ਟਕਸਾਲੀ ਅਕਾਲੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਚਲ ਵਸੇ

ਟਕਸਾਲੀ ਅਕਾਲੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਚਲ ਵਸੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ-ਸ਼ੋ੍ਮਣੀ ਅਕਾਲੀ ਦਲ (ਬ) ਦੇ ਸਰਪ੍ਰਸਤ, ਸਾਬਕਾ ਮੰਤਰੀ ਤੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ।ਉਹ 85 ਵਰਿ੍ਹਆਂ ਦੇ ਸਨ । ਬ੍ਰਹਮਪੁਰਾ, ਜਿਹੜੇ ਕਿ ਲੀਵਰ ਦੇ ਕੈਂਸਰ ਤੋਂ ਪੀੜਤ ਸਨ, ਨੂੰ ਬੀਤੇ ਦਿਨੀਂ 6 ਦਸੰਬਰ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਸੀ ।  ਜਥੇ. ਬ੍ਰਹਮਪੁਰਾ 1997 ਤੋਂ 2002 ਤੇ 2007 ਤੋਂ 2012 ਤੱਕ ਅਕਾਲੀ ਦਲ (ਬ) ਦੀ ਸਰਕਾਰ 'ਚ ਦੋ ਵਾਰ ਕੈਬਨਿਟ ਮੰਤਰੀ ਰਹੇ । 1977 ਤੋਂ 1980 ਤੇ 1997-2012 ਤੱਕ ਚਾਰ ਵਾਰ ਨੌਸ਼ਹਿਰਾ ਪਨੂੰਆਂ ਤੋਂ ਵਿਧਾਇਕ ਰਹੇ ।2014-2019 ਤੱਕ ਉਹ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਲੋਕ ਸਭਾ ਰਹੇ ।ਅਕਾਲੀ ਦਲ (ਬ) ਦੇ ਲੰਮਾ ਸਮਾਂ ਸੀਨੀਅਰ ਉਪ ਪ੍ਰਧਾਨ ਤੇ ਕੋਰ ਕਮੇਟੀ ਦੇ ਮੈਂਬਰ ਰਹੇ । ਜਥੇ. ਬ੍ਰਹਮਪੁਰਾ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ (ਬ) ਤੋਂ ਵੱਖ ਹੋ ਕੇ ਸ. ਸੁਖਦੇਵ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ ਨਾਲ ਮਿਲ ਕੇ ਸੰਯੁਕਤ ਅਕਾਲੀ ਦਲ ਬਣਾ ਲਿਆ ਸੀ । ਇਸ ਸਾਲ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਥੇ. ਬ੍ਰਹਮਪੁਰਾ ਮੁੜ ਦੁਬਾਰਾ ਸ਼ੋ੍ਮਣੀ ਅਕਾਲੀ ਦਲ (ਬ) 'ਚ ਸ਼ਾਮਿਲ ਹੋ ਗਏ ।ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ 30 ਨਵੰਬਰ ਨੂੰ ਸ਼ੋ੍ਮਣੀ ਅਕਾਲੀ ਦਲ ਦੇ ਭੰਗ ਹੋਏ ਢਾਂਚੇ ਦਾ ਪੁਨਰਗਠਨ ਕਰਦਿਆਂ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਦਾ ਸਰਪ੍ਰਸਤ ਬਣਾਇਆ ਗਿਆ ਸੀ। 

ਅਕਾਲੀ ਦਲ (ਬ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ,ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਦੇ ਜਾਣ ਨਾਲ ਸ਼ੋ੍ਮਣੀ ਅਕਾਲੀ ਦਲ, ਪੰਜਾਬ ਤੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ।