ਲੰਗਾਹ ਨੂੰ ਗੈਰ-ਸਿਧਾਤਿਕ ਅਤੇ ਸਿੱਖੀ ਸੋਚ ਵਿਰੁੱਧ ਦਿੱਤੀ ਗਈ ਮੁਆਫ਼ੀ ਉਤੇ ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਮਾਣ-ਸਨਮਾਨ ਲਈ ਮੁੜ ਕਰਨ ਵਿਚਾਰ : ਮਾਨ
ਸਿੱਖ ਕੌਮ ਦੀਆਂ ਭਾਵਨਾਵਾ ਨੂੰ ਨਜਰ ਅੰਦਾਜ ਕਰਕੇ ਲਏ ਫੈਸਲੇ ਅਨੁਸਾਰ ਸਿੱਖੀ ਸੰਸਥਾਵਾਂ ਦੀ ਦੁਰਵਰਤੋ ਹੋਣੀ ਅਤਿ ਦੁੱਖਦਾਇਕ ਅਤੇ ਸ਼ਰਮਨਾਕ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ, 28 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- “ਸਿੱਖ ਕੌਮ ਦੀਆਂ ਮਰਿਯਾਦਾਵਾਂ, ਅਸੂਲ, ਨਿਯਮ, ਪ੍ਰੰਪਰਾਵਾਂ ਜਿਥੇ ਬਹੁਤ ਮਹਾਨ ਹਨ, ਉਥੇ ਕੋਈ ਵੀ ਸਿੱਖ ਨਿਵਾਸੀ ਜਾਂ ਸਿੱਖ ਕੌਮ ਨਾਲ ਸੰਬੰਧਤ ਸੰਸਥਾਂ ਇਹ ਤਹਿ ਹੋ ਚੁੱਕੀਆ ਮਰਿਯਾਦਾਵਾ, ਪਰੰਪਰਾਵਾਂ ਦਾ ਕਦੀ ਵੀ ਉਲੰਘਣ ਨਹੀ ਕਰ ਸਕਦਾ । ਜੇਕਰ ਕੋਈ ਅਜਿਹੀ ਬਜਰ ਗੁਸਤਾਖੀ ਕਰਦਾ ਹੈ ਤਾਂ ਇਹ ਮਰਿਯਾਦਾਵਾ, ਪਰੰਪਰਾਵਾਂ ਸਾਨੂੰ ਅਜਿਹੇ ਪੰਥਦੋਖੀ ਨਾਲ ਹਰ ਤਰ੍ਹਾਂ ਦੇ ਸੰਬੰਧਾਂ ਨੂੰ ਖਤਮ ਕਰਨ ਦਾ ਆਦੇਸ਼ ਦਿੰਦੇ ਹਨ । ਬਹੁਤ ਦੁੱਖ ਅਤੇ ਅਫਸੋਸ ਹੈ ਕਿ ਸਿਆਸੀ ਪ੍ਰਭਾਵ ਨੂੰ ਪ੍ਰਵਾਨ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਸ. ਸੁੱਚਾ ਸਿੰਘ ਲੰਗਾਹ ਵਰਗੇ ਉਸ ਬਾਦਲ ਦਲ ਦੇ ਆਗੂ ਨੂੰ ਮੁਆਫ਼ ਕਰਨ ਦਾ ਐਲਾਨ ਕਰ ਦਿੱਤਾ ਜਿਸਨੇ ਬਜਰ ਕੁਰਹਿਤ ਕੀਤੀ ਹੈ ਅਤੇ ਜਿਸਦੇ ਦੋਸ਼ ਦੀਆਂ ਵੀਡੀਓਜ ਸੋਸਲ ਮੀਡੀਏ ਉਤੇ ਵੱਡੀ ਗਿਣਤੀ ਵਿਚ ਵਾਇਰਲ ਹੋ ਚੁੱਕੀਆ ਹਨ ਅਤੇ ਸਾਰਾ ਖਾਲਸਾ ਪੰਥ ਉਸਦੇ ਸਰਮਨਾਕ ਅਮਲਾਂ ਉਤੇ ਥੂ-ਥੂ ਕਰ ਰਿਹਾ ਹੈ । ਸਿੱਖ ਕੌਮ ਦੀਆਂ ਭਾਵਨਾਵਾ ਨੂੰ ਨਜਰ ਅੰਦਾਜ ਕਰਕੇ ਬਾਦਲ ਦਲੀਆ ਦੇ ਫੈਸਲੇ ਅਨੁਸਾਰ ਸਿੱਖੀ ਸੰਸਥਾਵਾਂ ਦੀ ਦੁਰਵਰਤੋ ਹੋਣੀ ਅਤਿ ਦੁੱਖਦਾਇਕ ਅਤੇ ਸ਼ਰਮਨਾਕ ਹੈ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜਿਸ ਬਲਾਤਕਾਰੀ ਅਤੇ ਕਾਤਲ ਸਿਰਸੇਵਾਲੇ ਸਾਧ ਨੇ ਬੀਤੇ ਸਮੇ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੀ ਗੁਸਤਾਖੀ ਕੀਤੀ ਸੀ ਅਤੇ ਜਿਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਸਿੱਖ ਕੌਮ ਦਾ ਵੱਡਾ ਦੋਸ਼ੀ ਠਹਿਰਾਇਆ ਗਿਆ ਸੀ, ਉਸਨੂੰ ਵੀ ਬਾਦਲ ਪਰਿਵਾਰ ਦੇ ਹੁਕਮਾਂ ਤੇ ਜਥੇਦਾਰ ਸਾਹਿਬਾਨ ਵੱਲੋ ਗੈਰ ਸਿਧਾਤਿਕ ਤਰੀਕੇ ਕੇਵਲ ਮੁਆਫ਼ ਹੀ ਨਹੀ ਕੀਤਾ ਗਿਆ ਬਲਕਿ ਐਸ.ਜੀ.ਪੀ.ਸੀ. ਦੀ ਮਹਾਨ ਸੰਸਥਾਂ ਦੇ ਗਰੀਬ ਦਾ ਮੂੰਹ, ਗੁਰੂ ਕੀ ਗੋਲਕ ਦੇ ਕੌਮੀ ਖਜਾਨੇ ਵਿਚੋ ਬੇਰਹਿੰਮੀ ਨਾਲ 92 ਲੱਖ ਰੁਪਏ ਖਰਚ ਕਰਕੇ ਉਸ ਸਿੱਖ ਕੌਮ ਦੇ ਦੋਸ਼ੀ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਦਿੱਤੀ ਗਈ ਮੁਆਫ਼ੀ ਨੂੰ ਸਹੀ ਠਹਿਰਾਉਣ ਲਈ ਇਸਤਿਹਾਰਬਾਜੀ ਵੀ ਕੀਤੀ ਗਈ ਸੀ । ਜਦੋਕਿ ਸਿੱਖ ਕੌਮ ਦੀ ਨਜਰ ਵਿਚ ਉਹ ਅੱਜ ਵੀ ਵੱਡਾ ਦੋਖੀ ਤੇ ਦੋਸ਼ੀ ਹੈ । ਬੇਸ਼ੱਕ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸੀ ਪ੍ਰਭਾਵ ਅਧੀਨ ਮੁਆਫ਼ ਕਰ ਦਿੱਤਾ ਹੈ ਪਰ ਸਿੱਖ ਕੌਮ ਉਸਨੂੰ ਸਰੂਖਰ ਕਰਨ ਲਈ ਬਿਲਕੁਲ ਤਿਆਰ ਨਹੀ । ਇਸ ਲਈ ਇਹ ਬਿਹਤਰ ਹੋਵੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਸਿਆਸੀ ਪ੍ਰਭਾਵ ਅਧੀਨ ਆਪਣੇ ਕੀਤੇ ਗਏ ਕੌਮ ਵਿਰੋਧੀ ਫੈਸਲੇ ਤੇ ਮੁੜ ਵਿਚਾਰ ਕਰਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋ ਸਿੱਖ ਕੌਮ ਵੱਲੋ ਰਾਜਨੀਤਿਕ, ਸਿਆਸੀ, ਇਖਲਾਕੀ ਅਤੇ ਸਮਾਜਿਕ ਤੌਰ ਤੇ ਦੁਰਕਾਰੇ ਜਾ ਚੁੱਕੇ ਬਾਦਲ ਪਰਿਵਾਰ ਦੇ ਪ੍ਰਭਾਵ ਹੇਠ ਸਿੱਖ ਕੌਮ ਦੀ ਨਜਰ ਵਿਚ ਦੋਸ਼ੀ ਚੱਲਦੇ ਆ ਰਹੇ ਸ. ਸੁੱਚਾ ਸਿੰਘ ਲੰਗਾਹ ਨੂੰ ਮੁਆਫ਼ ਕਰਨ ਦੀ ਦੁੱਖਦਾਇਕ ਕਾਰਵਾਈ ਉਤੇ ਆਪਣਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਉਤੇ ਮੁੜ ਵਿਚਾਰ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਇਸ ਫੈਸਲੇ ਉਤੇ ਮੁੜ ਵਿਚਾਰ ਨਾ ਕੀਤਾ ਤਾਂ ਇਸ ਨਾਲ ਉਨ੍ਹਾਂ ਦੀ ਸਖਸ਼ੀਅਤ ਦੀ ਬਦਨਾਮੀ ਹੋਣ ਦੇ ਨਾਲ-ਨਾਲ ਸਿੱਖ ਕੌਮ ਦੇ ਸਤਿਕਾਰ ਨੂੰ ਵੀ ਠੇਸ ਪਹੁੰਚਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਅਜਿਹੇ ਗੈਰ ਸਿਧਾਤਿਕ ਫੈਸਲਿਆ ਉਤੇ ਆਉਣ ਵਾਲੇ ਸਮੇ ਵਿਚ ਹੋਰ ਵੀ ਵੱਡਾ ਵਿਵਾਦ ਉਭਰ ਸਕਦਾ ਹੈ । ਕਿਉਂਕਿ ਸਿੱਖ ਕੌਮ ਦੀ ਵੱਡੀ ਗਿਣਤੀ ਇਸ ਫੈਸਲੇ ਨੂੰ ਪੱਖਪਾਤੀ ਅਤੇ ਸਿਆਸੀ ਪ੍ਰਭਾਵ ਦਾ ਨਤੀਜਾ ਮੰਨਦੀ ਹੈ । ਇਸ ਲਈ ਇਹ ਚੰਗਾ ਹੋਵੇਗਾ ਕਿ ਇਸ ਕੀਤੇ ਗਏ ਦੁੱਖਦਾਇਕ ਫੈਸਲੇ ਉਤੇ ਮੁੜ ਵਿਚਾਰ ਕਰਦੇ ਹੋਏ ਅਜਿਹੇ ਪੰਥ ਦੋਖੀ ਨੂੰ ਉਸੇ ਤਰ੍ਹਾਂ ਵਿਚਾਰਿਆ ਜਾਵੇ ਜਿਵੇ ਖਾਲਸਾ ਪੰਥ ਦੀਆਂ ਮਹਾਨ ਪਰੰਪਰਾਵਾਂ, ਰਵਾਇਤਾ, ਨਿਯਮ, ਅਸੂਲ ਆਪਣੀ ਨਜਰ ਹੇਠ ਦੇਖਦੇ ਹਨ ।
Comments (0)