ਕੈਪਟਨ ਇਕ ਚੱਲਿਆ ਹੋਇਆ ਕਾਰਤੂਸ-ਬਾਜਵਾ

ਕੈਪਟਨ ਇਕ ਚੱਲਿਆ ਹੋਇਆ ਕਾਰਤੂਸ-ਬਾਜਵਾ

ਕਾਂਗਰਸ ਹਾਈਕਮਾਨ ਦੀਆਂ ਕੋਸ਼ਿਸ਼ਾਂ ਕਾਰਨ ਭਾਜਪਾ 'ਵਿਚ ਜਾਣ ਤੋਂ ਰੁਕੇ ਕਈ ਕਾਂਗਰਸੀ ਆਗੂ

*ਸਾਬਕਾ ਸਪੀਕਰ ਨੂੰ ਦਿੱਲੀ ਦੇ ਰਸਤੇ 'ਚੋਂ ਮੋੜਿਆ

*ਅੰਬਿਕਾ ਸੋਨੀ ਤੇ ਬਾਜਵਾ ਨੇ ਨਿਭਾਈ ਅਹਿਮ ਭੂਮਿਕਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੇ ਦਿਨੀਂ ਕੇਂਦਰੀ ਮੰਤਰੀਆਂ ਨਰੇਂਦਰ ਤੋਮਰ ਤੇ ਕਿਰਨ ਰਿਜਿਜੂ ਅਤੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਪੰਜਾਬ ਨਾਲ ਸਬੰਧਤ ਸੀਨੀਅਰ ਆਗੂ ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਵੀ ਹਾਜ਼ਰ ਸਨ। ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਹੋਰਨਾਂ ਆਗੂਆਂ ਵਿੱਚ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਕੇਵਲ ਸਿੰਘ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਹਰਚੰਦ ਕੌਰ, ਹਰਜਿੰਦਰ ਠੇਕੇਦਾਰ, ਬਲਬੀਰ ਰਾਣੀ ਸੋਢੀ, ਕੈਪਟਨ ਦੇ ਪੁੱਤਰ ਰਣਇੰਦਰ ਸਿੰਘ, ਧੀ ਬੀਬਾ ਜਯਾ ਇੰਦਰ ਕੌਰ, ਨਿਰਵਾਨ ਸਿੰਘ, ਕਮਲਜੀਤ ਸੈਨੋ ਆਦਿ ਸ਼ਾਮਲ ਸਨ। ਕੈਪਟਨ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਭਾਜਪਾ ਵਿੱਚ ਰਸਮੀ ਰਲੇਵੇਂ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਵੀ ਮੁਲਾਕਾਤ ਕੀਤੀ।

ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਸਾਬਕਾ ਮੁੱਖ ਮੰਤਰੀ ਦਾ ਭਾਜਪਾ ਵਿਚ ਸਵਾਗਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਹਮੇਸ਼ਾ ਰਾਸ਼ਟਰੀ ਹਿੱਤਾਂ ਨੂੰ ਪੱਖਪਾਤੀ ਹਿੱਤਾਂ ਤੋਂ ਉੱਪਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪੰਜਾਬ ਵਿੱਚ ਭਾਜਪਾ ਹੋਰ ਮਜ਼ਬੂਤ ਹੋਵੇਗੀ। ਅਮਰਿੰਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਦਾ ਉਨ੍ਹਾਂ ’ਤੇ ਭਰੋਸਾ ਜਤਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਪੰਜਾਬ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕਰਨਗੇ।                                             ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿਚ ਸ਼ਾਮਿਲ ਹੋਣ 'ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਕ ਚੱਲਿਆ ਹੋਇਆ ਕਾਰਤੂਸ ਹੈ ਤੇ ਉਸ ਦੇ ਭਾਜਪਾ 'ਵਿਚ ਸ਼ਾਮਿਲ ਹੋਣ ਨਾਲ ਕਾਂਗਰਸ ਨੂੰ ਕੋਈ ਫਰਕ ਪੈਣ ਵਾਲਾ ਨਹੀਂ ਹੈ, ਜਦਕਿ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਤਾਂ ਉਸ ਦੀ ਜ਼ਮਾਨਤ ਵੀ ਜ਼ਬਤ ਹੋ ਚੁੱਕੀ ਹੈ । ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਵੀ ਉਨ੍ਹਾਂ ਦੇ ਨਾਲ ਨਹੀਂ ਹੈ ਤੇ ਅਜਿਹੇ 'ਚ ਉਨ੍ਹਾਂ ਦੇ ਸਿਆਸੀ ਹਾਲਾਤ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।                                                ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ 'ਵਿਚ ਸ਼ਾਮਿਲ ਕਰਾਉਣ ਮਗਰੋਂ ਪਾਰਟੀ ਵਲੋਂ ਪੰਜਾਬ 'ਵਿਚ ਸਿਆਸੀ ਜ਼ਮੀਨ ਹਾਸਲ ਕਰਨ ਲਈ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ । ਭਾਜਪਾ ਜਿਸ ਰਣਨੀਤੀ ਤਹਿਤ ਅੱਗੇ ਵਧਣਾ ਚਾਹੁੰਦੀ ਹੈ, ਉਸ ਅਨੁਸਾਰ ਉਹ ਕੈਪਟਨ ਦੇ ਸਹਾਰੇ ਕਿਸਾਨਾਂ ਤੱਕ ਪਹੁੰਚ ਬਣਾਉਣ ਦੀ ਤਿਆਰੀ ਵਿਚ ਜੁਟੀ ਦੱਸੀ ਜਾ ਰਹੀ ਹੈ ।ਭਾਵੇਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ਦਾ ਵੱਡਾ ਸਿੱਖ ਚਿਹਰਾ ਹਨ ਪਰ ਕੈਪਟਨ ਲਈ ਪੰਜਾਬ ਵਿਚ ਭਾਜਪਾ ਦਾ ਸਿਆਸੀ ਕਿਲ੍ਹਾ ਫ਼ਤਿਹ ਕਰਨਾ ਏਨਾ ਆਸਾਨ ਕੰਮ ਨਹੀਂ ਸਗੋਂ ਇਕ ਵੱਡੀ ਚੁਣੌਤੀ ਹੈ । ਪੰਜਾਬ ਭਾਜਪਾ ਕੋਲ ਸਭ ਤੋਂ ਵੱਡੀ ਦਿੱਕਤ ਪੰਜਾਬ ਵਿਚ ਲੀਡਰਸ਼ਿਪ, ਵੱਡੇ ਸਿੱਖ ਚਿਹਰੇ ਅਤੇ ਵਰਕਰ ਕਾਡਰ ਦੀ ਘਾਟ ਦੱਸੀ ਜਾ ਰਹੀ ਹੈ ਅਤੇ ਪੰਜਾਬ ਵਿਚ ਇਸ ਨੂੰ ਹੁੰਗਾਰਾ ਨਹੀਂ ਮਿਲ ਰਿਹਾ ।ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਲੰਬੇ ਸਮੇਂ ਤੋਂ ਪੰਜਾਬ ਵਿਚ ਅਹੁਦੇ ਲੈ ਕੇ ਬੈਠੇ ਵੱਡੇ ਆਗੂ ਵਰਕਰ ਕਾਡਰ ਵਧਾਉਣ ਵਿਚ ਕਾਮਯਾਬ ਨਹੀਂ ਹੋ ਸਕੇ ਜਿਸ ਦੇ ਚੱਲਦੇ ਭਾਜਪਾ ਵਲੋਂ ਪੰਜਾਬ ਦੇ ਜਥੇਬੰਦਕ ਢਾਂਚੇ ਵਿਚ ਤਬਦੀਲੀ ਦੀ ਤਿਆਰੀ ਲਗਪਗ ਕਰ ਲਈ ਗਈ ਦੱਸੀ ਜਾ ਰਹੀ ਹੈ । ਪਾਰਟੀ ਸੂਤਰਾਂ ਅਨੁਸਾਰ ਜਥੇਬੰਦਕ ਢਾਂਚੇ 'ਵਿਚ ਕੀਤੀ ਜਾ ਰਹੀ ਤਬਦੀਲੀ ਨੂੰ ਲੈ ਕੇ ਕੇਂਦਰੀ ਲੀਡਰਸ਼ਿਪ ਵਲੋਂ ਕੈਪਟਨ ਨੂੰ ਭਰੋਸੇ ਵਿਚ ਲੈ ਕੇ ਫ਼ੈਸਲਾ ਲਿਆ ਜਾਵੇਗਾ ।ਪਰ ਇਕੱਲੇ ਕੈਪਟਨ ਸਹਾਰੇ ਪੰਜਾਬ ਦਾ ਸਿਆਸੀ ਕਿਲ੍ਹਾ ਫ਼ਤਿਹ ਕਰਨਾ ਭਾਜਪਾ ਲਈ ਸੌਖਾ ਕੰਮ ਨਹੀਂ, ਇਸ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਵੱਡੇ ਹਿੰਦੂ ਚਿਹਰੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਭਾਜਪਾ ਵਲੋਂ ਪਾਰਟੀ 'ਵਿਚ ਸ਼ਾਮਿਲ ਕਰਵਾਇਆ ਗਿਆ ਹੈ ਅਤੇ ਹੁਣ ਭਾਜਪਾ ਵਲੋਂ ਇਹ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਕਿ ਇਹ ਦੋਵੇਂ ਵੱਡੇ ਸਿੱਖ ਅਤੇ ਹਿੰਦੂ ਚਿਹਰੇ ਪੰਜਾਬ ਵਿਚ ਮਿਲ ਕੇ ਕੰਮ ਕਰਨ ਤਾਂ ਪਾਰਟੀ ਦਾ ਆਧਾਰ ਮਜ਼ਬੂਤ ਹੋ ਸਕੇਗਾ।

ਕਈ ਕਾਂਗਰਸੀ ਲੀਡਰ ਭਾਜਪਾ ਦੇ ਬੇੜੇ ਉਪਰ ਨਾ ਚੜ੍ਹੇ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਭਾਜਪਾ 'ਵਿਚ ਸ਼ਾਮਿਲ ਹੋਣ ਵਾਲੇ ਕਈ ਆਗੂਆਂ ਦੇ ਦਿੱਲੀ ਨਾ ਪੁੱਜਣ ਨੂੰ ਕਾਂਗਰਸ ਹਾਈਕਮਾਨ ਵਲੋਂ ਕੀਤੀਆਂ ਗਈਆਂ ਜ਼ੋਰਦਾਰ ਕੋਸ਼ਿਸ਼ਾਂ ਨੂੰ  ਦੱਸਿਆ ਜਾ ਰਿਹਾ ਹੈ। ਸੂਚਨਾ ਅਨੁਸਾਰ ਕੈਪਟਨ ਨਾਲ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਕਈ ਆਗੂ ਰਸਤੇ 'ਵਿਚੋਂ ਅਤੇ ਇਕ-ਦੋ ਦਿੱਲੀ ਸਮਾਗਮ ਵਾਲੀ ਥਾਂ ਨੇੜਿਓਂ ਹੀ ਮੋੜ ਲਏ ਗਏ। ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਜੋ ਦਿੱਲੀ ਲਈ ਰਵਾਨਾ ਹੋ ਗਏ ਸਨ, ਅੱਧੇ ਰਸਤੇ ਵਿਚੋਂ ਵਾਪਸ ਮੁੜੇ। ਸੂਤਰਾਂ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਇਸ ਸੰਬੰਧੀ ਅਹਿਮ ਭੂਮਿਕਾ ਨਿਭਾਈ ਗਈ ਅਤੇ ਇਹ ਸਾਰੀ ਮੁਹਿੰਮ ਸ੍ਰੀਮਤੀ ਸੋਨੀਆ ਗਾਂਧੀ ਦੇ ਨਿਵਾਸ 10 ਜਨਪੱਥ ਤੋਂ ਕੰਟਰੋਲ ਹੋ ਰਹੀ ਸੀ। ਸੂਚਨਾ ਅਨੁਸਾਰ ਓ.ਪੀ. ਸੋਨੀ ਨੂੰ ਵੀ ਰੋਕਣ ਲਈ ਬੀਤੀ ਰਾਤ ਬਾਜਵਾ ਸਾਰੀ ਰਾਤ ਉਨ੍ਹਾਂ ਦੇ ਨਿਵਾਸ ਰੁਕੇ ਰਹੇ ਅਤੇ ਹਾਈਕਮਾਨ ਵਲੋਂ ਉਨ੍ਹਾਂ ਸਮੇਤ ਕੁਝ ਦੂਜੇ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਉਠਾਏ ਗਏ ਸਾਰੇ ਮੁੱਦਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਵਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦਾ ਬਹੁਤ ਸਾਰੇ ਆਗੂਆਂ ਤਿੱਖਾ ਵਿਰੋਧ ਕੀਤਾ ਅਤੇ ਦੋਸ਼ ਲਗਾਏ ਕਿ ਉਨ੍ਹਾਂ ਵਲੋਂ ਸੂਬਾ ਕਾਂਗਰਸ ਨੂੰ ਆਪਣੀ ਨਿੱਜੀ ਕੰਪਨੀ ਵਾਂਗ ਵਰਤਿਆ ਜਾ ਰਿਹਾ ਹੈ ਅਤੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਰਹੀ ਅਤੇ ਸੂਬਾ ਕਾਂਗਰਸ ਕੁਝ ਲੋਕਾਂ ਦੇ ਕਬਜ਼ੇ 'ਵਿਚ ਚਲੀ ਗਈ ਹੈ। ਪਾਰਟੀ ਸੂਤਰਾਂ ਅਨੁਸਾਰ ਹਾਈਕਮਾਨ ਦੀਆਂ ਕੋਸ਼ਿਸ਼ਾਂ ਕਾਰਨ ਕੋਈ ਦਰਜਨ ਦੇ ਕਰੀਬ ਸਾਬਕਾ ਮੰਤਰੀ ਤੇ ਵਿਧਾਇਕਾਂ ਨੂੰ ਕੈਪਟਨ ਨਾਲ ਭਾਜਪਾ 'ਵਿਚ ਜਾਣ ਤੋਂ ਰੋਕਣ ਵਿਚ ਸਫਲਤਾ ਮਿਲੀ ਹੈ। ਹਾਲਾਂਕਿ ਪਾਰਟੀ ਹਾਈਕਮਾਨ ਦੀ ਇਸ ਸਫਲਤਾ ਨੇ ਕੈਪਟਨ ਨੂੰ ਜ਼ਰੂਰ ਨਮੋਸ਼ੀ ਦਿੱਤੀ ਹੋਵੇਗੀ। ਵੇਖਣ ਵਾਲੀ ਗੱਲ ਇਹ ਹੈ ਕਿ ਹਾਈਕਮਾਨ ਆਉਂਦੇ ਦਿਨਾਂ ਦੌਰਾਨ ਪੰਜਾਬ ਕਾਂਗਰਸ ਦੇ ਢਾਂਚੇ ਵਿਚ ਕਿਹੋ ਜਿਹੀਆਂ ਤਬਦੀਲੀਆਂ ਲਿਆਂਦੀ ਹੈ। ਲੇਕਿਨ ਚਰਚਾ ਇਹ ਹੈ ਕਿ ਹਰੀਸ਼ ਚੌਧਰੀ ਤੋਂ ਪੰਜਾਬ ਕਾਂਗਰਸ ਦੇ ਇੰਚਾਰਜ ਦਾ ਚਾਰਜ ਵਾਪਸ ਜ਼ਰੂਰ ਲਿਆ ਜਾ ਸਕਦਾ ਹੈ। ਕਾਂਗਰਸ ਆਗੂਆਂ ਨੂੰ ਭਾਜਪਾ ਦਾ ਪੱਲਾ ਫੜਨ ਤੋਂ ਰੋਕਣ ਲਈ ਬਾਜਵਾ ਨੂੰ ਭਾਵੇਂ ਵੱਡੀ ਸਫਲਤਾ ਮਿਲੀ ਹੈ, ਪਰ ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਪਾਰਟੀ ਹਾਈਕਮਾਨ ਅਗਰ ਆਉਂਦੇ ਦਿਨਾਂ ਦੌਰਾਨ ਲੋੜੀਂਦੀਆਂ ਤਬਦੀਲੀਆਂ ਲਿਆਉਣ 'ਵਿਚ ਕਾਮਯਾਬ ਨਾ ਰਹੀ ਤਾਂ ਪਾਰਟੀ ਵਿਚਲੀ ਨਿਰਾਸ਼ਾ 'ਤੇ ਵਿਰੋਧ ਹੋਰ ਜ਼ੋਰ ਨਾਲ ਉੱਭਰ ਸਕਦਾ ਹੈ।

ਰਾਜਨੀਤਕ ਸੂਤਰਾਂ ਦਾ ਇਹ ਦੱਸਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ, ਜਿਨ੍ਹਾਂ ਦੇ ਲੋਕ ਸਭਾ ਦੇ ਕਾਰਜਕਾਲ ਦਾ ਕੋਈ 18-20 ਮਹੀਨੇ ਸਮਾਂ ਬਾਕੀ ਹੈ, ਵਲੋਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਆਪਣੇ ਸਮਰਥਨ ਦਾ ਭਰੋਸਾ ਦਿੱਤਾ ਅਤੇ ਇਹ ਵੀ ਕਿਹਾ ਗਿਆ ਸੀ ਕਿ ਜੇ ਉਹ ਚਾਹੁਣ ਤਾਂ ਉਹ ਪਾਰਲੀਮੈਂਟ ਮੈਂਬਰੀ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿਚ ਸ਼ਾਮਿਲ ਹੋਣ ਲਈ ਵੀ ਤਿਆਰ ਹਨ, ਪਰ ਇਸ ਲਈ ਉਨ੍ਹਾਂ ਨੂੰ ਲੋਕ ਸਭਾ ਦੀ ਮੈਂਬਰੀ ਛੱਡਣੀ ਪਵੇਗੀ। ਸੂਚਨਾ ਅਨੁਸਾਰ ਪ੍ਰਧਾਨ ਮੰਤਰੀ ਵਲੋਂ ਉਨ੍ਹਾਂ ਨੂੰ ਫ਼ਿਲਹਾਲ ਅਸਤੀਫ਼ਾ ਨਾ ਦੇਣ ਦੀ ਸਲਾਹ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਫ਼ਿਲਹਾਲ ਕਾਂਗਰਸ 'ਵਿਚ ਹੀ ਰਹਿਣਾ ਪਵੇਗਾ।