਤ ਸਿੰਘ ਸਮੇਤ ਧਰਮ ਸਿੰਘ ਐਸਐਚਓ ਲੋਪੋਕੇ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ 13.ਦਸੰਬਰ1992 ਨੂੰ ਉਨ੍ਹਾਂ ਦੇ ਘਰੋਂ ਚੁੱਕ ਲਿਆ ਸੀ। ਫਿਰ ਉਨ੍ਹਾਂ ਉੱਤੇ ਜਾਣਕਾਰੀ ਅਨੁਸਾਰ ਉਸ ਦੇ ਤੀਜੇ ਪੁੱਤਰ ਦਲਜੀਤ ਸਿੰਘ ਨੂੰ ਉਸ ਦੇ ਰਿਸ਼ਤੇਦਾਰ ਦੇ ਘਰ ਨਈ ਅਬਾਦੀ, ਅੰਮ੍ਰਿਤਸਰ ਤੋਂ ਹਿਰਾਸਤ 'ਚ ਲੈ ਲਿਆ ਗਿਆ। ਰਿੱਟ 'ਚ ਕਿਹਾ ਗਿਆ ਸੀ ਕਿ ਉਸ ਨੂੰ ਤੇ ਉਸ ਦੇ ਦੋ ਪੁੱਤਰਾਂ ਨੂੰ ਕੁਝ ਦਿਨਾਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ ਪਰ ਉਸ ਦੇ ਤੀਜੇ ਪੁੱਤਰ ਦਲਜੀਤ ਸਿੰਘ ਨੂੰ ਰਿਹਾਅ ਨਹੀਂ ਕੀਤਾ ਗਿਆ। ਰਿੱਟ 'ਚ ਮੰਗ ਕੀਤੀ ਗਈ ਕਿ ਦਲਜੀਤ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇ। ਐਸਐਸਪੀ ਮਜੀਠਾ ਦੇ ਨੋਟਿਸ 'ਤੇ ਐਸਐਚਓ ਲੋਪੋਕੇ ਨੇ ਹਾਈਕੋਰਟ 'ਚ ਜਵਾਬ ਦਾਇਰ ਕੀਤਾ ਪਰ ਦਲਜੀਤ ਸਿੰਘ ਨੂੰ ਚੁੱਕਣ ਤੇ ਅਗਵਾ ਕਰਨ ਤੋਂ ਇਨਕਾਰ ਕਰ ਦਿੱਤਾ। 1996 'ਚ ਹਾਈ ਕੋਰਟ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਅੰਮ੍ਰਿਤਸਰ ਤੋਂ ਜੁਡੀਸ਼ੀਅਲ ਜਾਂਚ ਦੇ ਹੁਕਮ ਦਿੱਤੇ। ਇਸ ਦੌਰਾਨ ਇਹ ਰਿਕਾਰਡ ’ਤੇ ਆਇਆ ਕਿ ਪੁਲਿਸ ਨੇ ਦਲਜੀਤ ਸਿੰਘ ਨੂੰ 29.ਦਸੰਬਰ1992 ਨੂੰ ਇੱਕ ਜਗੀਰ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਅਵਾਨ ਲੱਖਾ ਸਿੰਘ ਨਾਲ ਮੁਕਾਬਲੇ ਵਿੱਚ ਮਾਰਿਆ ਦਿਖਾਇਆ ਸੀ। ਨਿਆਂਇਕ ਜਾਂਚ ਵਿੱਚ ਕਸ਼ਮੀਰ ਸਿੰਘ ਦੇ ਦੋਸ਼ ਸਹੀ ਪਾਏ ਗਏ ਅਤੇ ਸੁਤੰਤਰ ਜਾਂਚ ਦੀ ਸਿਫਾਰਿਸ਼ ਕੀਤੀ ਗਈ। ਹਾਲਾਂਕਿ ਇਸ ਤੋਂ ਪਹਿਲਾਂ 1995 ਵਿਚ ਸੁਪਰੀਮ ਕੋਰਟ ਨੇ ਵੱਡੇ ਪੱਧਰ 'ਤੇ ਲਾਸ਼ਾਂ ਦੇ ਸਸਕਾਰ ਦੇ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ, ਇਸ ਲਈ ਦਲਜੀਤ ਸਿੰਘ ਦਾ ਮਾਮਲਾ ਵੀ ਸੀਬੀਆਈ ਨੇ ਲਿਆ ਸੀ। ਇਸ ਲਈ ਕਸ਼ਮੀਰ ਸਿੰਘ ਦੀ ਪਟੀਸ਼ਨ ਦਾ ਨਿਪਟਾਰਾ ਕਰਕੇ ਕਸ਼ਮੀਰ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ।

1997 'ਚ ਸੀਬੀਆਈ ਨੇ ਕਸ਼ਮੀਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ ਅਤੇ ਸਾਲ 2001 ਵਿੱਚ ਸੀਬੀਆਈ ਨੇ ਧਰਮ ਸਿੰਘ, ਤਰਸੇਮ ਸਿੰਘ, ਸਵਰਨ ਸਿੰਘ ਅਤੇ ਅਵਤਾਰ ਸਿੰਘ ਖ਼ਿਲਾਫ਼ ਅਗਵਾ, ਗ਼ੈਰ-ਕਾਨੂੰਨੀ ਤੌਰ ’ਤੇ ਕਤਲ ਅਤੇ ਰਿਕਾਰਡ ਤੋੜਨ ਦੇ ਦੋਸ਼ ਪੱਤਰ ਦਾਖ਼ਲ ਕੀਤੇ ਸਨ ਪਰ ਇਸ ਕੇਸ ਦੀ ਸੁਣਵਾਈ 2016 ਤਕ ਰੁਕੀ ਰਹੀ। ਮੁਲਜ਼ਮਾਂ ਵੱਲੋਂ ਉੱਚ ਅਦਾਲਤਾਂ ਵਿੱਚ ਪਾਈਆਂ ਗਈਆਂ ਪਟੀਸ਼ਨਾਂ ’ਤੇ  ਸ੍ਰੀ ਰਾਕੇਸ਼ ਕੁਮਾਰ ਗੁਪਤਾ ਦੀ ਸੀਬੀਆਈ ਅਦਾਲਤ ਨੇ ਫੈਸਲਾ ਸੁਣਾਇਆ। ਇਸ ਕੇਸ ਵਿੱਚ ਮੁਕੱਦਮੇ ਦੌਰਾਨ 17 ਗਵਾਹਾਂ ਨੇ ਆਪਣੇ ਬਿਆਨ ਦਰਜ ਕਰਵਾਏ ਅਤੇ ਮੁਕੱਦਮੇ ਦੌਰਾਨ 8 ਦੀ ਮੌਤ ਹੋ ਗਈ। ਸਤੰਬਰ 2023 ਵਿੱਚ ਜਗੀਰ ਸਿੰਘ ਜਿਸ ਨੂੰ ਦਲਜੀਤ ਸਿੰਘ ਨਾਲ ਮਾਰਿਆ ਗਿਆ ਦਿਖਾਇਆ ਗਿਆ ਸੀ, ਅਦਾਲਤ ਵਿੱਚ ਪੇਸ਼ ਹੋਇਆ, ਜਿਸ ਨੇ ਸਾਰੀ ਸਥਿਤੀ ਬਦਲ ਦਿੱਤੀ ਅਤੇ ਇੱਕ ਸਵਾਲ ਉੱਠਦਾ ਹੈ ਕਿ ਜਗੀਰ ਸਿੰਘ ਦੀ ਥਾਂ ਕਿਸ ਨੂੰ ਮਾਰਿਆ ਗਿਆ ਸੀ।