ਡੋਨਲਡ ਟਰੰਪ ਦਾ ਦੁਬਾਰਾ ਚੋਣ ਲੜਨਾ ਹੋਇਆ ਮੁਸ਼ਕਿਲ, ਪਾਰਟੀ ਵਿਚ ਉਸ ਦਾ ਸਮਰਥਨ ਵੱਡੀ ਪੱਧਰ 'ਤੇ ਘਟਿਆ – ਸਰਵੇ

ਡੋਨਲਡ ਟਰੰਪ ਦਾ ਦੁਬਾਰਾ ਚੋਣ ਲੜਨਾ ਹੋਇਆ ਮੁਸ਼ਕਿਲ, ਪਾਰਟੀ ਵਿਚ ਉਸ ਦਾ ਸਮਰਥਨ ਵੱਡੀ ਪੱਧਰ 'ਤੇ  ਘਟਿਆ – ਸਰਵੇ

ਬਿਨਾਂ ਟਰੰਪ ਦੇ ਟਰੰਪਵਾਦ ਚਹੁੰਦੇ ਹਨ ਪਾਰਟੀ ਸਮਰਥਕ

ਸੈਕਰਾਮੈਂਟੋ  14 ਦਸੰਬਰ (ਹੁਸਨ ਲੜੋਆ ਬੰਗਾ)-ਮੱਧਕਾਲੀ ਚੋਣਾਂ ਵਿਚ ਹੋਏ ਨੁਕਸਾਨ , ਟੈਕਸ ਫਰਾਡ ਵਰਗੇ ਮਾਮਲਿਆਂ ਵਿਚ ਅਦਾਲਤਾਂ ਵਿਚ ਹੋਈ ਹਾਰ ਤੇ ਹੋਰ ਕਈ ਕਾਰਨਾਂ ਕਰਕੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 2024 ਵਿਚ ਰਾਸ਼ਟਰਪਤੀ ਦੀ ਚੋਣ ਲੜਨ ਦੇ ਰਾਹ ਵਿਚ ਰੁਕਾਵਟਾਂ ਖੜੀਆਂ ਹੋ ਗਈਆਂ ਹਨ। ਇਕ ਸਰਵੇ ਵਿਚ ਸਪੱਸ਼ਟ ਹੋਇਆ ਹੈ ਕਿ ਰਿਪਬਲੀਕਨ ਪਾਰਟੀ ਵਿਚ ਟਰੰਪ ਦਾ ਸਮਰਥਨ ਤੇਜੀ ਨਾਲ ਘਟਿਆ ਹੈ। ਦੋ ਤਿਹਾਈ ਪਾਰਟੀ ਆਗੂ ਤੇ ਪਾਰਟੀ ਨਾਲ ਜੁੜੇ ਰਿਪਬਲੀਕਨ ਵੋਟਰ ਟਰੰਪ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਹਨ ਤੇ ਇਨਾਂ ਨੀਤੀਆਂ ਉਪਰ ਚੋਣ ਲੜਨ ਦੇ ਹੱਕ ਵਿਚ ਹਨ ਪਰੰਤੂ ਉਹ ਚਹੁੰਦੇ ਹਨ ਕਿ ਵੱਖਰੇ ਮਾਪ ਦੰਡਾਂ ਨਾਲ ਇਨਾਂ ਨੀਤੀਆਂ ਨੂੰ ਅਗੇ ਲਿਜਾਇਆ ਜਾਵੇ। ਸੂਫੋਲਕ ਯੁਨੀਵਰਸਿਟੀਯੂ ਐਸ ਏ ਟੂਡੇ ਵੱਲੋਂ ਕੀਤੇ ਇਕ ਵਿਸ਼ੇਸ਼ ਸਰਵੇ ਵਿਚ 31% ਰਿਪਬਲੀਕਨ ਹੀ ਟਰੰਪ ਨੂੰ ਦੁਬਾਰਾ ਚੋਣ ਲੜਾਉਣ ਦੇ ਹੱਕ ਵਿਚ ਹਨ ਜਦ ਕਿ 61% ਚਹੁੰਦੇ ਹਨ ਕਿ ਉਨਾਂ ਦੀ ਜਗਾ 'ਤੇ ਕੋਈ ਹੋਰ ਆਗੂ ਲਿਆਂਦਾ ਜਾਵੇ ਜੋ ਉਨਾਂ ਦੀਆਂ ਨੀਤੀਆਂ ਅਨੁਸਾਰ ਕੰਮ ਕਰ ਸਕੇ। 56% ਰਿਪਬਲੀਕਨ ਪਾਰਟੀ ਦੇ ਸਮਰਥਕ ਚਹੁੰਦੇ ਹਨ ਕਿ ਫਲੋਰਿਡਾ ਦੇ ਗਵਰਨਰ ਰੋਨ ਡੀ ਸੰਟਿਸ ਨੂੰ ਉਮੀਦਵਾਰ ਬਣਾਇਆ ਜਾਵੇ। ਸੂਫੋਲਕ ਯੁਨੀਵਰਸਿਟੀ ਪੋਲੀਟੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਡੇਵਿਡ ਪੇਲੀਓਲੋਗੋਸ ਅਨੁਸਾਰ ਰਿਪਬਲੀਕਨ ਬਿਨਾਂ ਟਰੰਪ ਤੋਂ ਟਰੰਪਵਾਦ ਚਹੁੰਦੇ ਹਨ। ਸਾਬਕਾ ਰਾਸ਼ਟਰਪਤੀ ਲਈ ਇਹ ਸਰਵੇ ਇਕ ਲਾਲ ਝੰਡੀ ਵਾਂਗ ਹੈ ਜਿਨਾਂ ਦਾ ਪਾਰਟੀ ਵੱਲੋਂ ਉਸ ਦੇ ਨਿੱਜੀ ਵਿਵਹਾਰ ਨੂੰ ਇਕ ਪਾਸੇ ਰਖ ਕੇ ਨਿਰੰਤਰ ਸਮਰਥਨ ਕੀਤਾ ਜਾ ਰਿਹਾ ਸੀ। 6 ਜਨਵਰੀ 2021 ਨੂੰ ਕੈਪੀਟਲ ਹਿੱਲ ਉਪਰ ਹੋਏ ਹਮਲੇ ਤੇ ਵਾਈਟ ਹਾਊਸ ਛੱਡਣ ਸਮੇ ਸੰਵੇਦਣਸ਼ੀਲ ਦਸਤਾਵੇਜ਼ਾਂ ਨੂੰ ਕਥਿੱਤ ਰੂਪ ਵਿਚ ਨਾ ਸੰਭਾਲਣ ਵਰਗੇ ਹੋਰ ਕਈ ਕਾਰਨ ਹਨ ਜਿਨਾਂ ਕਾਰਨ ਪਾਰਟੀ ਵਿਚ ਟਰੰਪ ਦੀ ਭਰੋਸੇਯੋਗਤਾ ਪਹਿਲਾਂ ਵਾਲੀ ਨਹੀਂ ਰਹੀ। ਕੁਝ ਰਿਪਬਲੀਕਨ ਰਣਨੀਤਿਕਾਂ ਦਾ ਵਿਚਾਰ ਹੈ ਕਿ ਟਰੰਪ ਤੇ ਪਾਰਟੀ ਵਿਚਲੇ ਉਨਾਂ ਦੇ ਸਮਰਥਕ ਨਵੰਬਰ ਚੋਣਾਂ ਵਿਚ ਸੈਨੇਟ ਉਪਰ ਕੰਟਰੋਲ ਕਰਨ ਵਿਚ ਨਾਕਾਮ ਰਹੇ ਹਨ। ਐਰੀਜ਼ਨਾ, ਜਾਰਜੀਆ ਤੇ ਪੈਨਸਿਲਵਾਨੀਆ ਵਿਚ ਉਨਾਂ ਦੇ  ਉਮੀਦਵਾਰ ਚੋਣ ਹਾਰ ਗਏ।