ਅਕਾਲੀ ਦਲ ਆਪਣਾ ‘ਪੰਥਕ’ ਅਤੇ ‘ਜਮਹੂਰੀ’ ਸਰੂਪ ਬਹਾਲ ਕਰ ਕੇ ਹੀ ਮੁੜ ਉਭਰ ਸਕਦਾ ਹੈ: ਪੰਜੋਲੀ

ਅਕਾਲੀ ਦਲ ਆਪਣਾ ‘ਪੰਥਕ’ ਅਤੇ ‘ਜਮਹੂਰੀ’ ਸਰੂਪ ਬਹਾਲ ਕਰ ਕੇ ਹੀ ਮੁੜ ਉਭਰ ਸਕਦਾ ਹੈ: ਪੰਜੋਲੀ

ਪੰਥ ਅਤੇ ਪੰਜਾਬ ਦੇ ਭਲੇ ਲਈ ਅਕਾਲੀ ਦਲ ਦਾ ਸਰਗਰਮ ਸਿਆਸੀ ਭੂਮਿਕਾ ਨਿਭਾਉਣ ਦੇ ਸਮਰੱਥ ਰਹਿਣਾ ਬਹੁਤ ਲਾਜ਼ਮੀ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 13 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ ਦੂਜੀ ਵਾਰ ਹੋਈ ਨਮੋਸ਼ੀਜਨਕ ਹਾਰ ਉੱਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਅੱਜ ਇਥੇ ਕਿਹਾ ਹੈ ਕਿ ਅਕਾਲੀ ਦਲ ਨੂੰ ਇਸ ਦਾ ਖ਼ੁਰ ਚੁੱਕਿਆ ‘ਪੰਥਕ’ ਅਤੇ ‘ਜਮਹੂਰੀ’ ਸਰੂਪ ਬਹਾਲ ਕਰ ਕੇ ਹੀ ਉਭਾਰਿਆ ਜਾ ਸਕਦਾ ਹੈ।ਉਹਨਾਂ ਕਿਹਾ ਕਿ ਪੰਥ ਅਤੇ ਪੰਜਾਬ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੀ ਸਿਆਸਤ ਵਿਚ ਸਰਗਰਮ ਭੂਮਿਕਾ ਨਿਭਾਉਣ ਦੇ ਸਮਰੱਥ ਰਹਿਣਾ ਬਹੁਤ ਲਾਜ਼ਮੀ ਹੈ ਅਤੇ ਇਹ ਇਸ ਦੀਆਂ ਅਜੋਕੀਆਂ ਨੀਤੀਆਂ ਬਦਲ ਕੇ ਹੀ ਸੰਭਵ ਹੋ ਸਕਦਾ ਹੈ। ਜਥੇਦਾਰ ਪੰਜੋਲੀ ਨੇ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਅਕਾਲੀ ਦਲ ਦੀ ਸਰਗਰਮ ਭੂਮਿਕਾ ਤੋਂ ਬਿਨਾਂ ਪੰਜਾਬ ਅਤੇ ਮੁਲਕ ਦੀ ਸਿਆਸਤ ਵਿਚੋਂ ਸਿੱਖ ਚੇਤਨਾ ਮਨਫ਼ੀ ਹੋਣ ਨਾਲ ਸਿੱਖਾਂ ਅਤੇ ਪੰਜਾਬੀਆਂ ਦੀ ਵੱਖਰੀ ਪਛਾਣ ਤੇ ਹੋਂਦ ਨੂੰ ਹੀ ਖ਼ਤਰਾ ਖੜਾ ਹੋ ਜਾਣਾ ਹੈ ਕਿਉਂਕਿ ਆਮ ਆਦਮੀ ਪਾਰਟੀ ਸਮੇਤ ਹਰ ਰਾਸ਼ਟਰੀ ਪਾਰਟੀ ਇਲਾਕਾਈ ਸਭਿਆਚਾਰਾਂ, ਬੋਲੀਆਂ ਅਤੇ ਪਛਾਣਾਂ ਨੂੰ ਖ਼ਤਮ ਕਰ ਕੇ ਮੁਲਕ ਵਿਚ ਇੱਕ ਬੋਲੀ ਅਤੇ ਇੱਕ ਸਭਿਆਚਾਰ ਉਭਾਰਨ ਦੇ ਰਾਹ ਪਈਆਂ ਹੋਈਆਂ ਹਨ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਬਣ ਰਹੀ ਨਵੀਂ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਬਾਬਾ ਅੰਬੇਦਕਰ ਦੀਆਂ ਤਸਵੀਰਾਂ ਲਾਉਣ ਦੇ ਗੈਰ ਸੰਵਿਧਾਨਕ ਫੈਸਲੇ ਪਿੱਛੇ ‘ਗੁਰਾਂ ਦੇ ਨਾਂ ਉੱਤੇ ਜਿਉਂਦੇ ਪੰਜਾਬ’ ਵਿਚੋਂ ਸਿੱਖ ਚੇਤਨਾ ਨੂੰ ਖ਼ਤਮ ਕਰਨ ਦੀ ਡੂੰਘੀ ਚਾਲ ਹੈ।ਜਥੇਦਾਰ ਪੰਜੋਲੀ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਨੇ ਸੰਵਿਧਾਨਕ ਵਿਵਸਥਾ ਵਿਚੋਂ ਬਾਹਰ ਜਾਣਾ ਹੀ ਸੀ ਤਾਂ ਸਰਕਾਰੀ ਦਫਤਰਾਂ ਵਿਚ ਜਗਤ ਗੁਰੂ ਬਾਬਾ ਨਾਨਕ ਦੀ ਤਸਵੀਰ ਲੱਗਣੀ ਚਾਹੀਦੀ ਸੀ।

 ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਦਾ ‘ਪੰਥਕ’ ਅਤੇ ‘ਜਮਹੂਰੀ’ ਸਰੂਪ ਬਹਾਲ ਕਰਨ ਦੇ ਨਾਲ ਨਾਲ ਇਹ ਵੀ ਵੱਡਾ ਸਵਾਲ ਹੈ ਕਿ ਪਾਰਟੀ ਲੀਡਰਸ਼ਿਪ ਦੀ ਖੁਰ ਚੁੱਕੀ ਭਰੋਸੇਯੋਗਤਾ ਕਿਵੇਂ ਬਹਾਲ ਕੀਤੀ ਜਾ ਸਕਦੀ ਹੈ।ਉਹਨਾਂ ਕਿਹਾ ਕਿ ਲੀਡਰਸ਼ਿਪ ਦੀ ਭਰੋਸੇਯੋਗਤਾ ਬਹਾਲ ਕੀਤੇ ਬਿਨਾਂ ਅਕਾਲੀ ਦਲ ਦੀਆਂ ਨੀਤੀਆਂ ਬਦਲਣ ਦੇ ਫੈਸਲਿਆਂ ਦੇ ਵੀ ਬਹੁਤੇ ਚੰਗੇ ਨਤੀਜੇ ਸਾਹਮਣੇ ਨਹੀਂ ਆਉਣਗੇ।ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਨੂੰ ਇਸ ਫੈਸਲੇ ਬਹੁਤ ਜਲਦੀ ਲੈਣੇ ਪੈਣਗੇ ਕਿਉਂਕਿ ਆ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਅਕਾਲੀ ਦਲ ਲਈ ਬਹੁਤ ਅਹਿਮੀਅਤ ਰੱਖਦੀ ਹੈ ਖਾਸ ਕਰ ਕੇ ਉਸ ਵੇਲੇ ਜਦੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਬਹੁਤੇ ਮੈਂਬਰ ਅਕਾਲੀ ਦਲ ਨਾਲੋਂ ਆਪਣਾ ਨਾਤਾ ਤੋੜ ਚੁੱਕੇ ਹਨ।