ਜਿਸ ਤਰ੍ਹਾਂ ਮਾਨ ਸਰਕਾਰ ਬਦਲਾ ਖੋਰੀ ਕਰ ਰਹੀ ਹੈ, ਪੰਜਾਬ ਦੇ ਲੋਕਾਂ ਨੂੰ ਤਕੜੇ ਹੋਕੇ ਸਰਕਾਰ ਨੂੰ ਚਾਹੀਦਾ ਹੈ ਘੇਰਨਾ : ਸਰਨਾ

ਜਿਸ ਤਰ੍ਹਾਂ ਮਾਨ ਸਰਕਾਰ ਬਦਲਾ ਖੋਰੀ ਕਰ ਰਹੀ ਹੈ, ਪੰਜਾਬ ਦੇ ਲੋਕਾਂ ਨੂੰ ਤਕੜੇ ਹੋਕੇ ਸਰਕਾਰ ਨੂੰ ਚਾਹੀਦਾ ਹੈ ਘੇਰਨਾ : ਸਰਨਾ

ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਸਿਆਸੀ ਬਦਲਾਖੋਰੀ ਦਾ ਨਤੀਜਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 28 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਸ. ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਬਾਰੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ  ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਜਿਸ ਤਰ੍ਹਾਂ ਭੁਲੱਥ ਹਲਕੇ ਤੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸ. ਸੁਖਪਾਲ ਸਿੰਘ ਖਹਿਰਾ ਨੂੰ ਘਰ ਪੁਲਿਸ ਭੇਜਕੇ ਧਾੜਵੀਆਂ ਵਾਂਗ ਗ੍ਰਿਫਤਾਰ ਕੀਤਾ ਗਿਆ ਹੈ । ਇਸਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਕੋਈ ਸਰਕਾਰ ਨਹੀਂ ਚੱਲ ਰਹੀ ਸਗੋਂ ਸਿਰਫ ਤੇ ਸਿਰਫ ਬਦਲਾਖੋਰੀ ਚੱਲ ਰਹੀ ਹੈ । ਕਿਉਂਕਿ ਇਹ ਸਭ ਜਾਣਗੇ ਹਨ ਕਿ ਸ. ਸੁਖਪਾਲ ਸਿੰਘ ਖਹਿਰਾ ਵੱਲੋਂ ਲਗਾਤਾਰ ਭਗਵੰਤ ਮਾਨ ਸਰਕਾਰ ਦੀਆਂ ਗਲਤ ਤੇ ਲੁੱਟ ਖਸੁੱਟ ਵਾਲੀਆਂ ਨੀਤੀਆਂ ਦੀ ਆਲੋਚਨਾ ਤੱਥਾਂ ਤੇ ਅਧਾਰਿਤ ਕੀਤੀ ਜਾਂਦੀ ਰਹੀ ਹੈ । ਜਿਸਦੇ ਕਾਰਨ ਹਮੇਸ਼ਾ ਸਰਕਾਰ ਦੀ ਕਿਰਕਰੀ ਹੁੰਦੀ ਰਹੀ ਹੈ ਤਾਂ ਬੀਤੇ ਕੱਲ ਹੀ ਉਹਨਾਂ ਵੱਲੋਂ ਰਾਘਵ ਚੱਢੇ ਦੇ ਵਿਆਹ ਤੇ ਕੀਤੇ ਖਰਚ ਤੇ ਚੁੱਕੇ ਸਵਾਲਾਂ ਕਰਕੇ ਭਗਵੰਤ ਮਾਨ ਨੇ ਆਪਣੇ ਅਕਾਵਾਂ ਦੇ ਕਹਿਣ ਤੇ ਇਹ ਕਾਰਵਾਈ ਕਰਵਾਈ ਹੈ ਜਦੋਕਿ ਇਸ ਮਾਮਲੇ ‘ਚ ਬਣਾਈ ਗਈ ਸਿੱਟ ਵੱਲੋਂ ਨਾ ਤੇ ਸ. ਸੁਖਪਾਲ ਸਿੰਘ ਖਹਿਰਾ ਨੂੰ ਤਲਬ ਕੀਤਾ ਗਿਆ ਤੇ ਨਾਲ ਹੀ ਇਸ ਕੇਸ ਵਿੱਚ ਸ. ਖਹਿਰਾ ਨੂੰ ਸੁਪਰੀਮ ਕੋਰਟ ਵੱਲੋਂ ਵੀ ਰਾਹਤ ਦਿੱਤੀ ਗਈ ਸੀ । 

ਜਦੋਕਿ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ ਇਹ ਸਰਕਾਰ ਨਹੀ ਕਰ ਰਹੀ । ਇੱਕ ਰਿਪੋਰਟ ਮੁਤਾਬਕ ਪੰਜਾਬ ਵਿੱਚ ਨਸ਼ੇ ਦੀ  ਓਵਰਡੋਜ਼ ਕਰਕੇ ਪਿਛਲੇ 7 ਸਾਲਾਂ ਵਿੱਚ 544 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਉਹਨਾਂ ਵਿੱਚੋਂ 272 ਤਾਂ ਇਕੱਲੇ ਪਿਛਲੇ 19 ਮਹੀਨਿਆਂ ਵਿੱਚ ਹੀ ਰੱਬ ਨੂੰ ਪਿਆਰੇ ਹੋ ਗਏ ਹਨ। ਤੇ ਅੱਜ ਹਾਲਤ ਇਹ ਹੈ ਕਿ ਸਰਕਾਰ ਤੋਂ ਆਸ ਲਾਹ ਚੁੱਕੇ ਪੰਜਾਬ ਦੇ ਲੋਕਾਂ ਨੇ ਜਦੋਂ ਆਪਣੇ ਪੱਧਰ ਤੇ ਨਸ਼ਾ ਤਸਕਰਾ ਖਿਲਾਫ ਕਮਰ ਕੱਸੀ ਹੈ ਤੇ ਤਸਕਰਾਂ ਵੱਲੋਂ ਵਿਰੋਧ ਕਰਨ ਵਾਲਿਆਂ ਨੂੰ ਚੁਣ ਚੁਣ ਕੇ ਮਾਰਿਆ ਜਾ ਰਿਹਾ ਹੈ । ਤੇ ਸਰਕਾਰ ਬਿਲਕੁਲ ਮੂਕ ਦਰਸ਼ਕ ਬਣੀ ਹੋਈ ਹੈ । ਕਿਉਂਕਿ ਸਰਕਾਰ ਦਾ ਸੂਬੇ ਦਾ ਪ੍ਰਸ਼ਾਸਨ ਚਲਾਉਣ ਦੀ ਬਜਾਏ ਸਾਰਾ ਧਿਆਨ ਜਾਂ ਤਾਂ ਆਪਣੇ ਚਹੇਤਿਆਂ ਦੀਆਂ ਜੇਬਾਂ ਭਰਨ ਤੇ ਲੱਗਿਆ ਹੋਇਆ ਜਾਂ ਸਿਆਸੀ ਬਦਲਾਖੋਰੀ ਲਈ । ਤੇ ਉੱਧਰ ਪੰਜਾਬ ਦੇ ਬਰਛਿਆਂ ਵਰਗੇ ਪੁੱਤ ਚੁਣ ਚੁਣ ਕੇ ਮਾਰੇ ਜਾ ਰਹੇ ਹਨ । ਅੱਜ ਕੇਂਦਰ ਸਰਕਾਰ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਕਿ ਪੰਜਾਬ ਵਿੱਚ ਅਸਲ ਵਿੱਚ ਸਰਕਾਰ ਨਜ਼ਰ ਨਹੀਂ ਆ ਰਹੀਆਂ ਤਾਂਹੀ ਦਿਨ ਦਿਹਾੜੇ ਕਤਲ, ਲੁੱਟਾ ਖੋਹਾਂ, ਸ਼ਰੇਆਮ ਹੋ ਰਹੀਆਂ ਹਨ ਤੇ ਭਗਵੰਤ ਮਾਨ ਸਰਕਾਰ ਸਿਰਫ਼ ਬਦਲਾਖੋਰੀ ਲਈ ਸਾਰੇ ਸਿਸਟਮ ਨੂੰ ਵਰਤ ਰਹੀ ਹੈ ।

ਮੌਜੂਦਾ ਸਰਕਾਰ ਨੇ ਆਪਣੀ ਬਦਲਾਖੋਰੀ ਪੂਰੀ ਕਰਨ ਵੱਲ ਪੂਰਾ ਧਿਆਨ ਦਿੱਤਾ ਹੋਇਆ ਹੈ ਤੇ ਜਿੱਥੇ ਕਾਰਵਾਈ ਕਰਨ ਦੀ ਲੋੜ ਹੈ ਉਥੇ ਸਰਕਾਰ ਘੇਸਲ ਵੱਟੀ ਬੈਠੀ ਹੈ । 

ਅੰਤ ਵਿਚ ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਮਾਨ ਸਰਕਾਰ ਇਹ ਬਦਲਾ ਖੋਰੀ ਕਰ ਰਹੀ ਹੈ । ਇਸ ਲਈ ਪੰਜਾਬ ਦੇ ਲੋਕਾਂ ਨੂੰ ਤਕੜੇ ਹੋਕੇ ਇਸ ਸਰਕਾਰ ਨੂੰ ਘੇਰਨਾ ਚਾਹੀਦਾ ਹੈ ।