ਪੰਜਾਬ ਦੇ ਮੌਜੂਦਾ ਹਲਾਤਾਂ ਨੇ ਸੰਘਰਸ਼ੀ ਯੋਧਿਆਂ ਨੂੰ ਮੁੜ ਮੈਦਾਨ ਸੰਭਾਲਣ ਲਈ ਕੀਤਾ ਮਜਬੂਰ

ਪੰਜਾਬ ਦੇ ਮੌਜੂਦਾ ਹਲਾਤਾਂ ਨੇ ਸੰਘਰਸ਼ੀ ਯੋਧਿਆਂ ਨੂੰ ਮੁੜ ਮੈਦਾਨ ਸੰਭਾਲਣ ਲਈ ਕੀਤਾ ਮਜਬੂਰ

ਪੰਥਕ ਸਖਸ਼ੀਅਤਾਂ ਦੀ ਮੀਟਿੰਗ ਵਿੱਚ ਸਿੱਖਾਂ ਅਤੇ ਪੰਜਾਬ ਦੇ ਵਰਤਮਾਨ ਹਲਾਤਾਂ  'ਤੇ ਗੰਭੀਰ ਵਿਚਾਰਾਂ ਹੋਈਆਂ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਸੰਘਰਸ਼ੀ ਯੋਧਿਆਂ ਨੂੰ ਇਕੱਠੇ ਵੇਖ ਕੇ ਅਤੇ ਸੁਣ ਕੇ ਇਵੇਂ ਲੱਗਿਆ ਕਿ ਜਿਵੇਂ  ਸੰਕਟ ਦੀ ਘੜੀ ਵਿਚ ਪੰਥ ਦੇ ਹਾਲਾਤ, ਉਸ ਵਿਚ ਲਗਾਤਾਰ ਪਾਏ ਜਾ ਰਹੇ ਖਿਲਾਰੇ ਅਤੇ ਗੰਭੀਰ ਅਤੇ ਪੰਥਕ ਰਵਾਇਤਾਂ ਨੂੰ ਪ੍ਰਣਾਏ ਨਿਸ਼ਕਾਮ ਸੇਵਕਾਂ ਦੀ ਘਾਟ ਨੇ ਸਾਡੇ ਸੰਘਰਸ਼ੀ ਬਜੁਰਗਾਂ ਨੂੰ ਮੁੜ ਮੈਦਾਨ ਸੰਭਾਲਣ ਲਈ ਮਜਬੂਰ ਕਰ ਕੀਤਾ ਹੈ ।
ਜਦੋਂ ਪਰਿਵਾਰ ਵਿਚ ਨਲਾਇਕੀ ਹਦੋਂ ਵਧ ਜਾਵੇ ਤਾਂ ਨਿਸ਼ਕਾਮ ਬਜੁਰਗਾਂ ਨੂੰ ਪਰਿਵਾਰ ਨੂੰ ਇਕਠਾ ਰਖਣ ਲਈ ਅਤੇ ਕਰੜੀ ਹਦਾਇਤ ਦੇਣ ਵਾਸਤੇ ਉਠਣਾ ਹੀ ਪੈਂਦਾ ਹੈ । ਸਿਜਦਾ ਇਹਨਾਂ ਯੋਧਿਆਂ ਨੂੰ ਜਿਨ੍ਹਾ ਆਪਣੀ ਜ਼ਿੰਦਗੀ ਸੰਘਰਸ਼ਾਂ ਚ ਲਗਾਈ , ਜੇਲ੍ਹਾਂ ਚ ਉਮਰਾਂ ਲੰਘਾ ਦਿੱਤੀਆਂ ਅਤੇ ਅੱਜ ਮੁੜ ਪੰਥ ਦੀ ਸੇਵਾ ਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਗੁਰੂ ਨੇ ਮੁੜ ਇਨ੍ਹਾ ਦੀ ਸੇਵਾ ਲਗਾਈ ਹੈ । ਸਿੱਖ ਕੌਮ ਦੀਆਂ ਇਹ ਉਹ ਮਹਾਨ ਪੰਥਕ ਸ਼ਖ਼ਸੀਅਤਾਂ ਹਨ ਜਿਨ੍ਹਾ ਨੇ ਅੱਜ ਤਕ ਕੋਈ ਅਹੁਦਾ ਨਾ ਲਿਆ,ਕਦੀ ਕਿਸੇ ਚੀਜ਼ ਦੀ ਮੰਗ ਨਹੀ ਕੀਤੀ ਅਤੇ ਨਾ ਹੀ ਕਦੀ ਇਹ ਜਤਾਇਆ ਕਿ ਗੁਰੂ ਨੇ ਉਨ੍ਹਾ ਤੋਂ ਕਿੰਨਿਆਂ ਵੱਡੀਆਂ ਸੇਵਾਵਾਂ ਲਈਆਂ ਹਨ।

ਬੀਤੇ ਦਿਨੀਂ 27 ਸਤੰਬਰ 2022 ਨੂੰ ਪੰਥਕ ਸਖਸ਼ੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਭਾਈ ਸਤਿਨਾਮ ਸਿੰਘ ਖੰਡੇਵਾਲਾ, ਭਾਈ ਸਤਿਨਾਮ ਸਿੰਘ ਝੰਜੀਆਂ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਮਨਜੀਤ ਸਿੰਘ ਫਗਵਾੜਾ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ ਅਤੇ ਭਾਈ ਸੁਖਦੇਵ ਸਿੰਘ ਡੋਡ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਸਿਖਾਂ ਅਤੇ ਪੰਜਾਬ ਦੇ ਵਰਤਮਾਨ ਹਲਾਤਾਂ ’ਤੇ ਗੰਭੀਰ ਵਿਚਾਰਾਂ ਹੋਈਆਂ। ਜਿਨ੍ਹਾਂ ਵਿਚ:
 

ਮੌਜੂਦਾ ਹਾਲਾਤ ਬਾਰੇ

ਇਸ ਵੇਲੇ ਕੌਮਾਂਤਰੀ ਅਤੇ ਖੇਤਰੀ ਰਾਜਨੀਤੀ ਸਮੇਤ ਪੂਰੇ ਦੱਖਣੀ ਏਸ਼ੀਆ ਖਿੱਤੇ ਦੇ ਰਾਜਨੀਤਕ ਹਲਾਤ ਅਸਥਿਰਤਾ ਵਾਲੇ ਹਨ। ਹਿੰਦੁਸਤਾਨੀ ਬਿਪਰ ਸਲਤਨਤ ਵਿੱਚ ਸਰਕਾਰੀ ਪੱਧਰ ’ਤੇ ਅਸ਼ਹਿਣਸ਼ੀਲਤਾ ਵਧ ਰਹੀ ਹੈ ਅਤੇ ਵਿਚਾਰ ਪ੍ਰਗਟਾਵੇ, ਸਿਆਸੀ ਹੋਂਦ, ਅੱਡਰੀ ਕੌਮੀ ਪਛਾਣ ਅਤੇ ਧਾਰਮਿਕ ਵਿਸ਼ਵਾਸ ਦੇ ਵਖਰੇਵਿਆਂ ਨੂੰ ਸਤਾ ਦੀ ਤਾਕਤ ਨਾਲ ਮਿਥ ਕੇ ਦਰੜਿਆ ਜਾ ਰਿਹਾ ਹੈ

 ਸਿੱਖ ਜਗਤ ਦੀ ਸਥਿਤੀ:

ਦਿੱਲੀ ਦਰਬਾਰ ਦੀਆਂ ਬਿੱਪਰ ਨੀਤੀਆਂ ਕਾਰਨ ਸਿੱਖਾਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਹੋਰ ਵੀ ਜਿਆਦਾ ਕੱਸੀਆਂ ਜਾ ਰਹੀਆਂ ਹਨ। ਖ਼ਾਲਸਾ ਪੰਥ ਦੇ ਤਖਤਾਂ ਦੀ ਸਰਵਉਚਤਾ, ਮਾਣ ਪ੍ਰਤਿਸ਼ਠਾ, ਸਿਧਾਤਾਂ ਅਤੇ ਰਵਾਇਤਾਂ ਨੂੰ ਠੇਸ ਲਾਈ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਦੂਜੀਆਂ ਗੁਰਦੁਆਰਾ ਪ੍ਰਬੰਧਕ ਸੰਸਥਾਵਾਂ ਅਤੇ ਵੋਟ ਸਿਆਸਤ ਵਿੱਚ ਸਰਗਰਮ ਸਿਖ ਸਿਆਸੀ ਪਾਰਟੀਆਂ ਦੀ ਭਰੋਸੇ ਯੋਗਤਾ ਅਤੇ ਜਥੇਬੰਦਕ ਸਮਰਥਾ ਢਹਿੰਦੀ ਕਲਾ ਵਿੱਚ ਹੈ।
ਮੌਜੂਦਾ ਸਮੇ ਵਿੱਚ ਵੱਖ-ਵੱਖ ਸਿਖ ਜਥਿਆਂ, ਦਲਾਂ, ਪਾਰਟੀਆਂ, ਸੰਸਥਾਵਾ ਅਤੇ ਸੰਪਰਦਾਵਾਂ ਵਿੱਚ ਏਕਤਾ ਦੀ ਥਾਂ ਬੇਵਿਸ਼ਵਾਸੀ ਪੈਦਾ ਹੋ ਗਈ ਹੈ ਅਤੇ ਆਪਸੀ ਖਿਚੋਤਾਣ ਵਧ ਰਹੀ ਹੈ। ਇਸ ਬੇਇਤਫਾਕੀ ਦਾ ਦਿੱਲੀ ਦਰਬਾਰ ਅਤੇ ਪੰਥ ਤੇ ਪੰਜਾਬ ਵਿਰੋਧੀ ਤਾਕਤਾਂ ਲਾਹਾ ਲੈ ਰਹੀਆਂ ਹਨ।
ਪਰ ਤੇਜੀ ਨਾਲ ਬਦਲ ਰਹੇ ਹਾਲਾਤ ਸੰਭਾਵਨਾਵਾਂ ਭਰਪੂਰ ਵੀ ਹਨ। ਅਜਿਹੇ ਹਾਲਾਤ ਵਿਚ ਗੁਰੂ ਖਾਲਸਾ ਪੰਥ ਦੀ ਸ਼ਕਤੀ ਨੂੰ ਗੁਰਮਤਿ ਅਤੇ ਖਾਲਸਾਈ ਜੁਗਤ ਅਨੁਸਾਰ ਇਕ ਲੜੀ ਵਿਚ ਪਿਰੋਣ ਦੇ ਸੁਹਿਰਦ ਅਤੇ ਨਿਸ਼ਕਾਮ ਯਤਨਾਂ ਦੀ ਲੋੜ ਹੈ।
 
ਏਕਤਾ ਸੰਬੰਧੀ:

ਕਿਸੇ ਵੀ ਜਨਤਕ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਏਕਤਾ, ਇਤਫਾਕ ਤੇ ਵਿਸ਼ਵਾਸ ਅਹਿਮ ਸ਼ਰਤ ਹੁੰਦੀ ਹੈ। ਗੁਰੂ ਪੰਥ ਦੇ ਹਰ ਖੇਤਰ ਵਿੱਚ ਸਰਗਰਮ ਸਿੱਖ ਜਥਿਆਂ, ਦਲਾਂ, ਪਾਰਟੀਆਂ, ਸੰਸਥਾਵਾਂ ਅਤੇ ਸੰਪਰਦਾਵਾਂ ਵਿੱਚ ਏਕਤਾ ਕਰਾਉਣ ਤੇ ਇਕਸੁਰਤਾ ਲਿਆਉਣ ਲਈ ਉਹਨਾਂ ਦੇ ਵਰਤਮਾਨ ਢਾਂਚੇ ਭੰਗ ਕਰਕੇ ਇੱਕ ਦਲ ਜਾਂ ਪਾਰਟੀ ਬਣਾਉਣ ਦੀ ਪ੍ਰਚਲਤ ਪਹੁੰਚ ਦੀ ਥਾਂ ਇੱਕ ਸਰਵਸਾਂਝਾ ਪੰਥਕ ਮੰਚ ਉਸਾਰਨ ਦੀ ਲੋੜ ਹੈ, ਜੋ ਸਾਰੀਆਂ ਪੰਥਕ ਧਿਰਾਂ ਵਿੱਚ ਇੱਕ ਪੁਲ ਵਾਲੀ ਭੂਮਿਕਾ ਨਿਭਾਅ ਸਕੇ।
ਉਪਰੋਕਤ ਸਿੰਘਾਂ ਦਾ ਜਥਾ ਖ਼ਾਲਸਾ ਪੰਥ ਦੇ ਵੱਖ-ਵੱਖ ਸਿੱਖ ਜਥਿਆਂ, ਦਲਾਂ, ਪਾਰਟੀਆਂ, ਸੰਸਥਾਵਾਂ ਅਤੇ ਸੰਪਰਦਾਵਾਂ ਦੇ ਮੁਖੀਆਂ ਅਤੇ ਹੋਰ ਅਹਿਮ ਪੰਥ ਦਰਦੀ ਸਖਸ਼ੀਅਤਾਂ ਨਾਲ ਸੰਵਾਦ ਰਚਾਏਗਾ ਤਾਂ ਜੋ ਗੁਰੂ ਪੰਥ ਦੀ ਸਾਂਝੀ ਰਾਏ ਪ੍ਰਗਟ ਕਰਨ ਅਤੇ ਸਭਨਾਂ ਵਿੱਚ ਇੱਕ ਸੁਰਤਾ ਲਿਆਉਣ ਲਈ ਸਾਂਝਾ ਮੰਚ ਉਸਾਰਿਆ ਜਾ ਸਕੇ।
ਇਸ ਲੋਕ ਸੰਵਾਦ ਦੇ ਪਹਿਲੇ ਪੜਾਅ ਦੇ ਤੌਰ ’ਤੇ ਬੰਦੀ ਛੋੜ ਦਿਵਸ ਮੌਕੇ ਆਪਸੀ ਵਿਚਾਰ-ਵਟਾਂਦਰੇ ਦੀ ਪੰਥ ਰਵਾਇਤ ਨੂੰ ਪੁਨਰ ਸੁਰਜੀਤ ਕਰਦਿਆਂ ਹੋਇਆਂ 21 ਅਕਤੂਬਰ 2022 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹਿਲੀ ਵਿਚਾਰ ਗੋਸਟੀ ਕੀਤੀ ਜਾਵੇਗੀ।